ਵਧਦੀ ਬੇਰੋਜ਼ਗਾਰੀ ਦੌਰਾਨ ਕੈਬ ਡਰਾਈਵਿੰਗ ਬਣੀ ਨੌਕਰੀ ਲੈਣ ਦਾ ਜ਼ਰੀਆ

Wednesday, Jun 07, 2023 - 04:32 PM (IST)

ਚੀਨ ’ਚ ਵਧਦੀ ਬੇਰੋਜ਼ਗਾਰੀ ਦੌਰਾਨ ਲੋਕ ਕਾਰ ਸਰਵਿਸ ਡਰਾਈਵਰ ਬਣਨ ਲਈ ਆਨਲਾਈਨ ਅਰਜ਼ੀਆਂ ਦੇ ਰਹੇ ਹਨ। ਇਸ ਦੌਰਾਨ ਚੀਨ ਦੇ ਕਈ ਸ਼ਹਿਰਾਂ ’ਚ ਇਸ ਤਰ੍ਹਾਂ ਦੀਆਂ ਅਰਜ਼ੀਆਂ ’ਤੇ ਰੋਕ ਲਾ ਦਿੱਤੀ ਗਈ।

ਚੀਨ ਦੀ ਖਿੰਡ ਰਹੀ ਅਰਥਵਿਵਸਥਾ ਦਾ ਆਲਮ ਇਹ ਹੈ ਕਿ ਉੱਥੇ ਬੱਚਿਆਂ ਦੀ ਸਕੂਲ ਦੀ ਫੀਸ ਅਤੇ ਖਾਣੇ ਦਾ ਖਰਚ ਕੱਢਣ ਲਈ ਕਾਰਪੋਰੇਟ ਜਗਤ ਦੀਆਂ ‘ਵ੍ਹਾਈਟ ਕਾਲਰ’ ਵਾਲੀਆਂ ਨੌਕਰੀਆਂ ’ਚੋਂ ਕੱਢੇ ਗਏ ਮੈਨੇਜਮੈਂਟ, ਸਾਫਟਵੇਅਰ ਟ੍ਰੇਂਡ ਲੋਕ, ਵਿੱਤੀ ਮਾਹਿਰ ਦੇ ਤੌਰ ’ਤੇ ਕੰਮ ਕਰਨ ਵਾਲਿਆਂ ਦੀਆਂ ਨੌਕਰੀਆਂ ਚਲੀਆਂ ਗਈਆਂ, ਤਦ ਉਨ੍ਹਾਂ ਨੇ ਫੂਡ ਡਲਿਵਰੀ ਬੁਆਏ ਦਾ ਕੰਮ ਫੜ ਲਿਆ। ਉਸ ਸਮੇਂ ਪੂਰੇ ਚੀਨ ’ਚ ਅਜਿਹੇ ਲੋਕਾਂ ਦਾ ਹੜ੍ਹ ਜਿਹਾ ਆ ਗਿਆ ਸੀ ਜਿਹੜੇ ਕੋਰੋਨਾ ਕਾਰਨ ਆਪਣੀਆਂ ਨੌਕਰੀਆਂ ਗੁਆ ਚੁੱਕੇ ਸਨ। ਅਜਿਹੇ ’ਚ ਇਨ੍ਹਾਂ ਪੜ੍ਹੇ-ਲਿਖਿਆਂ ਨੇ ਚੀਨ ਦੇ ਪੇਂਡੂ ਇਲਾਕਿਆਂ ਤੋਂ ਆਉਣ ਵਾਲੇ ਘੱਟ ਪੜ੍ਹੇ-ਲਿਖੇ ਲੋਕਾਂ ਦੀਆਂ ਨੌਕਰੀਆਂ ਹੜੱਪਣੀਆਂ ਸ਼ੁਰੂ ਕਰ ਦਿੱਤੀਆਂ।

ਹੁਣ ਅਜਿਹੀ ਹੀ ਹਾਲਤ ਚੀਨ ਦੀ ਕੈਬ ਸਰਵਿਸ ਲਈ ਵੀ ਹੋ ਰਹੀ ਹੈ ਕਿਉਂਕਿ ਹੁਣ ਇਹੀ ਪੜ੍ਹੇ-ਲਿਖੇ, ਨੌਕਰੀ ਤੋਂ ਕੱਢੇ ਗਏ ਲੋਕ ਕੈਬ ਡਰਾਈਵਰ ਦੀਆਂ ਨੌਕਰੀਆਂ ਲਈ ਆਨਲਾਈਨ ਅਰਜ਼ੀਆਂ ਦੇ ਰਹੇ ਹਨ। ਇਨ੍ਹਾਂ ਦੀ ਗਿਣਤੀ ਇੰਨੀ ਹੈ ਕਿ ਕਈ ਸ਼ਹਿਰਾਂ ’ਚ ਦੀਦੀ ਕੈਪ ਵਰਗੀਆਂ ਸਰਵਿਸਿਜ਼ ਨੇ ਇਨ੍ਹਾਂ ਦੀਆਂ ਅਰਜ਼ੀਆਂ ’ਤੇ ਹੀ ਰੋਕ ਲਾ ਦਿੱਤੀ ਹੈ। ਮੱਧ ਚੀਨ ਦੇ ਹੁਨਾਨ ਸੂਬੇ ਦੇ ਛਾਂਗਸ਼ਾ ਸ਼ਹਿਰ ਦੇ ਪ੍ਰਸ਼ਾਸਨ ਨੇ ਇਕ ਨੋਟਿਸ ਜਾਰੀ ਕੀਤਾ ਹੈ, ਜਿਸ ’ਚ ਇਹ ਕਿਹਾ ਗਿਆ ਸੀ ਕਿ ਪਿਛਲੇ ਮਹੀਨੇ 16 ਮਈ ਤੋਂ ਕੈਬ ਡਰਾਈਵਰ ਦੀ ਅਰਜ਼ੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਅਰਜ਼ੀ ਨੂੰ ਆਮ ਵਾਂਗ ਹੀ ਵਿਚਾਰਿਆ ਜਾਵੇਗਾ। ਇਸ ਨੋਟਿਸ ਦੇ ਜਾਰੀ ਹੋਣ ਤੋਂ ਬਾਅਦ ਆਖਰੀ ਤਰੀਕ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਬਹੁਤ ਸਾਰੇ ਲੋਕ ਆਪਣੀ ਅਰਜ਼ੀ ਪ੍ਰਕਿਰਿਆ ਨੂੰ ਪੂਰੀ ਕਰ ਲੈਣਾ ਚਾਹੁੰਦੇ ਸਨ। ਛਾਂਗਸ਼ਾ ਸ਼ਹਿਰ ਦੀ ਤਰਜ਼ ’ਤੇ ਦੂਰ ਦੱਖਣੀ ਚੀਨ ਦੇ ਹੁਨਾਨ ਪ੍ਰਾਂਤ ਦੇ ਸਾਨਿਆ ਸ਼ਹਿਰ ਪ੍ਰਸ਼ਾਸਨ ਨੇ ਵੀ ਅਜਿਹਾ ਹੀ ਨੋਟਿਸ ਜਾਰੀ ਕੀਤਾ, ਜਿਸ ’ਚ 4 ਮਈ ਤੋਂ ਬਾਅਦ ਕਿਸੇ ਵੀ ਕੈਬ ਡਰਾਈਵਿੰਗ ਲਾਈਸੈਂਸ ਲੈਣ ਲਈ ਅਰਜ਼ੀ ਸਵੀਕਾਰ ਨਾ ਕੀਤੇ ਜਾਣ ਬਾਰੇ ਕਿਹਾ ਸੀ। ਹੁਨਾਨ ਪ੍ਰਸ਼ਾਸਨ ਨੇ ਨਾਲ ਹੀ ਇਕ ਨੋਟਿਸ ਵੀ ਜਾਰੀ ਕੀਤਾ ਜਿਸ ’ਚ ਲਿਖਿਆ ਕਿ ਜਿਸ ਤੇਜ਼ੀ ਨਾਲ ਡਰਾਈਵਿੰਗ ਦੀਆਂ ਅਰਜ਼ੀਆਂ ਆ ਰਹੀਆਂ ਹਨ, ਉਸ ਪਿੱਛੋਂ ਪਹਿਲਾਂ ਤੋਂ ਹੀ ਭੀੜ ਭਰੀਆਂ ਹੁਨਾਨ ਦੀਆਂ ਸੜਕਾਂ ’ਤੇ ਹੋਰ ਭੀੜ ਹੋ ਜਾਵੇਗੀ ਜਿਸ ਨਾਲ ਇੱਥੇ ਰਹਿਣ ਵਾਲਿਆਂ ਨੂੰ ਕੰਮ ’ਤੇ ਜਾਣ ’ਚ ਰੋਜ਼ਾਨਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਛਾਂਗਸ਼ਾ ਅਤੇ ਹੁਨਾਨ ਸਮੇਤ ਚੀਨ ਦੇ ਕਈ ਦੂਜੇ ਸ਼ਹਿਰਾਂ ਨੇ ਵੀ ਅਜਿਹੀਆਂ ਬਿਜ਼ਨੈੱਸ ਅਰਜ਼ੀਆਂ ’ਤੇ ਰੋਕ ਲਾ ਦਿੱਤੀ ਹੈ।

ਸ਼ਾਨਤੁੰਗ ਸੂਬੇ ਦੀ ਰਾਜਧਾਨੀ ਚਿਨਾਨ, ਸਵਾਈਨਿੰਗ ਅਤੇ ਤੋਂਗਵਾਨ ਪ੍ਰਸ਼ਾਸਨ ਨੇ ਲੋਕਾਂ ਨੂੰ ਆਨਲਾਈਨ ਟੈਕਸੀ ਰਿਜ਼ਰਵ ਕਰਨ ਤੋਂ ਪਹਿਲਾਂ ਚੌਕਸ ਕੀਤਾ ਹੈ ਕਿ ਸਾਵਧਾਨੀ ਵਰਤੋ।

ਪਿਛਲੇ 2 ਸਾਲਾਂ ’ਚ ਜਦੋਂ ਤੋਂ ਚੀਨ ’ਚ ਰੋਜ਼ਗਾਰ ਦੇ ਸਾਧਨ ਤੇਜ਼ੀ ਨਾਲ ਘਟਣ ਲੱਗੇ ਹਨ ਤਦ ਤੋਂ ਬਹੁਤ ਸਾਰੇ ਪੇਸ਼ੇਵਰ ਲੋਕਾਂ ਨੇ ਖਾਣਾ ਡਲਿਵਰੀ ਕਰਨ ਵਾਲੀ ਸਰਵਿਸ ਨੂੰ ਜੁਆਇਨ ਕਰਨਾ ਸ਼ੁਰੂ ਕਰ ਦਿੱਤਾ ਹੈ, ਖਾਸ ਕਰ ਨੌਜਵਾਨ ਪੇਸ਼ੇਵਰ ਜੋ ਅਜੇ ਇਕੱਲੇ ਹਨ ਅਤੇ ਘੱਟ ਤਨਖਾਹ ’ਚ ਆਪਣੀ ਮੁਹਾਰਤ ਦੇ ਖੇਤਰ ਦਾ ਕੰਮ ਬਹੁਤ ਸਾਰੇ ਮਾਨਸਿਕ ਦਬਾਅ ਕਾਰਨ ਨਹੀਂ ਕਰਨਾ ਚਾਹੁੰਦੇ। ਉਹ ਕੰਮ ਕਰਨ ਦੇ ਘੰਟੇ ਆਪਣੇ ਅਨੁਸਾਰ ਚੁਣਦੇ ਹਨ, ਇਸ ਨਾਲ ਉਹ ਓਨਾ ਹੀ ਕੰਮ ਕਰਦੇ ਹਨ ਜਿੰਨੇ ਪੈਸੇ ਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ। ਬਾਕੀ ਸਮਾਂ ਉਹ ਆਪਣੇ ਲਈ ਜਿਊਂਦੇ ਹਨ। ਨੈਸ਼ਨਲ ਆਨਲਾਈਨ ਕਾਰ ਹੈਂਡਲਿੰਗ ਸੁਪਰਵਿਜ਼ਨ ਇਨਫਾਰਮੇਸ਼ਨ ਇੰਟ੍ਰੈਕਸ਼ਨ ਪਲੇਟਫਾਰਮ ਤੋਂ ਮਿਲੇ ਆਨਲਾਈਨ ਡਾਟਾ ਅਨੁਸਾਰ ਚੀਨ ’ਚ 30 ਅਪ੍ਰੈਲ ਤੱਕ 309 ਕੈਬ ਸਰਵਿਸ ਕੰਪਨੀਆਂ ਨੇ ਬਿਜ਼ਨੈੱਸ ਲਾਈਸੈਂਸ ਲਿਆ। ਇਸ ਤੋਂ ਇਲਾਵਾ 54 ਲੱਖ ਆਨਲਾਈਨ ਕੈਬ ਸਰਵਿਸ ਲਈ ਡਰਾਈਵਰਾਂ ਨੇ ਲਾਈਸੈਂਸ ਹਾਸਲ ਕੀਤੇ। 23 ਲੱਖ ਗੱਡੀਆਂ ਨੂੰ ਟ੍ਰਾਂਸਪੋਰਟ ਗੱਡੀਆਂ ਲਈ ਆਵਾਜਾਈ ਸਰਟੀਫਿਕੇਟ ਜਾਰੀ ਕੀਤਾ ਗਿਆ। ਸਿਰਫ ਢਾਈ ਸਾਲਾਂ ’ਚ 102 ਕੈਬ ਸਰਵਿਸ ਕੰਪਨੀਆਂ ਨੂੰ ਵਪਾਰਕ ਲਾਈਸੈਂਸ ਜਾਰੀ ਕੀਤੇ ਗਏ ਜੋ ਪਹਿਲਾਂ ਦੀ ਤੁਲਨਾ ’ਚ 49 ਫੀਸਦੀ ਵਾਧਾ ਦਿਖਾ ਰਿਹਾ ਹੈ। ਇਸੇ ਤਰ੍ਹਾਂ 28,61,000 ਆਨਲਾਈਨ ਕੈਬ ਡਰਾਈਵਰ ਲਾਈਸੈਂਸ ਜਾਰੀ ਕੀਤੇ ਗਏ ਅਤੇ ਇਹ 112.4 ਫੀਸਦੀ ਦਾ ਵਾਧਾ ਦਿਖਾਉਂਦਾ ਹੈ।

ਕੈਬ ਡਰਾਈਵਿੰਗ ਅਤੇ ਕੰਪਨੀਆਂ ’ਚ ਬੇਮਿਸਾਲ ਵਾਧਾ ਦੇਖਣ ਦੇ ਬਾਵਜੂਦ ਇਨ੍ਹਾਂ ਦੇ ਗਾਹਕਾਂ ’ਚ ਕੋਈ ਵਾਧਾ ਨਹੀਂ ਦੇਖਿਆ ਗਿਆ। ਉੱਥੇ ਦੂਜੇ ਪਾਸੇ ਡਲਿਵਰੀ ਬੁਆਏ ਦੇ ਖੇਤਰ ’ਚ ਢੇਰ ਸਾਰੇ ਬੇਰੋਜ਼ਗਾਰ ਨੌਜਵਾਨਾਂ ਦੇ ਆ ਜਾਣ ਨਾਲ ਇਨ੍ਹਾਂ ਦੀ ਕਮਾਈ ’ਚ ਬਹੁਤ ਤੇਜ਼ੀ ਨਾਲ ਗਿਰਾਵਟ ਦਰਜ ਹੋਈ ਹੈ। ਚੀਨ ਦੀ ਸਭ ਤੋਂ ਵੱਡੀ ਕੈਬ ਸਰਵਿਸ ਦੀਦੀ ਕੈਬ ਅਨੁਸਾਰ ਕਮਿਊਨਿਸਟ ਪਾਰਟੀ ਦੇ ਬੇਤੁਕੇ ਕਾਨੂੰਨਾਂ ਕਾਰਨ ਉਸ ਦੇ ਵਪਾਰ ਨੂੰ ਬਹੁਤ ਘਾਟਾ ਪਿਆ ਹੈ, ਸਾਲ ਦਰ ਸਾਲ ਦੀਦੀ ਕੈਬ ਨੂੰ 19 ਫੀਸਦੀ ਦਾ ਘਾਟਾ ਉਠਾਉਣਾ ਪਿਆ, ਜਿਹੜਾ ਹੁਣ 20 ਅਰਬ ਅਮਰੀਕੀ ਡਾਲਰ ਦੇ ਬਰਾਬਰ ਹੈ। ਦੀਦੀ ਕੈਬ ਦਾ ਸਾਲ 2022 ਦਾ ਘਾਟਾ ਹੀ 3.4 ਅਰਬ ਅਮਰੀਕੀ ਡਾਲਰ ਸੀ। ਹਾਲਾਂਕਿ ਇਹ ਘਾਟਾ ਸਾਲ 2021 ’ਚ ਹੋਏ 7 ਅਰਬ ਡਾਲਰ ਦੇ ਘਾਟੇ ਦੀ ਤੁਲਨਾ ’ਚ ਘੱਟ ਸੀ। ਇਸ ਘਾਟੇ ਕਾਰਨ ਦੀਦੀ ਕੈਬ ਨੂੰ ਵੱਡੀ ਗਿਣਤੀ ’ਚ ਆਪਣੇ ਮੁਲਾਜ਼ਮਾਂ ਦੀ ਛਾਂਟੀ ਕਰਨੀ ਪਈ ਸੀ। ਦੂਜੇ ਬੰਨੇ ਫੂਡ ਡਲਿਵਰੀ ਸਰਵਿਸ ਮੇਈਥਵਾਨ ਕੰਪਨੀ ਨੂੰ ਵੱਡੇ ਪੈਮਾਨੇ ’ਤੇ ਆਪਣੇ ਮੁਲਾਜ਼ਮਾਂ ਦੀ ਛਾਂਟੀ ਕਰਨੀ ਪਈ। ਇਸ ਤੋਂ ਸਾਫ ਤੌਰ ’ਤੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਚੀਨ ਦੀ ਅਰਥਵਿਵਸਥਾ ਉਸ ਦੀਆਂ ਆਪਣੀਆਂ ਬੇਵਕੂਫੀਆਂ ਕਾਰਨ ਕਿਸ ਤਰ੍ਹਾਂ ਹੇਠਾਂ ਡਿੱਗਦੀ ਜਾ ਰਹੀ ਹੈ। ਲੋਕਾਂ ’ਚ ਕਮਿਊਨਿਸਟ ਪਾਰਟੀ ਦੇ ਖਿਲਾਫ ਰੋਸ ਅਤੇ ਉਬਾਲ ਦੋਵੇਂ ਹਨ ਪਰ ਤਾਨਾਸ਼ਾਹ ਸ਼ਾਸਨ ਨੇ ਕਦੋਂ ਕਿਸੇ ਰੋਸ ਨੂੰ ਉੱਬਲਣ ਦਿੱਤਾ ਹੈ, ਉਸ ਨੂੰ ਤਾਂ ਲੋਹੇ ਦੇ ਬੂਟਾਂ ਹੇਠ ਲੋਕਾਂ ਨੂੰ ਦੱਬਣਾ ਆਉਂਦਾ ਹੈ। ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਚੀਨ ਦੇ ਹਾਲਾਤ ਕਿਹੋ ਜਿਹੇ ਹੋਣਗੇ, ਇਹ ਕਹਿਣਾ ਮੁਸ਼ਕਲ ਹੈ।


Rakesh

Content Editor

Related News