ਮਾਇਆਵਤੀ ਦੇ ਵੋਟ ਬੈਂਕ ’ਚ ਸੰਨ੍ਹ ਲਾ ਰਹੀ ਕਾਂਗਰਸ

Saturday, Feb 22, 2025 - 03:30 PM (IST)

ਮਾਇਆਵਤੀ ਦੇ ਵੋਟ ਬੈਂਕ ’ਚ ਸੰਨ੍ਹ ਲਾ ਰਹੀ ਕਾਂਗਰਸ

ਕਾਂਗਰਸ ਆਪਣੇ ਰਵਾਇਤੀ ਵੋਟਰਾਂ ਨੂੰ ਵਾਪਸ ਲਿਆਉਣ ’ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਅਤੇ ਜੈ ਭੀਮ ਵਰਗੇ ਪ੍ਰੋਗਰਾਮਾਂ ਰਾਹੀਂ ਦਲਿਤ ਭਾਈਚਾਰੇ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਬਸਪਾ ਸੁਪਰੀਮੋ ਮਾਇਆਵਤੀ ਦੇ ਵੋਟ ਬੈਂਕ ਵਿਚ ਖੋਰਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦਾ ਹਰ ਦਲਿਤ ਅੰਬੇਡਕਰ ਹੈ, ਹਾਲਾਂਕਿ ਉਨ੍ਹਾਂ ਨੇ ਆਪਣੇ ਦੋਸ਼ ਨੂੰ ਦੁਹਰਾਇਆ ਕਿ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰਾਹੁਲ ਨੇ ਮਾਇਆਵਤੀ ਦੇ ਮੌਜੂਦਾ ਰਾਜਨੀਤਿਕ ਰੁਖ਼ ’ਤੇ ਵੀ ਸਵਾਲ ਉਠਾਇਆ ਅਤੇ ਕਿਹਾ, ‘‘ਮੈਂ ਚਾਹੁੰਦਾ ਸੀ ਕਿ ਭੈਣ ਜੀ ਸਾਡੇ ਨਾਲ ਮਿਲ ਕੇ ਭਾਜਪਾ ਵਿਰੁੱਧ ਲੜਨ ਪਰ ਕਿਸੇ ਕਾਰਨ ਕਰ ਕੇ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਹ ਬੇਹੱਦ ਨਿਰਾਸ਼ਾਜਨਕ ਹੈ। ਜੇ ਤਿੰਨੋਂ ਪਾਰਟੀਆਂ ਇਕ ਹੋ ਜਾਂਦੀਆਂ ਤਾਂ ਭਾਜਪਾ ਕਦੇ ਨਾ ਜਿੱਤ ਸਕਦੀ।’’ ਰਾਹੁਲ ਨੇ ਇਹ ਟਿੱਪਣੀ ਲੋਕ ਸਭਾ ਹਲਕੇ ਰਾਏਬਰੇਲੀ ਦੇ ਦੌਰੇ ਦੌਰਾਨ ਦਲਿਤ ਵਿਦਿਆਰਥੀਆਂ ਦੇ ਸਮੂਹ ਨਾਲ ਗੱਲਬਾਤ ਦੌਰਾਨ ਕੀਤੀ।

ਹਾਲਾਂਕਿ, ਮਾਇਆਵਤੀ ਨੇ ਤੁਰੰਤ ਜਵਾਬ ਦਿੰਦਿਆਂ ਕਾਂਗਰਸ ’ਤੇ ‘‘ਦੋਹਰੇ ਮਾਪਦੰਡਾਂ ਅਤੇ ਜਾਤੀਵਾਦੀ ਮਾਨਸਿਕਤਾ’’ ਦਾ ਦੋਸ਼ ਲਾਇਆ। ਉੱਤਰ ਪ੍ਰਦੇਸ਼ ਦਲਿਤ ਭਾਈਚਾਰੇ ਦੇ ਵੋਟਰਾਂ ਦੀ ਗਿਣਤੀ 21ਫੀਸਦੀ ਹੈ ਅਤੇ ਇਸਦਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਡਾ ਪ੍ਰਭਾਵ ਪੈਣ ਵਾਲਾ ਹੈ। ਕਾਂਗਰਸ ਦਲਿਤਾਂ ਨੂੰ ਵਾਪਸ ਆਪਣੇ ਵੱਲ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਾਂਗਰਸ ਮੁਤਾਬਕ ਬਸਪਾ ਵਲੋਂ ਹਾਈਜੈਕ ਕੀਤੇ ਜਾਣ ਤੋਂ ਪਹਿਲਾਂ ਇਸ ਦੇ ਰਵਾਇਤੀ ਵੋਟਰ ਸਨ।

ਆਪਣੀਆਂ ਅੰਦਰੂਨੀ ਸੰਗਠਨਾਤਮਕ ਚੋਣਾਂ ਨੂੰ ਲੈ ਕੇ ਤੇਜ਼ੀ ਨਾਲ ਅੱਗੇ ਵਧ ਰਹੀ ਭਾਜਪਾ

ਭਾਰਤੀ ਜਨਤਾ ਪਾਰਟੀ (ਭਾਜਪਾ) ਆਪਣੀਆਂ ਅੰਦਰੂਨੀ ਸੰਗਠਨਾਤਮਕ ਚੋਣਾਂ ਨੂੰ ਲੈ ਕੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਜਦੋਂ ਕਿ ਭਾਜਪਾ ਆਗੂਆਂ ਨੂੰ ਉਮੀਦ ਹੈ ਕਿ ਫਰਵਰੀ ਦੇ ਅੰਤ ਤੱਕ ਅੱਧੇ ਰਾਜਾਂ ਵਿਚ ਸੂਬਾ ਪ੍ਰਧਾਨਾਂ ਦੀਆਂ ਚੋਣਾਂ ਪੂਰੀਆਂ ਹੋ ਜਾਣਗੀਆਂ, ਜਿਸ ਨਾਲ ਮਾਰਚ ਵਿਚ ਰਾਸ਼ਟਰੀ ਪ੍ਰਧਾਨ ਦੀ ਚੋਣ ਦਾ ਰਾਹ ਪੱਧਰਾ ਹੋ ਜਾਵੇਗਾ। ਜਦੋਂ ਕਿ ਜੇ. ਪੀ. ਨੱਡਾ ਜਨਵਰੀ 2020 ਤੋਂ ਪਾਰਟੀ ਦੀ ਅਗਵਾਈ ਕਰ ਰਹੇ ਹਨ ਅਤੇ ਉਨ੍ਹਾਂ ਦੇ ਬਦਲ ਦੀ ਚੋਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਉਨ੍ਹਾਂ ਦਾ 3 ਸਾਲ ਦਾ ਕਾਰਜਕਾਲ ਵਧਾ ਦਿੱਤਾ ਗਿਆ ਸੀ।

ਪਾਰਟੀ ਸੰਵਿਧਾਨ ਅਨੁਸਾਰ, ਸਰਬਸੰਮਤੀ ਨਾਲ ਚੁਣੇ ਜਾਣ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦਾ ਕਾਰਜਕਾਲ 3 ਸਾਲ ਹੈ। ਦੂਜੇ ਪਾਸੇ, ਭਾਜਪਾ ਦਾ ‘ਥਿੰਕ ਟੈਂਕ’ ਓ. ਬੀ. ਸੀ. ਜਾਂ ਐੱਸ. ਸੀ. ਰਾਸ਼ਟਰੀ ਪ੍ਰਧਾਨ ਲਈ ਚਾਹਵਾਨ ਹੈ ਕਿਉਂਕਿ ਉਸ ਨੂੰ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਆਪਣੀ ਤਾਕਤ ਵਧਾਉਣ ਦੀ ਉਮੀਦ ਹੈ। ਨਵੇਂ ਰਾਸ਼ਟਰੀ ਪ੍ਰਧਾਨ ਦੀ ਚੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਦੀ ਪ੍ਰਵਾਨਗੀ ਨਾਲ ਕੀਤੀ ਜਾਵੇਗੀ।

ਪਟਨਾ ਵਿਚ ਰਾਜਦ ਨੇ ਲਾਏ ਪੋਸਟਰ

ਪਟਨਾ ਵਿਚ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ ਕਿਉਂਕਿ ਰਾਜਦ ਨੇ ਐੱਨ. ਡੀ. ਏ. ਦੀ ਮੰਗ ਕਰਦੇ ਪੋਸਟਰ ਲਾਏ ਹਨ। ਸਰਕਾਰ ਨੂੰ ਵੈਂਟੀਲੇਟਰ ’ਤੇ ਪਏ ਮਰੀਜ਼ ਵਜੋਂ ਦਿਖਾਇਆ ਗਿਆ ਹੈ ਜਦੋਂ ਕਿ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਪ੍ਰਸਾਦ ਯਾਦਵ ਨੂੰ ਬੀਮਾਰੀ ਦਾ ਇਲਾਜ ਕਰਨ ਵਾਲੇ ਡਾਕਟਰ ਵਜੋਂ ਦਿਖਾਇਆ ਗਿਆ ਹੈ।

ਪੋਸਟਰਾਂ ਵਿਚ ਤੇਜਸਵੀ ਵੱਲੋਂ ਪਾਰਟੀ ਵਰਕਰਾਂ ਨਾਲ ਹਾਲ ਹੀ ਵਿਚ ਕੀਤੀਆਂ ਗਈਆਂ ਮੀਟਿੰਗਾਂ ਦੌਰਾਨ ਰਾਜ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਵੀ ਉਜਾਗਰ ਕੀਤਾ ਗਿਆ ਹੈ। ਹੋਰ ਚੋਣ ਵਾਅਦਿਆਂ ਤੋਂ ਇਲਾਵਾ, ਉਨ੍ਹਾਂ ਨੇ 200 ਯੂਨਿਟ ਮੁਫ਼ਤ ਬਿਜਲੀ ਦੇਣ, ਬੁਢਾਪਾ ਪੈਨਸ਼ਨ ਯੋਜਨਾ 400 ਰੁਪਏ ਤੋਂ ਵਧਾ ਕੇ 500 ਰੁਪਏ ਕਰਨ ਅਤੇ ਮਾਈ-ਬਹਿਨ ਸਨਮਾਨ ਯੋਜਨਾ ਤਹਿਤ ਔਰਤਾਂ ਨੂੰ ਨਕਦ ਲਾਭ ਦੇਣ ਬਾਰੇ ਚਰਚਾ ਕੀਤੀ।

ਭਵਿੱਖ ਵਿਚ ਚੋਣ ਨਤੀਜਿਆਂ ਲਈ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਏਗੀ ਕਾਂਗਰਸ

ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ’ਚ ਅਹਿਮ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪਾਰਟੀ ਦੇ ਚੋਟੀ ਦੇ ਨੇਤਾਵਾਂ ਨੂੰ ਕਿਹਾ ਕਿ ਉਹ ਭਵਿੱਖ ਦੇ ਚੋਣ ਨਤੀਜਿਆਂ ਲਈ ਜ਼ਿੰਮੇਵਾਰ ਹੋਣਗੇ ਅਤੇ ਉਨ੍ਹਾਂ ਨੂੰ ਦਲ ਬਦਲੂਆਂ ਵਿਰੁੱਧ ਚਿਤਾਵਨੀ ਦਿੱਤੀ। ਇੰਦਰਾ ਭਵਨ ’ਚ ਪਾਰਟੀ ਹੈੱਡਕੁਆਰਟਰ ਵਿਖੇ ਹੋਈ ਮੀਟਿੰਗ ਵਿਚ ਨਵੇਂ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪਾਰਟੀ ਆਗੂਆਂ ਨੂੰ ਜ਼ਮੀਨੀ ਪੱਧਰ ’ਤੇ ਕੰਮ ਕਰਨ ਅਤੇ ਬੂਥ ਪੱਧਰ ਤੋਂ ਪਾਰਟੀ ਨੂੰ ਮਜ਼ਬੂਤ ​​ਕਰਨ ਅਤੇ ਸੰਗਠਨ ਪ੍ਰਤੀ ਵਿਚਾਰਧਾਰਕ ਤੌਰ ’ਤੇ ਵਚਨਬੱਧ ਲੋਕਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਖੜਗੇ ਨੇ ਸੰਗਠਨ ਵਿਚ ਕੁਝ ਹੋਰ ਤਬਦੀਲੀਆਂ ਦੇ ਸੰਕੇਤ ਵੀ ਦਿੱਤੇ।

ਹੁਣ ਸਦਨ ​​ਦੀ ਕਾਰਵਾਈ ਦੀ ਪ੍ਰਧਾਨਗੀ ਕਰਨਗੇ ਵਿਜੇਂਦਰ ਗੁਪਤਾ

ਦਿੱਲੀ ਵਿਚ 27 ਸਾਲਾਂ ਬਾਅਦ ਭਾਜਪਾ ਸੱਤਾ ਵਿਚ ਵਾਪਸ ਆਈ ਹੈ ਅਤੇ ਸੀਨੀਅਰ ਭਾਜਪਾ ਨੇਤਾ ਵਿਜੇਂਦਰ ਗੁਪਤਾ ਨੂੰ ਦਿੱਲੀ ਵਿਧਾਨ ਸਭਾ ਦਾ ਅਗਲਾ ਸਪੀਕਰ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਾਬਕਾ ਸਪੀਕਰ ਰਾਮ ਨਿਵਾਸ ਗੋਇਲ ਅਤੇ ਸਾਬਕਾ ਸੀ.ਐੱਮ. ਅਰਵਿੰਦ ਕੇਜਰੀਵਾਲ ਦੋਵੇਂ ਹੁਣ ਵਿਧਾਨ ਸਭਾ ਦਾ ਹਿੱਸਾ ਨਹੀਂ ਹਨ। ਵਿਜੇਂਦਰ ਗੁਪਤਾ, ਜਿਨ੍ਹਾਂ ਨੇ 2015 ਅਤੇ 2020 ਵਿਚ ਕੇਜਰੀਵਾਲ ਲਹਿਰ ਦੌਰਾਨ ਿਜੱਤ ਹਾਸਲ ਕੀਤੀ, ਜਦੋਂ ‘ਆਪ’ ਨੂੰ ਦਿੱਲੀ ਵਿਚ ਭਾਰੀ ਬਹੁਮਤ ਮਿਲਿਆ ਸੀ, ਹੁਣ ਸਦਨ ਦੀ ਕਾਰਵਾਈ ਚਲਾਉਣਗੇ।

ਬਾਣੀਆ ਭਾਈਚਾਰੇ ਨਾਲ ਸਬੰਧਤ ਗੁਪਤਾ ਨੇ ਰੋਹਿਣੀ ਵਿਧਾਨ ਸਭਾ ਸੀਟ ਤੋਂ ਲਗਾਤਾਰ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ‘ਆਪ’ ਦੇ ਪ੍ਰਦੀਪ ਮਿੱਤਲ ਨੂੰ 37,000 ਤੋਂ ਵੱਧ ਵੋਟਾਂ ਨਾਲ ਹਰਾਇਆ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਹੇ ਗੁਪਤਾ ਦਿੱਲੀ ਭਾਜਪਾ ਇਕਾਈ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਹੁਣ ਗੁਪਤਾ ਵਿਧਾਨ ਸਭਾ ਸਪੀਕਰ ਵਜੋਂ ਆਪਣੇ ਰਾਜਨੀਤਿਕ ਕਰੀਅਰ ਦਾ ਇਕ ਹੋਰ ਸਫ਼ਰ ਸ਼ੁਰੂ ਕਰਨ ਲਈ ਤਿਆਰ ਹਨ।

–ਰਾਹਿਲ ਨੋਰਾ ਚੋਪੜਾ


author

Tanu

Content Editor

Related News