ਰੂੜੀਵਾਦੀ ਰਵਾਇਤਾਂ ਨੂੰ ਤੋੜ ਰਹੀਆਂ ਬੇਟੀਆਂ

12/19/2023 3:57:56 PM

ਔਰਤਾਂ ਆਪਣੇ ਪਰਿਵਾਰਕ ਮੈਂਬਰਾਂ ਦਾ ਅੰਤਿਮ ਸੰਸਕਾਰ ਨਹੀਂ ਕਰ ਸਕਦੀਆਂ। ਇਸ ਪਿੱਛੇ ਕਈ ਦਲੀਲਾਂ ਹਨ। ਇਕ ਦਲੀਲ ਇਹ ਵੀ ਹੈ ਕਿ ਔਰਤਾਂ ਦਾ ਤਨ ਤੇ ਮਨ ਕੋਮਲ ਅਤੇ ਕਮਜ਼ੋਰ ਹੁੰਦਾ ਹੈ। ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਉਣ ਸਮੇਂ ਉਨ੍ਹਾਂ ਦੇ ਮਨ ’ਤੇ ਇਸ ਦਾ ਮਾੜਾ ਅਸਰ ਪੈ ਸਕਦਾ ਹੈ ਪਰ ਕਈ ਘਟਨਾਵਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਕਿਸੇ ਵੀ ਕੰਮ ਨੂੰ ਪੂਰਾ ਕਰਨ ਲਈ ਭਾਵਨਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ।

ਲਗਭਗ 22 ਸਾਲ ਪੁਰਾਣੀ ਇਕ ਘਟਨਾ ਹੈ। ਵ੍ਰਿੰਦਾਵਨ ’ਚ ਅਮਾਰਬਾੜੀ ਆਸ਼ਰਮ ਹੈ। ਉੱਥੋਂ ਦੀ ਇਕ ਵਿਧਵਾ ਸਪਤਦਲ ਨੇ ਹੋਲੀ ਵਾਲੇ ਦਿਨ ਪ੍ਰਾਣ ਤਿਆਗੇ। ਚੌਕੀਦਾਰ ਉਸ ਦਿਨ ਤਿਉਹਾਰ ਮਨਾਉਣ ਲਈ ਗਿਆ ਹੋਇਆ ਸੀ। ਆਸ਼ਰਮ ਦੀਆਂ 60 ਤੋਂ 105 ਸਾਲ ਤੱਕ ਉਮਰ ਦੀਆਂ 65 ਵਿਧਵਾਵਾਂ ਦਰਮਿਆਨ ਉੱਥੇ ਇਕ ਵੀ ਮਰਦ ਮੌਜੂਦ ਨਹੀਂ ਸੀ।

105 ਸਾਲ ਦੀ ਲਖੀਦਾਸੀ ਨੇ ਕਿਹਾ ਕਿ ਰੋਣ ਦਾ ਕੰਮ ਛੱਡੋ, ਚੌਕੀਦਾਰ ਕਦੋਂ ਆਏਗਾ, ਇਸ ਦਾ ਕੋਈ ਭਰੋਸਾ ਨਹੀਂ। ਅੱਗੋਂ ਦੀ ਸੋਚੋ। ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਕੁਝ ਅਪਾਹਜ਼, ਲਾਚਾਰ ਬਜ਼ੁਰਗ ਔਰਤਾਂ ਨੇ ਆਸ਼ਰਮ ’ਚੋਂ ਨਿਕਲ ਕੇ ਘਰ-ਘਰ ਜਾਣ ਦੀ ਯੋਜਨਾ ਬਣਾਈ। ਕਿਸੇ ਨੇ ਦਰਵਾਜ਼ਾ ਖੋਲ੍ਹਿਆ ਪਰ ਕਿਸੇ ਨੇ ਅੰਦਰੋਂ ਹੀ ਦਰਵਾਜ਼ਾ ਨਾ ਖੋਲ੍ਹਣ ਦੀ ਗੱਲ ਕਹਿ ਦਿੱਤੀ।

ਇਕ ਦਰਵਾਜ਼ਾ ਗੀਤਾ ਨਾਂ ਦੀ ਕੁੜੀ ਨੇ ਖੋਲ੍ਹਿਆ। ਉਸ ਦੇ ਪਿਤਾ ਨੇ ਦਮ ਤੋੜਨ ਵਾਲੀ ਔਰਤ ਦੀ ਜਾਤ ਪੁੱਛੀ। ਚੁੱਪ ਰਹਿਣ ’ਤੇ ਬੋਲਿਆ ਕਿ ਜੇ ਜਾਤ ਦਾ ਨਹੀਂ ਪਤਾ ਤਾਂ ਮਾਤਾ ਜੀ ਕੋਈ ਹੋਰ ਦਰਵਾਜ਼ਾ ਖੜਕਾਓ। ਇਹ ਕੁਲੀਨ ਬ੍ਰਾਹਮਣ ਦਾ ਘਰ ਹੈ। ਅਗਿਆਤ ਕੁਲ-ਗੋਤਰ ਦੀ ਵਿਧਵਾ ਦੇ ਅੰਤਿਮ ਸੰਸਕਾਰ ਦੀ ਬੇਨਤੀ ਨੂੰ ਸਭ ਵਰਨਾਂ ਨੇ ਬਹੁਤ ਬੇਰਹਿਮੀ ਨਾਲ ਨਕਾਰ ਦਿੱਤਾ। ਗੀਤਾ ਦਾ ਮਨ ਹਮਦਰਦੀ ਨਾਲ ਭਰ ਗਿਆ। ਉਸ ਨੇ ਆਪਣੇ ਭਰਾ ਕੋਲੋਂ ਮਦਦ ਮੰਗੀ। ਉਸ ਨੇ ਵੀ ਨਾਂਹ ਕਰ ਦਿੱਤੀ। ਗੀਤਾ ਇੰਟਰ ਦੀ ਵਿਦਿਆਰਥਣ ਸੀ, ਉਸ ਨੇ ਗੁਆਂਢ ’ਚ ਰਹਿਣ ਵਾਲੀਆਂ ਆਪਣੀਆਂ ਦੋ ਸਹੇਲੀਆਂ ਅਨਸੁਯਾ ਅਤੇ ਦੀਪਾ ਨੂੰ ਤਿਆਰ ਕੀਤਾ। ਮਾਂ ਕੋਲੋਂ ਬਹਾਨਾ ਬਣਾ ਕੇ ਕੁਝ ਪੈਸੇ ਲਏ ਅਤੇ ਤਿੰਨੋ ਆਸ਼ਰਮ ਵੱਲ ਚੱਲ ਪਈਆਂ।

ਤਿੰਨ ਅਲ੍ਹੜ ਉਮਰ ਦੀਆਂ ਕੁੜੀਆਂ ਅਤੇ ਸਭ ਬਜ਼ੁਰਗ ਔਰਤਾਂ। ਕੰਮ ਵੀ ਅਜਿਹਾ ਜਿਸ ਨੂੰ ਕਰਨ ਦੀ ਕਲਪਣਾ ਤੱਕ ਨਹੀਂ ਕੀਤੀ ਸੀ। ਅਨਾੜੀ ਹੱਥਾਂ ਨਾਲ ਵਧੇਰੇ ਮਿਹਨਤ ਕਰਨੀ ਪਈ। ਤਿੰਨਾਂ ਕੁੜੀਆਂ ਨਾਲ ਮ੍ਰਿਤਕ ਦੇਹ ਨੂੰ ਚੌਥਾ ਮੌਢਾ ਲਖੀਦਾਸੀ ਨੇ ਦਿੱਤਾ। ਝੁਕੀ ਹੋਈ ਕਮਰ ਅਤੇ ਕਮਜ਼ੋਰ ਨਜ਼ਰ ਵਾਲੀਆਂ ਹੋਰ ਵਿਧਵਾਵਾਂ ਅਰਥੀ ਦੇ ਪਿੱਛੇ ਚੱਲ ਪਈਆਂ। ਸ਼ਮਸ਼ਾਨਘਾਟ ਥੋੜ੍ਹੀ ਦੂਰ ਸੀ। ਹਰ 10 ਕਦਮ ਪਿੱਛੋਂ ਮੌਢੇ ਬਦਲਣੇ ਪਏ ਪਰ ਹੌਸਲਾ ਨਹੀਂ ਹਾਰਿਆ।

ਇਹ ਸਿਰਫ ਅੰਤਿਮ ਯਾਤਰਾ ਨਹੀਂ ਸੀ, ਅਲਟਰਾਸਾਊਂਡ ਪਿੱਛੋਂ ਕੰਨਿਆ ਭਰੂਨ ਨੂੰ ਗਰਭ ’ਚ ਹੀ ਨਸ਼ਟ ਕਰਵਾ ਦੇਣ ਦੀ ਸਾਜ਼ਿਸ਼ ਤੋਂ ਲੈ ਕੇ ਔਰਤ ਨੂੰ ਚਿਤਾ ’ਤੇ ਅਗਨੀ ਨਾ ਵਿਖਾ ਸਕਣ ਦੀ ਮਰਦ ਵਰਗ ਦੀ ਖੁਦਗਰਜ਼ੀ ਅਤੇ ਸੰਵੇਦਨਹੀਨਤਾ ਵਿਰੁੱਧ ਔਰਤਾਂ ਦਾ ਇਕਮੁੱਠ ਜਾਤੀ ਪ੍ਰਦਰਸ਼ਨ ਸੀ। ਉਨ੍ਹਾਂ ਸਭ ਨੂੰ ਉਸ ਵਕਤ ਅਜਿਹਾ ਹੀ ਲੱਗਾ ਸੀ।

ਕੁੜੀਆਂ ਨੇ ਬਜ਼ੁਰਗ ਔਰਤ ਦੇ ਅੰਤਿਮ ਸੰਸਕਾਰ ਲਈ ਲੱਕੜਾਂ ਖਰੀਦੀਆਂ ਅਤੇ ਮਿਲ ਕੇ ਚਿਤਾ ਬਣਾਈ। ਲਖੀਦਾਸੀ ਨੇ ਚਿਤਾ ਨੂੰ ਅਗਨੀ ਵਿਖਾਈ। ਉਨ੍ਹਾਂ ਦੋਵੇਂ ਹੱਥ ਜੋੜ ਕੇ ਕਿਹਾ, ‘‘ਸਪਤਦਲ ਤੇਰੀ ਸਹੁੰ, ਅੱਜ ਤੋਂ ਬਾਅਦ ਕੋਈ ਔਰਤ ਅੰਤਿਮ ਸੰਸਕਾਰ ਲਈ ਕਿਸੇ ਮਰਦ ਦੀ ਮੋਹਤਾਜ ਨਹੀਂ ਹੋਵੇਗੀ।’’

ਕਿਸੇ ਵੀ ਇਨਸਾਨ ਦੇ ਜਿਊਣ-ਮਰਨ ਸਬੰਧੀ ਪ੍ਰਕਿਰਿਆਵਾਂ ਦਾ ਸਬੰਧ 18 ਪੁਰਾਣਾਂ ਵਿਚੋਂ ਇਕ ਗਰੂੜ ਪੁਰਾਣ ’ਚ ਮਿਲਦਾ ਹੈ। ਇਹ ਪੁਰਾਤਨ ਹਿੰਦੂ ਸ਼ਾਸਤਰ ਹੈ ਜੋ ਵੇਦਾਂ ਦੀ ਪ੍ਰੰਪਰਾ ਦਾ ਹੀ ਹਿੱਸਾ ਹੈ। ਇਸ ਗ੍ਰੰਥ ਵਿਚ ਔਰਤਾਂ ਅਤੇ ਅੰਤਿਮ ਸੰਸਕਾਰ ਵਰਗੀ ਕਿਸੇ ਵਿਵਸਥਾ ਦਾ ਕੋਈ ਜ਼ਿਕਰ ਨਹੀਂ।

ਔਰਤਾਂ ਵੱਲੋਂ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਨਾ ਨਿਭਾਏ ਜਾਣ ਪਿੱਛੇ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਸ਼ਮਸ਼ਾਨਘਾਟ ਵਿਖੇ ਹਮੇਸ਼ਾ ਨਾਪੱਖੀ ਊਰਜਾ ਫੈਲੀ ਹੁੰਦੀ ਹੈ। ਇਹ ਔਰਤਾਂ ਦੇ ਸਰੀਰ ’ਚ ਦਾਖਲ ਹੋ ਸਕਦੀ ਹੈ। ਅੰਤਿਮ ਸੰਸਕਾਰ ਦੌਰਾਨ ਲਾਸ਼ ਦੇ ਖੋਪੜੀ ਨੂੰ ਤੋੜਿਆ ਜਾਂਦਾ ਹੈ। ਇਸ ਲਈ ਮਜ਼ਬੂਤ ਸਰੀਰ ਅਤੇ ਮਨ ਚਾਹੀਦਾ ਹੈ। ਹਿੰਦੂ ਮਾਨਤਾਵਾਂ ਮੁਤਾਬਕ ਅੰਤਿਮ ਸੰਸਕਾਰ ਲਈ ਪਰਿਵਾਰ ਦੇ ਮੈਂਬਰਾਂ ਨੂੰ ਵਾਲ ਕਟਵਾਉਣੇ ਪੈਂਦੇ ਹਨ। ਲਾਸ਼ ਦੇ ਸੜਦੇ ਸਮੇਂ ਵਾਤਾਵਰਣ ’ਚ ਕੀਟਾਣੂ ਫੈਲ ਜਾਂਦੇ ਹਨ। ਇਹ ਸਰੀਰ ਦੇ ਨਾਜ਼ੁਕ ਹਿੱਸਿਆਂ ਨਾਲ ਚਿਪਕ ਜਾਂਦੇ ਹਨ। ਇਸੇ ਲਈ ਵਾਲ ਕਟਵਾਉਣ ਪਿੱਛੋਂ ਇਸ਼ਨਾਨ ਕੀਤਾ ਜਾਂਦਾ ਹੈ।

ਪ੍ਰਸਿੱਧ ਜੋਤਿਸ਼ੀ ਪੰਡਿਤ ਪ੍ਰਵੀਨ ਉਪਾਧਿਆਏ ਮੁਤਾਬਕ ਔਰਤਾਂ ਵੱਲੋਂ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਨਿਭਾਇਆ ਜਾਣਾ ਬਿਲਕੁਲ ਜਾਇਜ਼ ਹੈ। ਕਿਸੇ ਦੇ ਮੋਕਸ਼ ਦੀ ਪ੍ਰਾਪਤੀ ’ਚ ਭਾਈਵਾਲ ਬਣਨਾ ਪੁੰਨ ਦਾ ਕੰਮ ਹੈ। ਜੇ ਕਿਸੇ ਦੇ ਪਰਿਵਾਰ ’ਚ ਮਰਦ ਨਹੀਂ ਹੈ ਤਾਂ ਔਰਤਾਂ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਨਿਭਾ ਸਕਦੀਆਂ ਹਨ। ਔਰਤਾਂ ਨੂੰ ਮੁੰਡਨ ਕਰਵਾਉਣ ਦੀ ਲੋੜ ਨਹੀਂ ਹੈ।

ਹਾਲਾਂਕਿ ਕਈ ਸਾਧੂ, ਸੰਤ, ਸ਼ੰਕਰਾਚਾਰਿਆ, ਧਰਮ ਸ਼ਾਸਤਰ ਇਸ ਪ੍ਰਕਿਰਿਆ ਨੂੰ ਸ਼ਾਸਤਰਾਂ ਮੁਤਾਬਕ ਨਹੀਂ ਮੰਨਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਔਰਤ ਚਿਤਾ ਨੂੰ ਅਗਨੀ ਵਿਖਾਉਂਦੀ ਹੈ ਤਾਂ ਮ੍ਰਿਤਕ ਵਿਅਕਤੀ ਦੀ ਆਤਮਾ ਨੂੰ ਪ੍ਰਮਾਤਮਾ ਦੇ ਚਰਨਾਂ ’ਚ ਨਿਵਾਸ ਨਹੀਂ ਮਿਲਦਾ। ਹੁਣ ਇਹ ਪ੍ਰੰਪਰਾਵਾਂ ਬਦਲ ਗਈਆਂ ਹਨ। ਬੇਟੀਆਂ ਆਪਣੇ ਪਿਤਾ ਦੀ ਚਿਤਾ ਨੂੰ ਅਗਨੀ ਵਿਖਾਉਣ ਦੇ ਮਾਮਲੇ ’ਚ ਅੱਗੇ ਆ ਰਹੀਆਂ ਹਨ।

ਇਕ ਹੋਰ ਘਟਨਾ ਰਾਜਸਥਾਨ ਦੇ ਡੀਡਵਾਨਾ ਜ਼ਿਲੇ ਦੀ ਹੈ। ਇਕ ਔਰਤ ਦੀ ਮੌਤ ਪਿੱਛੋਂ ਉਸ ਦੀਆਂ 5 ਬੇਟੀਆਂ ਉਸ ਦੀ ਮੁਕਤੀ-ਦਾਤਾ ਬਣੀਆਂ। ਬੇਟੀਆਂ ਨੇ ਆਪਣੀ ਮਾਂ ਦੀ ਅਰਥੀ ਨੂੰ ਨਾ ਸਿਰਫ ਮੋਢਾ ਦਿੱਤਾ ਸਗੋਂ ਚਿਤਾ ਨੂੰ ਅਗਨੀ ਵੀ ਵਿਖਾਈ।

ਛੱਤੀਸਗੜ੍ਹ ਦੀ ਇਕ ਘਟਨਾ ’ਚ ਇਕ ਧੀ ਨੇ ਆਪਣੀ ਮਾਂ ਦੀ ਚਿਤਾ ਨੂੰ ਅਗਨੀ ਵਿਖਾਈ। ਇਸ ਕਾਰਨ ਗੁੱਸੇ ਵਿਚ ਆਏ ਹੋਏ ਭਰਾ ਨੇ ਆਪਣੀ ਭੈਣ ਦੀ ਹੱਤਿਆ ਕਰ ਦਿੱਤੀ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਦਾ ਕੋਈ ਬੇਟਾ ਨਹੀਂ ਹੈ, ਬੇਟੀਆਂ ਨੂੰ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਉਣ ਦੀ ਆਗਿਆ ਨਹੀਂ ਹੈ। ਬੇਟੀਆਂ ਅਜਿਹਾ ਕਰ ਸਕਦੀਆਂ ਹਨ। ਸਮਾਜ ਵਿਚ ਕਿਸੇ ਨੂੰ ਵੀ ਇਸ ਤੋਂ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ। ਪੂਰੇ ਦੇਸ਼ ਵਿਚ ਅਜਿਹੀਆਂ ਘਟਨਾਵਾਂ ਚੁਣੌਤੀ ਦੇ ਰਹੀਆਂ ਹਨ।

ਸਮਾਜਿਕ, ਜਾਤੀ ਪ੍ਰੰਪਰਾ ਦੇ ਹਮਾਇਤੀਆਂ ਦੇ ਮੁੱਢਲੇ ਵਿਰੋਧ ਦੇ ਬਾਵਜੂਦ ਔਰਤਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਚਿਤਾ ਨੂੰ ਅਗਨੀ ਵਿਖਾਈ। ਸਮਾਜ ਵਿਚ ਇਸ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ। ਕੋਰੋਨਾ ਮਹਾਮਾਰੀ ਦੌਰਾਨ ਅਜਿਹੀਆਂ ਕਈ ਉਦਾਹਰਣਾਂ ਸਾਹਮਣੇ ਆਈਆਂ ਜਿੱਥੇ ਬੇਟੀਆਂ ਨੇ ਆਪਣੇ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਨਿਭਾਇਆ। ਬਦਲਦੇ ਸਮੇਂ ਅਤੇ ਛੋਟੇ ਪਰਿਵਾਰ ਦੀ ਧਾਰਨਾ ਨੇ ਹੁਣ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਅਤੇ ਹੋਰਨਾਂ ਰਸਮਾਂ ਨੂੰ ਨਵਾਂ ਰੂਪ ਦੇ ਦਿੱਤਾ ਹੈ।

ਉਸੇ ਦਾ ਨਤੀਜਾ ਹੈ ਕਿ ਬਦਲਦੇ ਦੌਰ ’ਚ ਔਰਤ ਜਾਂ ਬੱਚੀ ਵੱਲੋਂ ਚਿਤਾ ਨੂੰ ਅਗਨੀ ਵਿਖਾਉਣੀ ਅਤੇ ਅੰਤਿਮ ਸੰਸਕਾਰ ਦੀਆਂ ਹੋਰਨਾਂ ਰਸਮਾਂ ’ਚ ਉਨ੍ਹਾਂ ਦਾ ਸ਼ਾਮਲ ਹੋਣਾ ਇਕ ਆਮ ਗੱਲ ਹੁੰਦੀ ਜਾ ਰਹੀ ਹੈ। ਔਰਤਾਂ ਦਾ ਸ਼ਕਤੀਸ਼ਾਲੀ ਹੋਣਾ, ਸਿੰਗਲ ਪਰਿਵਾਰ, ਵੱਡੇ ਸ਼ਹਿਰਾਂ ਦੀ ਸੰਸਕ੍ਰਿਤੀ, ਰਿਸ਼ਤਿਆਂ ’ਚ ਤ੍ਰੇੜ ਅਤੇ ਅਸਹਿਯੋਗ ਦੀ ਭਾਵਨਾ ਇਸ ਲਈ ਵਿਸ਼ੇਸ਼ ਤੌਰ ’ਤੇ ਜ਼ਿੰਮੇਵਾਰ ਹੈ।

ਬਦਲਦੇ ਸੰਦਰਭ ’ਚ ਇਸ ਪ੍ਰਥਾ ’ਤੇ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਹੋਣੀ ਚਾਹੀਦੀ। ਚੰਗੀਆਂ ਰਵਾਇਤਾਂ ਨੂੰ ਬਣਾਏ ਰੱਖਣਾ ਵੀ ਸਾਡਾ ਕਰਮ ਹੈ ਅਤੇ ਖਰਾਬ ਪ੍ਰਥਾ ਅਤੇ ਰੂੜੀਵਾਦੀ ਸੋਚ ਜੋ ਬੇਤੁਕੀ ਹੈ, ਨੂੰ ਤੋੜਨਾ ਵੀ ਜ਼ਰੂਰੀ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀਆਂ ਬੇਟੀਆਂ ਨੂੰ ਇਹ ਭਰੋਸਾ ਦੁਆਉਣਾ ਬੰਦ ਕਰੀਏ ਕਿ ਉਹ ਆਪਣੇ ਮਾਤਾ-ਪਿਤਾ ਦੇ ਮੋਕਸ਼ ’ਚ ਕੋਈ ਰੁਕਾਵਟ ਬਣ ਸਕਦੀਆਂ ਹਨ।

ਗੀਤਾ ਯਾਦਵ


Rakesh

Content Editor

Related News