ਖਰਾਬ ਹਾਲਤ ’ਚ ਚੀਨੀ ਰੀਅਲ ਅਸਟੇਟ
Friday, Dec 08, 2023 - 03:11 PM (IST)
ਕੌਮਾਂਤਰੀ ਰੇਟਿੰਗ ਏਜੰਸੀ ਮੂਡੀਜ਼ ਨੇ ਚੀਨ ਨੂੰ ਪਹਿਲਾਂ ਦੀ ਤੁਲਨਾ ’ਚ ਬਹੁਤ ਘੱਟ ਰੇਟਿੰਗ ਦਿੱਤੀ ਹੈ। ਇਹ ਰੇਟਿੰਗ ਇੰਨੀ ਘੱਟ ਹੈ ਕਿ ਬਸ ਕੂੜੇਦਾਨ ਤੋਂ ਇਕ ਕਦਮ ਦੀ ਦੂਰੀ ’ਤੇ ਬੈਠੀ ਹੈ ਭਾਵ ਇਸ ਵਾਰ ਮੂਡੀਜ਼ ਨੇ ਚੀਨ ’ਤੇ ਆਪਣਾ ਰੁਖ ਸਖਤ ਕਰਦੇ ਹੋਏ ਉਸ ਨੂੰ ਬੀ. ਏ. ਏ.-3 ਦੀ ਰੇਟਿੰਗ ਦਿੱਤੀ ਹੈ ਜੋ ਹਰ ਪੈਮਾਨੇ ਤੋਂ ਬਹੁਤ ਖਰਾਬ ਰੇਟਿੰਗ ’ਚ ਗਿਣੀ ਜਾਂਦੀ ਹੈ ਅਤੇ ਇਸ ਨੂੰ ਨਾਂਹਪੱਖੀ ਰੇਟਿੰਗ ਵੀ ਕਹਿੰਦੇ ਹਨ।
ਮੂਡੀਜ਼ ਨੇ ਆਪਣੀ ਖੋਜ ’ਚ ਦੇਖਿਆ ਕਿ ਚੀਨ ਦੀ ਅਰਥਵਿਵਸਥਾ ’ਚ ਇਸ ਸਮੇਂ ਅੱਗੇ ਵਧਣ ਦੇ ਤਾਂ ਕੋਈ ਵੀ ਸੰਕੇਤ ਨਹੀਂ ਮਿਲ ਰਹੇ ਹਨ ਸਗੋਂ ਰਿਕਵਰੀ ਦੇ ਵੀ ਕੋਈ ਨਿਸ਼ਾਨ ਮੌਜੂਦ ਨਹੀਂ ਹਨ ਭਾਵ ਕੁਲ ਮਿਲਾ ਕੇ ਬਾਜ਼ਾਰ ’ਚ ਨਿਰਾਸ਼ਾਜਨਕ ਸੰਕੇਤ ਬਣਿਆ ਹੋਇਆ ਹੈ ਜਿਸ ਕਾਰਨ ਨਿਵੇਸ਼ਕ ਆਪਣਾ ਪੈਸਾ ਲਾਉਣ ਨੂੰ ਤਿਆਰ ਨਹੀਂ ਹਨ।
ਖਪਤਕਾਰ ਦਾ ਭਰੋਸਾ ਵੀ ਬਾਜ਼ਾਰ ’ਤੇ ਨਹੀਂ ਹੈ। ਇਸ ਕਾਰਨ ਚੀਨ ਦੇ ਬਾਜ਼ਾਰ ’ਚ ਰਿਕਵਰੀ ਦਾ ਕੋਈ ਸੰਕੇਤ ਨਜ਼ਰ ਨਹੀਂ ਆ ਰਿਹਾ। ਬਾਜ਼ਾਰ ’ਚ ਖਪਤਕਾਰ ਦੇ ਕਮਜ਼ੋਰ ਭਰੋਸੇ ਕਾਰਨ ਚੀਨ ਦਾ ਰੀਅਲ ਅਸਟੇਟ ਬਾਜ਼ਾਰ ਉੱਠ ਵੀ ਨਹੀਂ ਸਕਦਾ। ਅਜਿਹੇ ’ਚ ਚੀਨ ਦੇ ਕੁੱਲ ਘਰੇਲੂ ਉਤਪਾਦ ਦੇ 30 ਫੀਸਦੀ ਰੀਅਲ ਅਸਟੇਟ ਸੈਕਟਰ ’ਚ ਜਿੰਨਾ ਪੈਸਾ ਨਿਵੇਸ਼ਕਾਂ ਨੇ ਲਾਇਆ ਹੈ, ਉਹ ਸਾਰਾ ਡੁੱਬ ਜਾਵੇਗਾ।
ਚੀਨ ਦੀ ਰੀਅਲ ਅਸਟੇਟ ਕੰਪਨੀ ਵੇਂਕ ਨੂੰ ਕੌਮਾਂਤਰੀ ਰੇਟਿੰਗ ਏਜੰਸੀ ਮੂਡੀਜ਼ ਨੇ 24 ਨਵੰਬਰ ਨੂੰ ਪਹਿਲੇ ਦੀ ਤੁਲਨਾ ’ਚ ਘੱਟ ਰੇਟਿੰਗ ਦਿੱਤੀ ਹੈ। ਵੇਂਕ ਇਕ ਮੰਨੀ-ਪ੍ਰਮੰਨੀ ਚੀਨੀ ਰੀਅਲ ਅਸਟੇਟ ਕੰਪਨੀ ਹੈ ਪਰ ਇਸ ਦੀ ਰੇਟਿੰਗ ਇਸ ਸਮੇਂ ਨਕਾਰਾਤਮਕ ਜਾ ਰਹੀ ਹੈ ਕਿਉਂਕਿ ਕੰਪਨੀ ਘੋਰ ਬੇਯਕੀਨੀ ਦਾ ਸ਼ਿਕਾਰ ਹੈ। ਬੈਂਕਾਂ ਵੱਲੋਂ ਜਾਰੀ ਰਿਪੋਰਟ ’ਚ ਇਸ ਸਾਲ ਦੇ ਪਹਿਲੇ 10 ਮਹੀਨਿਆਂ ’ਚ ਵੇਂਕ ਦੀ ਬਿਕਵਾਲੀ ’ਚ ਬਹੁਤ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਅਤੇ ਵੱਡੇ ਪੱਧਰ ’ਤੇ ਬਾਜ਼ਾਰ ’ਚ ਇਨ੍ਹਾਂ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ ਹੈ।
ਮੂਡੀਜ਼ ਨੇ ਆਪਣੀ ਰਿਪੋਰਟ ’ਚ ਦੱਸਿਆ ਕਿ ਚੀਨ ਦੀ ਅਰਥਵਿਵਸਥਾ ਦਾ ਜੋ ਹਾਲ ਹੈ ਉਸ ਨੂੰ ਦੇਖਦੇ ਹੋਏ ਉਸ ਦੇ ਰੀਅਲ ਅਸਟੇਟ ਸੈਕਟਰ ਸਾਹਮਣੇ ਕਈ ਚੁਣੌਤੀਆਂ ਹਨ, ਇਸ ਦਾ ਕਾਰਨ ਅਰਥਵਿਵਸਥਾ ਦੀ ਮੱਠੀ ਰਿਕਵਰੀ ਅਤੇ ਖਪਤਕਾਰ ਦਾ ਬਾਜ਼ਾਰ ’ਤੇ ਕਮਜ਼ੋਰ ਭਰੋਸਾ ਵੇਂਕ ਰੀਅਲ ਅਸਟੇਟ ਕੰਪਨੀ ਦੀ ਵਿਕਰੀ ਨੂੰ ਆਉਣ ਵਾਲੇ ਦਿਨਾਂ ’ਚ ਹੋਰ ਕਮਜ਼ੋਰ ਕਰੇਗਾ। ਇਨ੍ਹਾਂ ਸਭ ਦਾ ਰਲਿਆ-ਮਿਲਿਆ ਅਸਰ ਵੇਂਕ ਕੰਪਨੀ ’ਤੇ ਇਹ ਹੋਵੇਗਾ ਕਿ ਉਹ ਲੰਬੇ ਸਮੇਂ ਵਾਲੇ ਫੰਡ ਜੁਟਾਉਣ ’ਚ ਅਸਮਰੱਥ ਰਹਿਣਗੇ, ਜਿਸ ਨਾਲ ਉਨ੍ਹਾਂ ਦੀ ਕੰਪਨੀ ਦਾ ਲਾਭ ਘਟੇਗਾ।
ਇਸ ਸਮੇਂ ਚੀਨ ਦੀ ਅਰਥਵਿਵਸਥਾ ਦਾ ਕੋਈ ਵੀ ਸੈਕਟਰ ਬਿਹਤਰ ਪ੍ਰਦਰਸ਼ਨ ਨਹੀਂ ਕਰ ਰਿਹਾ। ਇਸ ਦਾ ਸਿੱਧਾ ਅਸਰ ਸਰਕਾਰ ਨੂੰ ਹੋਣ ਵਾਲੀ ਆਮਦਨ ’ਤੇ ਪੈ ਰਿਹਾ ਹੈ। ਰਹੀ ਗੱਲ ਰੀਅਲ ਅਸਟੇਟ ਦੀ, ਤਾਂ ਪਹਿਲਾਂ ਜਿੱਥੇ ਦਰਮਿਆਨੇ ਵਰਗ ਦਾ ਤਬਕਾ ਰੀਅਲ ਅਸਟੇਟ ’ਚ ਨਿਵੇਸ਼ ਕਰ ਰਿਹਾ ਸੀ, ਕੋਰੋਨਾ ਮਹਾਮਾਰੀ ’ਚ ਉਸ ਦੀ ਨੌਕਰੀ ਚਲੇ ਜਾਣ ਪਿੱਛੋਂ ਉਸ ਨੇ ਨਿਵੇਸ਼ ਦੀਆਂ ਕਿਸ਼ਤਾਂ ਭਰਨਾ ਬੰਦ ਕਰ ਦਿੱਤਾ।
ਦੂਜੇ ਪਾਸੇ ਲੋਕਾਂ ਨੇ ਮਕਾਨ ਖਰੀਦਣਾ ਬੰਦ ਕਰ ਦਿੱਤਾ ਪਰ ਪਹਿਲਾਂ ਦੀ ਮੰਗ ਦੇ ਆਧਾਰ ’ਤੇ ਰੀਅਲ ਅਸਟੇਟ ’ਚ ਨਿਰਮਾਣ ਦਾ ਕੰਮ ਬਹੁਤ ਤੇਜ਼ੀ ਨਾਲ ਜਾਰੀ ਸੀ, ਜਿਸ ਕਾਰਨ ਬਾਜ਼ਾਰ ’ਚ ਸਪਲਾਈ ਜ਼ਿਆਦਾ ਅਤੇ ਮੰਗ ਘੱਟ ਹੋਣ ਲੱਗੀ। ਇਸ ਨਾਲ ਰੀਅਲ ਅਸਟੇਟ ਪ੍ਰਾਪਰਟੀ ਦੇ ਭਾਅ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।
ਜੋ ਲੋਕ ਆਪਣੇ ਮਕਾਨਾਂ ਦੀਆਂ ਕਿਸ਼ਤਾਂ ਦੇ ਰਹੇ ਸਨ, ਅਚਾਨਕ ਉਨ੍ਹਾਂ ਮਕਾਨਾਂ ਦੇ ਬਾਜ਼ਾਰ ਭਾਅ ਡਿੱਗਣ ਨਾਲ ਉਨ੍ਹਾਂ ਨੇ ਆਪਣੀਆਂ ਕਿਸ਼ਤਾਂ ਦੇਣਾ ਬੰਦ ਕਰ ਦਿੱਤਾ ਅਤੇ ਬਿਲਡਰਾਂ ਕੋਲੋਂ ਆਪਣਾ ਬਕਾਇਆ ਪੈਸਾ ਵੀ ਮੰਗਣ ਲੱਗੇ। ਇਸ ਦਾ ਬਹੁਤ ਬੁਰਾ ਅਸਰ ਚੀਨ ਦੇ ਪੂਰੇ ਰੀਅਲ ਅਸਟੇਟ ਸੈਕਟਰ ’ਤੇ ਪਿਆ। ਜਿੱਥੇ ਨਿਵੇਸ਼ਕਾਂ ਦਾ ਪੈਸਾ ਫਸਿਆ ਪਿਆ ਹੈ ਅਤੇ ਉਨ੍ਹਾਂ ਉਪਰ ਬੈਂਕਾਂ ਦਾ ਭਾਰੀ ਕਰਜ਼ਾ ਹੈ ਤਾਂ ਉੱਥੇ ਕਮਜ਼ੋਰ ਖਪਤਕਾਰ ਭਰੋਸੇ ਕਾਰਨ ਲੋਕ ਰੀਅਲ ਅਸਟੇਟ ਸੈਕਟਰ ’ਚ ਨਿਵੇਸ਼ ਨਹੀਂ ਕਰ ਰਹੇ। ਇਸ ਦਾ ਅਸਰ ਚੀਨ ਦੇ ਤੇਜ਼ੀ ਨਾਲ ਖਾਲੀ ਹੁੰਦੇ ਮਾਲੀਏ ’ਤੇ ਪੈਣ ਲੱਗਾ ਹੈ।
ਇਸ ਸਾਲ 20 ਨਵੰਬਰ ਤੱਕ ਮੂਡੀਜ਼ ਨੇ 39 ਰਿਪੋਰਟਾਂ ਜਾਰੀ ਕੀਤੀਆਂ ਹਨ ਜੋ ਚੀਨੀ ਰੀਅਲ ਅਸਟੇਟ ਸੈਕਟਰ ਬਾਰੇ ਪੂਰੀ ਤਰ੍ਹਾਂ ਨਾਂਹਪੱਖੀ ਹਨ। ਵੇਂਕ ਕੰਪਨੀ ਉਪਰ ਚੀਨ ਦੀਆਂ ਬਾਕੀ ਰੀਅਲ ਅਸਟੇਟ ਕੰਪਨੀਆਂ ਦੀ ਤੁਲਨਾ ’ਚ ਕਰਜ਼ਾ ਬਹੁਤ ਘੱਟ ਹੈ ਪਰ ਫਿਰ ਵੀ ਅਮਰੀਕੀ ਡਾਲਰ ਬਾਂਡ ’ਚ ਵੇਂਕ ਦੀ ਸਥਿਤੀ ਲਗਾਤਾਰ ਡਿੱਗਦੀ ਜਾ ਰਹੀ ਹੈ ਅਤੇ ਵੇਂਕ ਕੰਪਨੀ ਦੀ ਇਹ ਹਾਲਤ ਅਕਤੂਬਰ ਮਹੀਨੇ ਤੋਂ ਲਗਾਤਾਰ ਅਜਿਹੀ ਹੀ ਬਣੀ ਹੋਈ ਹੈ।
ਇਸ ਕਾਰਨ ਵੇਂਕ ਦੇ ਕਈ ਬਾਂਡਸ ਆਪਣਾ ਸਮਾਂ ਪੂਰਾ ਨਹੀਂ ਕਰ ਸਕੇ, ਜਿਸ ਨਾਲ ਨਿਵੇਸ਼ਕਾਂ ’ਚ ਇਸ ਦਾ ਅਕਸ ਹੋਰ ਖਰਾਬ ਹੁੰਦਾ ਜਾ ਰਿਹਾ ਹੈ, ਇਸ ਨਾਲ ਕੰਪਨੀ ’ਚ ਬੇਯਕੀਨੀ ਲਗਾਤਾਰ ਵਧ ਰਹੀ ਹੈ। ਵੇਂਕ ਨੇ ਇਨਵੈਸਟਰ ਇੰਟਰਐਕਸ਼ਨ ਪਲੇਟਫਾਰਮ ’ਤੇ ਲੋਕਾਂ ਦਰਮਿਆਨ ਆ ਕੇ ਭਰੋਸਾ ਦਿਵਾਇਆ ਕਿ ਉਨ੍ਹਾਂ ਕੋਲ ਫੰਡ ਦੀ ਕੋਈ ਕਮੀ ਨਹੀਂ ਹੈ ਅਤੇ ਮੁੱਢਲੇ ਢਾਂਚੇ ਦਾ ਕੋਈ ਸੰਕਟ ਮੌਜੂਦ ਨਹੀਂ ਹੈ।
ਕੰਪਨੀ ਦੇ ਕਰਜ਼ੇ ਦੀਆਂ ਕੀਮਤਾਂ ’ਚ ਜੋ ਅਸਥਿਰਤਾ ਦੇਖੀ ਜਾ ਰਹੀ ਹੈ ਉਹ ਅਸਥਾਈ ਹੈ ਅਤੇ ਬਾਜ਼ਾਰ ’ਚ ਹੋ ਰਹੀ ਚੁੱਕ-ਥੱਲ ਕਾਰਨ ਅਜਿਹਾ ਹੋ ਰਿਹਾ ਹੈ। ਜਿੱਥੋਂ ਤੱਕ ਵੇਂਕ ਕੰਪਨੀ ਦੀ ਗੱਲ ਹੈ ਤਾਂ ਇਹ ਕੰਪਨੀ ਨਿਵੇਸ਼ਕਾਂ ਦੇ ਨਜ਼ਰੀਏ ਤੋਂ ਬਹੁਤ ਮਜ਼ਬੂਤ ਹੈ। ਇਸ ਪਲੇਟਫਾਰਮ ’ਤੇ ਇਹ ਵੀ ਕਿਹਾ ਗਿਆ ਕਿ ਕੰਪਨੀ ’ਤੇ ਵਿਦੇਸ਼ਾਂ ’ਚ ਕੋਈ ਕਰਜ਼ਾ ਨਹੀਂ ਹੈ, ਘਰੇਲੂ ਬਾਜ਼ਾਰ ’ਚ ਸਿਰਫ 38 ਕਰੋੜ ਯੂਆਨ ਦਾ ਕਰਜ਼ਾ ਹੈ ਜੋ ਕੰਪਨੀ ਦੇ ਤਰਲ ਫੰਡ ਨਾਲ ਭਰਿਆ ਜਾਵੇਗਾ।