ਚੀਨ ’ਚ ਹੁਣ ਈਸਾਈਆਂ ’ਤੇ ਨਿਸ਼ਾਨਾ

07/24/2020 3:59:17 AM

ਡਾ. ਵੇਦਪ੍ਰਤਾਪ ਵੈਦਿਕ

ਦੁਨੀਆ ਅਜੇ ਤਕ ਇਹੀ ਸੁਣਦੀ ਆਈ ਸੀ ਕਿ ਚੀਨ ਦੇ ਮੁਸਲਮਾਨਾਂ ਨੂੰ ਸਤਾਇਆ ਜਾ ਰਿਹਾ ਹੈ। ਚੀਨ ਦੇ ਭਾਰਤ ਨਾਲ ਲੱਗਦੇ ਸੂਬੇ ਸਿੰਕਯਾਂਗ (ਸ਼ਿਨਚਯਾਂਗ) ’ਚ ਲਗਭਗ 10 ਲੱਖ ਊਈਗਰ ਮੁਸਲਮਾਨਾਂ ਨੂੰ ਸਿਖਲਾਈ ਕੈਂਪਾਂ ’ਚ ਬੰਦ ਕੀਤਾ ਹੋਇਆ ਹੈ। ਅੱਜ ਤੋਂ ਲਗਭਗ 7-8 ਸਾਲ ਪਹਿਲਾਂ ਮੈਂ ਇਸ ਸੂਬੇ ’ਚ 3-4 ਦਿਨ ਰਹਿ ਚੁੱਕਾ ਹੈ। ਉਥੋਂ ਦੇ ਊਈਗਰ ਮੁਸਲਮਾਨਾਂ ਦੇ ਨਾਂ ਚੀਨੀ ਭਾਸ਼ਾ ’ਚ ਹੁੰਦੇ ਹਨ। ਉਹ ਕੁਰਾਨ ਦੀਆਂ ਆਇਤਾਂ ਨਹੀਂ ਬੋਲ ਸਕਦੇ ਅਤੇ ਉਨ੍ਹਾਂ ਨੂੰ ਮਸਜਿਦਾਂ ’ਚ ਇਕੱਠੇ ਹੋ ਕੇ ਨਮਾਜ਼ ਨਹੀਂ ਪੜ੍ਹਨ ਦਿੱਤੀ ਜਾਂਦੀ।

ਰਮਜ਼ਾਨ ਦੇ ਦਿਨਾਂ ’ਚ ਉਨ੍ਹਾਂ ਨੂੰ ਇਫਤਾਰ ਦੀਅਾਂ ਪਾਰਟੀਆਂ ਨਹੀਂ ਕਰਨ ਦਿੱਤੀਆਂ ਜਾਂਦੀਆਂ। ਮੇਰਾ ਦੋਭਾਸ਼ੀਆ ਵੀ ਇਕ ਊਈਗਰ ਨੌਜਵਾਨ ਸੀ। ਇਸ ਲਈ ਆਮ ਲੋਕਾਂ ਨਾਲ ਮੈਂ ਖੁੱਲ੍ਹ ਕੇ ਗੱਲ ਕਰ ਲੈਂਦਾ ਸੀ। ਜੋ ਊਈਗਰ ਪੇਈਚਿੰਗ ਅਤੇ ਸ਼ੰਘਾਈ ’ਚ ਮੇਵੇ ਤੇ ਖਿਡੌਣੇ ਵਗੈਰਾ ਦੀਆਂ ਦੁਕਾਨਾਂ ਕਰਦੇ ਹਨ, ਉਨ੍ਹਾਂ ਨਾਲ ਵੀ ਮੇਰੀ ਚੰਗੀ ਜਾਣ-ਪਛਾਣ ਹੋ ਗਈ ਸੀ। ਚੀਨ ਦੀਆਂ ਸੁਰੱਖਿਆ ਏਜੰਸੀਆਂ ਇਨ੍ਹਾਂ ਲੋਕਾਂ ’ਤੇ ਸਖਤ ਨਿਗਰਾਨੀ ਰੱਖਦੀਅਾਂ ਸਨ।

ਇਨ੍ਹਾਂ ਲੋਕਾਂ ’ਤੇ ਇਹ ਸ਼ੱਕ ਬਣਿਆ ਰਹਿੰਦਾ ਸੀ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਅੱਤਵਾਦੀਅਾਂ ਨਾਲ ਇਨ੍ਹਾਂ ਦੇ ਗੂੜ੍ਹੇ ਸਬੰਧ ਹਨ ਪਰ ਹੁਣ ਪਤਾ ਲੱਗਾ ਹੈ ਕਿ ਚੀਨ ਦੇ ਈਸਾਈਆਂ ਦੀ ਦੁਰਦਸ਼ਾ ਉੱਥੋਂ ਦੇ ਮੁਸਲਮਾਨਾਂ ਨਾਲੋਂ ਵੀ ਜ਼ਿਆਦਾ ਹੈ। ਚੀਨ ’ਚ ਮੁਸਲਮਾਨ ਤਾਂ ਮੁਸ਼ਕਲ ਨਾਲ ਡੇਢ-2 ਕਰੋੜ ਹਨ ਪਰ ਈਸਾਈ ਉੱਥੇ ਲਗਭਗ 7 ਕਰੋੜ ਹਨ। ਮੁਸਲਮਾਨ ਤਾਂ ਜ਼ਿਆਦਾਤਰ ਉੱਤਰੀ ਸੂਬੇ ਸ਼ਿਨਚਯਾਂਗ ’ਚ ਸੀਮਿਤ ਹਨ ਪਰ ਚੀਨੀ ਈਸਾਈ ਦਰਜਨ ਭਰ ਸੂਬਿਆਂ ’ਚ ਫੈਲੇ ਹੋਏ ਹਨ। ਉਨ੍ਹਾਂ ਦੇ ਕਈ ਫਿਰਕੇ ਹਨ। ਉਨ੍ਹਾਂ ਦੇ ਸੈਂਕੜੇ ਗਿਰਜਾਘਰ ਸ਼ਹਿਰਾਂ ਅਤੇ ਪਿੰਡਾਂ ’ਚ ਬਣੇ ਹੋਏ ਹਨ। ਚੀਨ ’ਚ ਈਸਾਈਅਤ ਫੈਲਾਉਣ ਦਾ ਸਿਹਰਾ ਉੱਥੇ ਭਾਰਤ ਤੋਂ ਗਏ ਵਿਦੇਸ਼ੀ ਪਾਦਰੀਆਂ ਨੂੰ ਸਭ ਤੋਂ ਜ਼ਿਆਦਾ ਹੈ।

ਪਿਛਲੇ ਹਜ਼ਾਰ ਸਾਲ ’ਚ ਚੀਨ ਦੇ ਕਈ ਰਾਜਿਆਂ ਅਤੇ ਸਰਕਾਰਾਂ ਨੇ ਇਨ੍ਹਾਂ ਚੀਨੀ ਈਸਾਈਆਂ ’ਤੇ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਪਰ ਵਿਦੇਸ਼ੀ ਪੈਸੇ ਅਤੇ ਪ੍ਰਭਾਵ ਕਾਰਨ ਉਨ੍ਹਾਂ ਦੀ ਗਿਣਤੀ ਵਧਦੀ ਗਈ। ਚੀਨ ਦੇ ਮੰਚੂ ਅਤੇ ਕੋਰੀਆਈ ਨਿਵਾਸੀਆਂ ’ਚ ਈਸਾਈਅਤ ਜ਼ਰਾ ਜ਼ਿਆਦਾ ਹੀ ਫੈਲੀ। ਈਸਾਈਆਂ ਦੀ ਤੁਲਨਾ ’ਚ ਬੋਧੀਆਂ ’ਤੇ ਘੱਟ ਅੱਤਿਆਚਾਰ ਹੋਏ। ਮੈਂ ਚੀਨ ’ਚ ਬੋਧੀਆਂ ਵਰਗੇ ਵਿਸ਼ਾਲ ਤੀਰਥ ਸਥਾਨ ਦੇਖੇ ਹਨ, ਉਹੋ ਜਿਹੇ ਭਾਰਤ ’ਚ ਵੀ ਨਹੀਂ ਹਨ। ਅੱਜਕਲ ਚੀਨ ਦੇ ਈਸਾਈਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਗਿਰਜਿਆਂ ’ਚੋਂ ਈਸਾ ਅਤੇ ਕਰਾਸ ਦੀਆਂ ਮੂਰਤੀਆਂ ਹਟਾਉਣ ਅਤੇ ਉਨ੍ਹਾਂ ਦੀ ਥਾਂ ਮਾਓ ਤਸੇ ਤੁੰਗ ਅਤੇ ਸ਼ੀ ਜਿਨਪਿੰਗ ਦੀਆਂ ਮੂਰਤੀਆਂ ਲਾਉਣ। ਪੁਲਸ ਨੇ ਕਈ ਮੂਰਤੀਆਂ ਅਤੇ ਚਰਚਾਂ ਨੂੰ ਵੀ ਢੁਹਾ ਦਿੱਤਾ ਹੈ। ਜਿਵੇਂ ਸਿਕਯਾਂਗ ’ਚ ਕੁਰਾਨ ਦੇਖਣ ਨੂੰ ਵੀ ਨਹੀਂ ਮਿਲਦੀ, ਹੁਣ ਬਾਈਬਲ ਵੀ ਦੁਰਲੱਭ ਹੋ ਗਈ ਹੈ। ਚੀਨੀ ਭਾਸ਼ਾ ’ਚ ਉਸ ਦੇ ਅਨੁਵਾਦ ਵੀ ਨਹੀਂ ਛਾਪੇ ਜਾ ਸਕਦੇ।

ਆਪਣੇ-ਆਪ ਨੂੰ ਕਮਿਊਨਿਸਟ ਕਹਿਣ ਵਾਲਾ ਚੀਨ ਖੁਦ ਤਾਂ ਪੂੰਜੀਵਾਦੀ ਅਤੇ ਭੋਗਵਾਦੀ ਬਣ ਗਿਆ ਹੈ ਪਰ ਚੀਨੀ ਲੋਕਾਂ ਨੂੰ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਤੋਂ ਵਾਂਝਿਆਂ ਕਰ ਰਿਹਾ ਹੈ। ਇਨ੍ਹਾਂ ਸਾਰੇ ਮਜ਼੍ਹਬਾਂ ਨੂੰ ਜੋ ਲੋਕ ਪਾਖੰਡ ਸਮਝਦੇ ਹਨ, ਉਹ ਇਨ੍ਹਾਂ ਪਾਖੰਡਾਂ ਦੀ ਆਜ਼ਾਦੀ ਦਾ ਸਮਰਥਨ ਕਰਦੇ ਹਨ ਕਿਉਂਕਿ ਆਜ਼ਾਦੀ ਦੇ ਬਿਨਾਂ ਇਨਸਾਨ ਜਾਨਵਰ ਦੀ ਸ਼੍ਰੇਣੀ ’ਚ ਚਲਾ ਜਾਂਦਾ ਹੈ।


Bharat Thapa

Content Editor

Related News