ਦੇਸ਼ ’ਚ ਨਸ਼ਿਆਂ ਦੀ ਸਮੱਗਲਿੰਗ ਜ਼ੋਰਾਂ ’ਤੇ, ਨੌਜਵਾਨ ਪੀੜ੍ਹੀ ਨੂੰ ਵਧਦਾ ਖਤਰਾ

Saturday, Oct 12, 2024 - 04:04 AM (IST)

ਇਨ੍ਹੀਂ ਦਿਨੀਂ ਦੇਸ਼ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਜ਼ੋਰ-ਸ਼ੋਰ ਨਾਲ ਜਾਰੀ ਹੈ ਜਿਸ ਨਾਲ ਨੌਜਵਾਨਾਂ ਦੀ ਸਿਹਤ ਖਰਾਬ ਹੋ ਰਹੀ ਹੈ। ਸਥਿਤੀ ਕਿੰਨਾ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਇਹ ਪਿਛਲੇ ਡੇਢ ਹਫਤੇ ਦੀਆਂ ਹੇਠਲੀਆਂ ਚੰਦ ਮਿਸਾਲਾਂ ਤੋਂ ਸਪੱਸ਼ਟ ਹੈ :

* 2 ਅਕਤੂਬਰ ਨੂੰ ਦਿੱਲੀ ਪੁਲਸ ਨੇ 5600 ਕਰੋੜ ਰੁਪਏ ਮੁੱਲ ਦੀ 560 ਕਿਲੋ ਕੋਕੀਨ ਅਤੇ 40 ਕਿਲੋ ਮਾਰੀਜੁਆਨਾ ਜ਼ਬਤ ਕੀਤੀ।

* 4 ਅਕਤੂਬਰ ਨੂੰ ਬਰਨਾਲਾ (ਪੰਜਾਬ) ’ਚ ਥਾਣਾ ਸਿਟੀ ਪੁਲਸ ਨੇ 3 ਔਰਤਾਂ ਨੂੰ 300 ਨਸ਼ੀਲੀਆਂ ਗੋਲੀਆਂ ਨਾਲ ਗ੍ਰਿਫਤਾਰ ਕੀਤਾ।

* 4 ਅਕਤੂਬਰ ਨੂੰ ਹੀ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਇਕ ਸਾਂਝੀ ਮੁਹਿੰਮ ਦੌਰਾਨ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਦਾਊਕੇ ਦੇ ਇਕ ਖੇਤ ’ਚੋਂ 550 ਗ੍ਰਾਮ ਹੈਰੋਇਨ ਬਰਾਮਦ ਕੀਤੀ।

* 5 ਅਕਤੂਬਰ ਨੂੰ ਸੀ. ਆਈ. ਏ. ਸਟਾਫ ਅੰਮ੍ਰਿਤਸਰ ਨੇ ਹੈਰੋਇਨ ਦਾ ਨਾਜਾਇਜ਼ ਕਾਰੋਬਾਰ ਕਰਨ ਦੇ ਦੋਸ਼ ’ਚ 2 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 110 ਗ੍ਰਾਮ ਹੈਰੋਇਨ ਅਤੇ 9.16 ਲੱਖ ਰੁਪਏ ਨਕਦ ਡਰੱਗ ਮਨੀ ਬਰਾਮਦ ਕੀਤੀ।

* 5 ਅਕਤੂਬਰ ਨੂੰ ਹੀ ਗੁਜਰਾਤ ਐਂਟੀ ਟੈਰੇਰਿਸਟ ਸਕੁਐਡ (ਏ. ਟੀ. ਐੱਸ.) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਦਿੱਲੀ ਦੀਆਂ ਸਾਂਝੀਆਂ ਟੀਮਾਂ ਨੇ ਭੋਪਾਲ (ਮੱਧ ਪ੍ਰਦੇਸ਼) ’ਚ ਸਥਿਤ ਇਕ ਫੈਕਟਰੀ ’ਤੇ ਛਾਪਾ ਮਾਰ ਕੇ 1814 ਕਰੋੜ ਰੁਪਏ ਦਾ 907.09 ਕਿਲੋ ਮਿਆਊਂ-ਮਿਆਊਂ ਨਾਮੀ ਕੈਮੀਕਲ ਨਸ਼ਾ (‘ਮੇਫੇਡ੍ਰੋਨ’) ਜ਼ਬਤ ਕੀਤਾ।

* 7 ਅਕਤੂਬਰ ਨੂੰ ਰਾਜਪੁਰਾ ਪੁਲਸ ਨੇ ਬਿਹਾਰ ਦੇ 2 ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਇਕ ਕਿਲੋ ਅਫੀਮ ਬਰਾਮਦ ਕੀਤੀ।

* 7 ਅਕਤੂਬਰ ਨੂੰ ਹੀ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਭਾਰਤ-ਪਾਕਿ ਸਰਹੱਦ ਦੇ ਨੇੜੇ ਰਤਨਖੁਰਦ ਇਲਾਕੇ ’ਚ ਡ੍ਰੋਨ ਰਾਹੀਂ ਸੁੱਟੀ ਗਈ 3 ਕਰੋੜ ਰੁਪਏ ਦੀ 560 ਗ੍ਰਾਮ ਹੈਰੋਇਨ ਜ਼ਬਤ ਕੀਤੀ।

* 8 ਅਕਤੂਬਰ ਨੂੰ ਹੀ ਆਸਾਮ ਦੇ ਵੱਖ-ਵੱਖ ਹਿੱਸਿਆਂ ’ਚ ਮਾਰੇ ਗਏ ਛਾਪਿਆਂ ਦੌਰਾਨ ਲਗਭਗ 11 ਕਰੋੜ ਰੁਪਏ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ। ‘ਬਿਸਵਾਨਾਥ’ ਜ਼ਿਲੇ ’ਚ ਪੁਲਸ ਨੇ ਇਕ ਕਾਰ ’ਚੋਂ 314 ਕਿਲੋ ਗਾਂਜਾ, ਸਿਲਚਰ ’ਚ 572 ਗ੍ਰਾਮ ਹੈਰੋਇਨ, ਰਾਮ ਨਗਰ ’ਚ 572 ਗ੍ਰਾਮ ਹੈਰੋਇਨ ਅਤੇ 10,000 ਯਾਬਾ (ਯਾਮਾ, ਬਾਬਾ) ਗੋਲੀਆਂ ਅਤੇ ਕਾਮਰੂਪ ਜ਼ਿਲੇ ’ਚ 301 ਗ੍ਰਾਮ ਹੈਰੋਇਨ ਜ਼ਬਤ ਕੀਤੀ।

* 8 ਅਕਤੂਬਰ ਨੂੰ ਹੀ ਭੋਪਾਲ (ਮੱਧ ਪ੍ਰਦੇਸ਼) ’ਚ ਇਕ ਗੋਦਾਮ ’ਚੋਂ 60 ਲੱਖ ਰੁਪਏ ਦੀ ਨਸ਼ੀਲੀ ਸਮੱਗਰੀ ਜ਼ਬਤ ਕੀਤੀ ਗਈ। ਮਾਹਿਰਾਂ ਅਨੁਸਾਰ ਅੰਤਰਰਾਸ਼ਟਰੀ ਪੱਧਰ ’ਤੇ ਇਸ ਨਾਲ 350 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਤਿਆਰ ਕੀਤੇ ਜਾ ਸਕਦੇ ਸਨ।

* 8 ਅਕਤੂਬਰ ਨੂੰ ਲੁਧਿਆਣਾ ’ਚ ਰੇਲਗੱਡੀ ਰਾਹੀਂ ਦੂਜੇ ਸੂਬਿਆਂ ’ਚੋਂ ਗਾਂਜਾ ਲਿਆ ਕੇ ਸਪਲਾਈ ਕਰਨ ਵਾਲੇ 3 ਸਮੱਗਲਰਾਂ ਨੂੰ ਸੀ. ਆਈ. ਏ.-2 ਦੀ ਟੀਮ ਨੇ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 13 ਕਿਲੋ ਗਾਂਜਾ ਬਰਾਮਦ ਕੀਤਾ।

* 9 ਅਕਤੂਬਰ ਨੂੰ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਦੇ ਜੰਗਲ ’ਚ ਨਕਸਲੀਆਂ ਵਲੋਂ ਮਾਰੀਜੁਆਨਾ ਖਰੀਦ ਕੇ ਦਿੱਲੀ ਐੱਨ. ਸੀ. ਆਰ. ’ਚ ਵੇਚਣ ਆਏ 5 ਅੰਤਰਰਾਜੀ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 12 ਲੱਖ ਰੁਪਏ ਦੀ ਮਾਰੀਜੁਆਨਾ ਬਰਾਮਦ ਕੀਤੀ ਗਈ।

* 9 ਅਕਤੂਬਰ ਨੂੰ ਹੀ ਪੰਜਾਬ ਪੁਲਸ ਨੇ ਗੁਰਦਾਸਪੁਰ, ਮੋਗਾ ਅਤੇ ਪਟਿਆਲਾ ’ਚ ਨਸ਼ਿਆਂ ਵਿਰੁੱਧ ਤਲਾਸ਼ੀ ਮੁਹਿੰਮ ਦੌਰਾਨ 400 ਗ੍ਰਾਮ ਹੈਰੋਇਨ, ਨਾਜਾਇਜ਼ ਸ਼ਰਾਬ ਅਤੇ ਡਰੱਗ ਮਨੀ ਬਰਾਮਦ ਕਰ ਕੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ।

* 9 ਅਕਤੂਬਰ ਨੂੰ ਹੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ 3 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 5 ਕਿਲੋ ਹੈਰੋਇਨ ਅਤੇ 3.95 ਲੱਖ ਰੁਪਏ ਦੀ ਡਰੱਗ ਮਨੀ ਫੜੀ।

* 10 ਅਕਤੂਬਰ ਨੂੰ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਦੀ ਸਾਂਝੀ ਮੁਹਿੰਮ ’ਚ 63 ਕਰੋੜ ਦੀ 12.5 ਕਿਲੋ ਹੈਰੋਇਨ ਬਰਾਮਦ ਕੀਤੀ ਗਈ।

* ਇਸੇ ਦਿਨ ਅੰਮ੍ਰਿਤਸਰ ਸ਼ਹਿਰ ਦੀ ਪੁਲਸ ਨੇ ਇਕ ਜੇਲ ਵਾਰਡਨ ਗੁਰਮੇਜ ਸਿੰਘ ਅਤੇ 2 ਹੋਰ ਲੋਕਾਂ ਆਕਾਸ਼ਦੀਪ ਸਿੰਘ ਅਤੇ ਉਸ ਦੇ ਭਰਾ ਸਤਵਿੰਦਰ ਪਾਲ ਸਿੰਘ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 4.5 ਕਿਲੋ ਹੈਰੋਇਨ ਜ਼ਬਤ ਕੀਤੀ।

* 10 ਅਕਤੂਬਰ ਨੂੰ ਫਿਰ ਦਿੱਲੀ ਪੁਲਸ ਨੇ ਪੱਛਮੀ ਦਿੱਲੀ ਤੋਂ 2000 ਕਰੋੜ ਰੁਪਏ ਮੁੱਲ ਦੀ 200 ਕਿਲੋ ਕੋਕੀਨ ਜ਼ਬਤ ਕੀਤੀ।

* 11 ਅਕਤੂਬਰ ਨੂੰ ਦਿੱਲੀ ਪੁਲਸ ਨੇ 2 ਵਿਦੇਸ਼ੀ ਨਾਗਰਿਕਾਂ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 3.3 ਕਰੋੜ ਰੁਪਏ ਦੀ 563 ਗ੍ਰਾਮ ਕੋਕੀਨ ਜ਼ਬਤ ਕੀਤੀ।

* 11 ਅਕਤੂਬਰ ਨੂੰ ਹੀ ਬੀ. ਐੱਸ. ਐੱਫ. ਅੰਮ੍ਰਿਤਸਰ ਦੀ ਟੀਮ ਨੇ ‘ਬੈਰੋਪਾਲ’ ਨਾਲ ਲੱਗਦੇ ਇਲਾਕੇ ’ਚ 3 ਕਰੋੜ ਰੁਪਏ ਦੀ ਹੈਰੋਇਨ ਸਮੇਤ ਇਕ ਮਿੰਨੀ ਪਾਕਿਸਤਾਨੀ ਡਰੋਨ ਜ਼ਬਤ ਕੀਤਾ।

ਸ਼ਾਇਦ ਹੀ ਕੋਈ ਅਜਿਹਾ ਨਸ਼ਾ ਹੋਵੇਗਾ ਜੋ ਇਨ੍ਹੀਂ ਦਿਨੀਂ ਭਾਰਤ ’ਚ ਨਾ ਲਿਆਂਦਾ ਗਿਆ ਹੋਵੇ। ਇਸ ਲਈ ਨਸ਼ੇ ਦੀ ਸਮੱਗਲਿੰਗ ’ਤੇ ਨਕੇਲ ਕੱਸਣ ਅਤੇ ਇਸ ’ਚ ਸ਼ਾਮਲ ਪਾਏ ਜਾਣ ਵਾਲਿਆਂ ਵਿਰੁੱਧ ਹੱਤਿਆ ਵਰਗੀਆਂ ਸਖਤ ਧਾਰਾਵਾਂ ਦੇ ਤਹਿਤ ਸਜ਼ਾ ਦੀ ਕਾਰਵਾਈ ਕਰਨ ਦੀ ਲੋੜ ਹੈ।

–ਵਿਜੇ ਕੁਮਾਰ


Harpreet SIngh

Content Editor

Related News