ਹਾਂਗਕਾਂਗ ’ਚ ਲੋਕਰਾਜ ਹਮਾਇਤੀ ਵਿਖਾਵਾਕਾਰੀਆਂ ਨੂੰ ਪੈਰਾਂ ਹੇਠ ਕੁਚਲ ਰਿਹਾ ਹੈ ਚੀਨ

Tuesday, Jun 29, 2021 - 03:27 AM (IST)

ਹਾਂਗਕਾਂਗ ’ਚ ਲੋਕਰਾਜ ਹਮਾਇਤੀ ਵਿਖਾਵਾਕਾਰੀਆਂ ਨੂੰ ਪੈਰਾਂ ਹੇਠ ਕੁਚਲ ਰਿਹਾ ਹੈ ਚੀਨ

ਪਿਛਲੇ ਸਾਲ ਜਦੋਂ ਤੋਂ ਚੀਨ ਨੇ ਹਾਂਗਕਾਂਗ ਵਿਰੁੱਧ ਰਾਸ਼ਟਰੀ ਸੁਰੱਖਿਆ ਕਾਨੂੰਨ ਬਣਾਇਆ ਹੈ, ਉਦੋਂ ਤੋਂ ਚੀਨ ਸਰਕਾਰ ਨੇ ਹਾਂਗਕਾਂਗ ਨੂੰ ਆਪਣੇ ਕਬਜ਼ੇ ’ਚ ਲੈਣ ਲਈ ਸ਼ਹਿਰ ’ਚ ਹੋਣ ਵਾਲੇ ਲੋਕਰਾਜੀ ਹਮਾਇਤੀ ਵਿਖਾਵਿਆਂ ਨੂੰ ਪੈਰਾਂ ਹੇਠ ਕੁਚਲਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਬੀਜਿੰਗ ਸਮੇਂ-ਸਮੇਂ ’ਤੇ ਨਵੇਂ-ਨਵੇਂ ਹੱਥਕੰਡੇ ਅਪਣਾਉਂਦਾ ਰਿਹਾ ਹੈ। ਹੁਣੇ ਜਿਹੇ ਹੀ ਚੀਨ ਦੇ ਸਰਕਾਰੀ ਅਧਿਕਾਰੀਆਂ ਨੇ ਹਾਂਗਕਾਂਗ ਦੀ ਫਿਲਮ ਇੰਡਸਟਰੀ ’ਤੇ ਆਪਣਾ ਨਿਸ਼ਾਨਾ ਵਿੰਨ੍ਹਿਆ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹਾਂਗਕਾਂਗ ’ਚ ਉਨ੍ਹਾਂ ਫਿਲਮਾਂ ’ਤੇ ਸੈਂਸਰ ਲਾਉਣਗੇ ਜਿਨ੍ਹਾਂ ’ਚ ਲੋਕਰਾਜੀ ਮੁੱਦੇ ਹਨ। ਚੀਨ ਦਾ ਮੰਨਣਾ ਹੈ ਕਿ ਫਿਲਮਾਂ ਚੀਨ ਦੀ ਸੁਰੱਖਿਆ ਲਈ ਖਤਰਾ ਹਨ। ਚੀਨ ਦਾ ਇਹ ਕਦਮ ਹਾਂਗਕਾਂਗ ਕਲਾ ਜਗਤ ਨੂੰ ਲੋਹੇ ਦੇ ਬੂਟਾਂ ਨਾਲ ਕੁਚਲਣ ਵਰਗਾ ਹੈ, ਮਾਰਚ ਦੇ ਮਹੀਨੇ ’ਚ ਚੀਨ ਦੇ ਕਮਿਊਨਿਸਟ ਅਧਿਕਾਰੀਆਂ ਅਤੇ ਕਾਨੂੰਨੀ ਮਾਹਿਰਾਂ ਨੇ ਚੀਨੀ ਕਲਾਕਾਰ ਏਈ ਵੇਈ ਵੇਈ ਦੀਆਂ ਕਲਾਕ੍ਰਿਤੀਆਂ ਨੂੰ ਚੀਨੀ ਅਜਾਇਬ ਘਰ ’ਚ ਰੱਖਣ ’ਤੇ ਪਾਬੰਦੀ ਲਾ ਦਿੱਤੀ ਕਿਉਂਕਿ ਦੇਸ਼ ਦੀ ਕਮਿਊਨਿਸਟ ਸਰਕਾਰ ਨੇ ਏਈ ਵੇਈ ਵੇਈ ਨੂੰ ਵੱਖਵਾਦੀ ਕਰਾਰ ਦਿਤਾ ਸੀ। ਚੀਨ ਦੀਆਂ ਨਜ਼ਰਾਂ ’ਚ ਵੇਈ ਵੇਈ ਇਕ ਦੇਸ਼ਧਰੋਹੀ ਹਨ। ਵੇਈ ਵੇਈ ’ਤੇ ਚੀਨ ਦੀਆਂ ਅਦਾਲਤਾਂ ਨੇ ਦੇਸ਼ਧਰੋਹ ਦਾ ਮਾਮਲਾ ਚਲਾਇਆ ਜਿਸ ਪਿਛੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ।

ਇਸੇ ਤਰਜ਼ ’ਤੇ ਹਾਂਗਕਾਂਗ ਤੋਂ ਨਿਕਲਣ ਵਾਲੇ ਲੋਕਰਾਜ ਹਮਾਇਤੀ ਅਖਬਾਰ ‘ਐਪਲ ਡੇਲੀ’ ਨੂੰ ਵੀ ਚੀਨ ਸਰਕਾਰ ਨੇ ਬੰਦ ਕਰਵਾ ਦਿੱਤਾ। ਇਸ ਤੋਂ ਪਹਿਲਾਂ ਪੁਲਸ ਨੇ ਅਖਬਾਰ ਦੇ ਹੈੱਡਕੁਆਰਟਰ ’ਤੇ ਹਮਲਾ ਬੋਲਿਆ ਅਤੇ ਸਭ ਪ੍ਰਮੁੱਖ ਸੰਪਾਦਕਾਂ ਨੂੰ ਗ੍ਰਿਫਤਾਰ ਕਰ ਲਿਆ। ਐਪਲ ਡੇਲੀ ਹਾਂਗਕਾਂਗ ਦਾ ਸਭ ਤੋਂ ਵੱਡਾ ਅਤੇ ਪ੍ਰਮੁੱਖਤਾ ਨਾਲ ਚੱਲਣ ਵਾਲਾ ਅਖਬਾਰ ਸੀ।

ਹਾਂਗਕਾਂਗ ’ਚ ਰਹਿਣ ਵਾਲੇ ਕਈ ਵਿਦੇਸ਼ੀ ਪੱਤਰਕਾਰ ਹੁਣ ਇਥੋਂ ਜਾ ਚੁੱਕੇ ਹਨ, ਜੋ ਬਚੇ ਹਨ ਉਹ ਵੀ ਜਲਦੀ ਹਾਂਗਕਾਂਗ ਛੱਡਣ ਦੀ ਤਿਆਰੀ ’ਚ ਹਨ। ਇਕ ਵਿਦੇਸ਼ੀ ਪੱਤਰਕਾਰ ਦਾ ਕਹਿਣਾ ਹੈ ਕਿ ਇਸ ਸਾਲ ਮਾਰਚ ਤੋਂ ਹੁਣ ਤਕ ਬਹੁਤ ਕੁਝ ਹਾਂਗਕਾਂਗ ’ਚ ਬਦਲ ਚੁੱਕਾ ਹੈ। ਚੀਨ ਦੀ ਸਰਕਾਰ ਹਾਂਗਕਾਂਗ ਨੂੰ ਲੈ ਕੇ ਦਿਨੋਂ-ਦਿਨ ਸਖਤ ਹੁੰਦੀ ਜਾ ਰਹੀ ਹੈ। ਉਹ ਹੁਣ ਖੁੱਲ੍ਹ ਕੇ ਸਿੱਧਾ ਹਾਂਗਕਾਂਗ ’ਤੇ ਆਪਣਾ ਹਮਲਾ ਤੇਜ਼ ਕਰ ਰਹੀ ਹੈ। ਪਹਿਲਾ 4 ਜੂਨ 1989 ’ਚ ਹੋਈ ਤਿਨਾਨਮਿਨ ਚੌਕ ਵਾਲੀ ਘਟਨਾ ’ਤੇ ਹਾਂਗਕਾਂਗ ’ਚ ਚੀਨ ਦੀ ਸਰਕਾਰ ਦੀ ਦਮਨ ਭਰੀ ਕਾਰਵਾਈ ਵਿਰੁੱਧ ਭਾਰੀ ਗਿਣਤੀ ’ਚ ਲੋਕ ਵਿਰੋਧ ਵਿਖਾਵੇ ਕੱਢਦੇ ਸਨ ਪਰ ਹੁਣ ਹਾਂਗਕਾਂਗ ’ਚ ਆਮ ਲੋਕਾਂ ਦੇ ਲੋਕਰਾਜੀ ਅਧਿਕਾਰਾਂ ਦਾ ਹਨਨ ਹੋਣ ਲੱਗਾ ਹੈ। ਸਰਕਾਰ ਦੇ ਅਧਿਕਾਰੀ ਅਤੇ ਮੁਲਾਜ਼ਮ 4 ਜੂਨ ਤੋਂ ਪਹਿਲਾਂ ਹੀ ਇਸ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਦੇ ਲਈ ਚੌਕਸ ਹੋ ਜਾਂਦੇ ਹਨ ਤਾਂ ਜੋ ਉਸ ਦਿਨ ਹਾਂਗਕਾਂਗ ’ਚ ਕੋਈ ਵਿਰੋਧ ਵਿਖਾਵੇ ’ਚ ਸ਼ਾਮਲ ਨਾ ਹੋ ਸਕੇ।

ਗੱਲ ਸਿਰਫ ਇਥੋਂ ਤਕ ਨਹੀਂ ਰੁਕੀ। ਇਸ ਤੋਂ ਪਹਿਲਾਂ ਕਿ ਹਾਂਗਕਾਂਗ ’ਚ ਕੋਈ ਲੋਕ ਪ੍ਰਤੀਨਿਧੀ ਦਫਤਰ ਸੰਭਾਲੇ, ਉਸ ਤੋਂ ਪਹਿਲਾਂ ਹੀ ਚੀਨ ਨੇ ਹਾਂਗਕਾਂਗ ਦੀ ਚੋਣ ਪ੍ਰਕਿਰਿਆ ਨੂੰ ਵੀ ਪੂਰੀ ਤਰ੍ਹਾਂ ਬਦਲ ਦਿੱਤਾ। ਹੁਣ ਚੋਣਾਂ ਲੜਨ ਲਈ ਬੀਜਿੰਗ ਨੇ ਇਕ ਸਕ੍ਰੀਨਿੰਗ ਕਮੇਟੀ ਬਣਾ ਦਿੱਤੀ ਹੈ, ਜਿਸ ’ਚ ਪਾਸ ਹੋਣ ਤੋਂ ਬਾਅਦ ਹੀ ਕੋਈ ਉਮੀਦਵਾਰ ਚੋਣ ਲੜ ਸਕਦਾ ਹੈ। ਚੀਨ ਦੀ ਸਰਕਾਰ ਨੂੰ ਇੰਝ ਲੱਗਦਾ ਸੀ ਕਿ ਹਾਂਗਕਾਂਗ ਦੇ ਲੋਕਰਾਜ ਹਮਾਇਤੀ ਲੋਕ ਇਸ ਵਾਰ ਦੀਆਂ ਆਮ ਚੋਣਾਂ ’ਚ ਕਿਤੇ ਆਪਣੀ ਮਰਜ਼ੀ ਦੀ ਹੀ ਸਰਕਾਰ ਨਾ ਬਣਾ ਲੈਣ। ਇਸ ਲਈ ਬੀਜਿੰਗ ਨੇ ਰਾਸ਼ਟਰੀ ਸੁਰੱਖਿਆ ਦੇ ਨਾਂ ’ਤੇ ਹਾਂਗਕਾਂਗ ਦੀ ਚੋਣ ਪ੍ਰਕਿਰਿਆ ਨੂੰ ਚੀਨ ਦੀ ਸਰਕਾਰ ਦੇ ਤਰਜ਼ ’ਤੇ ਸਖਤ ਬਣਾ ਦਿੱਤਾ।

ਹੁਣ ਚੀਨ ਦੇ ਮੁਤਾਬਕ ਹਾਂਗਕਾਂਗ ’ਚ ਸਿਰਫ ਉਹੀ ਵਿਅਕਤੀ ਚੋਣ ਲੜ ਸਕਦੇ ਹਨ ਜਿਨ੍ਹਾਂ ਨੂੰ ਚੀਨ ਦੇਸ਼ ਭਗਤ ਸਮਝਦਾ ਹੈ ਅਤੇ ਇਹ ਦੇਸ਼ ਭਗਤੀ ਤੈਅ ਕਰਨ ਲਈ ਅਧਿਕਾਰ ਸਕ੍ਰੀਨਿੰਗ ਕਮੇਟੀ ਕੋਲ ਹੈ, ਜਿਸ ’ਚੋਂ ਹੋ ਕੇ ਹਰ ਉਮੀਦਵਾਰ ਨੂੰ ਲੰਘਣਾ ਪਏਗਾ। ਪਹਿਲਾਂ ਹਾਂਗਕਾਂਗ ਦੀ ਲੈਜਿਸਲੇਟਰ ’ਚ ਅੱਧੇ ਉਮੀਦਵਾਰ ਲੋਕਾਂ ਵਲੋਂ ਸਿੱਧੇ ਚੁਣ ਕੇ ਆਉਂਦੇ ਸਨ ਅਤੇ ਬਾਕੀ ਦੀਆਂ ਅੱਧੀਆਂ ਸੀਟਾਂ ਵਪਾਰ, ਉਦਯੋਗਿਕ ਗਰੁੱਪਾਂ ਦੇ ਲੋਕਾਂ ਲਈ ਰਾਖਵੀਆਂ ਰਹਿੰਦੀਆਂ ਸਨ। ਹੁਣ ਨਵੇਂ ਕਾਨੂੰਨ ਮੁਤਾਬਕ ਸਿਰਫ ਇਕ ਚੌਥਾਈ ਉਮੀਦਵਾਰ ਹੀ ਸਿੱਧੇ ਲੋਕਾਂ ਵਲੋਂ ਚੁਣ ਕੇ ਲੈਜਿਸਲੇਟਰ ’ਚ ਭੇਜੇ ਜਾਣਗੇ। ਇਸ ਤਰ੍ਹਾਂ ਹਾਂਗਕਾਂਗ ਦਾ ਲੋਕਰਾਜ ਪ੍ਰਸ਼ਾਸਨ ਕਮਜ਼ੋਰ ਪੈ ਗਿਆ ਹੈ ਅਤੇ ਸਿਆਸੀ ਪੱਖੋਂ ਵੀ ਚੀਨ ’ਤੇ ਨਿਰਭਰ ਹੋ ਗਿਆ ਹੈ।

ਚੀਨ ਨੇ ਆਪਣੀਆਂ ਘਟੀਆ ਚਾਲਾਂ ਰਾਹੀਂ ਹਾਂਗਕਾਂਗ ਦੇ ਦੋ ਤੋਂ ਤਿੰਨ ਪੀੜੀ ਦੇ ਲੋਕਰਾਜੀ ਹਮਾਇਤੀ ਆਗੂਆਂ ਨੂੰ ਜੇਲਾਂ ’ਚ ਸੁੱਟ ਦਿੱਤਾ ਹੈ। ਇਨ੍ਹਾਂ ’ਚ ਹਾਂਗਕਾਂਗ ਦੇ ਲੋਕਰਾਜ ਹਮਾਇਤੀ ਬਜ਼ੁਰਗ ਆਗੂਆਂ ਤੋਂ ਲੈ ਕੇ ਨੌਜਵਾਨ ਨੇਤਾ ਵੀ ਸ਼ਾਮਲ ਹਨ। ਅਜਿਹਾ ਕਰਕੇ ਚੀਨ ਦੀ ਸਰਕਾਰ ਹਾਂਗਕਾਂਗ ਦੇ ਲੋਕਾਂ ਨੂੰ ਇਕ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਜੇਕਰ ਤੁਸੀਂ ਖੁੱਲ੍ਹ ਕੇ ਬੋਲਦੇ ਹੋ, ਜੇਕਰ ਤੁਸੀਂ ਨਾਮਚੀਨ ਹੋ ਤਾਂ ਤੁਸੀਂ ਖਤਰੇ ’ਚ ਹੋ। ਵਧੇਰੇ ਗਿਣਤੀ ’ਚ ਲੋਕਾਂ ਨੂੰ ਜੇਲਾਂ ’ਚ ਸੁੱਟਣ ਨਾਲ ਚੀਨ ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦੇ ਰਿਹਾ ਹੈ ਜੋ ਲੋਕਰਾਜੀ ਪ੍ਰਦਰਸ਼ਨਾਂ ਲਈ ਆਮ ਲੋਕਾਂ ਦਾ ਉਤਸ਼ਾਹ ਵਧਾ ਰਹੇ ਹਨ ਅਤੇ ਰੈਲੀਆਂ ’ਚ ਹਿੱਸਾ ਲੈ ਰਹੇ ਹਨ।

ਹਾਲਾਂਕਿ ਕੁਝ ਜਾਣਕਾਰਾਂ ਦਾ ਮੰਨਣਾ ਹੈ ਕਿ ਸਿਆਸੀ ਪੱਖੋਂ ਇਸ ਨਾਲ ਕੁਝ ਖਾਸ ਅਸਰ ਨਹੀਂ ਪਏਗਾ ਪਰ ਪਿਛਲੇ ਸਾਲ ’ਚ ਹਾਂਗਕਾਂਗ ’ਚ ਨਾ ਤਾਂ ਕੋਈ ਵਿਰੋਧ ਵਿਖਾਵਾ ਹੋਇਆ ਹੈ ਅਤੇ ਨਾ ਹੀ ਲੋਕਰਾਜ ਦੇ ਹੱਕ ’ਚ ਕੋਈ ਰੈਲੀਆਂ ਆਯੋਜਿਤ ਹੋਈਆਂ ਹਨ। ਉਥੇ ਲੋਕਰਾਜੀ ਹਮਾਇਤੀ ਸਿਆਸੀ ਪਾਰਟੀਆਂ ਕੁਝ ਖਾਸ ਨਹੀਂ ਕਰ ਰਹੀਆਂ। ਖਾਸ ਕਰ ਕੇ ਨਵੇਂ ਚੋਣ ਸਿਸਟਮ ਨੂੰ ਲੈ ਕੇ ਵੀ ਇਹ ਪਾਰਟੀ ਅੰਗਹੀਣ ਬਣੀਆਂ ਹੋਈਆਂ ਹਨ। ਇਨ੍ਹਾਂ ਸਾਰੇ ਹੱਥਕੰਡਿਆਂ ਦੀ ਵਰਤੋਂ ਕਰ ਕੇ ਚੀਨ ਹਾਂਗਕਾਂਗ ’ਚ ਲੋਕਰਾਜ ਦਾ ਗਲਾ ਘੁੱਟ ਰਿਹਾ ਹੈ ਅਤੇ ਇਥੇ ਰਹਿਣ ਵਾਲਿਆਂ ਨੂੰ ਚੀਨ ਦਾ ਸਿਸਟਮ ਪ੍ਰਵਾਨ ਕਰਨ ਲਈ ਮਜਬੂਰ ਕਰ ਰਿਹਾ ਹੈ।

ਹਾਂਗਕਾਂਗ ਦਾ ਫਿਲਮ ਉਦਯੋਗ ਬਹੁਤ ਸ਼ਕਤੀਸ਼ਾਲੀ ਰਿਹਾ ਹੈ, ਜਿਸਦੀ ਪ੍ਰਵਾਨਗੀ ਸਮੁੱਚੇ ਦੱਖਣੀ-ਪੂਰਬੀ ਏਸ਼ੀਆ ’ਚ ਰਹੀ ਹੈ। ਇਥੋਂ ਦੀਆਂ ਬਣੀਆਂ ਕਈ ਫਿਲਮਾਂ ਨੇ ਹਾਲੀਵੁੱਡ ਅਤੇ ਕੌਮਾਂਤਰੀ ਪੱਧਰ ’ਤੇ ਵੀ ਬਹੁਤ ਵਧੀਆ ਸਾਖ ਬਣਾਈ ਹੈ। ਇਸ ਰਾਹੀਂ ਹਾਂਗਕਾਂਗ ਕਲਾ ਦਾ ਇਕ ਮਜ਼ਬੂਤ ਕੇਂਦਰ ਬਣਨ ਦੀ ਕੋਸ਼ਿਸ ਕਰ ਰਿਹਾ ਸੀ ਪਰ ਹੁਣ ਨਵੇਂ ਚੋਣ ਕਾਨੂੰਨ, ਫਿਲਮਾਂ ’ਤੇ ਸੈਂਸਰ ਲੱਗਣ ਨਾਲ ਅਤੇ ਕਲਾਕ੍ਰਿਤੀਆਂ ਨੂੰ ਅਜਾਇਬ ਘਰਾਂ ’ਚ ਨਾ ਲੱਗਣ ਵਰਗੇ ਕਦਮਾਂ ਨਾਲ ਹਾਂਗਕਾਂਗ ਦੇ ਕਲਾ ਜਗਤ ਨੂੰ ਡੂੰਘਾ ਧੱਕਾ ਲੱਗਾ ਹੈ, ਆਉਣ ਵਾਲੇ ਸਮੇਂ ’ਚ ਇਸ ਨੂੰ ਬਣਾਈ ਰੱਖਣਾ ਲਗਭਗ ਅਸੰਭਵ ਹੋਵੇਗਾ। ਹਾਂਗਕਾਂਗ ਦੇ ਕਲਾ ਜਗਤ ਨੂੰ ਬਚਾਈ ਰੱਖਣ ਲਈ ਆਜ਼ਾਦ ਕਿਤਾਬ ਘਰ ਹੁਣ ਵੀ ਆਪਣੀ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ ਪਰ ਚੀਨ ਦੀ ਮੁੱਖ ਭੂਮੀ ਦਾ ਬਾਜ਼ਾਰ ਇੰਨਾ ਵੱਡਾ ਹੈ ਕਿ ਹਾਂਗਕਾਂਗ ਦੇ ਕਈ ਵੱਡੇ ਵਪਾਰਕ ਘਰਾਨੇ ਖਾਸ ਕਰ ਕੇ ਕਾਰਪੋਰੇਟ ਵਾਲੇ ਇਸ ਤੋਂ ਵੱਖ ਨਹੀਂ ਹੋਣਾ ਚਾਹੁੰਦੇ। ਇਸ ਕਾਰਨ ਕਲਾ ਖੇਤਰ ਦਾ ਆਲੋਚਨਾਤਮਕ ਘੇਰਾ ਸੁੰਘੜਦਾ ਜਾਵੇਗਾ।

ਹਾਲਾਂਕਿ ਚੀਨ ਦੇ ਨਵੇਂ ਕਾਨੂੰਨ ਦੇ ਕਾਰਨ ਹਾਂਗਕਾਂਗ ’ਚ ਲੋਕਰਾਜ ਦਾ ਭਵਿੱਖ ਗੈਰ-ਯਕੀਨੀ ਵਾਲੀ ਹਾਲਤ ’ਚ ਚਲਾ ਗਿਆ ਹੈ ਪਰ ਕੁਝ ਜਾਣਕਾਰਾਂ ਦਾ ਮੰਨਣਾ ਹੈ ਕਿ ਜਦੋਂ ਕੋਰੋਨਾ ਮਹਾਮਾਰੀ ਪੂਰੀ ਤਰ੍ਹਾਂ ਖਤਮ ਹੋਵੇਗੀ ਉਦੋਂ ਲੋਕਰਾਜ ਹਮਾਇਤੀ ਵਿਖਾਵਾਕਾਰੀ ਮੁੜ ਆਪਣੇ ਘਰਾਂ ’ਚੋਂ ਬਾਹਰ ਨਿਕਲਣਗੇ ਅਤੇ ਅੰਦੋਲਨ ਦੁਬਾਰਾ ਜ਼ੋਰ ਫੜੇਗਾ। ਕੁਝ ਦਾ ਕਹਿਣਾ ਹੈ ਕਿ ਚੀਨ ਦੀ ਸਰਕਾਰ ਨੇ 23 ਸਾਲ ਦੇ ਇਕ ਨੌਜਵਾਨ ਨੂੰ ਲੋਕਰਾਜੀ ਅੰਦੋਲਨਾਂ ’ਚ ਹਿੱਸਾ ਲੈਣ ਲਈ ਜੇਲ ’ਚ ਸੁੱਟ ਦਿੱਤਾ ਹੈ। ਉਹ ਇਸ ਮਾਮਲੇ ’ਚ ਗ੍ਰਿਫਤਾਰ ਹੋਣ ਵਾਲਾ ਸਭ ਤੋਂ ਨੌਜਵਾਨ ਵਿਖਾਵਾਕਾਰੀ ਹੈ। ਸੰਭਵ ਹੈ ਕਿ ਉਸ ਨੂੰ ਆਪਣੀ ਸਾਰੀ ਜ਼ਿੰਦਗੀ ਜੇਲ ’ਚ ਹੀ ਬਿਤਾਉਣੀ ਪਏ।


author

Bharat Thapa

Content Editor

Related News