ਜ਼ਹਿਰੀਲੀ ਸ਼ਰਾਬ ਨਾਲ ਹੋ ਰਹੀਆਂ ਮੌਤਾਂ, ਉਜੜ ਰਹੇ ਪਰਿਵਾਰ, ਸਰਕਾਰਾਂ ਬੇਖ਼ਬਰ
Saturday, Jun 22, 2024 - 02:31 AM (IST)
ਸ਼ਰਾਬ ਇਕ ਅਜਿਹੀ ਬੁਰਾਈ ਹੈ ਜਿਸ ’ਤੇ ਰੋਕ ਲਾਈ ਜਾਣੀ ਚਾਹੀਦੀ ਹੈ ਪਰ ਸਾਡੀਆਂ ਸਰਕਾਰਾਂ ਨੇ ਇਸ ਪਾਸੇ ਅੱਖਾਂ ਮੀਟ ਰੱਖੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਸਾਡੇ ਹਾਕਮ ਇਸ ਦੀ ਵਿਕਰੀ ਤੋਂ ਹੋਣ ਵਾਲੀ ਇਸ ਵੱਡੀ ਆਮਦਨ ਨੂੰ ਗਵਾਉਣਾ ਨਹੀਂ ਚਾਹੁੰਦੇ ਕਿਉਂਕਿ ਸਰਕਾਰਾਂ ਇਸ ਦੇ ਸਹਾਰੇ ਚੱਲਦੀਆਂ ਹਨ।
ਅੱਜ ਦੇਸ਼ ’ਚ ਸ਼ਰਾਬ ਦੀ ਵਰਤੋਂ ਲਗਾਤਾਰ ਵਧ ਰਹੀ ਹੈ ਅਤੇ ਹੁਣ ਤਾਂ ਸਮਾਜ ਵਿਰੋਧੀ ਤੱਤਾਂ ਵੱਲੋਂ ਨਕਲੀ ਜ਼ਹਿਰੀਲੀ ਸ਼ਰਾਬ ਵੀ ਬਣਾਈ ਜਾਣ ਲੱਗੀ ਹੈ ਜਿਸ ਦੀ ਵਰਤੋਂ ਨਾਲ ਹੋਣ ਵਾਲੀਆਂ ਮੌਤਾਂ ਕਾਰਨ ਵੱਡੀ ਗਿਣਤੀ ’ਚ ਔਰਤਾਂ ਦੇ ਸੁਹਾਗ ਉਜੜ ਰਹੇ ਹਨ ਅਤੇ ਬੱਚੇ ਯਤੀਮ ਹੋ ਰਹੇ ਹਨ, ਜੋ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 26 ਜੁਲਾਈ, 2022 ਨੂੰ ਗੁਜਰਾਤ ਦੇ ‘ਬੋਟਾਦ’ ਜ਼ਿਲੇ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 18 ਵਿਅਕਤੀਆਂ ਦੀ ਮੌਤ ਅਤੇ 45 ਵਿਅਕਤੀ ਗੰਭੀਰ ਤੌਰ ’ਤੇ ਬੀਮਾਰ ਹੋ ਗਏ।
* 24 ਸਤੰਬਰ, 2023 ਨੂੰ ਬਿਹਾਰ ਦੇ ਮੁਜ਼ੱਫਰਪੁਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 2 ਵਿਅਕਤੀਆਂ ਦੀ ਮੌਤ ਅਤੇ 3 ਵਿਅਕਤੀਆਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ।
* 11 ਨਵੰਬਰ, 2023 ਨੂੰ ਹਰਿਆਣਾ ਦੇ ਯਮੁਨਾਨਗਰ ਅਤੇ ਅੰਬਾਲਾ ’ਚ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪਹੁੰਚ ਗਈ।
* 19 ਨਵੰਬਰ, 2023 ਨੂੰ ਬਿਹਾਰ ਦੇ ਸੀਤਾਮੜੀ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 3 ਵਿਅਕਤੀਆਂ ਦੀ ਮੌਤ ਅਤੇ 1 ਗੰਭੀਰ ਤੌਰ ’ਤੇ ਬੀਮਾਰ ਹੋ ਗਿਆ।
* 22 ਮਾਰਚ, 2024 ਨੂੰ ਸੰਗਰੂਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 20 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕੁਝ ਲੋਕ ਅੰਨ੍ਹੇ ਹੋ ਗਏ।
* 18 ਜੂਨ, 2024 ਨੂੰ ਛੱਤੀਸਗੜ੍ਹ ਦੇ ਕੋਰਬਾ ਜ਼ਿਲੇ ਦੇ ‘ਕੋਟਮੇਰ’ ਪਿੰਡ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਔਰਤ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ।
* 18 ਜੂਨ, 2024 ਨੂੰ ਤਮਿਲਨਾਡੂ ਦੇ ‘ਕੱਲਾਕੁਰਿਚੀ’ ਜ਼ਿਲੇ ’ਚ ‘ਪੈਕੇਟ’ ਅਤੇ ‘ਸੈਸ਼ੇ’ ਦੇ ਰੂਪ ’ਚ ਖਰੀਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਕੁਝ ਹੀ ਸਮੇਂ ਬਾਅਦ ਵੱਡੀ ਗਿਣਤੀ ’ਚ ਲੋਕਾਂ ਨੂੰ ਦਸਤ, ਉਲਟੀ ਆਉਣ, ਪੇਟ ਦਰਦ ਅਤੇ ਅੱਖਾਂ ’ਚ ਜਲਨ ਦੀ ਸ਼ਿਕਾਇਤ ਸ਼ੁਰੂ ਹੋ ਗਈ ਅਤੇ ਫਿਰ ਉਨ੍ਹਾਂ ਦੀ ਤਬੀਅਤ ਵਿਗੜਦੀ ਚਲੀ ਗਈ।
20 ਜੂਨ ਦੇ ਆਉਂਦੇ-ਆਉਂਦੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 47 ਤੱਕ ਪਹੁੰਚ ਗਈ ਜਦਕਿ 100 ਤੋਂ ਵੱਧ ਵਿਅਕਤੀ ਅਜੇ ਵੀ ਹਸਪਤਾਲਾਂ ’ਚ ਪਏ ਹਨ ਜਿਨ੍ਹਾਂ ’ਚੋਂ 30 ਦੀ ਹਾਲਤ ਗੰਭੀਰ ਹੈ।
ਇਸ ਮਾਮਲੇ ’ਚ 49 ਸਾਲਾ ਨਾਜਾਇਜ਼ ਸ਼ਰਾਬ ਵਿਕਰੇਤਾ ‘ਕਨੂੰਕੁੱਟੀ’ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕਨੂੰਕੁੱਟੀ ਕੋਲੋਂ ਜ਼ਬਤ ਕੀਤੀ ਗਈ 200 ਲੀਟਰ ਨਾਜਾਇਜ਼ ਸ਼ਰਾਬ ਦੀ ਜਾਂਚ ’ਚ ਸਾਹਮਣੇ ਆਇਆ ਕਿ ਉਸ ’ਚ ਖਤਰਨਾਕ ‘ਮੇਥੇਨਾਲ’ ਮੌਜੂਦ ਸੀ।
ਵਰਨਣਯੋਗ ਹੈ ਕਿ ਬੀਤੇ ਸਾਲ ਵੀ ਸੂਬੇ ਦੇ ‘ਵਿੱਲੂਪੁਰਮ’ ਅਤੇ ‘ਚੇਂਗਲਪੱਟੂ’ ਜ਼ਿਲੇ ’ਚ ਨਾਜਾਇਜ਼ ਸ਼ਰਾਬ ਪੀਣ ਨਾਲ 22 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਤਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਇਸ ਮਾਮਲੇ ਦੀ ਜਾਂਚ ਲਈ ਮਦਰਾਸ ਹਾਈ ਕੋਰਟ ਦੇ ਸੇਵਾਮੁਕਤ ਜੱਜ ਬੀ. ਗੋਕੁਲਦਾਸ ਦੀ ਅਗਵਾਈ ’ਚ ਇਕ ਮੈਂਬਰੀ ਕਮਿਸ਼ਨ ਗਠਿਤ ਕਰਨ ਦਾ ਹੁਕਮ ਦੇਣ ਦੇ ਇਲਾਵਾ ਜ਼ਿਲੇ ਦੇ ਐੱਸ. ਪੀ. ਨੂੰ ਬਰਖਾਸਤ ਅਤੇ ਜ਼ਿਲਾ ਕਲੈਕਟਰ ਦਾ ਤਬਾਦਲਾ ਕਰ ਦਿੱਤਾ ਹੈ।
ਸ਼ਰਾਬ ਦੇ ਅਜਿਹੇ ਭੈੜੇ ਅਸਰਾਂ ਨੂੰ ਦੇਖਦੇ ਹੋਏ ਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਗੁਲਾਮੀ ਦੇ ਯੁੱਗ ’ਚ ਇਹ ਐਲਾਨ ਕੀਤਾ ਸੀ ਕਿ ਜੇਕਰ ਭਾਰਤ ਦਾ ਸ਼ਾਸਨ ਅੱਧੇ ਘੰਟੇ ਲਈ ਵੀ ਉਨ੍ਹਾਂ ਦੇ ਹੱਥ ’ਚ ਆ ਜਾਵੇ ਤਾਂ ਉਹ ਸ਼ਰਾਬ ਦੀਆਂ ਸਾਰੀਆਂ ਡਿਸਟਿਲਰੀਆਂ ਅਤੇ ਦੁਕਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਹੀ ਬੰਦ ਕਰ ਦੇਣਗੇ।
ਇਹੀ ਨਹੀਂ, ਗਾਂਧੀ ਜੀ ਨੇ ਔਰਤਾਂ ਨੂੰ ਵੀ ਆਜ਼ਾਦੀ ਅੰਦੋਲਨ ਨਾਲ ਜੋੜਿਆ ਅਤੇ ਦੇਸ਼ ਦੇ ਕੋਨੇ-ਕੋਨੇ ’ਚ ਔਰਤਾਂ ਨੇ ਛੋਟੇ ਦੁੱਧ ਪੀਂਦੇ ਬੱਚਿਆਂ ਤੱਕ ਨੂੰ ਗੋਦ ’ਚ ਲੈ ਕੇ ਸ਼ਰਾਬਬੰਦੀ ਦੀ ਮੰਗ ਦੇ ਨਾਲ-ਨਾਲ ਵਿਦੇਸ਼ੀ ਕੱਪੜਿਆਂ ਦੀ ਹੋਲੀ ਸਾੜੀ ਅਤੇ ਕਈ ਔਰਤਾਂ ਨੇ 2-2, 3-3 ਸਾਲ ਦੀ ਕੈਦ ਵੀ ਕੱਟੀ ਸੀ।
ਉਕਤ ਦੁਖਦਾਈ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਸ਼ਰਾਬ ਕਿੰਨੀ ਤਬਾਹੀ ਲਿਆਉਂਦੀ ਹੈ। ਇਸ ਲਈ ਇਸ ਦੀ ਵਰਤੋਂ ’ਤੇ ਰੋਕ ਲਾਉਣ ਦੀ ਦਿਸ਼ਾ ’ਚ ਠੋਸ ਕਦਮ ਚੁੱਕਣੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਪਰਿਵਾਰ ਨਾ ਉਜੜਣ।
ਅਸੀਂ ਸਵੈਮਸੇਵੀ ਸੰਗਠਨਾਂ ਅਤੇ ਸੰਤ ਸਮਾਜ ਨੂੰ ਬੇਨਤੀ ਕਰਾਂਗੇ ਕਿ ਉਹ ਉਕਤ ਘਟਨਾਵਾਂ ਦਾ ਨੋਟਿਸ ਲੈ ਕੇ ਸ਼ਰਾਬ ਦੀ ਲਾਹਨਤ ’ਤੇ ਪਾਬੰਦੀ ਲਗਵਾਉਣ ਦੀ ਦਿਸ਼ਾ ’ਚ ਯਤਨ ਸ਼ੁਰੂ ਕਰਨ।
-ਵਿਜੇ ਕੁਮਾਰ