ਕਮਿਊਨਿਸਟ ਪਾਰਟੀ ''ਚ ਜਿੱਥੇ ਖੂਬੀਆਂ ਹਨ, ਉੱਥੇ ਖਾਮੀਆਂ ਵੀ
Monday, Dec 30, 2024 - 01:39 PM (IST)
ਸਾਲ 2008 ਤੋਂ ਅਮਰੀਕਾ ’ਚ ਸ਼ੁਰੂ ਹੋਏ ਆਰਥਿਕ ਸੰਕਟ, ਜੋ ਦਿਨ ਪ੍ਰਤੀ ਦਿਨ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ, ਨੇ ਇਹ ਬਾਖੂਬੀ ਸਿੱਧ ਕਰ ਦਿੱਤਾ ਹੈ ਕਿ ਪੂੰਜੀਵਾਦੀ ਪ੍ਰਬੰਧ ਮਨੁੱਖਤਾ ਦਾ ਕਲਿਆਣ ਕਰਨ ਪੱਖੋਂ ਪੂਰੀ ਤਰ੍ਹਾਂ ਅਸਮਰੱਥ ਹੈ। ਮੌਜੂਦਾ ਸੰਕਟ ਸ਼ੁਰੂ ਹੋਣ ਸਮੇਂ ਇਸਾਈ ਮਤ ਦੇ ਸਰਵਉੱਚ ਧਾਰਮਿਕ ਨੇਤਾ ‘ਪੋਪ’ ਨੇ ਕਿਹਾ ਸੀ, “ਜਰਮਨ ’ਚ ਜਨਮੇ ਇਕ ਮਹਾਨ ਵਿਅਕਤੀ ਕਾਰਲ ਮਾਰਕਸ ਨੇ ਸਾਨੂੰ ਪੂੰਜੀਵਾਦੀ ਪ੍ਰਬੰਧ ’ਚ ਹੋਣ ਵਾਲੇ ਆਰਥਿਕ ਧਮਾਕਿਆਂ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ, ਪ੍ਰੰਤੂ ਅਸੀਂ ਉਸ ਦੀਆਂ ਭਵਿੱਖਬਾਣੀਆਂ ਵੱਲ ਬਣਦਾ ਧਿਆਨ ਨਹੀਂ ਦਿੱਤਾ।’’ ਕਾਰਲ ਮਾਰਕਸ ਦੀ ਭਵਿੱਖਬਾਣੀ ਦਾ ਸਾਰ ਤੱਤ ਇਹੋ ਹੈ ਕਿ ਪੂੰਜੀਵਾਦੀ ਪ੍ਰਬੰਧ ਸਮਾਜ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ ਪੱਖੋਂ ਫੇਲ ਹੈ, ਜਦ ਕਿ ਸਮਾਜਵਾਦ, ਭਾਵ ਸਾਂਝੀਵਾਲਤਾ ਵਾਲੇ ਸਮਾਜ ਅੰਦਰ ਇਹ ਕਾਰਜ ਸੰਪੂਰਨ ਹੋਣ ਦੀਆਂ ਅਟੱਲ ਸੰਭਾਵਨਾਵਾਂ ਹਨ। ਭਾਰਤ ਅੰਦਰ, 1947 ਤੋਂ ਪਿੱਛੋਂ ਬਣਦੀਆਂ ਰਹੀਆਂ ਵੱਖੋ-ਵੱਖ ਰੰਗਾਂ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧਦੇ ਜਾਣ ਦੇ ਮੱਦੇਨਜ਼ਰ ਸੂਝਵਾਨ ਨਾਗਰਿਕ ਅਕਸਰ ਇਹ ਸਵਾਲ ਕਰਦੇ ਹਨ ਕਿ ਵਿਵਹਾਰਕ ਨਜ਼ਰੀਏ ਤੋਂ ਖੱਬੇਪੱਖੀ ਵਿਚਾਰਧਾਰਾ ਦੇ ਮੁਕੰਮਲ ਲੋਕ-ਪੱਖੀ ਹੋਣ ਦੇ ਬਾਵਜੂਦ ਅਜੋਕੀਆਂ ਸੰਕਟਮਈ ਪ੍ਰਸਥਿਤੀਆਂ ਅੰਦਰ ਕਮਿਊਨਿਸਟ ਪਾਰਟੀਆਂ ਕਮਜ਼ੋਰ ਕਿਉਂ ਹੋ ਰਹੀਆਂ ਹਨ?
ਇਹ ਸਮਾਜ ’ਚ ਸੰਘਰਸ਼ਸ਼ੀਲ ਰਹਿਣ ਦੇ ਬਾਵਜੂਦ ਲੁੱਟੇ-ਲਤਾੜੇ ਲੋਕਾਂ ’ਚ ਆਪਣਾ ਪ੍ਰਭਾਵ ਤੇ ਜਨ-ਆਧਾਰ ਕਿਉਂ ਨਹੀਂ ਵਧਾ ਸਕੀਆਂ? ਸੂਝਵਾਨ ਲੋਕਾਂ ਦੀ ਰਾਇ ਹੈ ਕਿ ਖੱਬੀਆਂ ਧਿਰਾਂ ਦੀ ਸ਼ਕਤੀ ਘੱਟੋ-ਘੱਟ ਏਨੀ ਤਾਂ ਜ਼ਰੂਰ ਹੋਣੀ ਚਾਹੀਦੀ ਹੈ, ਜੋ ਇਨ੍ਹਾਂ ਨੂੰ ਮੌਜੂਦਾ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਸਮਾਜ ਨੂੰ ਵੰਡਣ ਵਾਲੇ ਫਿਰਕੂ ਵਿਚਾਰਾਂ ਦਾ ਟਾਕਰਾ ਕਰਨ ਦੇ ਸਮਰੱਥ ਬਣਾਉਂਦੀ ਹੋਵੇ। ਖੱਬੀਆਂ ਸ਼ਕਤੀਆਂ ਬਾਰੇ ਕੋਈ ਸ਼ੱਕ ਨਹੀਂ ਹੈ। ਸਹੀ ਸੋਚ ਰੱਖਣ ਵਾਲੇ ਲੋਕਾਂ, ਖਾਸ ਕਰਕੇ ਮਜ਼ਦੂਰਾਂ-ਕਿਸਾਨਾਂ, ਮਿਹਨਤਕਸ਼ਾਂ ਦੇ ਦਿਲਾਂ ਅੰਦਰ ਖੱਬੀ ਲਹਿਰ ਨੂੰ ਸ਼ਕਤੀਸ਼ਾਲੀ ਦੇਖਣ ਦੀ ਪ੍ਰਬਲ ਇੱਛਾ ਦਿਨੋਂ-ਦਿਨ ਵਧ ਜ਼ਰੂਰ ਰਹੀ ਹੈ। ਆਪਣੀ ਮਾਨਵੀ ਵਿਚਾਰਧਾਰਾ, ਆਜ਼ਾਦੀ ਸੰਗਰਾਮ ’ਚ ਕੀਤੀਆਂ ਮਾਣਮੱਤੀਆਂ ਕੁਰਬਾਨੀਆਂ ਤੇ ਆਜ਼ਾਦੀ ਪ੍ਰਾਪਤੀ ਤੋਂ ਪਿੱਛੋਂ ਮਜ਼ਦੂਰਾਂ-ਕਿਸਾਨਾਂ, ਬੇਜ਼ਮੀਨੇ ਕਿਰਤੀਆਂ ਸਮੇਤ ਸਮਾਜ ਦੇ ਹਰ ਪੀੜਤ ਹਿੱਸੇ ਦੀਆਂ ਮੁਸ਼ਕਿਲਾਂ ਹੱਲ ਕਰਾਉਣ ਤੇ ਉਨ੍ਹਾਂ ਦਾ ਜੀਵਨ ਚੰਗੇਰਾ ਬਣਾਉਣ ਲਈ ਜਨਤਕ ਸੰਘਰਸ਼ਾਂ ਦੇ ਰੂਪ ’ਚ ਸਭ ਤੋਂ ਵੱਧ ਯੋਗਦਾਨ ਕਮਿਊਨਿਸਟਾਂ ਨੇ ਹੀ ਪਾਇਆ ਹੈ। ਰਾਜਨੀਤੀ ਨੂੰ ਸੱਤਾ ਦਾ ਸੁੱਖ ਭੋਗਣ ਅਤੇ ਭ੍ਰਿਸ਼ਟਾਚਾਰ ਤੇ ਲੁੱਟ ਰਾਹੀਂ ਬੇਸ਼ੁਮਾਰ ਦੌਲਤ ਇਕੱਠੀ ਕਰਨ ਦਾ ਹਥਿਆਰ ਸਮਝਣ ਵਾਲੇ ਸਿਆਸਤਦਾਨਾਂ ਦੇ ਐਨ ਉਲਟ, ਕਮਿਊਨਿਸਟਾਂ ਲਈ ‘ਰਾਜਨੀਤੀ’ ਲੋਕ ਸੇਵਾ ਦਾ ਅਜਿਹਾ ਅਤਿ-ਉੱਤਮ ਹਥਿਆਰ ਹੈ, ਜੋ ਸਮੁੱਚੇ ਸਮਾਜ ਨੂੰ ਸਾਰੀਆਂ ਮੁਸ਼ਕਿਲਾਂ ਤੋਂ ਮੁਕਤੀ ਦੁਆ ਸਕਦਾ ਹੈ। ਕਮਿਊਨਿਸਟਾਂ ਨੇ ਰਾਜਨੀਤਕ ਪੈਂਤੜੇਬਾਜ਼ੀ ’ਚ ਕਈ ਵਾਰ ਭੁੱਲਾਂ ਵੀ ਕੀਤੀਆਂ ਹਨ ਪ੍ਰੰਤੂ ਅਜਿਹੀਆਂ ਜ਼ਿਆਦਾਤਰ ਭੁੱਲਾਂ, ਕਿਸੇ ਨਿੱਜੀ ਸਵਾਰਥ ਤੋਂ ਪ੍ਰੇਰਿਤ ਹੋ ਕੇ ਨਹੀਂ, ਬਲਕਿ ਸਮੇਂ ਦੀਆਂ ਹਾਲਤਾਂ ਦਾ ਠੀਕ ਮੁਲਾਂਕਣ ਨਾ ਕਰ ਸਕਣ ਕਰਕੇ ਜਾਂ ਅੰਤਰਮੁਖਤਾ ਦਾ ਸ਼ਿਕਾਰ ਹੋ ਕੇ ਗਲਤ ਫੈਸਲੇ ਲੈਣ ਕਾਰਨ ਹੋਈਆਂ ਹਨ। ਇਨ੍ਹਾਂ ਸਾਰੀਆਂ ਘਾਟਾਂ-ਕਮਜ਼ੋਰੀਆਂ ਦੇ ਬਾਵਜੂਦ ਭਾਰਤ ਦੀ ਰਾਜਨੀਤੀ ਅੰਦਰ ਅੱਜ ਵੀ ਕਮਿਊਨਿਸਟਾਂ ਦੀ ਇਕ ਵਿਲੱਖਣ ਪਛਾਣ ਜ਼ਰੂਰ ਕਾਇਮ ਹੈ।
ਕਮਿਊਨਿਸਟ ਧਿਰਾਂ ਦੇ ਜਨਤਕ ਪਸਾਰੇ ਦਾ ਮੁਲਾਂਕਣ ਕਰਦਿਆਂ ਇਕ ਗੱਲ ਲਾਜ਼ਮੀ ਧਿਆਨ ’ਚ ਰੱਖਣਯੋਗ ਹੈ ਕਿ ਹਾਕਮ ਜਮਾਤਾਂ ਦੀਆਂ ਪ੍ਰਤੀਨਿਧ ਰਾਜਸੀ ਪਾਰਟੀਆਂ, ਮੌਜੂਦਾ ਆਰਥਿਕ ਪ੍ਰਬੰਧ ਦੇ ਚੌਖਟੇ ਅੰਦਰ ਰਹਿ ਕੇ ਹੀ ਰਾਜਨੀਤੀ ਕਰਦੀਆਂ ਹਨ। ਇਨ੍ਹਾਂ ਦਾ ਆਰਥਿਕ ਨੀਤੀਆਂ ਦੇ ਪੱਖ ਤੋਂ ਆਪਸ ’ਚ ਕੋਈ ਬੁਨਿਆਦੀ ਅੰਤਰ ਨਹੀਂ ਹੈ, ਇਸੇ ਕਰਕੇ ਕੁਝ ਕੁ ਨੁਕਤਿਆਂ ਬਾਰੇ ਮਤਭੇਦਾਂ ਦੇ ਬਾਵਜੂਦ ਇਨ੍ਹਾਂ ਸਭ ਦੀ ਰਾਜ-ਭਾਗ ਚਲਾਉਣ ਦੀ ਵਿਧੀ ਵੀ ਲਗਭਗ ਇਕੋ ਜਿਹੀ ਹੀ ਹੈ। ਇਸ ਦੇ ਉਲਟ ਕਮਿਊਨਿਸਟ, ਭਾਵੇਂ ਮੌਜੂਦਾ ਢਾਂਚੇ ਦੇ ਸੰਵਿਧਾਨਕ ਦਾਅਰਿਆਂ ’ਚ ਰਹਿੰਦਿਆਂ, ਜਿੰਨਾ ਵੀ ਸੰਭਵ ਹੋਵੇ, ਲੋਕ ਭਲਾਈ ਦੀਆਂ ਸੰਭਾਵਨਾਵਾਂ ਤਲਾਸ਼ਦੇ ਰਹਿੰਦੇ ਹਨ, ਪ੍ਰੰਤੂ ਅੰਤਿਮ ਰੂਪ ’ਚ ਉਹ ਮੌਜੂਦਾ ਲੁਟੇਰੇ ਨਿਜ਼ਾਮ ਨੂੰ ਬੁਨਿਆਦੀ ਰੂਪ ’ਚ ਤਬਦੀਲ ਕਰਕੇ ਇਕ ਨਵੀਂ ਰਾਜਸੀ-ਆਰਥਿਕ ਪ੍ਰਣਾਲੀ ਸਿਰਜਣਾ ਚਾਹੁੰਦੇ ਹਨ। ਇਸੇ ਕਰਕੇ ਦੂਜੇ ਰਾਜਸੀ ਦਲਾਂ ਦੇ ਮੁਕਾਬਲੇ ਕਮਿਊਨਿਸਟਾਂ ਲਈ ਆਮ ਲੋਕਾਂ ਨੂੰ ਵਿਚਾਰਧਾਰਕ ਤੌਰ ’ਤੇ ਸਹਿਮਤ ਕਰਕੇ ਜਥੇਬੰਦ ਕਰਨਾ ਕਾਫ਼ੀ ਔਕੜਾਂ ਭਰਿਆ ਕਾਰਜ ਹੈ। ‘ਰਾਜਸੱਤਾ’ ਵੀ, ਖੱਬੇਪੱਖੀਆਂ ਨਾਲ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਦੁਸ਼ਮਣੀ ਭਰਿਆ ਵਿਵਹਾਰ ਜ਼ਿਆਦਾ ਕਰਦੀ ਹੈ। ਕਮਿਊਨਿਸਟ ਲਹਿਰ ਦੇ ਪਸਾਰੇ ਲਈ ਵੱਡਾ ਅੜਿੱਕਾ ਇਸਦਾ ਵੱਖੋ-ਵੱਖ ਧੜਿਆਂ ’ਚ ਵੰਡੇ ਹੋਣਾ ਵੀ ਹੈ। ਬਿਨਾਂ ਸ਼ੱਕ ਇਨ੍ਹਾਂ ਵੰਡਾਂ ਪਿੱਛੇ ਅਨੇਕਾਂ ਅਤਿ-ਵਾਜਿਬ ਰਾਜਨੀਤਕ, ਸਿਧਾਂਤਕ-ਵਿਚਾਰਧਾਰਕ ਤੇ ਜਥੇਬੰਦਕ ਕਾਰਨ ਰਹੇ ਹਨ, ਪ੍ਰੰਤੂ ਖੱਬੀ ਲਹਿਰ ਦੇ ਸਮਰਥਕ ਆਮ ਲੋਕ ਇਨ੍ਹਾਂ ‘ਕਾਰਨਾਂ’ ਤੋਂ ਵੱਡੀ ਹੱਦ ਤੱਕ ਅਣਜਾਣ ਹੀ ਰਹੇ ਹਨ।
ਉਹ ਇਸ ਫੁੱਟ ਦਰ ਫੁੱਟ ਤੋਂ ਦੁਖੀ ਹਨ। ਜਿੱਥੇ ਹਰ ਕਮਿਊਨਿਸਟ ਪਾਰਟੀ ਜਾਂ ਧੜੇ ਦੀਆਂ ਆਪੋ-ਆਪਣੀਆਂ ਪ੍ਰਾਪਤੀਆਂ ਤੇ ਗੁਣ ਹਨ, ਉੱਥੇ ਸਭਨਾਂ ਦੀਆਂ ਕੋਈ ਨਾ ਕੋਈ ਘਾਟਾਂ ਤੇ ਵਿਗਾੜ ਵੀ ਮੌਜੂਦ ਹਨ। ਇਨ੍ਹਾਂ ਮਤਭੇਦਾਂ ਨੂੰ ਸਾਂਝੀਆਂ ਮੀਟਿੰਗਾਂ ਤੇ ਵਿਚਾਰ-ਚਰਚਾ ਰਾਹੀਂ ਇਤਿਹਾਸਕ ਤਜਰਬਿਆਂ ਦੀ ਰੌਸ਼ਨੀ ’ਚ ਤੇ ਅਮਲਾਂ ਦੀ ਕਸੌਟੀ ’ਤੇ ਪਰਖਦਿਆਂ ਹੋਇਆਂ ਦੂਰ ਕਰਨ ਜਾਂ ਘੱਟ ਕਰਨ ਲਈ ਲੋੜੀਂਦੇ ਯਤਨ ਨਹੀਂ ਕੀਤੇ ਜਾ ਰਹੇ। ਮਤਭੇਦਾਂ ਦੇ ਬਾਵਜੂਦ ਪ੍ਰਵਾਨਿਤ ਸਾਂਝੇ ਮੁੱਦਿਆਂ ਦੁਆਲੇ ਸਾਂਝੀਆਂ ਜਨਤਕ ਲਹਿਰਾਂ ਉਸਾਰੀਆਂ ਜਾ ਸਕਦੀਆਂ ਹਨ। ਦੁੱਖ ਦੀ ਗੱਲ ਇਹ ਹੈ ਕਿ ਕਈ ਧੜੇ ਦੁਸ਼ਮਣ ਜਮਾਤਾਂ ਵਿਰੁੱਧ ਸੰਘਰਸ਼ ਵਿੱਢਣ ਨਾਲੋਂ ਲਹਿਰ ਵਿਚਲੇ ਅੰਦਰੂਨੀ ਝਗੜਿਆਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਨਿੱਜੀ ਹਊਮੇ ਜਾਂ ਅੰਤਰਮੁਖਤਾ ਦਾ ਸ਼ਿਕਾਰ ਹੋ ਕੇ ਕੁਝ ਕਮਿਊਨਿਸਟ ਨੇਤਾ ਤੇ ਸੰਗਠਨ ਆਪਣੇ-ਆਪ ਨੂੰ ‘ਸੱਚਾ’ ਜਾਂ ਦੂਜਿਆਂ ਨਾਲੋਂ ਉੱਤਮ ਸਿੱਧ ਕਰਨ ਦਾ ਯਤਨ ਕਰਦੇ ਵੀ ਆਮ ਹੀ ਦੇਖੇ ਜਾ ਸਕਦੇ ਹਨ। ਜਿਸ ਦੇਸ਼ ਅੰਦਰ ਸਮਾਜਿਕ ਤਬਦੀਲੀ ਦਾ ਝੰਡਾ ਬੁਲੰਦ ਕਰਨਾ ਹੈ, ਉੱਥੋਂ ਦੇ ਜਨ-ਸਾਧਾਰਨ ਨੂੰ ਤਿਆਰ ਕਰਨ ਵਾਸਤੇ ਉਸ ਖਿੱਤੇ ਜਾਂ ਸਮਾਜ ਦੇ ਸੂਰਬੀਰਾਂ, ਵਿਚਾਰਵਾਨਾਂ, ਸਮਾਜ ਸੁਧਾਰਕਾਂ ਤੇ ਹੋਰ ਮਹਾਪੁਰਸ਼ਾਂ ਦੀਆਂ ਸਿੱਖਿਆਵਾਂ ਤੇ ਘਾਲਣਾਵਾਂ ਤੋਂ ਪ੍ਰੇਰਣਾ ਜ਼ਰੂਰ ਹਾਸਲ ਕੀਤੀ ਜਾਣੀ ਚਾਹੀਦੀ ਹੈ। ਇਸੇ ਕਰਕੇ ਕਮਿਊਨਿਸਟ ਅਗਾਂਹਵਧੂ ਵਿਗਿਆਨਕ ਵਿਚਾਰਧਾਰਾ ਦੇ ਅਨੁਆਈ ਹੋਣ ਦੇ ਬਾਵਜੂਦ ਆਪਣੇ ਸਮਾਜ ਨਾਲੋਂ ਕਈ ਵਾਰ ਕੱਟੇ ਰਹਿੰਦੇ ਹਨ। ਤਾਂ ਹੀ, ਉਹ ਸਮਾਜ, ਜਿਸ ਦੀ ਮੁਕਤੀ ਲਈ ਕਮਿਊਨਿਸਟ ਆਪਣੀਆਂ ਜਾਨਾਂ ਵਾਰਨ ਲਈ ਹਰ ਵੇਲੇ ਤਤਪਰ ਰਹਿੰਦੇ ਹਨ, ਦਾ ਵੱਡਾ ਭਾਗ ਵੀ ਉਨ੍ਹਾਂ ਨੂੰ ਆਪਣੇ ਹਕੀਕੀ ‘ਮਿੱਤਰ’ ਨਹੀਂ ਸਮਝਦਾ। ਜਾਤਪਾਤ ਵਰਗੀ ਜ਼ਾਲਮਾਨਾ ਪ੍ਰਥਾ, ਔਰਤਾਂ ਨਾਲ ਹੁੰਦੇ ਜ਼ੁਲਮਾਂ-ਵਿਤਕਰਿਆਂ ਤੇ ਇਨ੍ਹਾਂ ਦੀਆਂ ਨਿਵੇਕਲੀਆਂ ਮੁਸ਼ਕਿਲਾਂ ਨੂੰ ਨਜ਼ਰਅੰਦਾਜ਼ ਕਰਨਾ ਵੀ ਖੱਬੀ ਲਹਿਰ ਦੀ ਵੱਡੀ ਘਾਟ ਰਹੀ ਹੈ। ਕਮਿਊਨਿਸਟ ਮਿਹਨਤਕਸ਼ਾਂ ਦੀਆਂ ਭਾਵਨਾਵਾਂ ਅਨੁਸਾਰ ਜੇਕਰ ਖੱਬੀ ਧਿਰ ਨੂੰ ਦੇਸ਼ ਅੰਦਰ ਮਜ਼ਬੂਤ ਦੇਖਣਾ ਚਾਹੁੰਦੇ ਹਨ ਤਾਂ ਇਨ੍ਹਾਂ ਨੂੰ ਨਿੱਜੀ ਹਊਮੇ ਤੇ ‘ਕੇਵਲ ਮੈਂ ਹੀ ਠੀਕ ਹਾਂ’ ਦਾ ਮਰਨਾਊ ਸੰਕਲਪ ਫੌਰੀ ਤਿਆਗਣ ਦੀ ਲੋੜ ਹੈ ਤੇ ਮਤਭੇਦ ਦੇ ਸਵਾਲਾਂ ਨੂੰ ਇਕ ਪਾਸੇ ਰੱਖਦਿਆਂ ਪ੍ਰਵਾਨਿਤ ਮੁੱਦਿਆਂ ’ਤੇ ਇਕਜੁੱਟ ਹੋਣਾ ਹੋਵੇਗਾ।
ਮੰਗਤ ਰਾਮ ਪਾਸਲਾ