ਮਾਲਦੀਵ ’ਚ ਚੀਨ ਦਾ ਦਾਅ ਪਿਆ ਉਲਟਾ

Tuesday, Dec 12, 2023 - 03:52 PM (IST)

ਮਾਲਦੀਵ ’ਚ ਚੀਨ ਦਾ ਦਾਅ ਪਿਆ ਉਲਟਾ

ਭਾਰਤ ਨੂੰ ਘੇਰਨ ਲਈ ਚੀਨ ਨੇ ਅੱਜ ਤੱਕ ਕਈ ਪ੍ਰਪੰਚ ਰਚੇ ਹਨ। ਇਨ੍ਹਾਂ ਪ੍ਰਪੰਚਾਂ ’ਚ ਕਈ ਵਾਰ ਚੀਨ ਨੂੰ ਮੂੰਹ ਦੀ ਖਾਣੀ ਪਈ ਹੈ ਪਰ ਬਾਵਜੂਦ ਇਸ ਦੇ ਚੀਨ ਕਦੀ ਵੀ ਸ਼ਾਂਤ ਨਹੀਂ ਬੈਠਦਾ। ਇਸ ਗੱਲ ’ਤੇ ਚੀਨ ਦੀ ਸ਼ਲਾਘਾ ਕਰਨੀ ਹੋਵੇਗੀ ਕਿ ਚੀਨ ਭਾਵੇਂ ਜਿੰਨੀ ਮਰਜ਼ੀ ਹਾਰ ਖਾ ਲਵੇ ਪਰ ਹਰ ਹਾਰ ਪਿੱਛੋਂ ਉਹ ਇਕ ਨਵੀਂ ਰਣਨੀਤੀ ਬਹੁਤ ਜਲਦੀ ਅਪਣਾ ਲੈਂਦਾ ਹੈ ਅਤੇ ਉਸ ’ਤੇ ਅਮਲ ਵੀ ਕਰਨ ਲੱਗਦਾ ਹੈ।

ਬੰਗਲਾਦੇਸ਼ ’ਚ ਜਦੋਂ ਚੀਨ ਦਾ ਦਾਅ ਸਫਲ ਨਹੀਂ ਰਿਹਾ ਤਾਂ ਚੀਨ ਨੇ ਮਿਆਂਮਾਰ ’ਚ ਘੁਸਪੈਠ ਕੀਤੀ ਅਤੇ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ’ਚ ਚੀਨ ਖੁਦ ਹੀ ਮਿਆਂਮਾਰ ’ਚ ਫਸ ਗਿਆ। ਇਸ ਤੋਂ ਪਹਿਲਾਂ ਚੀਨ ਨੇ ਪਾਕਿਸਤਾਨ ਅਤੇ ਸ਼੍ਰੀਲੰਕਾ ਰਾਹੀਂ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਜਿੱਥੇ ਪਾਕਿਸਤਾਨ ’ਚ ਚੀਨ ਨੂੰ ਆਰਥਿਕ ਅਤੇ ਰਣਨੀਤਕ ਨੁਕਸਾਨ ਹੋਇਆ, ਉੱਥੇ ਸ਼੍ਰੀਲੰਕਾ ’ਚ ਚੀਨ ਦੀ ਅਮਰੀਕਾ ਅੱਗੇ ਇਕ ਨਾ ਚੱਲੀ। ਬੇਸ਼ੱਕ ਹੀ ਚੀਨ ਨੇ ਹੰਬਨਟੋਟਾ ਬੰਦਰਗਾਹ ਨੂੰ ਪੱਟੇ ’ਤੇ ਲੈ ਲਿਆ ਪਰ ਉੱਥੇ ਵੀ ਉਸ ’ਤੇ ਸ਼ਿਕੰਜਾ ਅਮਰੀਕਾ ਕੱਸ ਰਿਹਾ ਹੈ। ਉਦੋਂ ਚੀਨ ਨੇ ਭਾਰਤ ਦੇ ਇਕ ਹੋਰ ਗੁਆਂਢੀ ਦੇਸ਼ ਮਾਲਦੀਵ ਵੱਲ ਰੁਖ ਕੀਤਾ ਤਾਂ ਜੋ ਉਹ ਭਾਰਤ ਨੂੰ ਘੇਰ ਸਕੇ।

ਮਾਲਦੀਵ ’ਚ ਵੀ ਚੀਨੀ ਧੜੇ ਦੇ ਸਾਬਕਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਇਕਲੌਤੇ ਅਜਿਹੇ ਰਾਸ਼ਟਰਪਤੀ ਹਨ ਜੋ ਸਾਲ 2013 ਤੋਂ 2018 ਤੱਕ ਮਾਲਦੀਵ ਦੇ ਰਾਸ਼ਟਰਪਤੀ ਰਹੇ। ਉਨ੍ਹਾਂ ਤੋਂ ਇਲਾਵਾ ਚੀਨੀ ਧੜੇ ਵਾਲਾ ਕੋਈ ਵੀ ਰਾਸ਼ਟਰਪਤੀ ਮਾਲਦੀਵ ’ਚ ਲੰਬੇ ਸਮੇਂ ਤੱਕ ਨਹੀਂ ਟਿਕ ਸਕਿਆ। ਇਸ ਦਾ ਕਾਰਨ ਮਾਲਦੀਵ ਦੀ ਸਿਆਸਤ ’ਚ ਅੰਦਰੂਨੀ ਖਿੱਚੋਤਾਣ ਹੈ। ਅਬਦੁੱਲਾ ਯਾਮੀਨ ਦੀ ਸਰਕਾਰ 2018 ’ਚ ਸੱਤਾ ਤੋਂ ਲੱਥੀ ਤਾਂ ਭ੍ਰਿਸ਼ਟਾਚਾਰ ਕਾਰਨ ਉਨ੍ਹਾਂ ਨੂੰ ਜੇਲ ’ਚ ਸੁੱਟ ਦਿੱਤਾ ਗਿਆ। ਮਾਲਦੀਵ ਦੇ ਸੰਵਿਧਾਨ ਮੁਤਾਬਕ ਜੇ ਕੋਈ ਵੀ ਵਿਅਕਤੀ ਜੇਲ ਚਲਾ ਜਾਂਦਾ ਹੈ ਤਾਂ ਉਹ ਦੁਬਾਰਾ ਮਾਲਦੀਵ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ।

ਇਸ ਲਈ ਅਬਦੁੱਲਾ ਯਾਮੀਨ ਨੇ ਜੇਲ ’ਚ ਰਹਿੰਦੇ ਹੋਏ ਆਪਣੀ ਸੱਤਾ ’ਚ ਵਾਪਸੀ ਲਈ ਯੋਜਨਾਵਾਂ ਬਣਾਉਣੀਆਂ ਸ਼ੁਰੂ ਕੀਤੀਆਂ। ਇਸ ਅਧੀਨ ਕੁਝ ਸਾਲ ਪਹਿਲਾਂ ਉਨ੍ਹਾਂ ਮੁਹੰਮਦ ਮੋਇੱਜੂ ਨੂੰ ਜੇਲ ’ਚ ਮਿਲਣ ਲਈ ਸੱਦਿਆ। ਉਹ ਉਸ ਸਮੇਂ ਉਨ੍ਹਾਂ ਦੀ ਪਾਰਟੀ ਪੀਪਲਜ਼ ਨੈਸ਼ਨਲ ਕਾਂਗਰਸ ਦੇ ਇਕ ਛੋਟੇ ਜਿਹੇ ਨੇਤਾ ਸਨ ਪਰ ਅਬਦੁੱਲਾ ਯਾਮੀਨ ਦੇ ਵਫਾਦਾਰ ਸਨ। ਮੋਇੱਜੂ ਅਬਦੁੱਲਾ ਯਾਮੀਨ ਕਾਰਨ ਹੀ ਸਿਆਸਤ ’ਚ ਆਇਆ ਸੀ, ਇਸ ਲਈ ਯਾਮੀਨ ਦਾ ਭਰੋਸਾ ਮੋਇੱਜੂ ’ਤੇ ਸੀ। ਜੇਲ ’ਚ ਮਿਲਣ ਲਈ ਯਾਮੀਨ ਨੇ ਮੋਇੱਜੂ ਨੂੰ ਸੱਦਿਆ ਅਤੇ ਉਨ੍ਹਾਂ ਨੂੰ ਰਾਸ਼ਟਰਪਤੀ ਦੀ ਚੋਣ ਲੜਨ ਲਈ ਤਿਆਰ ਕੀਤਾ। ਨਾਲ ਹੀ ਦੱਸਿਆ ਕਿ ਮਾਲਦੀਵ ਦਾ ਰਾਸ਼ਟਰਪਤੀ ਬਣਨ ਪਿੱਛੋਂ ਮੋਇੱਜੂ ਨੂੰ ਦੋ ਕੰਮ ਕਰਨੇ ਹੋਣਗੇ।

ਪਹਿਲਾ ਕੰਮ ਯਾਮੀਨ ਨੂੰ ਜੇਲ ’ਚੋਂ ਕੱਢਣਾ ਅਤੇ ਦੂਜਾ ਮਾਲਦੀਵ ਦੇ ਸੰਵਿਧਾਨ ’ਚ ਤਬਦੀਲੀ ਕਰ ਕੇ ਉਸ ਨੂੰ ਭਾਰਤ ਵਰਗਾ ਸੰਵਿਧਾਨ ਬਣਾਉਣਾ ਹੈ, ਜਿਸ ’ਚ ਸਭ ਸ਼ਕਤੀਆਂ ਪ੍ਰਧਾਨ ਮੰਤਰੀ ਦੇ ਹੱਥਾਂ ’ਚ ਹੋਣਗੀਆਂ ਅਤੇ ਰਾਸ਼ਟਰਪਤੀ ਸਿਰਫ ਨਾਂ ਦਾ ਹੀ ਰਹਿ ਜਾਵੇਗਾ। ਇਸ ਕਾਰਨ ਮੋਇੱਜੂ ਰਾਸ਼ਟਰਪਤੀ ਵੀ ਬਣੇ ਰਹਿਣਗੇ ਅਤੇ ਅਬਦੁੱਲਾ ਯਾਮੀਨ ਜੇਲ ’ਚੋਂ ਨਿਕਲ ਕੇ ਮਾਲਦੀਵ ਦੇ ਪ੍ਰਧਾਨ ਮੰਤਰੀ ਬਣ ਕੇ ਮੁੜ ਤੋਂ ਸੱਤਾਧਾਰੀ ਹੋ ਜਾਣਗੇ।

ਉਸ ਸਮੇਂ ਮੁਹੰਮਦ ਮੋਇੱਜੂ ਨਾ ਤਾਂ ਪ੍ਰਸਿੱਧ ਨੇਤਾ ਸਨ ਅਤੇ ਨਾ ਹੀ ਉਨ੍ਹਾਂ ਕੋਲ ਕਿਸੇ ਦੀ ਹਮਾਇਤ ਸੀ। ਉਨ੍ਹਾਂ ਕੋਲ ਕੋਈ ਸੋਮੇ ਵੀ ਨਹੀਂ ਸਨ। ਅਜਿਹੀ ਹਾਲਤ ’ਚ ਮੋਇੱਜੂ ਨੇ ਚੁੱਪ ਰਹਿ ਕੇ ਯਾਮੀਨ ਦੀ ਗੱਲ ਮੰਨ ਲਈ। ਇਸ ਤੋਂ ਬਾਅਦ ਯਾਮੀਨ ਦੇ ਇਸ਼ਾਰੇ ’ਤੇ ਚੀਨ ਨੇ ਮਾਲਦੀਵ ’ਚ ਪਾਣੀ ਵਾਂਗ ਪੈਸਾ ਵਹਾਇਆ ਅਤੇ ਮੋਇੱਜੂ ਦੇ ਹੱਕ ’ਚ ਜ਼ੋਰਦਾਰ ਪ੍ਰੋਪੇਗੰਡਾ ਕੀਤਾ। ਉਨ੍ਹਾਂ ਨੂੰ ਮੀਡੀਆ ਰਾਹੀਂ ਮਾਲਦੀਵ ਦੀ ਸਿਆਸਤ ’ਚ ਸਿਖਰ ’ਤੇ ਲਿਆਂਦਾ ਗਿਆ। ਚੀਨ ਦੀ ਪੂਰੀ ਹਮਾਇਤ ਮੋਇੱਜੂ ਨਾਲ ਸੀ। ਮਾਲਦੀਵ ਦੀ ਸਿਆਸਤ ’ਚ ਪਰਦੇ ਪਿੱਛੇ ਇਕ ਵੱਡੀ ਖੇਡ ਖੇਡੀ ਜਾ ਰਹੀ ਸੀ।

ਮੋਇੱਜੂ ਨੂੰ ਰਾਸ਼ਟਰਪਤੀ ਬਣਾਉਣ ਲਈ ਚੀਨ ਨੇ ਪੂਰਾ ਜ਼ੋਰ ਲਾ ਦਿੱਤਾ। ਚੀਨ ਦੀ ਮਿਹਨਤ ਰੰਗ ਲਿਆਈ ਅਤੇ ਮੋਇੱਜੂ ਮਾਲਦੀਵ ਦੇ ਰਾਸ਼ਟਰਪਤੀ ਬਣ ਗਏ। ਰਾਸ਼ਟਰਪਤੀ ਬਣਦਿਆਂ ਹੀ ਮੋਇੱਜੂ ਨੇ ਆਪਣਾ ਵਾਅਦਾ ਪੂਰਾ ਕੀਤਾ ਅਤੇ ਅਬਦੁੱਲਾ ਯਾਮੀਨ ਨੂੰ ਜੇਲ ’ਚੋਂ ਕੱਢ ਕੇ ਘਰ ’ਚ ਨਜ਼ਰਬੰਦ ਕਰ ਦਿੱਤਾ ਤਾਂ ਜੋ ਘਰ ’ਚ ਰਹਿ ਕੇ ਯਾਮੀਨ ਆਪਣਾ ਕੰਮ ਕਰ ਸਕਣ ਅਤੇ ਉਨ੍ਹਾਂ ਦੀ ਜੇਲ ਦੀ ਸਜ਼ਾ ਵੀ ਹੌਲੀ-ਹੌਲੀ ਪੂਰੀ ਹੋ ਜਾਵੇ। ਯਾਮੀਨ ਇਹ ਚਾਹੁੰਦੇ ਸਨ ਕਿ ਮੋਇੱਜੂ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਵਰਤੋਂ ਕਰ ਕੇ ਉਸ ਦੀ ਬਚੀ ਸਜ਼ਾ ਨੂੰ ਮੁਆਫ ਕਰ ਦੇਣਗੇ ਪਰ ਮੋਇੱਜੂ ਦੇ ਦਿਮਾਗ ’ਚ ਕੁਝ ਹੋਰ ਹੀ ਪੱਕ ਰਿਹਾ ਸੀ।

ਮੋਇੱਜੂ ਨੇ ਪੀਪਲਜ਼ ਨੈਸ਼ਨਲ ਕਾਂਗਰਸ ਪਾਰਟੀ ਨੂੰ ਟੇਕਓਵਰ ਕਰ ਲਿਆ। ਇਸ ਪਿੱਛੋਂ ਯਾਮੀਨ ਲਈ ਪਾਰਟੀ ’ਚ ਕੋਈ ਥਾਂ ਨਹੀਂ ਬਚੀ। ਮੋਇੱਜੂ ਪਾਰਟੀ ਦੇ ਕਰਤਾ-ਧਰਤਾ ਬਣ ਗਏ। ਉਨ੍ਹਾਂ ਯਾਮੀਨ ਦੇ ਆਦਮੀਆਂ ਨੂੰ ਪਾਰਟੀ ਦੇ ਉੱਚ ਅਹੁਦਿਆਂ ਤੋਂ ਹਟਾ ਦਿੱਤਾ ਅਤੇ ਆਪਣੇ ਵਫਾਦਾਰਾਂ ਨੂੰ ਉੱਥੇ ਨਿਯੁਕਤ ਕਰ ਦਿੱਤਾ। ਇਸ ਦੇ ਨਾਲ ਹੀ ਮੋਇੱਜੂ ਨੇ ਯਾਮੀਨ ਦੇ ਕਹਿਣ ਮੁਤਾਬਕ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਸ਼ਕਤੀਆਂ ਵੀ ਨਹੀਂ ਸੌਂਪੀਆ ਅਤੇ ਐਲਾਨ ਕੀਤਾ ਕਿ ਫਿਲਹਾਲ ਮਾਲਦੀਵ ’ਚ ਇਹੀ ਸਿਸਟਮ ਕੰਮ ਕਰੇਗਾ।

ਪਾਰਟੀ ਅਤੇ ਰਾਸ਼ਟਰਪਤੀ ਦੀਆਂ ਸਾਰੀਆਂ ਸ਼ਕਤੀਆਂ ਮੋਇੱਜੂ ਨੇ ਆਪਣੇ ਹੱਥਾਂ ’ਚ ਲੈ ਲਈਆਂ। ਇਸ ਪਿੱਛੋਂ ਅਬਦੁੱਲਾ ਯਾਮੀਨ ਨੇ ਘਰ ’ਚ ਹੀ ਨਜ਼ਰਬੰਦੀ ਦੌਰਾਨ ਐਲਾਨ ਕਰ ਦਿੱਤਾ ਕਿ ਉਹ ਪੀਪਲਜ਼ ਨੈਸ਼ਨਲ ਕਾਂਗਰਸ ਪਾਰਟੀ ਨੂੰ ਛੱਡ ਰਹੇ ਹਨ ਅਤੇ ਉਨ੍ਹਾਂ ਨਵੀਂ ਪਾਰਟੀ ਬਣਾਉਣ ਦਾ ਵੀ ਐਲਾਨ ਕਰ ਦਿੱਤਾ। ਇਸ ਦਾ ਨਾਂ ਪੀ. ਪੀ. ਐੱਨ. ਰੱਖਿਆ ਗਿਆ। ਉਸ ਤੋਂ ਬਾਅਦ ਮਾਲਦੀਵ ’ਚ ਭਾਰਤ ਵਿਰੋਧੀ ਗਰੁੱਪ ਹੁਣ 2 ਹਿੱਸਿਆਂ ’ਚ ਵੰਡਿਆ ਗਿਆ ਹੈ। ਜਿਹੜਾ ਗਰੁੱਪ ਕੁਝ ਹਫਤੇ ਪਹਿਲਾਂ ਸੱਤਾ ’ਚ ਆਇਆ ਸੀ, ਉਹ ਹੁਣ ਟੁੱਟਣ ਦੇ ਕੰਢੇ ’ਤੇ ਹੈ। ਦੂਜੇ ਪਾਸੇ ਅਗਲੇ ਇਕ ਸਾਲ ’ਚ ਮਾਲਦੀਵ ’ਚ ਸੰਸਦੀ ਚੋਣਾਂ ਹੋਣਗੀਆਂ। ਉਸ ਤੋਂ ਪਹਿਲਾਂ ਮੋਇੱਜੂ ਨੂੰ ਆਪਣੇ ਲਈ ਹਮਾਇਤ ਇਕੱਠੀ ਕਰਨੀ ਹੋਵੇਗੀ।

ਸਿਆਸਤ ਦੇ ਜਾਣਕਾਰਾਂ ਦਾ ਇਹ ਕਹਿਣਾ ਹੈ ਕਿ ਅਬਦੁੱਲਾ ਯਾਮੀਨ ਸਿਆਸਤ ਦੇ ਵੱਡੇ ਖਿਡਾਰੀ ਹਨ ਅਤੇ ਹਰ ਦਾਅ-ਪੇਚ ਨੂੰ ਬਹੁਤ ਵਧੀਆ ਢੰਗ ਨਾਲ ਜਾਣਦੇ ਹਨ। ਦੂਜੇ ਪਾਸੇ ਮੋਇੱਜੂ ਅਜੇ ਇਕ ਨਵਾਂ ਉਭਰਦਾ ਚਿਹਰਾ ਹੈ। ਯਾਮੀਨ ਸਾਬਕਾ ਰਾਸ਼ਟਰਪਤੀ ਹਨ ਅਤੇ ਅਗਲੇ ਇਕ ਸਾਲ ’ਚ ਆਪਣੇ ਲਈ ਪੂਰੀ ਹਮਾਇਤ ਜੁਟਾ ਸਕਦੇ ਹਨ ਕਿਉਂਕਿ ਉਹ ਪੁਰਾਣੇ ਆਗੂਆਂ ਨੂੰ ਜਾਣਦੇ ਹਨ। ਉਨ੍ਹਾਂ ਦੀ ਪਹੁੰਚ ਸਿਆਸਤ ’ਚ ਬਹੁਤ ਡੂੰਘਾਈ ਤੱਕ ਹੈ। ਇੰਝ ਲੱਗਦਾ ਹੈ ਕਿ ਮੋਇੱਜੂ ਸਿਰਫ ਇਕ ਸਾਲ ਤੱਕ ਮਾਲਦੀਵ ਦੇ ਰਾਸ਼ਟਰਪਤੀ ਰਹਿ ਸਕਣਗੇ ਅਤੇ ਉਸ ਪਿੱਛੋਂ ਯਾਮੀਨ ਮੁੜ ਦੇਸ਼ ਦੀ ਸੱਤਾ ’ਤੇ ਕਾਬਜ਼ ਹੋ ਜਾਣਗੇ

ਇਸ ਦਾ ਭਾਵ ਇਹ ਹੈ ਕਿ ਚੀਨੀ ਧੜੇ ਵਾਲੀ ਇਕ ਹੋਰ ਸਰਕਾਰ ਸਿਰਫ ਇਕ ਸਾਲ ਅੰਦਰ ਹੀ ਢੇਰ ਹੋ ਜਾਵੇਗੀ। ਚੀਨੀ ਧੜੇ ’ਚ ਪਈ ਇਸ ਫੁੱਟ ਕਾਰਨ ਚੀਨ ਨੂੰ ਕੋਈ ਲਾਭ ਹੁੰਦਾ ਨਜ਼ਰ ਨਹੀਂ ਆ ਰਿਹਾ ਸਗੋਂ ਇੰਝ ਲੱਗ ਰਿਹਾ ਹੈ ਜਿਵੇਂ ਚੀਨ ਮਿਆਂਮਾਰ ਅਤੇ ਪਾਕਿਸਤਾਨ ’ਚ ਫਸਿਆ ਹੋਇਆ ਹੈ, ਉਸੇ ਤਰ੍ਹਾਂ ਹੀ ਉਸ ਨੇ ਇਕ ਹੋਰ ਹੱਡੀ ਆਪਣੇ ਗਲੇ ’ਚ ਮਾਲਦੀਵ ਦੇ ਰੂਪ ’ਚ ਫਸਾ ਲਈ ਹੈ। ਇਸ ਸਮੇਂ ਮਾਲਦੀਵ ’ਚ ਭਾਰਤ ਵਿਰੋਧੀ ਗਰੁੱਪ ਖਿੱਲਰ ਚੁੱਕਾ ਹੈ। ਭਾਰਤ ਹਮਾਇਤੀ ਗਰੁੱਪ ਇਸ ਕਾਰਨ ਖੁਸ਼ ਹੈ।


author

Rakesh

Content Editor

Related News