ਮੈਡੀਕਲ ਪੜ੍ਹਾਈ ਲਈ ‘ਨੀਟ ਪਾਤਰਤਾ’ ਪ੍ਰੀਖਿਆ ’ਚ ਹੋ ਰਹੀ ਧੋਖਾਦੇਹੀ-ਚਿੰਤਾਜਨਕ!’

Thursday, May 08, 2025 - 06:12 AM (IST)

ਮੈਡੀਕਲ ਪੜ੍ਹਾਈ ਲਈ ‘ਨੀਟ ਪਾਤਰਤਾ’ ਪ੍ਰੀਖਿਆ ’ਚ ਹੋ ਰਹੀ ਧੋਖਾਦੇਹੀ-ਚਿੰਤਾਜਨਕ!’

ਨੀਟ (ਨੈਸ਼ਨਲ ਐਲਿਜੀਬਿਲਿਟੀ-ਕਮ ਐਂਟਰੈਂਸ ਟੈਸਟ) ਦਾ ਆਯੋਜਨ ‘ਰਾਸ਼ਟਰੀ ਪ੍ਰੀਖਿਆ ਏਜੰਸੀ’ (ਐੱਨ. ਟੀ. ਏ.) ਵੱਲੋਂ ਹਰ ਸਾਲ ਐੱਮ. ਬੀ. ਬੀ. ਐੱਸ., ਬੀ. ਡੀ. ਐੱਸ. ਕਲਾਸਾਂ ਵਿਚ ਦਾਖਲੇ ਦੇ ਲਈ ਕੀਤਾ ਜਾਂਦਾ ਹੈ।
ਨੀਟ ਪ੍ਰੀਖਿਆ ਪਾਸ ਕਰਨਾ ਮੈਡੀਕਲ ਵਿਚ ਕਰੀਅਰ ਬਣਾਉਣ ਵਾਲੇ ਲੱਖਾਂ ਵਿਦਿਆਰਥੀ-ਵਿਦਿਆਰਥਣਾਂ ਦਾ ਸੁਫਨਾ ਹੁੰਦਾ ਹੈ। ਇਸੇ ਲਈ ਇਸ ਪ੍ਰੀਖਿਆ ਵਿਚ ਹੇਰਾਫੇਰਾ ਕਰਵਾਉਣ ਵਾਲੇ ਵੀ ਅਸਲੀ ਉਮੀਦਵਾਰਾਂ ਦੀ ਥਾਂ ’ਤੇ ‘ਨਕਲੀ’ ਉਮੀਦਵਾਰਾਂ ਨੂੰ ਪ੍ਰੀਖਿਆ ਵਿਚ ਬਿਠਾ ਕੇ ਜਾਂ ਨਕਲ ਕਰਵਾ ਕੇ ਲੱਖਾਂ ਰੁਪਏ ਕਮਾ ਰਹੇ ਹਨ।

ਲੰਮੇ ਸਮੇਂ ਤੋਂ ਇਹ ਸਿਲਸਿਲਾ ਜਾਰੀ ਹੈ। ਨੀਟ ਦੀ ਪ੍ਰੀਖਿਆ ਵਿਚ ਅਸਲ ਉਮੀਦਵਾਰਾਂਦੀ ਥਾਂ ’ਤੇ ‘ਨਕਲੀ’ ਉਮੀਦਵਾਰਾਂ ਨੂੰ ਬਿਠਾ ਕੇ ਜਾਂ ਨਕਲ ਕਰਵਾਉਣ ਦਾ ਝਾਂਸਾ ਦੇ ਕੇ ਠੱਗੀ ਦੇ ਅਨੇਕ ਮਾਮਲੇ ਇਸ ਸਾਲ ਵੀ ਸਾਹਮਣੇ ਆਏ ਹਨ, ਜਿਸ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 3 ਮਈ ਨੂੰ ‘ਜੈਪੁਰ’ (ਰਾਜਸਥਾਨ) ਵਿਚ ‘ਕਰਣੀ ਬਿਹਾਰ’ ਦੀ ਪੁਲਸ ਨੇ ਨੀਟ ਪ੍ਰੀਖਿਆ ਵਿਚ ‘ਨਕਲੀ’ ਕੈਂਡੀਡੇਟ ਬਿਠਾਉਣ ਵਾਲੇ ਗੈਂਗ ਦੇ 5 ਸ਼ਾਤਿਰਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿਚ ਦੂਸਰੇ ਵਿਦਿਆਰਥੀ ਦਾ ਥਾਂ ’ਤੇ ਬੈਠਣ ਵਾਲੇ ਸ਼ਾਂਤਿਰਾਂ ’ਚ ਅੈੱਮ. ਬੀ. ਬੀ. ਐੱਸ. ਪਹਿਲੇ ਸਾਲ ਦਾ ਇਕ ਵਿਦਿਆਰਥੀ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਹੋਰ 2 ਮੁਲਜ਼ਮ ਵੀ ਮੈਡੀਕਲ ਦੇ ਵਿਦਿਆਰਥੀ ਹਨ, ਜਿਨ੍ਹਾਂ ਕੋਲੋਂ ਪ੍ਰੀਖਿਆ ਦੇ ਫੇਕ ਡਾਕੂਮੈਂਟ ਅਤੇ ਵੱਖ-ਵੱਖ ਵਿਦਿਆਰਥੀਆਂ ਤੋਂ ਲਏ 50 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ।

* 3 ਮਈ ਨੂੰ ਹੀ ‘ਸਮਸਤੀਪੁਰ’ (ਬਿਹਾਰ) ਵਿਚ ‘ਨੀਟ’ ਦੀ ਪ੍ਰੀਖਿਆ ਵਿਚ ਅਸਲੀ ਉਮੀਦਵਾਰ ਦੀ ਥਾਂ ’ਤੇ ‘ਨਕਲੀ’ ਉਮੀਦਵਾਰ ਨੂੰ ਬਿਠਾਉਣ ਦੇ ਦੋਸ਼ ਵਿਚ ਇਕ ਸਰਕਾਰੀ ਡਾਕਟਰ ਸਮੇਤ 2 ਸ਼ਾਤਿਰਾਂ ‘ਡਾ. ਰਣਜੀਤ ਕੁਮਾਰ’ ਅਤੇ ‘ ਰਾਮ ਬਾਬੂ ਮਲਿਕ’ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਨੇ ਉਨ੍ਹਾਂ ਦੇ ਕੋਲੋਂ ਇਕ ਕਾਰ, 50 ਹਜ਼ਾਰ ਰੁਪਏ ਨਕਦ ਅਤੇ 3 ਮੋਬਾਈਲ ਫੋਨ ਬਰਾਮਦ ਕੀਤੇ।

* 4 ਮਈ ਨੂੰ ‘ਉੱਤਰ ਪ੍ਰਦੇਸ਼’ ਦੀ ਵਿਸ਼ੇਸ਼ ਪੁਲਸ ਟੀਮ ਨੇ ਨੀਟ ਪ੍ਰੀਖਿਆ ਵਿਚ ਪ੍ਰੀਖਿਆਰਥੀਆਂ ਨੂੰ ਪਾਸ ਕਰਵਾਉਣ ਦੇ ਨਾਂ ’ਤੇ ਉਨ੍ਹਾਂ ਨਾਲ ਠੱਗੀ ਕਰਨ ਵਾਲੇ 3 ਮੁਲਜ਼ਮਾਂ ‘ਵਿਕਰਮ ਕੁਮਾਰ’, ‘ਧਰਮਪਾਲ ਸਿੰਘ’ਅਤੇ ‘ਅਨੀਕੇਤ ਕੁਮਾਰ’ ਨੂੰ ‘ਗੌਤਮ ਬੁੱਧ ਨਗਰ’ ਤੋਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 10 ਮੋਬਾਈਲ ਫੋਨ, 2 ਆਧਾਰ ਕਾਰਡ, ਪੈਨ ਕਾਰਡ, ਕ੍ਰੈਡਿਟ ਕਾਰਡ, ਵੋਟਰ ਕਾਰਡ, ਪਾਸਪੋਰਟ, ਚੈੱਕ ਬੁੱਕ, ਲੈਪਟਾਪ, ਇਕ ਕਾਰ ਅਤੇ ਉਮੀਦਵਾਰਾਂ ਦੀ ਡਾਟਾ ਸ਼ੀਟ ਬਰਾਮਦ ਕੀਤੀ।

ਇਨ੍ਹਾਂ ਤਿੰਨਾਂ ਨੇ ਐਡਮਿਸ਼ਨ ਵਿਊ ਨਾਂ ਦੀ ਇਕ ਕੰਪਨੀ ਬਣਾਈ ਹੋਈ ਸੀ ਅਤੇ ਐੱਮ. ਬੀ. ਬੀ. ਐੱਸ. ਵਿਚ ਦਾਖਲਾ ਲੈਣ ਦੇ ਇੱਛੁਕ ਉਮੀਦਵਾਰਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਫੋਨ ਕਰ ਕੇ ਮੈਡੀਕਲ ਵਿਚ ਦਾਖਲਾ ਦਿਵਾਉਣ ਦੇ ਨਾਂ ’ਤੇ ਠੱਗੀ ਕਰਦੇ ਸਨ।

* 5 ਮਈ ਨੂੰ ਰਾਜਸਥਾਨ ‘ਸਪੈਸ਼ਲ ਆਪ੍ਰੇਸ਼ਨ ਗਰੁੱਪ’ (ਐੱਸ. ਓ. ਜੀ.) ਨੇ ਮੈਡੀਕਲ ਦਾਖਲਾ ਪ੍ਰੀਖਿਆ ਨੀਟ ਵਿਚ ਸਹਾਇਤਾ ਦੇ ਨਾਂ ’ਤੇ 40 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਗਿਰੋਹ ਦਾ ਭਾਂਡਾ ਭੰਨ ਕੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

ਇਸ ਠੱਗੀ ਦਾ ਮਾਸਟਰਮਾਈਂਡ ‘ਰਾਜਸਥਾਨ ਪੁਲਸ’ ਦਾ ਇਕ ਕਾਂਸਟੇਬਲ ‘ਹਰਦਾਸ’ ਨਿਕਲਿਆ। ਤਿੰਨੋਂ ਮੁਲਜ਼ਮਾਂ ਦੇ ਮੋਬਾਈਲ ਫੋਨ ਵਿਚ ਇਸ ਫਰਜ਼ੀਵਾੜੇ ਦੀ ਪੁਸ਼ਟੀ ਕਰਨ ਵਾਲੇ ਚੈਟ ਅਤੇ ਆਡੀਓ ਰਿਕਾਰਡਿੰਗ ਮਿਲੇ ਹਨ।

* 5 ਮਈ ਨੂੰ ਹੀ ‘ਕਾਨਪੁਰ’ ਪੁਲਸ ਨੇ ਸਮਸਤੀਪੁਰ (ਬਿਹਾਰ) ਵਿਚ ਇਕ ‘ਸਾਲਵਰ ਗੈਂਗ’ ਅਤੇ ਨੋਇਡਾ (ਉੱਤਰ ਪ੍ਰਦੇਸ਼) ਵਿਚ ਨੀਟ ਪ੍ਰੀਖਿਆ ਪਾਸ ਕਰਵਾਉਣ ਦਾ ਝਾਂਸਾ ਦੇ ਕੇ ਠੱਗਣ ਵਾਲੇ ਗਿਰੋਹ ਦਾ ਭਾਂਡਾ ਭੰਨ ਕੇ ਨੀਟ ਪ੍ਰੀਖਿਆ ਵਿਚ ਫਰਜ਼ੀਵਾੜੇ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ।

* 5 ਮਈ ਨੂੰ ਹੀ ਭੁਵਨੇਸ਼ਵਰ (ਓਡਿਸ਼ਾ) ਪੁਲਸ ਨੇ ਮੈਡੀਕਲ ਕਾਲਜ ਵਿਚ ਦਾਖਲਾ ਦਿਵਾਉਣ ਲਈ ਨੀਟ ਦੇ ਉਮੀਦਵਾਰਾਂ ਤੋਂ ਪੈਸੇ ਲੈਣ ਦੇ ਦੋਸ਼ ਵਿਚ ਇਕ ਅੰਤਰਰਾਜੀ ਗਿਰੋਹ ਦੇ 4 ਮੈਂਬਰਾਂ ‘ਪ੍ਰਿਯਦਰਸ਼ੀ ਕੁਮਾਰ’ (ਝਾਰਖੰਡ), ‘ਸੁਨੀਲ ਸਾਮੰਤਰਿਆ’ ਅਤੇ ‘ਰੁਦਰਨਾਰਾਇਣ ਬੇਹਰਾ’ (ਦੋਵੇਂ ਓਡਿਸ਼ਾ) ਅਤੇ ਇਨ੍ਹਾਂ ਦੇ ਸਰਗਣੇ ‘ਅਰਵਿੰਦ ਕੁਮਾਰ’ (ਔਰੰਗਾਬਾਦ, ਬਿਹਾਰ) ਨੂੰ ਗ੍ਰਿਫ਼ਤਾਰ ਕੀਤਾ।

ਭੁਵਨੇਸ਼ਵਰ ਦੇ ਪੁਲਸ ਕਮਿਸ਼ਨਰ ‘ਦੇਵਦੱਤਾ ਸਿੰਘ’ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 90 ਲੱਖ ਰੁਪਏ ਦੇ ਇਕ ਚੈੱਕ ਤੋਂ ਇਲਾਵਾ ਇਕ ਕੋਰਾ ਚੈੱਕ ਵੀ ਬਰਾਮਦ ਕੀਤਾ ਗਿਆ। ਇਹ ਲੋਕ ਅਸਲੀ ਉਮੀਦਵਾਰਾਂ ਦੀ ਥਾਂ ’ਤੇ ‘ਨਕਲੀ’ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਵਿਚ ਭੇਜ ਕੇ ਹਰ ਉਮੀਦਵਾਰ ਤੋਂ 25-30 ਲੱਖ ਰੁਪਏ ਲੈਂਦੇ ਸਨ।

ਇੰਨੀ ਮਹੱਤਵਪੂਰਨ ਪ੍ਰੀਖਿਆ ਵਿਚ ਧੋਖਾਦੇਹੀ ਅਤੇ ਹੇਰਾਫੇਰੀ ਰਾਹੀਂ ਹੋਣਹਾਰ ਵਿਦਿਆਰਥੀਆਂ ਦੇ ਅਧਿਕਾਰਾਂ ’ਤੇ ਡਾਕਾ ਮਾਰਨ ਦੇ ਇਹ ਤਾਂ ਕੁਝ ਅਜਿਹੇ ਮਾਮਲੇ ਹਨ, ਜੋ ਫੜੇ ਗਏ ਹਨ ਪਰ ਕਈ ਮਾਮਲੇ ਅਜਿਹੇ ਵੀ ਹੋਏ ਹੋਣਗੇ, ਜਿਨ੍ਹਾਂ ਵਿਚ ਜਾਅਲਸਾਜ਼ ਆਪਣੇ ਉਦੇਸ਼ ਵਿਚ ਸਫਲ ਹੋ ਗਏ ਹੋਣਗੇ।

ਅਖੀਰ ਅਜਿਹੇ ਆਚਰਣ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਅਤੇ ਜਾਅਲਸਾਜ਼ਾਂ ਦੋਵਾਂ ਦੇ ਹੀ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਸਹੀ ਪ੍ਰੀਖਿਆ ਪ੍ਰਣਾਲੀ ਕਾਇਮ ਕਰਨ ਦੀ ਲੋੜ ਹੈ ਤਾਂ ਕਿ ਇਸ ਬੁਰਾਈ ’ਤੇ ਰੋਕ ਲਗਾਈ ਜਾ ਸਕੇ।

-ਵਿਜੇ ਕੁਮਾਰ
 

 


author

Sandeep Kumar

Content Editor

Related News