ਰਾਖਵੇਂਕਰਨ ’ਚ ਵਰਗੀਕਰਨ ਹੀ ਅਸਲ ਹਿੱਸੇਦਾਰੀ
Tuesday, Aug 20, 2024 - 04:55 PM (IST)
ਸਤਿਗੁਰੂ ਰਵਿਦਾਸ ਜੀ ਕਹਿੰਦੇ ਹਨ, ‘ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੈ ਸਬਨ ਕੋ ਅੰਨ। ਛੋਟ-ਬੜੋ ਸਬ ਸਮ ਬਸੈ, ਰੈਦਾਸ ਰਹੈ ਪ੍ਰਸੰਨ।’’ ਸਾਡੀ ਸਾਰਿਆਂ ਦੀ ਸੋਚ ਇਸ ਦੇ ਅਨੁਸਾਰ ਹੋਣੀ ਚਾਹੀਦੀ ਹੈ। ਇਹ ਸਾਰੀਆਂ ਸਿਆਸੀ ਪਾਰਟੀਆਂ ਦਾ ਚੋਣ ਮਨੋਰਥ ਪੱਤਰ ਵੀ ਹੋਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੋ ਰਿਹਾ। ਰਾਖਵਾਂਕਰਨ ਸ਼ਬਦ ਇਕ ਤੀਰ ਦੀ ਤਰ੍ਹਾਂ ਹੈ, ਜੋ ਬਿਨਾਂ ਚੱਲੇ ਹੀ ਕਈ ਲੋਕਾਂ ਦੀ ਬੁੱਧੀ ਨੂੰ ਚੀਰ ਕੇ ਨਿਕਲ ਜਾਂਦਾ ਹੈ। ਅਸਲ ਵਿਚ ਤ੍ਰਾਸਦੀ ਇਹ ਹੈ ਕਿ ਜਾਤੀਵਾਦ ਇਕ ਸਿਸਟਮ ਵਾਂਗ ਨਹੀਂ, ਸਗੋਂ ਗੁਲਾਮੀ ਅਤੇ ਬਿਮਾਰੀ ਵਾਂਗ ਫੈਲਾਇਆ ਗਿਆ ਹੈ।
1 ਅਗਸਤ, 2024 ਨੂੰ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਮਹਾਦਲਿਤ (ਵਾਲਮੀਕਿ/ਮਜ਼੍ਹਬੀ ਸਮਾਜ ਜਾਂ ਮੁਸਹਰ ਜਾਂ ਮਾਦਿਗਾ ਜਾਂ ਚਾਕੀਲੀਆ ਜਾਂ ਅਰੁਣਥਾਥਿਆਰ) ਬਾਰੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਜਿਹਾ ਅਨੋਖਾ ਰੂਪ ਸਾਹਮਣੇ ਆਇਆ ਹੈ, ਜਿਸ ਦੀ ਕਿਸੇ ਨੇ ਇਸ ਤੋਂ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਸੀ। ਸਮਾਜ ਵਿਚ ਇਹ ਧਾਰਨਾ ਰਹੀ ਹੈ ਕਿ ਜੇਕਰ ਕੋਈ ਝਗੜਾ ਹੋਵੇ ਤਾਂ ਕਿਸੇ ਦਰਵੇਸ਼ ਵਿਦਵਾਨ ਕੋਲ ਜਾਣਾ ਚਾਹੀਦਾ ਹੈ। ਸ਼ਾਇਦ ਇੱਥੋਂ ਹੀ ਪੰਜ ਪੰਚਾਂ ਤੋਂ ਪੰਚਾਇਤਾਂ ਅਤੇ ਅੱਗੇ ਜਾ ਕੇ ਪੰਚਾਇਤਾਂ ਤੋਂ ਨਿਆਂਪਾਲਿਕਾ ਬਣੀ ਹੋਵੇਗੀ ਪਰ ਅੱਜ ਮੋਹਰੀ ਦਲਿਤ ਆਗੂ ਅਤੇ ਵਿਦਵਾਨ ਸਾਰੀਆਂ ਮਰਿਆਦਾਵਾਂ ਨੂੰ ਪਾਸੇ ਰੱਖ ਕੇ ਬਰਾਬਰੀ ਦੇ ਵਿਰੁੱਧ ਖੜ੍ਹੇ ਹੋ ਗਏ ਹਨ।
ਜਦੋਂ ਉੱਘੇ ਦਲਿਤ ਆਗੂ ਅਤੇ ਵਿਦਵਾਨ ਇਹ ਦਲੀਲ ਦਿੰਦੇ ਹਨ ਕਿ ਜੇਕਰ ਮਹਾਦਲਿਤ ਪੜ੍ਹੇ-ਲਿਖੇ ਹੁੰਦੇ ਅਤੇ ਉਹ ਬਰਾਬਰ ਦੇ ਬਣ ਜਾਂਦੇ ਤਾਂ ਲੱਗਦਾ ਹੈ ਕਿ 1930-32 ਵਿਚ ਰਾਖਵੇਂਕਰਨ ਦੇ ਵਿਰੋਧੀਆਂ ਨੇ ਅੱਜ ਦੇ ਮੋਹਰੀ ਦਲਿਤਾਂ ਦੇ ਹੱਥਾਂ ਵਿਚ ਛੁਰਾ ਦੇ ਕੇ ਕਿਹਾ ਹੈ ਕਿ ਲਓ ਅੰਬੇਡਕਰ ਦੀ ਛਾਤੀ ਵਿਚ ਮਾਰ ਦਿਓ। ਕਿੰਨੀ ਅਜੀਬ ਅਤੇ ਮਜ਼ਾਕੀਆ ਗੱਲ ਹੈ। ਜਿਵੇਂ ਸਾਨੂੰ ਸੰਖਿਆਤਮਕ ਤਾਕਤ ਦਿਖਾਉਣ ਲਈ ਹਿੰਦੂ ਮੰਨਿਆ ਜਾਂਦਾ ਹੈ। ਬਾਅਦ ਵਿਚ ਅਛੂਤ ਅਤੇ ਸ਼ੂਦਰ। ਇਸੇ ਤਰ੍ਹਾਂ ‘ਜਾਤ-ਪਾਤ ਤੋੜੋ, ਸਮਾਜ ਨੂੰ ਜੋੜੋ’ ਦਾ ਨਾਅਰਾ ਦੇਣ ਵਾਲੇ ਅਗਾਂਹਵਧੂ ਦਲਿਤ ਪਛੜੇ ਅਤਿ ਦਲਿਤਾਂ ਨੂੰ ਹਿੱਸਾ ਦੇਣ ਲਈ ਤਿਆਰ ਨਹੀਂ ਹਨ। ਫਿਰ ਉਹ ‘ਜਿੰਨੀ ਵੱਡੀ ਗਿਣਤੀ, ਓਨੀ ਵੱਡੀ ਹਿੱਸੇਦਾਰੀ’ ਦਾ ਨਾਅਰਾ ਕਿਵੇਂ ਬੁਲੰਦ ਕਰਦੇ ਹਨ?
ਹੁਣ ਕੁਦਰਤੀ ਸਵਾਲ ਦੀ ਗੱਲ ਕਰੀਏ ਕਿ ਜਦੋਂ ਸਾਰੀਆਂ ਦਲਿਤ ਜਾਤੀਆਂ ਸਾਲਾਂਬੱਧੀ ਸ਼ੋਸ਼ਤ ਅਤੇ ਪੀੜਤ ਰਹੀਆਂ ਤਾਂ ਕੁਝ ਅੱਗੇ ਅਤੇ ਕੁਝ ਪਿੱਛੇ ਕਿਵੇਂ ਰਹਿ ਗਈਆਂ? ਮਾਣਯੋਗ ਚੀਫ਼ ਜਸਟਿਸ ਚੰਦਰਚੂੜ ਜੀ ਨੇ ਇਸ ਦੀ ਇਕ ਉਦਾਹਰਣ ਦਿੱਤੀ ਕਿ ਜਿਹੜਾ ਵਿਅਕਤੀ ਭੀੜ-ਭੜੱਕੇ ਵਾਲੀ ਰੇਲਗੱਡੀ ਵਿਚ ਚੜ੍ਹਨ ਲਈ ਆਪਣੇ ਆਪ ਨੂੰ ਧੱਕਾ ਦਿੰਦਾ ਹੈ, ਉਹ ਦੂਜਿਆਂ ਨੂੰ ਚੜ੍ਹਨ ਤੋਂ ਰੋਕਦਾ ਹੈ। ਦੂਸਰਾ, ਦਲਿਤਾਂ ਵਿਚੋਂ ਅਤਿ ਜਾਂ ਮਹਾਦਲਿਤ ਵੀ ਸਮਾਜਿਕ ਵਿਵਸਥਾ ਕਾਰਨ ਹੀ ਬਣੇ ਹਨ। ਸੁਸਾਇਟੀ ਨੇ ਸਫ਼ਾਈ ਕਰਮਚਾਰੀਆਂ ਨੂੰ ਹਮੇਸ਼ਾ ਸਮਾਜ ਤੋਂ ਦੂਰ ਰੱਖਿਆ। ਭਾਵੇਂ ਉਹ ਬਾਜ਼ਾਰ ਵਿਚ ਸੜਕ ਦੇ ਕਿਨਾਰੇ ਜੁੱਤੀਆਂ ਬਣਾਉਂਦੇ ਜਾਂ ਗੰਢਦੇ ਸਨ, ਇਸ ਦਲਿਤ ਵਰਗ ਨੇ ਸਮਾਜ ਅਤੇ ਬਾਜ਼ਾਰ ਨਾਲ ਸੌਦਾ ਕਰਨਾ ਸਿੱਖ ਲਿਆ। ਇੱਥੋਂ ਹੀ ਇਹ ਅੱਗੇ ਅਤੇ ਦੂਜਾ ਪਿੱਛੇ ਰਹਿ ਗਿਆ ।
ਭਾਵੇਂ ਉੱਨਤ ਦਲਿਤਾਂ ਵਿਚੋਂ ਬਹੁਤਿਆਂ ਦੀ ਹਾਲਤ ਵਿਚ ਸੁਧਾਰ ਹੋਇਆ ਹੈ ਪਰ ਉਹ ਵੀ ਬਾਕੀ ਸਮਾਜ ਦੇ ਬਰਾਬਰ ਨਹੀਂ ਆਏ ਹਨ। ਹਰ ਕੋਈ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਇਸ ਲਈ ਹੁਣ ਕ੍ਰਿਮੀਲੇਅਰ ਵਰਗੀ ਕੋਈ ਵਿਵਸਥਾ ਨਹੀਂ ਹੋਣੀ ਚਾਹੀਦੀ ਪਰ ਮਹਾਦਲਿਤਾਂ ਦੀ ਬਿਹਤਰੀ ਲਈ ਰਾਖਵੇਂਕਰਨ ਵਿਚ ਵਰਗੀਕਰਨ ਹੋਣਾ ਬਹੁਤ ਜ਼ਰੂਰੀ ਹੈ।
ਇਹ ਕੋਈ ਧਮਕੀ ਨਹੀਂ ਹੈ ਪਰ ਮੈਂ ਭਵਿੱਖ ਦੀ ਭਿਆਨਕ ਤਸਵੀਰ ਬਿਆਨ ਕਰ ਰਿਹਾ ਹਾਂ ਕਿ ਜੇਕਰ ਉੱਘੇ ਦਲਿਤ ਆਗੂ ਅਤੇ ਵਿਦਵਾਨ ਬਿਨਾਂ ਸੋਚੇ-ਸਮਝੇ ਇਸ ਤਰ੍ਹਾਂ ਦੇ ਬਿਆਨ ਦਿੰਦੇ ਰਹੇ ਤਾਂ ਇਹ ਪਾੜਾ ਇੰਨਾ ਡੂੰਘਾ ਹੋ ਜਾਵੇਗਾ ਕਿ ਉਮਰਾਂ ਤੱਕ ਇਸ ਭਾੜੇ ਨੂੰ ਕੋਈ ਪੂਰ ਨਹੀਂ ਸਕੇਗਾ। ਮਹਾਦਲਿਤ ਅਤੇ ਉੱਨਤ ਦਲਿਤਾਂ ਵਿਚਕਾਰ ਪਾੜਾ ਜਾਂ ਦੂਰੀ ਕਹੋ, ਇਸ ਦਾ ਖਮਿਆਜ਼ਾ ਸਭ ਤੋਂ ਪਹਿਲਾਂ ਉੱਨਤ ਦਲਿਤਾਂ ਨੂੰ ਭੁਗਤਣਾ ਪਵੇਗਾ। ਦਲਿਤ ਅੱਜ ਜਿਸ ਪੱਧਰ ’ਤੇ ਖੜ੍ਹੇ ਹਨ, ਉਸ ਤੋਂ ਹੇਠਾਂ ਜਾਣ ਦੀ ਸੰਭਾਵਨਾ ਨਹੀਂ ਹੈ ਪਰ ਉੱਨਤ ਦਲਿਤਾਂ ਦੇ ਤਿਲਕ ਕੇ ਹੇਠਾਂ ਡਿੱਗਣ ਦੀ ਜ਼ਿਆਦਾ ਸੰਭਾਵਨਾ ਹੈ।
ਭਾਰਤ ਨੂੰ ਬਹੁਤ ਸਾਰੇ ਵਿਦੇਸ਼ੀ ਲੁਟੇਰਿਆਂ ਨੇ ਲੁੱਟਿਆ ਕਿਉਂਕਿ ਜਾਤ-ਪਾਤ ਵਿਚ ਵੰਡਿਆ ਹੋਇਆ ਭਾਰਤ ਦਾ ਬ੍ਰਾਹਮਣ ਨਾ ਤਾਂ ਸ਼ਸਤਰ ਚੁੱਕ ਕੇ ਕਿਸੇ ਨੂੰ ਵੰਗਾਰ ਸਕਦਾ ਸੀ ਅਤੇ ਨਾ ਹੀ ਬਾਣੀਆਂ ਹਥਿਆਰਾਂ ਨਾਲ ਲੜ ਸਕਦਾ ਸੀ। ਦਲਿਤ ਦੀ ਗੱਲ ਕਰੀਏ ਤਾਂ ਉਹ ਖੱਤਰੀ ਵਾਂਗ ਹਥਿਆਰ ਚੁੱਕਣ ਬਾਰੇ ਸੋਚ ਵੀ ਨਹੀਂ ਸਕਦਾ ਸੀ। ਫਿਰ ਹਾਰ ਯਕੀਨੀ ਸੀ। ਦਲਿਤ ਦੱਬਿਆ-ਕੁਚਲਿਆ ਸੀ ਪਰ ਜਦੋਂ ਸਿੱਖ ਪੰਥ ਨੇ ਉਸ ਨੂੰ ਤਲਵਾਰ ਸੌਂਪੀ ਤਾਂ ਉਹੀ ਲੁਟੇਰੇ ਮੁੜ ਕਦੇ ਭਾਰਤ ਵੱਲ ਨਹੀਂ ਆਏ। ਹੁਣ ਇਸ ਦਲਿਤ ’ਚ ਉਹ ਕੌਣ ਸੀ? ਉਹ ਅੱਜ ਦਾ ਅਤਿ ਦਲਿਤ ਵਾਲਮੀਕਿ/ਮਜ਼੍ਹਬੀ ਸੀ, ਜਿਸ ਨੂੰ ਪਿੱਠ ਪਿੱਛੇ ਚੂਹੜਾ-ਭੰਗੀ ਵੀ ਕਿਹਾ ਜਾਂਦਾ ਹੈ।
ਯਾਦ ਰਹੇ, ਜਦੋਂ ਵੀ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਰਾਖਵੇਂਕਰਨ ਨੂੰ ਲੈ ਕੇ ਕੋਈ ਹਮਲਾ ਹੋਇਆ, ਤਾਂ ਸਫਾਈ ਕਰਮਚਾਰੀ (ਵਾਲਮੀਕੀ/ਮਜ਼੍ਹਬੀ) ਸੜਕਾਂ ’ਤੇ ਆ ਗਏ ਅਤੇ ਮੂੰਹ-ਤੋੜ ਜਵਾਬ ਦਿੱਤਾ। ਮੈਨੂੰ 1981 ਦਾ ਉਹ ਸਮਾਂ ਯਾਦ ਹੈ, ਜਦੋਂ ਗੁਜਰਾਤ ਤੋਂ ਰਾਖਵੇਂਕਰਨ ਵਿਰੁੱਧ ਅੰਦੋਲਨ ਸ਼ੁਰੂ ਹੋਇਆ ਸੀ। ਡਾ. ਚੰਦੋਲਾ ਨੇ ਲੁਧਿਆਣਾ ਰੇਲਵੇ ਸਟੇਸ਼ਨ ਨੂੰ ਇਸ ਲਹਿਰ ਦਾ ਕੇਂਦਰ ਬਣਾਇਆ। ਕਈ ਦਲਿਤ ਜਥੇਬੰਦੀਆਂ ਕਈ ਦਿਨਾਂ ਤੱਕ ਸੰਘਰਸ਼ ਕਰਦੀਆਂ ਰਹੀਆਂ ਪਰ ਕੁਝ ਨਹੀਂ ਹੋਇਆ। ਜਿਵੇਂ ਹੀ ਲੁਧਿਆਣਾ ਦੀ ਸਫਾਈ ਕਰਮਚਾਰੀ ਯੂਨੀਅਨ ਆਪਣੀ ਫੋਰਸ ਨਾਲ ਧਰਨੇ ਵਾਲੀ ਥਾਂ ’ਤੇ ਪਹੁੰਚੀ ਤਾਂ ਸਾਰੇ ਰਾਖਵਾਂਕਰਨ ਵਿਰੋਧੀ ਆਪਣੀਆਂ ਪੂਛਾਂ ਦਬਾ ਕੇ ਭੱਜਦੇ ਨਜ਼ਰ ਆਏ। ਇਸ ਗੱਲ ਨੂੰ ਦੋਹਾਂ ਤਰ੍ਹਾਂ ਦੇ ਨਜ਼ਰੀਏ ਤੋਂ ਸਮਝਿਆ ਜਾ ਸਕਦਾ ਹੈ। ਇਕ, ਦਲਿਤ ਏਕਤਾ ਨੂੰ ਤੋੜਿਆ ਜਾ ਰਿਹਾ ਹੈ, ਦੂਜਾ, ਅਸੀਂ ਕਿਸੇ ਹਮਲੇ ਦਾ ਸਾਹਮਣਾ ਨਹੀਂ ਕਰ ਸਕਾਂਗੇ। ਫਿਰ ਉਸ ਸਮੇਂ ਕੀਤੇ ਸਾਰੇ ਯਤਨ ਵਿਅਰਥ ਸਾਬਤ ਹੋਣਗੇ। ਤੁਸੀਂ ਸਾਰੇ ਬੁੱਧੀਜੀਵੀ, ਲੇਖਕ ਅਤੇ ਪ੍ਰਕਾਸ਼ਕ ਵੀ ਹੋ, ਇਸ ਬਾਰੇ ਵੀ ਸੋਚੋ।
ਜਦੋਂ ਵੀ ਤੁਹਾਨੂੰ ਦਲਿਤ ਕਾਨਫ਼ਰੰਸਾਂ ਜਾਂ ਦਲਿਤ ਪ੍ਰਕਾਸ਼ਨਾਵਾਂ ਵਿਚ ਜਾਣ ਦਾ ਮੌਕਾ ਮਿਲਿਆ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਸਾਰੇ ਬੁਲਾਰਿਆਂ ਅਤੇ ਸਾਰੀਆਂ ਪੁਸਤਕਾਂ ਵਿਚ ਦਲਿਤਾਂ ਦੇ ਸ਼ੋਸ਼ਣ, ਦੁੱਖ ਅਤੇ ਅੱਤਿਆਚਾਰ ਨੂੰ ਮੁੱਖ ਮੁੱਦਾ ਬਣਾਇਆ ਹੁੰਦਾ ਹੈ। ਦਿਲ ਵਿਚ ਤਰਸ ਅਤੇ ਸ਼ਬਦਾਂ ਵਿਚ ਅੰਗਿਆਰੇ ਹੁੰਦੇ ਹਨ।ਫਿਰ ਕਿਉਂ ਜ਼ਿੰਦਾ ਮਨੁੱਖ ਸੀਵਰੇਜ ਵਿਚ ਉੱਤਰਦਾ ਅਤੇ ਉਸ ਦੀ ਮ੍ਰਿਤਕ ਦੇਹ ਬਾਹਰ ਆਉਂਦੀ ਮੋਹਰੀ ਦਲਿਤਾਂ ਖਾਸ ਕਰ ਕੇ ਮੰਚ ਦੇ ਆਗੂਆਂ ਅਤੇ ਵਿਦਵਾਨਾਂ ਨੂੰ ਕਿਉਂ ਨਜ਼ਰ ਨਹੀਂ ਆਉਂਦੀ? ਤੁਸੀਂ ਤਾਂ ਸ਼ਾਸਨ-ਪ੍ਰਸ਼ਾਸਨ ਤੋਂ ਅੱਗੇ ਵਧ ਕੇ ਵਪਾਰਕ ਸਾਮਰਾਜ ਦੇ ਮਾਲਕ ਬਣ ਗਏ। ਸਫ਼ਾਈ ਕਰਮਚਾਰੀ ਹੇਲਾ, ਬਾਂਸਫ਼ੋੜ, ਮੁਸਹਰ, ਵਾਲਮੀਕਿ, ਧਾਨੁਕ, ਡਾਮ, ਡੁਮਾਰ ਮਾਦਿਗਾ, ਚਾਕੀਲੀਆ, ਅਰੁਣਥਾਥਿਆਰ ਵੀ ਆਪਣਾ ਪੱਕਾ ਰੁਜ਼ਗਾਰ ਵੀ ਗੁਆ ਚੁੱਕੇ ਹਨ। ਹੋਣਾ ਤਾਂ ਇਹ ਚਾਹੀਦਾ ਸੀ ਕਿ ਤੁਸੀਂ ‘ਨਾਖੁਦਾ’ ਬਣ ਕੇ ਅੱਗੇ ਆਉਂਦੇ ਅਤੇ ਮਦਦ ਦਾ ਹੱਥ ਵਧਾਉਂਦੇ।
ਅਤਿਦਲਿਤ ਹੇਲਾ, ਬਾਂਸਫੋੜ, ਮੁਸਹਰ, ਵਾਲਮੀਕਿ/ਮਜ਼੍ਹਬੀ, ਧਾਨੁਕ, ਡਾਮ, ਡੁਮਾਰ ਮਾਦਿਗਾ, ਚਾਕੀਲੀਆ, ਅਰੁਣਥਾਥਿਆਰ ਦੀ ਸ਼ਮੂਲੀਅਤ ਦਾ ਵਿਰੋਧ ਕਰ ਕੇ ਤੁਸੀਂ ਇਹ ਸਾਬਤ ਕਰ ਦਿੱਤਾ ਹੈ ਕਿ ਤੁਹਾਡੇ ਅੰਦਰ ਵੀ ਮਨੂਵਾਦ ਦੇ ਕੀਟਾਣੂ ਵਿਆਪਕ ਰੂਪ ਵਿਚ ਪ੍ਰਵੇਸ਼ ਕਰ ਚੁੱਕੇ ਹਨ। ਜਿਵੇਂ ਕਿ ਕਈ ਕਹਾਣੀਆਂ ਅਤੇ ਭਾਰਤੀ ਫਿਲਮਾਂ ਵਿਚ ਇਹ ਸੱਚ ਦਿਖਾਇਆ ਗਿਆ ਸੀ ਕਿ ਵੱਡੇ ਭਰਾ ਨੇ ਪਰਿਵਾਰ ਨੂੰ ਪੈਰਾਂ ’ਤੇ ਖੜ੍ਹਾ ਕਰਨ ਦੀ ਕੋਸ਼ਿਸ਼ ਵਿਚ ਆਪਣੀ ਸਾਰੀ ਜਵਾਨੀ ਬਰਬਾਦ ਕਰ ਦਿੱਤੀ, ਅੱਜ ਮਹਾਦਲਿਤ ਜਾਤੀਆਂ ਨੂੰ ਵੀ ਲੱਗਦਾ ਹੈ ਕਿ ਜਿਸ ਰਾਖਵੇਂਕਰਨ ਦੀ ਰਾਖੀ ਉਨ੍ਹਾਂ ਨੇ ਸਾਲਾਂ ਤੋਂ ਸੜਕਾਂ ’ਤੇ ਕੁੱਟ ਖਾ ਕੇ ਕੀਤੀ ਸੀ, ਅੱਜ ਇਸ ਵਿਚ ਹਿੱਸੇਦਾਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਹਜ਼ਾਰਾਂ ਨਹੀਂ ਸਗੋਂ ਲੱਖਾਂ ਪ੍ਰਾਈਵੇਟ ਕੰਪਨੀਆਂ ਅਤੇ ਫੈਕਟਰੀਆਂ ਬਣ ਰਹੀਆਂ ਹਨ ਜਿਨ੍ਹਾਂ ਵਿਚ ਰਾਖਵੇਂਕਰਨ ਦੀ ਕੋਈ ਵਿਵਸਥਾ ਨਹੀਂ ਹੈ। ਹੋਣਾ ਤਾਂ ਚਾਹੀਦਾ ਸੀ ਕਿ ਅਸੀਂ ਸਾਰੇ ਮਿਲ ਕੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਰਕਾਰਾਂ ਨੂੰ ਮਜਬੂਰ ਕਰਦੇ ਕਿ ਭਾਰਤੀ ਧਰਤੀ ’ਤੇ ਚੱਲਣ ਵਾਲੇ ਹਰ ਸਾਜ਼ੋ-ਸਾਮਾਨ ਵਿਚ ਸਾਡਾ ਹਿੱਸਾ (ਰਾਖਵਾਂ) ਰੱਖਿਆ ਜਾਵੇ।