ਹਿੰਦੀ ਪੱਤਰਕਾਰਿਤਾ ਦਿਵਸ ’ਤੇ ਵਧਾਈ

05/31/2021 3:40:38 AM

ਡਾ. ਵੇਦਪ੍ਰਤਾਪ ਵੈਦਿਕ 

30 ਮਈ ਨੂੰ ਭਾਰਤ ’ਚ ਹਿੰਦੀ ਪੱਤਰਕਾਰਿਤਾ ਦਿਵਸ ਮਨਾਇਆ ਜਾਂਦਾ ਹੈ। ਇਸੇ ਦਿਨ ਕਲਕੱਤਾ ਤੋਂ 1826 ’ਚ ਭਾਵ 195 ਸਾਲ ਪਹਿਲਾਂ ਹਿੰਦੀ ਦੀ ਪਹਿਲੀ ਅਖਬਾਰ ‘ਉਦੰਤ ਮਾਰਤੰਡ’ ਪ੍ਰਕਾਸ਼ਿਤ ਹੋਈ ਸੀ। ਇਸ ਦੇ ਪ੍ਰਕਾਸ਼ਕ ਅਤੇ ਸੰਪਾਦਕ ਸ਼੍ਰੀ ਯੁਗਲਕਿਸ਼ੋਰ ਸ਼ੁਕਲ ਸਨ। ਉਹ ਹਫਤਾਵਾਰੀ ਅਖਬਾਰ ਸੀ। ਉਸ ਦੀਆਂ 500 ਕਾਪੀਆਂ ਛਪਦੀਆਂ ਸਨ ਪਰ ਅੱਜ ਹਿੰਦੀ ਦੀਆਂ ਅਖਬਾਰਾਂ ਦੀਆਂ ਲੱਖਾਂ ਕਾਪੀਆਂ ਛਪਦੀਆਂ ਹਨ। ਇਹ ਪਹਿਲੀ ਹਿੰਦੀ ਅਖਬਾਰ ਗੈਰ-ਹਿੰਦੀ ਭਾਸ਼ੀ ਬੰਗਾਲ ਸੂਬੇ ’ਚੋਂ ਨਿਕਲੀ ਸੀ।

ਦੇਸ਼ ’ਚ ਅੰਗਰੇਜ਼ੀ ਦਾ ਰੁਤਬਾ ਜ਼ਰੂਰ ਬੜਾ ਭਾਰੀ ਹੈ। ਉਸ ਦਾ ਮੂਲ ਕਾਰਨ ਸਾਡੇ ਬੁੱਧੀਜੀਵੀਆਂ, ਨੌਕਰਸ਼ਾਹਾਂ ਅਤੇ ਨੇਤਾਵਾਂ ਦੀ ਦਿਮਾਗੀ ਗੁਲਾਮੀ ਹੈ ਪਰ ਅੰਗਰੇਜ਼ੀ ਅਖਬਾਰਾਂ ਦੀ ਪਾਠਕ ਗਿਣਤੀ ਦੇਸ਼ ’ਚ ਸਿਰਫ 5 ਕਰੋੜ ਦੇ ਲਗਭਗ ਹੈ ਜਦਕਿ ਹਿੰਦੀ ਪਾਠਕਾਂ ਦੀ ਗਿਣਤੀ 20 ਕਰੋੜ ਤੋਂ ਵੀ ਵੱਧ ਹੈ।

ਇਹ ਤਾਂ ਸਰਕਾਰੀ ਅੰਕੜਾ ਹੈ ਪਰ ਤੁਸੀਂ ਜੇਕਰ ਕਸਬਿਆਂ ਅਤੇ ਪਿੰਡਾਂ ’ਚ ਚਲੇ ਜਾਵੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਕ-ਇਕ ਹਿੰਦੀ ਅਖਬਾਰ ਨੂੰ ਮੰਗ-ਮੰਗ ਕੇ ਦਰਜਨਾਂ ਲੋਕ ਪੜ੍ਹਦੇ ਹਨ ਜਦਕਿ ਅੰਗਰੇਜ਼ੀ ਅਖਬਾਰਾਂ ਨੂੰ ਘਰ ਦੀਆਂ ਔਰਤਾਂ ਅਤੇ ਬੱਚੇ ਵੀ ਨਹੀਂ ਪੜ੍ਹਦੇ।

ਹਿੰਦੀ ਅਖਬਾਰਾਂ ਤੇ ਹਿੰਦੀ ਪੱਤਰਕਾਰਾਂ ਨੇ ਗੁਲਾਮ ਭਾਰਤ ’ਚ ਜੋ ਕੁਰਬਾਨੀਆਂ ਕੀਤੀਆਂ ਸਨ, ਉਨ੍ਹਾਂ ਦਾ ਪ੍ਰਮਾਣਿਕ ਬਿਓਰਾ ਮੇਰੇ ਗ੍ਰੰਥ ‘ਹਿੰਦੀ ਪੱਤਰਕਾਰਿਤਾ : ਵਿਵਿਧ ਆਯਾਮ’ ’ਚ ਵਿਸਥਾਰ ਨਾਲ ਦਿੱਤਾ ਗਿਆ ਹੈ। ਖੁਦ ਮਹਾਤਮਾ ਗਾਂਧੀ ਮੰਨਦੇ ਸਨ ਕਿ ਗੁਲਾਮੀ ਅੰਦੋਲਨ ’ਚ ਹਿੰਦੀ ਪੱਤਰਕਾਰਿਤਾ ਦਾ ਬੜਾ ਸ਼ਾਨਦਾਰ ਯੋਗਦਾਨ ਸੀ। ਇਹ ਠੀਕ ਹੈ ਕਿ ਐਮਰਜੈਂਸੀ ਦੌਰਾਨ ਅਖਬਾਰਾਂ ਦਾ ਗਲਾ ਘੁੱਟ ਦਿੱਤਾ ਗਿਆ ਸੀ। ਇਸ ਲਈ ਜਦੋਂ ਜੂਨ 1976 ’ਚ ਰਾਸ਼ਟਰਪਤੀ ਭਵਨ ’ਚ ਮੇਰੇ ‘ਗ੍ਰੰਥ’ ਦੀ ਘੁੰਡ ਚੁਕਾਈ ਹੋਈ ਤਾਂ ਮੈਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਇਲਾਵਾ ਦੇਸ਼ ਅਤੇ ਕਾਂਗਰਸ ਦੇ ਲਗਭਗ ਸਾਰੇ ਚੋਟੀ ਦੇ ਨੇਤਾਵਾਂ ਨੂੰ ਸੱਦਿਆ ਸੀ।

ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਦਰਜਨਾਂ ਕੇਂਦਰੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਹਾਜ਼ਰੀ ’ਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਜ਼ੋਰ ਦਿੱਤਾ ਗਿਆ ਸੀ। ਅੱਜ ਵੀ ਦੇਸ਼ ’ਚ ਘੁਟਣ ਦਾ ਮਾਹੌਲ ਹੈ ਪਰ ਅਜਿਹੀਆਂ ਕਈ ਅਖਬਾਰਾਂ ਅਤੇ ਪੱਤਰਕਾਰ ਹਨ ਜੋ ਸਾਰੇ ਦਬਾਵਾਂ ਦੇ ਬਾਵਜੂਦ ਈਮਾਨ ਦੀ ਗੱਲ ਕਹਿਣ ਤੋਂ ਝਿਜਕਦੇ ਨਹੀਂ। ਕੋਈ ਸਰਕਾਰ ਉਨ੍ਹਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੀ। ਜੋ ਡਰੇ ਹੋਏ ਹਨ, ਉਹ ਡਰਦੇ ਹਨ, ਆਪਣੇ ਸਵਾਰਥਾਂ ਦੇ ਕਾਰਨ! ਹਿੰਦੀ ਦੀਆਂ ਕੁਝ ਵੱਡੀਆਂ ਅਖਬਾਰਾਂ ਸੱਚਮੁੱਚ ਸਵੈ-ਮਾਣ ਹਨ, ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿੰਦੀਆਂ ਹਨ।

ਕੁਝ ਹਿੰਦੀ ਦੀਆਂ ਵੱਡੀਆਂ ਅਖਬਾਰਾਂ ਤਾਂ ਅਜਿਹੀਆਂ ਹਨ, ਜਿਨ੍ਹਾਂ ਦੀ ਸਪੱਸ਼ਟਤਾ ਦਾ ਮੁਕਾਬਲਾ ਅੰਗਰੇਜ਼ੀ ਅਖਬਾਰਾਂ ਕਰ ਹੀ ਨਹੀਂ ਸਕਦੀਆਂ ਅਤੇ ਦੇਸ਼-ਵਿਦੇਸ਼ ਦੀਆਂ ਕੁਝ ਖਬਰਾਂ ’ਚ ਵੀ ਅੰਗਰੇਜ਼ੀ ਅਖਬਾਰਾਂ ਨਾਲੋਂ ਉਹ ਅੱਗੇ ਨਿਕਲ ਜਾਂਦੀਆਂ ਹਨ। ਹਿੰਦੀ ਦੇ ਕੁਝ ਟੀ. ਵੀ. ਚੈਨਲਾਂ ਦੀ ਨਿਡਰਤਾ ਤਾਂ ਇਤਿਹਾਸਕ ਹੈ। ਪੱਤਰਕਾਰਿਤਾ ਦਿਵਸ ’ਤੇ ਹਿੰਦੀ ਦਾ ਮਾਣ ਵਧਾਉਣ ਵਾਲੀਆਂ ਅਖਬਾਰਾਂ, ਪੱਤਰਕਾਰਾਂ, ਚੈਨਲਾਂ ਅਤੇ ਹਿੰਦੀ ਦੇ ਕਰੋੜਾਂ ਪਾਠਕਾਂ ਨੂੰ ਮੇਰੀ ਹਾਰਦਿਕ ਵਧਾਈ!!


Bharat Thapa

Content Editor

Related News