ਬਿਹਾਰ ’ਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਹੀ ਕਾਂਗਰਸ
Saturday, Feb 15, 2025 - 05:49 PM (IST)

ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕਾਂਗਰਸ ਲੀਡਰਸ਼ਿਪ ਆਪਣੀ ਸੂਬਾ ਇਕਾਈ ਨੂੰ ਮਜ਼ਬੂਤ ਕਰਨ ਲਈ ਬਿਹਾਰ ’ਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਹੀ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਮੁਖੀ ਮਲਿਕਾਰਜੁਨ ਖੜਗੇ ਨੇ ਦਸੰਬਰ 2022 ਵਿਚ ਅਖਿਲੇਸ਼ ਸਿੰਘ ਨੂੰ ਬੀ. ਪੀ. ਸੀ. ਸੀ. ਦਾ ਪ੍ਰਧਾਨ ਨਿਯੁਕਤ ਕੀਤਾ ਸੀ ਅਤੇ ਉਹ ਲਾਲੂ ਪ੍ਰਸਾਦ ਦੇ ਕਰੀਬੀ ਹਨ। ਕਈ ਸੂਬਾਈ ਕਾਂਗਰਸ ਆਗੂਆਂ ਨੇ ਏ. ਆਈ. ਸੀ. ਸੀ. ਲੀਡਰਸ਼ਿਪ ’ਤੇ ਦਬਾਅ ਪਾਇਆ ਕਿ ਰਾਜ ਸਭਾ ਮੈਂਬਰ ਅਤੇ ਸੂਬਾ ਮੁਖੀ ਅਖਿਲੇਸ਼ ਸਿੰਘ ਦੀ ਥਾਂ ਕਿਸੇ ਦਲਿਤ ਜਾਂ ਘੱਟਗਿਣਤੀ ਚਿਹਰੇ ਨੂੰ ਨਿਯੁਕਤ ਕੀਤਾ ਜਾਵੇ।
ਹਾਲਾਂਕਿ, ਕਾਂਗਰਸ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਦਾ ਸੰਵਿਧਾਨ ਅਤੇ ਸਮਾਵੇਸ਼ ’ਤੇ ਜ਼ੋਰ ਮੁਸਲਿਮ ਅਤੇ ਦਲਿਤ ਵੋਟਰਾਂ ਵਿਚ ਡੂੰਘਾਈ ਨਾਲ ਗੂੰਜਿਆ ਹੈ ਜੋ ਉਨ੍ਹਾਂ ਨੂੰ ਆਪਣੇ ਮੁੱਦਿਆਂ ਨੂੰ ਉਠਾਉਣ ਵਾਲੇ ਸਭ ਤੋਂ ਵੱਧ ਬੁਲੰਦ ਵਿਅਕਤੀ ਵਜੋਂ ਦੇਖਦੇ ਹਨ, ਜਦੋਂ ਕਿ ਸੂਬਾ ਕਾਂਗਰਸ ਆਗੂਆਂ ਦਾ ਇਕ ਹਿੱਸਾ ਸੂਬੇ ਦੇ ਮੁਸਲਮਾਨਾਂ ਨੂੰ ਲੁਭਾਉਣ ਲਈ ਇਕ ਮੁਸਲਿਮ ਪ੍ਰਧਾਨ ਦੀ ਮੰਗ ਕਰ ਰਿਹਾ ਹੈ।
ਹਾਲ ਹੀ ਵਿਚ, ਕਾਂਗਰਸ ਨੇਤਾ ਅਤੇ ਪਾਰਟੀ ਦੇ ਬਿਹਾਰ ਸਹਿ-ਇੰਚਾਰਜ ਸ਼ਾਹਨਵਾਜ਼ ਆਲਮ ਨੇ ਚਿੰਤਾ ਜ਼ਾਹਿਰ ਕੀਤੀ ਸੀ ਕਿ ਜੇਕਰ ਗੱਠਜੋੜ ਸੂਬੇ ਵਿੱਚ ਅਗਲੀ ਸਰਕਾਰ ਬਣਾਉਂਦਾ ਹੈ ਤਾਂ ਪਾਰਟੀ ਦੋ ਉਪ ਮੁੱਖ ਮੰਤਰੀਆਂ ਦੀ ਇੱਛਾ ਰੱਖੇਗੀ, ਜਿਨ੍ਹਾਂ ਵਿਚ ਇਕ ਮੁਸਲਮਾਨ ਵੀ ਸ਼ਾਮਲ ਹੋਵੇ। ਬਿਹਾਰ ਜਾਤੀ ਸਰਵੇਖਣ 2023 ਦੇ ਅਨੁਸਾਰ, ਸੂਬੇ ਦੀ ਆਬਾਦੀ ਵਿਚ ਮੁਸਲਮਾਨਾਂ ਦਾ 17.7 ਫੀਸਦੀ ਦਾ ਮਹੱਤਵਪੂਰਨ ਹਿੱਸਾ ਹੈ। 28 ਜਨਵਰੀ ਨੂੰ ਕਾਂਗਰਸ ਨੇ ਜਨਤਾ ਦਲ (ਯੂ) ਦੇ ਸਾਬਕਾ ਰਾਜ ਸਭਾ ਮੈਂਬਰ ਅਤੇ ਆਲ ਇੰਡੀਆ ਪਸਮਾਂਦਾ ਮੁਸਲਿਮ ਮਹਾਜ ਦੇ ਮੁਖੀ ਅਲੀ ਅਨਵਰ ਅੰਸਾਰੀ ਦਾ ਆਪਣੇ ਧੜੇ ਵਿਚ ਸਵਾਗਤ ਕੀਤਾ।
ਦਿੱਲੀ ਸਿਰਫ਼ ਇਕ ਟ੍ਰੇਲਰ ਹੈ ਅਤੇ ਬਿਹਾਰ ਅਜੇ ਆਉਣਾ ਬਾਕੀ : ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪਟਨਾ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਬਿਹਾਰ ਅਤੇ ਰਾਸ਼ਟਰੀ ਪੱਧਰ ਦੇ ਕਈ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐੱਨ. ਡੀ. ਏ.) ਨੇਤਾਵਾਂ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਹੈ ਕਿ ਭਗਵਾ ਪਾਰਟੀ ਬਿਹਾਰ ਵਿਚ ਸਰਕਾਰ ਬਣਾਏਗੀ। ਕੇਂਦਰੀ ਮੰਤਰੀ ਅਤੇ ਹਿੰਦੁਸਤਾਨੀ ਅਵਾਮ ਮੋਰਚਾ (ਸੈਕੂਲਰ) ਦੇ ਸੰਸਥਾਪਕ ਜੀਤਨ ਮਾਂਝੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਸੰਦੇਸ਼ ਪੋਸਟ ਕੀਤਾ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ ਸਿਰਫ਼ ਇਕ ਟ੍ਰੇਲਰ ਹੈ ਅਤੇ ਬਿਹਾਰ ਅਜੇ ਆਉਣਾ ਬਾਕੀ ਹੈ।
ਇਸ ਦੌਰਾਨ, ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਸਮਰਾਟ ਚੌਧਰੀ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਵਿਕਾਸ ਕਾਰਜਾਂ ਕਾਰਨ, ਐੱਨ. ਡੀ. ਏ. ਨੂੰ ਬਿਹਾਰ ਵਿਚ 200 ਤੋਂ ਵੱਧ ਸੀਟਾਂ ਮਿਲਣਗੀਆਂ। ਇਸ ਦੌਰਾਨ, ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦੇ ਮੁਖੀ ਲਾਲੂ ਪ੍ਰਸਾਦ ਨੇ ਬਿਹਾਰ ਵਿਚ ਭਾਜਪਾ ਦੇ ਸਰਕਾਰ ਬਣਾਉਣ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਲਾਲੂ ਨੇ ਕਿਹਾ ਸੀ, ‘‘ਬਿਹਾਰ ਵਿਚ ਕੋਈ ਅਸਰ ਨਹੀਂ ਪਵੇਗਾ, ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ।’’
ਮਹਾ ਵਿਕਾਸ ਅਘਾੜੀ ਵਿਚ ਫੁੱਟ : ਮਹਾਰਾਸ਼ਟਰ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਕਿਉਂਕਿ ਐੱਨ. ਸੀ. ਪੀ. (ਐੱਸ.) ਦੇ ਮੁਖੀ ਸ਼ਰਦ ਪਵਾਰ ਨੇ ਦਿੱਲੀ ਵਿਚ ਇਕ ਸਮਾਗਮ ਵਿਚ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਸਨਮਾਨਿਤ ਕੀਤਾ। ਇਸ ਕਦਮ ਨੇ ਸ਼ਿਵ ਸੈਨਾ (ਯੂ. ਬੀ. ਟੀ.) ਨੂੰ ਨਾਰਾਜ਼ ਕਰ ਦਿੱਤਾ ਹੈ ਅਤੇ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਰਾਊਤ ਨੇ ਏਕਨਾਥ ਸ਼ਿੰਦੇ ਦਾ ਸਨਮਾਨ ਕਰਨ ਲਈ ਪਵਾਰ ਦੀ ਸਖ਼ਤ ਆਲੋਚਨਾ ਕੀਤੀ, ਜਿਸ ਨਾਲ ਮਹਾਰਾਸ਼ਟਰ ਦੀ ਵਿਰੋਧੀ ਧਿਰ ਮਹਾ ਵਿਕਾਸ ਅਘਾੜੀ ਵਿਚ ਫੁੱਟ ਹੋਰ ਵਧ ਗਈ।
ਹਾਲਾਂਕਿ, ਸ਼ਿੰਦੇ, ਜਿਨ੍ਹਾਂ ਨੇ ਪਿਛਲੀ ਸ਼ਿਵ ਸੈਨਾ ਨੂੰ ਵੰਡ ਦਿੱਤਾ ਸੀ ਅਤੇ 2022 ਵਿਚ ਊਧਵ ਸਰਕਾਰ ਨੂੰ ਡੇਗਣ ਲਈ ਭਾਜਪਾ ਨਾਲ ਗੱਠਜੋੜ ਕੀਤਾ ਸੀ, ਨੂੰ ਮੰਗਲਵਾਰ ਨੂੰ ਦਿੱਲੀ ਵਿਚ ਮਹਾਦਜੀ ਸ਼ਿੰਦੇ ਰਾਸ਼ਟਰੀ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪਵਾਰ ਨੇ ਨਾ ਸਿਰਫ਼ ਪੁਰਸਕਾਰ ਪ੍ਰਦਾਨ ਕੀਤਾ ਸਗੋਂ ਪ੍ਰੋਗਰਾਮ ਵਿਚ ਸ਼ਿੰਦੇ ਦੀ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਨੇ ਸਾਂਝਾ ਕੀਤਾ ਕਿ ਉਨ੍ਹਾਂ ਨੇ ਠਾਣੇ, ਨਵੀਂ ਮੁੰਬਈ ਅਤੇ ਮੁੰਬਈ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਪਵਾਰ ਅਤੇ ਸ਼ਿੰਦੇ ਵਿਚਕਾਰ ਦਿਖਾਵੇ ਵਾਲੀ ਦੋਸਤੀ ਨੇ ਊਧਵ ਠਾਕਰੇ ਨੂੰ ਗੁੱਸਾ ਦਿਵਾਇਆ ਅਤੇ ਰਾਊਤ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ। ਰਾਊਤ ਨੇ ਕਿਹਾ, ‘‘ਉਨ੍ਹਾਂ (ਸ਼ਿੰਦੇ ਅਤੇ ਸ਼ਾਹ) ਨੇ ਬਾਲਾ ਸਾਹਿਬ ਠਾਕਰੇ ਵਲੋਂ ਸਥਾਪਿਤ ਪਾਰਟੀ ਨੂੰ ਤਬਾਹ ਕਰਨ ਲਈ ਹੱਥ ਮਿਲਾਇਆ ਸੀ ਅਤੇ ਅਜਿਹੇ ਵਿਅਕਤੀ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਮਹਾਰਾਸ਼ਟਰ ਅਤੇ ਮਰਾਠੀ ਮਾਨੁਸ਼ ਦਾ ਘੋਰ ਅਪਮਾਨ ਕੀਤਾ ਗਿਆ ਹੈ।’’ ਇਸ ਗੁੱਸੇ ਨੇ ਸੰਕੇਤ ਦਿੱਤਾ ਕਿ ਐੱਮ. ਵੀ. ਏ. ਗੱਠਜੋੜ ਵੀ ਮੁਸ਼ਕਲ ਵਿਚ ਹੈ।
ਕਾਂਗਰਸ ਪਾਰਟੀ ਨਾਲ ਗੱਠਜੋੜ ਕਰਨ ਲਈ ਤਿਆਰ ਹੈ ਟੀ. ਐੱਮ. ਸੀ. : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕਾਂਗਰਸ ਪਾਰਟੀ ਨਾਲ ਗੱਠਜੋੜ ਦੀ ਸੰਭਾਵਨਾ ਉਠਾਉਣ ਤੋਂ ਬਾਅਦ, ਟੀ. ਐੱਮ. ਸੀ. ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਉਹ ਅਗਲੇ ਸਾਲ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨਾਲ ਗੱਠਜੋੜ ਦੇ ਵਿਚਾਰ ਲਈ ਤਿਆਰ ਹਨ। ਅਭਿਸ਼ੇਕ ਨੇ ਕਿਹਾ, “ਅਸੀਂ ਪਹਿਲਾਂ ਹੀ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਅਸੀਂ 'ਇੰਡੀਆ’ ਗੱਠਜੋੜ ਦਾ ਹਿੱਸਾ ਬਣੇ ਰਹਾਂਗੇ ਪਰ ਜੇਕਰ ਕਾਂਗਰਸ ਸੀਟਾਂ ਦੀ ਬਿਹਤਰ ਵੰਡ ਦੇ ਪ੍ਰਬੰਧ ’ਤੇ ਵਿਚਾਰ ਕਰਨ ਲਈ ਤਿਆਰ ਨਹੀਂ ਹੈ ਤਾਂ ਅਸੀਂ ਅੱਗੇ ਵਧਾਂਗੇ ਅਤੇ ਆਪਣੀਆਂ ਸ਼ਰਤਾਂ ’ਤੇ ਚੋਣਾਂ ਲੜਾਂਗੇ। ਅਸੀਂ ਇਕੱਲੇ ਚੋਣ ਲੜੀ ਅਤੇ ਅਸੀਂ ਇੱਥੇ ਹਾਰੇ ਨਹੀਂ।’’
ਕਾਂਗਰਸ ਵਿਚ ਵੱਡਾ ਸੰਗਠਨਾਤਮਕ ਫੇਰਬਦਲ ਸ਼ੁਰੂ : ਕਾਂਗਰਸ ਵਿਚ ਵੱਡੇ ਸੰਗਠਨਾਤਮਕ ਬਦਲਾਅ ਸ਼ੁਰੂ ਹੋ ਗਏ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ ਨੂੰ ਹਰਸ਼ਵਰਧਨ ਸਪਕਾਲ ਨੂੰ ਪਾਰਟੀ ਦੀ ਮਹਾਰਾਸ਼ਟਰ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ। ਸਪਕਾਲ ਨੇ ਨਾਨਾ ਪਟੋਲੇ ਦੀ ਜਗ੍ਹਾ ਲਈ ਹੈ, ਜਿਨ੍ਹਾਂ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਖੜਗੇ ਨੇ ਮਹਾਰਾਸ਼ਟਰ ਵਿਚ ਕਾਂਗਰਸ ਵਿਧਾਇਕ ਦਲ ਦੇ ਨਵੇਂ ਨੇਤਾ ਵਜੋਂ ਵਿਜੇ ਨਾਮਦੇਵਰਾਓ ਵਡੇਟੀਵਾਰ ਦੀ ਨਿਯੁਕਤੀ ਨੂੰ ਵੀ ਪ੍ਰਵਾਨਗੀ ਦਿੱਤੀ ਜੋ ਕਿ ਸੂਬੇ ਵਿਚ ਪਾਰਟੀ ਦੇ ਲੀਡਰਸ਼ਿਪ ਢਾਂਚੇ ਵਿਚ ਸਪੱਸ਼ਟ ਤਬਦੀਲੀ ਦਾ ਸੰਕੇਤ ਹੈ। ਨਾਲ ਹੀ ਓਡਿਸ਼ਾ ਨੂੰ ਭਗਤ ਚਰਨ ਦਾਸ ਦੇ ਰੂਪ ਵਿਚ ਇਕ ਨਵਾਂ ਪ੍ਰਧਾਨ ਮਿਲਿਆ ਹੈ।
ਰਾਹਿਲ ਨੋਰਾ ਚੋਪੜਾ