ਟ੍ਰੇਨਾਂ ’ਚ ਟਿਕਟ ਚੈਕਿੰਗ ਮੁਹਿੰਮ ਤੋਂ ਅਪ੍ਰੈਲ ’ਚ ਵਸੂਲਿਆ 3.32 ਕਰੋੜ ਦਾ ਜੁਰਮਾਨਾ

Tuesday, May 06, 2025 - 02:29 AM (IST)

ਟ੍ਰੇਨਾਂ ’ਚ ਟਿਕਟ ਚੈਕਿੰਗ ਮੁਹਿੰਮ ਤੋਂ ਅਪ੍ਰੈਲ ’ਚ ਵਸੂਲਿਆ 3.32 ਕਰੋੜ ਦਾ ਜੁਰਮਾਨਾ

ਜਲੰਧਰ (ਪੁਨੀਤ) - ਟ੍ਰੇਨਾਂ ਵਿਚ ਅਨਿਯਮਿਤ ਯਾਤਰਾ ’ਤੇ ਰੋਕ ਲਾਉਣ ਲਈ ਫਿਰੋਜ਼ਪੁਰ ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਵੱਲੋਂ ਟਿਕਟ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਡਵੀਜ਼ਨ ਦੇ ਮੁੱਖ ਟਿਕਟ ਨਿਰੀਖਕਾਂ ਅਤੇ ਸਟਾਫ ਨੇ ਅਪ੍ਰੈਲ ਮਹੀਨੇ ਦੌਰਾਨ 33439 ਯਾਤਰੀਆਂ ਨੂੰ ਬਿਨਾਂ ਟਿਕਟ ਜਾਂ ਅਨਿਯਮਿਤ ਯਾਤਰਾ ਕਰਦੇ ਹੋਏ ਫੜਿਆ। ਇਨ੍ਹਾਂ ਯਾਤਰੀਆਂ ਤੋਂ ਲੱਗਭਗ 3.32 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਉਥੇ ਹੀ, ਗੰਦਗੀ ਫੈਲਾਉਣ ਵਾਲੇ ਯਾਤਰੀਆਂ ’ਤੇ ਐਕਸ਼ਨ ਵੀ ਲਿਆ ਗਿਆ।

ਇਸੇ ਸਿਲਸਿਲੇ ਵਿਚ ਅੱਜ ਹਫਤੇ ਦੇ ਪਹਿਲੇ ਦਿਨ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਸਮੇਤ ਵੱਖ-ਵੱਖ ਮੁੱਖ ਸਟੇਸ਼ਨਾਂ ’ਤੇ ਟਿਕਟਾਂ ਦੀ ਚੈਕਿੰਗ ਕੀਤੀ ਗਈ ਅਤੇ ਯਾਤਰੀਆਂ ਵਿਚ ਟਿਕਟ ਲੈਣ ਪ੍ਰਤੀ ਜਾਗਰੂਕਤਾ ਫੈਲਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਯਾਤਰੀਆਂ ਦੀ ਵਧਦੀ ਭੀੜ ਨੂੰ ਧਿਆਨ ਵਿਚ ਰੱਖਦੇ ਹੋਏ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜੋ 21 ਮਈ ਤਕ ਜਾਰੀ ਰਹੇਗੀ।

ਉਥੇ ਹੀ, ਡਵੀਜ਼ਨ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ’ਤੇ ਸਵੱਛਤਾ ਬਣਾਈ ਰੱਖਣ ਲਈ ਨਿਯਮਿਤ ਜਾਂਚ ਕੀਤੀ ਜਾ ਰਹੀ ਹੈ। ਇਸ ਤਹਿਤ ਅਪ੍ਰੈਲ ਮਹੀਨੇ ਵਿਚ 319 ਯਾਤਰੀਆਂ ਤੋਂ ਸਟੇਸ਼ਨ ਕੰਪਲੈਕਸ ਵਿਚ ਗੰਦਗੀ ਫੈਲਾਉਣ ਦੇ ਦੋਸ਼ ਵਿਚ (ਐਂਟੀ ਲਿਟਰਿੰਗ ਐਕਟ ਤਹਿਤ) 54000 ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ।

ਸਾਮਾਨ ਗੁੰਮ ਹੋਣ ’ਤੇ ਅਧਿਕਾਰੀਆਂ ਜਾਂ ਆਰ. ਪੀ. ਐੱਫ. ਨਾਲ ਕਰੋ ਸੰਪਰਕ
ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦਾ ਟ੍ਰੇਨ ਵਿਚ ਸਫਰ ਦੌਰਾਨ ਸਾਮਾਨ ਛੁੱਟ ਜਾਂਦਾ ਹੈ ਜਾਂ ਗੁੰਮ ਜਾਂਦਾ ਹੈ ਤਾਂ ਉਹ ਰੇਲਵੇ ਅਧਿਕਾਰੀਆਂ ਜਾਂ ਆਰ. ਪੀ. ਐੱਫ. (ਰੇਲਵੇ ਪੁਲਸ) ਨਾਲ ਸੰਪਰਕ ਕਰੇ। ਰਸਤੇ ਵਿਚ ਅਜਿਹੀ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਰੇਲਵੇ ਦੇ ਟੋਲ ਫ੍ਰੀ ਨੰਬਰ 139 ’ਤੇ ਫੋਨ ਕਰੋ। ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਦਾ ਸਾਮਾਨ ਟ੍ਰੇਨ ਵਿਚ ਛੁੱਟ ਜਾਣ ’ਤੇ ਉਸ ਨੂੰ ਸੁਰੱਖਿਅਤ ਰਖਵਾ ਲਿਆ ਜਾਂਦਾ ਹੈ, ਜੋ ਕਿ ਯਾਤਰੀ ਦੇ ਆਉਣ ’ਤੇ ਉਸ ਨੂੰ ਆਸਾਨੀ ਨਾਲ ਮਿਲ ਜਾਂਦਾ ਹੈ। ਇਸੇ ਸਿਲਸਿਲੇ ਵਿਚ ਪਿਛਲੇ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਯਾਤਰੀਆਂ ਦਾ ਮਹਿੰਗਾ ਸਾਮਾਨ ਉਨ੍ਹਾਂ ਤਕ ਪਹੁੰਚਾਇਆ ਗਿਆ ਹੈ। ਸਟੇਸ਼ਨ ਨਾਲ ਸਬੰਧਤ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਯਾਤਰੀ ਸਿੱਧਾ ਸਟੇਸ਼ਨ ਮਾਸਟਰ ਜਾਂ ਆਰ. ਪੀ. ਐੱਫ. ਅਧਿਕਾਰੀਆਂ ਨਾਲ ਸੰਪਰਕ ਕਰ ਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦਾ ਹੈ।


author

Inder Prajapati

Content Editor

Related News