ਆਜ਼ਾਦੀ ਦੇ 77 ਸਾਲ ਬਾਅਦ ਵੀ ‘ਦਲਿਤਾਂ ’ਤੇ ਹੋ ਰਹੇ ਅੱਤਿਆਚਾਰ’

05/21/2024 4:08:41 AM

ਛੂਆਛਾਤ ਅਤੇ ਜਾਤੀ ਆਧਾਰਿਤ ਭੇਦਭਾਵ ਮਿਟਾਉਣ ਲਈ ਸਵਾਮੀ ਦਇਆਨੰਦ, ਸਵਾਮੀ ਵਿਵੇਕਾਨੰਦ, ਸਦਗੁਰੂ ਕਬੀਰ, ਮਹਾਤਮਾ ਗਾਂਧੀ ਅਤੇ ਹੋਰ ਮਹਾਪੁਰਖਾਂ ਨੇ ਅਣਥੱਕ ਯਤਨ ਕੀਤੇ, ਪਰ ਆਜ਼ਾਦੀ ਦੇ 77 ਸਾਲ ਬਾਅਦ ਵੀ ਦੇਸ਼ ’ਚ ਕਈ ਥਾਵਾਂ ’ਤੇ ਦਲਿਤਾਂ ਨਾਲ ਭੇਦਭਾਵ ਜਾਰੀ ਹੈ।

ਇਸੇ ਨੂੰ ਧਿਆਨ ’ਚ ਰੱਖਦੇ ਹੋਏ ਭਾਰਤ ਸਰਕਾਰ ਨੇ ਸਾਲ 1989 ’ਚ ‘ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਜ਼ੁਲਮ ਨਿਵਾਰਨ) ਕਾਨੂੰਨ’ ਪਾਸ ਕੀਤਾ ਸੀ। ਇਸ ਦੇ ਤਹਿਤ ਵੱਖ-ਵੱਖ ਤਰ੍ਹਾਂ ਦੇ ਅਜਿਹੇ 22 ਕੰਮਾਂ ਨੂੰ ਅਪਰਾਧ ਮੰਨਿਆ ਗਿਆ ਹੈ, ਜਿਨ੍ਹਾਂ ਕਾਰਨ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਭਾਈਚਾਰੇ ਨਾਲ ਸਬੰਧਤ ਕਿਸੇ ਵਿਅਕਤੀ ਨੂੰ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੋਵੇ।

ਇਨ੍ਹੀਂ ਦਿਨੀਂ ਜਦ ਕਿ ਦੇਸ਼ ’ਚ ਚੋਣਾਂ ਖ਼ਤਮ ਹੋਣ ਵੱਲ ਵਧ ਰਹੀਆਂ ਹਨ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਦਲਿਤ ਭਾਈਚਾਰੇ ਦੇ ਵੋਟਾਂ ਦੀ ਲੋੜ ਹੈ, ਫਿਰ ਵੀ ਦਲਿਤਾਂ ’ਤੇ ਜ਼ੁਲਮਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ, ਜੋ ਹੇਠਾਂ ਦਰਜ ਹਨ :

* 11 ਫਰਵਰੀ, 2024 ਨੂੰ ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਜ਼ਿਲ੍ਹੇ ਦੇ ਥਾਣਾ ‘ਬੇਵਾਨਾ’ ’ਚ ਚੰਦ ਦਬੰਗਾਂ ਨੇ ਦੇਸੀ ਕੱਟੇ ਅਤੇ ਪਿਸਤੌਲ ਨਾਲ ਇਕ ਨੌਜਵਾਨ ਨੂੰ ਕੁੱਟਿਆ ਅਤੇ ਆਪਣੇ ਪੈਰਾਂ ’ਤੇ ਡੇਗ ਕੇ ਮੁਆਫੀ ਮੰਗਵਾਈ।

* 13 ਫਰਵਰੀ ਨੂੰ ਗੁਜਰਾਤ ਦੇ ਗਾਂਧੀਨਗਰ ਜ਼ਿਲ੍ਹੇ ’ਚ ‘ਚੜਾਸਣਾ’ ਪਿੰਡ ’ਚ ਨਿਕਲ ਰਹੀ ਦਲਿਤ ਭਾਈਚਾਰੇ ਦੇ ਨੌਜਵਾਨ ਦੀ ਬਾਰਾਤ ’ਚ ਘੋੜੀ ’ਤੇ ਸਵਾਰ ਲਾੜੇ ਨੂੰ ਰੋਕ ਕੇ ਉਸ ਨੂੰ ਥੱਪੜ ਮਾਰਨ ਦੇ ਦੋਸ਼ ’ਚ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੌਜਵਾਨਾਂ ਨੇ ਉਸ ਨੂੰ ਇਹ ਵੀ ਕਿਹਾ ਸੀ ਕਿ, ‘‘ਇਸ ਪਿੰਡ ’ਚ ਸਾਡੀ ਮਨਜ਼ੂਰੀ ਲਏ ਬਿਨਾਂ ਤੂੰ ਘੋੜੀ ’ਤੇ ਬੈਠ ਕੇ ਕਿਵੇਂ ਆਇਆ?’’

* 20 ਫਰਵਰੀ ਨੂੰ ਮੱਧ ਪ੍ਰਦੇਸ਼ ਦੇ ‘ਦੇਵਾਸ’ ’ਚ ਉੱਜੈਨ ਦੇ ਇਕ ਦਲਿਤ ਨੌਜਵਾਨ ਨਾਲ ਕਿਸੇ ਝਗੜੇ ਕਾਰਨ ਉਸ ਨੂੰ ਬੇਰਹਿਮੀ ਨਾਲ ਕੁੱਟਣ ਅਤੇ ਆਪਣੇ ਪੈਰਾਂ ’ਤੇ ਡੇਗ ਕੇ ਨੱਕ ਰਗੜਵਾਉਣ ਦੇ ਦੋਸ਼ ’ਚ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ।

* 19 ਮਾਰਚ ਨੂੰ ਬਿਹਾਰ ਦੇ ‘ਵੈਸ਼ਾਲੀ’ ’ਚ ਪੁਲਸ ਥਾਣੇ ਦੇ ਅੰਦਰ ਸਥਿਤ ਟੂਟੀ ਤੋਂ ਰੋਹਿਤ ਪਾਸਵਾਨ ਨਾਂ ਦੇ ਇਕ ਦਲਿਤ ਲੜਕੇ ਵਲੋਂ ਪਾਣੀ ਭਰ ਲੈਣ ਤੋਂ ਨਾਰਾਜ਼ ਹੋ ਕੇ ਪੁਲਸ ਵਾਲਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਣ ਪਿੱਛੋਂ ਕਮਰੇ ’ਚ ਬੰਦ ਕਰ ਦਿੱਤਾ।

* 1 ਅਪ੍ਰੈਲ ਨੂੰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ’ਚ ਹੈਂਡਪੰਪ ਤੋਂ ਪਾਣੀ ਪੀਣ ਲਈ ਦੂਜੇ ਵਿਅਕਤੀ ਦੀ ਬਾਲਟੀ ਨੂੰ ਟੂਟੀ ਹੇਠੋਂ ਹਟਾਉਣ ’ਤੇ ਬਾਲਟੀ ਦੇ ਮਾਲਕ ਨੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਉਸ ਦੇ ਪਰਿਵਾਰ ਵਿਰੁੱਧ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ।

* 19 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ’ਚ ਮੇਰਠ ਦੇ ਬ੍ਰਹਮਪੁਰੀ ਇਲਾਕੇ ’ਚ ਇਕ ਸਪੋਰਟਸ ਕਾਰੋਬਾਰੀ ਨੇ ਆਪਣੇ ਗੁਰਗੇ ਭੇਜ ਕੇ ਇਕ ਦਲਿਤ ਨੌਜਵਾਨ ਦੀ ਚੱਪਲਾਂ ਨਾਲ ਮਾਰਕੁੱਟ ਕਰਵਾਈ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।

* 11 ਮਈ ਨੂੰ ਰਾਜਸਥਾਨ ਦੇ ਬਾੜਮੇਰ ਦੇ ‘ਕਲਰੋ ਕਾਤਲਾ’ ਪਿੰਡ ’ਚ ਇਕ ਦਲਿਤ ਲੜਕੇ ਨੂੰ ਬੰਦੀ ਬਣਾ ਕੇ ਬੇਰਹਿਮੀ ਨਾਲ ਉਸ ਦੀ ਮਾਰਕੁੱਟ ਕਰਨ, ਉਸ ਨੂੰ ਪਿਸ਼ਾਬ ਪਿਲਾਉਣ ਅਤੇ ਉਸ ਦੇ ਗੁਪਤ ਅੰਗ ’ਚ ਲੱਕੜੀ ਪਾਉਣ ਦਾ ਮਾਮਲਾ ਸਾਹਮਣੇ ਆਇਆ।

* 14 ਮਈ ਨੂੰ ਉੱਤਰ ਪ੍ਰਦੇਸ਼ ਦੇ ਬਰੇਲੀ ’ਚ ‘ਨਾਬਾਗੰਜ’ ਸਥਿਤ ਤਹਿਸੀਲ ਕੰਪਲੈਕਸ ’ਚ 2 ਹੋਮਗਾਰਡਾਂ ਰਾਮਪਾਲ ਅਤੇ ਵੀਰ ਬਹਾਦੁਰ ਨੇ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਵਰਿੰਦਰ ਨਾਂ ਦੇ ਦਲਿਤ ਲੜਕੇ ਨੂੰ ਜ਼ਮੀਨ ’ਤੇ ਸੁੱਟ ਕੇ ਲੱਤਾਂ-ਮੁੱਕਿਆਂ ਅਤੇ ਪੈਰਾਂ ਨਾਲ ਮਾਰਕੁੱਟ ਕੀਤੀ ਅਤੇ ਜਾਤੀ ਸੂਚਕ ਗਾਲ੍ਹਾਂ ਕੱਢੀਆਂ।

* 14 ਮਈ ਨੂੰ ਹੀ ਉੱਤਰ ਪ੍ਰਦੇਸ਼ ’ਚ ਪ੍ਰਯਾਗਰਾਜ ਦੇ ‘ਹਾਸ਼ਿਮਪੁਰ-ਛਬੀਲੇਪੁਰ’ ਗ੍ਰਾਮ ਪੰਚਾਇਤ ਦੇ ਪ੍ਰਧਾਨ ਰਮੇਸ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੁਰਾਣੀ ਰੰਜਿਸ਼ ਕਾਰਨ ਚੰਦ ਉੱਚ ਜਾਤੀ ਦੇ ਲੋਕਾਂ ਨੇ ਮਾਰਕੁੱਟ ਕਰ ਕੇ ਜ਼ਖਮੀ ਕਰ ਦਿੱਤਾ।

* 15 ਮਈ ਨੂੰ ਮੱਧ ਪ੍ਰਦੇਸ਼ ਦੇ ‘ਸ਼ਹਿਡੋਲ’ ਜ਼ਿਲ੍ਹੇ ਦੇ ਬਯੋਹਾਰੀ ਥਾਣਾ ਖੇਤਰ ਦੇ ‘ਸਾਖੀ’ ਪਿੰਡ ’ਚ ਇਕ ਵਿਆਹ ਸਮਾਗਮ ’ਚ ਬੈਂਡ ਵਜਾਉਣ ਵਾਲੇ ਇਕ ਦਲਿਤ ਲੜਕੇ ਦਾ ਮੋਬਾਈਲ ’ਤੇ ਕਿਸੇ ਨਾਲ ਗੱਲ ਕਰਦੇ ਸਮੇਂ ‘ਜੈ ਭੀਮ’ ਬੋਲਣਾ ਕੁਝ ਦਬੰਗਾਂ ਨੂੰ ਚੰਗਾ ਨਾ ਲੱਗਿਆ ਅਤੇ ਉਨ੍ਹਾਂ ਨੇ ‘ਤੂੰ ਕੀ ਬੋਲ ਰਿਹਾ ਹੈਂ?’ ਕਹਿ ਕੇ ਉਸ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ।

* 19 ਮਈ ਨੂੰ ਮੱਧ ਪ੍ਰਦੇਸ਼ ਦੇ ‘ਅਸ਼ੋਕ ਨਗਰ’ ਜ਼ਿਲ੍ਹੇ ਦੇ ‘ਕਿਲੋਰਾ’ ਪਿੰਡ ’ਚ ਇਕ ਲੜਕੇ ਦੇ ਕਿਸੇ ਲੜਕੀ ਨਾਲ ਛੇੜਛਾੜ ਦੀ ਘਟਨਾ ’ਚ ਸ਼ਾਮਲ ਹੋਣ ’ਤੇ ਪਿੰਡ ਦੇ ਦਬੰਗਾਂ ਨੇ ਇਕ ਬਜ਼ੁਰਗ ਦਲਿਤ ਜੋੜੇ ਨਾਲ ਮਾਰਕੁੱਟ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਜੁੱਤਿਆਂ ਦੀ ਮਾਲਾ ਪਾ ਕੇ ਬੇਇੱਜ਼ਤ ਕੀਤਾ।

ਧਰਮ ਅਤੇ ਜਾਤ ਦੇ ਆਧਾਰ ’ਤੇ ਕਿਸੇ ਨਾਲ ਭੇਦਭਾਵ ਜਾਂ ਅਪਮਾਨਿਤ ਕਰਨਾ ਗੰਭੀਰ ਜੁਰਮ ਹੈ। ਇਸ ਲਈ ਅਜਿਹਾ ਵਤੀਰਾ ਕਰਨ ਵਾਲੇ ਲੋਕਾਂ ਨੂੰ ਜਦ ਤੱਕ ਸਖਤ ਸਜ਼ਾ ਨਹੀਂ ਮਿਲੇਗੀ ਤਦ ਤੱਕ ਇਹ ਕੁਰੀਤੀ ਖਤਮ ਨਹੀਂ ਹੋ ਸਕਦੀ।

-ਵਿਜੇ ਕੁਮਾਰ


Harpreet SIngh

Content Editor

Related News