ਕਬਾਇਲੀ ਸਿੱਖਿਆ ਵਿਚ ਬਦਲਾਅ : ਏਕਲਵਿਆ ਤੋਂ ਉੱਤਮਤਾ ਤੱਕ
Sunday, Nov 15, 2026 - 03:05 PM (IST)
ਮੇਰਾ ਹਮੇਸ਼ਾ ਇਹ ਪੱਕਾ ਵਿਸ਼ਵਾਸ ਰਿਹਾ ਹੈ ਕਿ ਕਿਸੇ ਬੱਚੇ ਨੂੰ ਸਿੱਖਿਆ ਦੇਣਾ ਸਿਰਫ਼ ਉਸ ਦੇ ਵਿਅਕਤੀਗਤ ਭਵਿੱਖ ਨੂੰ ਸੰਵਾਰਨ ਤੱਕ ਸੀਮਤ ਨਹੀਂ ਹੈ। ਇਹ ਪਰਿਵਾਰਾਂ ਦੀ ਜ਼ਿੰਦਗੀ ’ਚ ਤਬਦੀਲੀ, ਭਾਈਚਾਰਿਆਂ ਨੂੰ ਮਜ਼ਬੂਤ ਬਣਾਉਣ ਅਤੇ ਇਕ ਪ੍ਰਗਤੀਸ਼ੀਲ ਰਾਸ਼ਟਰ ਦੀ ਉਸਾਰੀ ਦਾ ਕਾਰਜ ਹੈ। ਜਦੋਂ ਮੈਨੂੰ ਝਾਰਖੰਡ, ਮਹਾਰਾਸ਼ਟਰ ਅਤੇ ਤੇਲੰਗਾਨਾ ਦੇ ਕਬਾਇਲੀ ਖੇਤਰਾਂ ਵਿਚ ਸੇਵਾ ਕਰਨ ਦਾ ਮੌਕਾ ਮਿਲਿਆ, ਤਾਂ ਮੈਂ ਹਮੇਸ਼ਾ ਕਬਾਇਲੀ ਸਿੱਖਿਆ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਮੈਂ ਯੂਨੀਵਰਸਿਟੀਆਂ ਨੂੰ ਹਮੇਸ਼ਾ ਵਿਦਿਆਰਥੀਆਂ ਨੂੰ ‘ਸਕੂਲ ਕਨੈਕਟ ਪ੍ਰੋਗਰਾਮ’ ਨਾਲ ਜੋੜਨ ਦੀ ਅਪੀਲ ਕੀਤੀ, ਤਾਂ ਜੋ ਕੋਈ ਵੀ ਬੱਚਾ ਪਿੱਛੇ ਨਾ ਰਹਿ ਜਾਵੇ।
ਅੱਜ, 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦੀ ਜਨਮ ਵਰ੍ਹੇਗੰਢ ਦੇ ਮੌਕੇ ’ਤੇ ਅਸੀਂ ‘ਜਨਜਾਤੀਯ ਗੌਰਵ ਦਿਵਸ’ ਮਨਾ ਰਹੇ ਹਾਂ। ਉਹ ਮਹਾਨ ਕਬਾਇਲੀ ਆਜ਼ਾਦੀ ਘੁਲਾਟੀਆਂ ਵਿਚੋਂ ਇਕ ਸਨ ਅਤੇ ਬਸਤੀਵਾਦੀ ਜ਼ੁਲਮ ਵਿਰੁੱਧ ਹਿੰਮਤ, ਕੁਰਬਾਨੀ ਅਤੇ ਵਿਰੋਧ ਦੇ ਪ੍ਰਤੀਕ ਸਨ। ਮੇਰਾ ਮੰਨਣਾ ਹੈ ਕਿ ਸਾਡੇ ਸਾਰੇ ਮਹਾਨ ਕਬਾਇਲੀ ਆਜ਼ਾਦੀ ਘੁਲਾਟੀਆਂ ਨੂੰ ਸੱਚੀ ਸ਼ਰਧਾਂਜਲੀ ਦੇਣ ਦਾ ਇਕ ਢੁੱਕਵਾਂ ਤਰੀਕਾ ਕਬਾਇਲੀ ਬੱਚਿਆਂ ਦੀ ਸਿੱਖਿਆ ਅਤੇ ਹੁਨਰ ਵਿਕਾਸ ਪ੍ਰਣਾਲੀ ਵਿਚ ਬਦਲਾਅ ਲਿਆਉਣਾ ਹੈ, ਤਾਂ ਜੋ ਉਹ ਨਾ ਸਿਰਫ਼ ਆਪਣੇ ਆਪ ਨੂੰ ਸਮਰੱਥ ਬਣਾ ਸਕਣ, ਸਗੋਂ ਸਮਾਜ ਨੂੰ ਵੀ ਮਜ਼ਬੂਤ ਕਰ ਸਕਣ।
ਜਦੋਂ ਭਾਰਤ ਲਗਭਗ ਹਰ ਖੇਤਰ ਵਿਚ ਭਵਿੱਖ ਵੱਲ ਨਵੇਂ ਰਾਹ ਤਿਆਰ ਕਰ ਰਿਹਾ ਹੈ, ਤਾਂ ਏਕਲਵਿਆ ਮਾਡਲ ਰਿਹਾਇਸ਼ੀ ਸਕੂਲ (ਈ. ਐੱਮ. ਆਰ. ਐੱਸ.) ਕਬਾਇਲੀ ਬੱਚਿਆਂ ਦੇ ਵਿੱਦਿਅਕ ਦ੍ਰਿਸ਼ ਨੂੰ ਚੁੱਪਚਾਪ ਨਵਾਂ ਰੂਪ ਦੇ ਰਹੇ ਹਨ। ‘ਏਕਲਵਿਆ’ ਇਕ ਅਜਿਹਾ ਨੌਜਵਾਨ ਸੀ, ਜਿਸ ਨੂੰ ਰਸਮੀ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝਾ ਰੱਖੇ ਜਾਣ ਦੇ ਬਾਵਜੂਦ, ਉਸ ਨੇ ਤੀਰਅੰਦਾਜ਼ੀ ਦੀ ਕਲਾ ਵਿਚ ਮੁਹਾਰਤ ਹਾਸਲ ਕਰਨ ਲਈ ਅਸਾਧਾਰਨ ਸਮਰਪਣ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਦਾ ਪ੍ਰਦਰਸ਼ਨ ਕੀਤਾ। ਉਸ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਸਿੱਖਣ ਦੀ ਇੱਛਾ ਨਾਲ ਜੁੜੀ ਪ੍ਰਤਿਭਾ ਸਭ ਤੋਂ ਵੱਡੀਆਂ ਰੁਕਾਵਟਾਂ ਨੂੰ ਵੀ ਪਾਰ ਕਰ ਸਕਦੀ ਹੈ।
ਇਸ ਯੋਜਨਾ ਨੂੰ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਅਗਵਾਈ ਹੇਠ ਨਵੀਂ ਰਫ਼ਤਾਰ ਮਿਲੀ। ਸਾਲ 2018-19 ਦੇ ਕੇਂਦਰੀ ਬਜਟ ਵਿਚ ਮੋਦੀ ਜੀ ਨੇ ਇਸ ਯੋਜਨਾ ਦਾ ਦਾਇਰਾ ਵਧਾਇਆ ਅਤੇ ਕਲਪਨਾ ਕੀਤੀ ਕਿ ਸਾਲ 2011 ਦੀ ਜਨਗਣਨਾ ਅਨੁਸਾਰ, 50 ਫ਼ੀਸਦੀ ਤੋਂ ਵੱਧ ਐੱਸ. ਟੀ. ਆਬਾਦੀ ਅਤੇ ਘੱਟੋ-ਘੱਟ 20,000 ਕਬਾਇਲੀ ਵਿਅਕਤੀਆਂ ਵਾਲੇ ਹਰ ਬਲਾਕ ਵਿਚ ਇਕ ਈ. ਐੱਮ. ਆਰ. ਐੱਸ. ਸਥਾਪਤ ਕੀਤਾ ਜਾਵੇ।
ਹੋਰ ਸਕੂਲਾਂ ਵਿਚ ਅਨੁਸੂਚਿਤ ਜਨਜਾਤੀਆਂ ਲਈ 7.5 ਫ਼ੀਸਦੀ ਰਾਖਵੇਂਕਰਨ ਦੇ ਮੁਕਾਬਲੇ, ਈ. ਐੱਮ. ਆਰ. ਐੱਸ. ਸਕੂਲਾਂ ਵਿਚ ਘੱਟੋ-ਘੱਟ 90 ਫ਼ੀਸਦੀ ਵਿਦਿਆਰਥੀ ਕਬਾਇਲੀ ਭਾਈਚਾਰਿਆਂ ਨਾਲ ਸਬੰਧਤ ਹੁੰਦੇ ਹਨ। ਇਸ ਤੋਂ ਵੀ ਵੱਧ ਖ਼ੁਸ਼ੀ ਦੀ ਗੱਲ ਇਹ ਹੈ ਕਿ 50 ਫ਼ੀਸਦੀ ਸੀਟਾਂ ਲੜਕੀਆਂ ਲਈ ਰਾਖਵੀਆਂ ਹਨ, ਜੋ ਇਕ ਬਹੁਤ ਹੀ ਸ਼ਲਾਘਾਯੋਗ ਅਤੇ ਸਕਾਰਾਤਮਕ ਕਦਮ ਹੈ।
ਈ. ਐੱਮ. ਆਰ. ਐੱਸ. 2.0 ਤਹਿਤ ਇਕ ਹੋਰ ਮਹੱਤਵਪੂਰਨ ਕਦਮ ਸਾਲ 2019 ਵਿਚ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਅਧੀਨ ਨੈਸ਼ਨਲ ਐਜੂਕੇਸ਼ਨ ਸੋਸਾਇਟੀ ਫਾਰ ਟ੍ਰਾਈਬਲ ਸਟੂਡੈਂਟਸ (ਐੱਨ. ਈ. ਐੱਸ. ਟੀ. ਐੱਸ.) ਦੀ ਸਥਾਪਨਾ ਸੀ, ਜਿਸ ਦਾ ਮੰਤਵ ਈ. ਐੱਮ. ਆਰ. ਐੱਸ. ਦੀ ਸਥਾਪਨਾ, ਅਸਾਸੇ ਪ੍ਰਦਾਨ ਕਰਨਾ, ਰੱਖ-ਰਖਾਅ, ਕੰਟਰੋਲ ਅਤੇ ਪ੍ਰਬੰਧਨ ਕਰਨਾ ਹੈ। ਇਹ ਯਕੀਨੀ ਬਣਾਉਣ ਲਈ ਕਿ ਹਰੇਕ ਬੱਚੇ ਨੂੰ ਸਹੀ ਵਿੱਦਿਅਕ ਬੁਨਿਆਦ ਮਿਲੇ, ਐੱਨ. ਈ. ਐੱਸ. ਟੀ. ਐੱਸ. ਨੇ ਛੇਵੀਂ ਜਮਾਤ ਵਿਚ ਨਵੇਂ ਦਾਖ਼ਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਲਈ ਉਨ੍ਹਾਂ ਦੀਆਂ ਵਿਅਕਤੀਗਤ ਸਿੱਖਣ ਦੀਆਂ ਲੋੜਾਂ ਦੇ ਮੁਲਾਂਕਣ ਦੇ ਆਧਾਰ ’ਤੇ 65 ਦਿਨਾਂ ਦਾ ਬ੍ਰਿਜ ਕੋਰਸ ਲਾਜ਼ਮੀ ਕੀਤਾ ਹੈ।
ਸ਼ੁਰੂ ਵਿਚ ਹਰੇਕ ਸਕੂਲ ਲਈ ਪੂੰਜੀਗਤ ਲਾਗਤ ਮੈਦਾਨੀ ਖੇਤਰਾਂ ਵਾਸਤੇ 20 ਕਰੋੜ ਰੁਪਏ ਅਤੇ ਉੱਤਰ-ਪੂਰਬੀ, ਪਹਾੜੀ ਅਤੇ ਖੱਬੇ-ਪੱਖੀ ਅੱਤਵਾਦ ਤੋਂ ਪ੍ਰਭਾਵਿਤ ਖੇਤਰਾਂ ਲਈ 24 ਕਰੋੜ ਰੁਪਏ ਨਿਰਧਾਰਤ ਕੀਤੀ ਗਈ ਸੀ। ਸਾਲ 2021 ਵਿਚ ਇਸ ਪੂੰਜੀਗਤ ਲਾਗਤ ਨੂੰ ਹੋਰ ਵਧਾ ਕੇ ਕ੍ਰਮਵਾਰ 37.80 ਕਰੋੜ ਰੁਪਏ ਅਤੇ 48 ਕਰੋੜ ਰੁਪਏ ਕਰ ਦਿੱਤਾ ਗਿਆ।
ਮੌਜੂਦਾ ਵਿੱਤੀ ਸਾਲ 2026-2027 ਦੀ ਸ਼ੁਰੂਆਤ ਤੋਂ ਹਰੇਕ ਵਿਦਿਆਰਥੀ ’ਤੇ ਵੱਧ ਤੋਂ ਵੱਧ ਮਨਜ਼ੂਰਸ਼ੁਦਾ ਸਾਲਾਨਾ ਖ਼ਰਚ 1,47,356 ਰੁਪਏ ਹੈ। ਇਸ ਵਿਚ ਵਿਦਿਆਰਥੀਆਂ ’ਤੇ ਸਿੱਧੇ ਤੌਰ ’ਤੇ ਕੀਤੇ ਜਾਣ ਵਾਲੇ ਖ਼ਰਚੇ, ਜਿਵੇਂ ਕਿ ਭੋਜਨ, ਵਰਦੀ, ਪਾਠ-ਪੁਸਤਕਾਂ, ਮੈਡੀਕਲ ਖ਼ਰਚੇ, ਸੀ. ਬੀ. ਐੱਸ. ਈ. ਫ਼ੀਸ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਲਈ ਵਿਵਸਥਾ ਸ਼ਾਮਲ ਹੈ। ਅੱਜ ਦੀ ਤਰੀਕ ਤੱਕ ਈ. ਐੱਮ. ਆਰ. ਐੱਸ. ਵਿਚ ਕੁੱਲ 1,72,952 ਵਿਦਿਆਰਥੀ ਦਾਖ਼ਲ ਹਨ, ਜਿਨ੍ਹਾਂ ਵਿਚ 84,636 ਲੜਕੇ ਅਤੇ 88,317 ਲੜਕੀਆਂ ਹਨ।
ਅਸੀਂ ਕਲਾਸਰੂਮ ਵਿਚ ਪੜ੍ਹਾਈ ਨੂੰ ਬਦਲਣ ਲਈ ਤਕਨਾਲੋਜੀ ਨੂੰ ਵੀ ਅਪਣਾ ਰਹੇ ਹਾਂ। ਸਕੂਲਾਂ ਦੇ ਕਲਾਸਰੂਮਾਂ ਵਿਚ ਸਮਾਰਟ ਬੋਰਡ ਲਗਾਏ ਗਏ ਹਨ ਅਤੇ ਐੱਮ. ਈ. ਆਈ. ਟੀ. ਵਾਈ. ਤੇ ਹੋਰ ਯੋਜਨਾਵਾਂ ਨਾਲ ਸਾਂਝੇਦਾਰੀ ਤਹਿਤ 365 ਈ. ਐੱਮ. ਆਰ. ਐੱਸ. ਸਕੂਲਾਂ ਨੂੰ ਇਸ ਸਹੂਲਤ ਨਾਲ ਜੋੜਿਆ ਗਿਆ ਹੈ। ‘ਮੇਧਾ ਏ. ਆਈ.’ ਪਲੇਟਫਾਰਮ ਅਧਿਆਪਕਾਂ ਨੂੰ ਪਾਠ ਯੋਜਨਾ ਤਿਆਰ ਕਰਨ, ਸਮੱਗਰੀ ਪੇਸ਼ ਕਰਨ ਅਤੇ ਵਿਦਿਆਰਥੀਆਂ ਦੇ ਮੁਲਾਂਕਣ ਵਿਚ ਸਹਾਇਤਾ ਕਰਦਾ ਹੈ।
ਕਬਾਇਲੀ ਭਾਈਚਾਰਿਆਂ ਦੀ ਵਿਰਾਸਤ, ਸੱਭਿਆਚਾਰ ਅਤੇ ਰਵਾਇਤਾਂ ਨੂੰ ਸੰਭਾਲਣ ਅਤੇ ਉਨ੍ਹਾਂ ਦਾ ਜਸ਼ਨ ਮਨਾਉਣ ਲਈ ਈ. ਐੱਮ. ਆਰ. ਐੱਸ. ਵਿਚ ‘ਟ੍ਰਾਈਬਲ ਕਾਰਨਰ’ ਸਥਾਪਤ ਕੀਤੇ ਗਏ ਹਨ। ਜਿੱਥੇ ਲੋੜੀਂਦੀ ਜ਼ਮੀਨ ਉਪਲਬਧ ਹੈ, ਉੱਥੇ ਨਵੇਂ ਸਕੂਲਾਂ ਵਿਚ ਖੋ-ਖੋ, ਬਾਸਕਟਬਾਲ, ਦੌੜਨ ਲਈ ਟਰੈਕ ਅਤੇ ਤੀਰਅੰਦਾਜ਼ੀ ਵਰਗੀਆਂ ਖੇਡ ਸਹੂਲਤਾਂ ਉਪਲਬਧ ਹਨ। ਸਕੂਲਾਂ ਵਿਚ ਕਿੱਤਾਮੁਖੀ ਸਿਖਲਾਈ ਕੇਂਦਰਾਂ ਦੇ ਨਾਲ-ਨਾਲ ਕਲਾ, ਸੰਗੀਤ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਵੀ ਥਾਵਾਂ ਤਿਆਰ ਕੀਤੀਆਂ ਗਈਆਂ ਹਨ। ਸੀ. ਬੀ. ਐੱਸ. ਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਨਰ-ਆਧਾਰਿਤ ਵਿਸ਼ੇ ਵੀ ‘ਸੰਕਲਪ ਪ੍ਰਾਜੈਕਟ’ ਤਹਿਤ ਸ਼ੁਰੂ ਕੀਤੇ ਗਏ ਹਨ।
ਈ. ਐੱਮ. ਆਰ. ਐੱਸ. ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ‘ਜਨਜਾਤੀਯ ਗੌਰਵ ਦਿਵਸ’ ਦੀ ਭਾਵਨਾ ਨੂੰ ਸੱਚੀ ਸ਼ਰਧਾਂਜਲੀ ਹਨ, ਜੋ ਹੁਣ ਆਈ. ਆਈ. ਟੀਜ਼., ਏਮਜ਼ ਅਤੇ ਹੋਰ ਪ੍ਰਮੁੱਖ ਪੇਸ਼ੇਵਰ ਅਤੇ ਉੱਚ ਸਿੱਖਿਆ ਸੰਸਥਾਵਾਂ ਵਿਚ ਦਾਖ਼ਲਾ ਹਾਸਲ ਕਰ ਰਹੇ ਹਨ। ਸਾਡੇ ਕਬਾਇਲੀ ਬੱਚਿਆਂ ਨੂੰ ਬਿਨਾਂ ਕਿਸੇ ਹੱਦ ਦੇ ਸੁਪਨੇ ਦੇਖਣੇ ਚਾਹੀਦੇ ਹਨ, ਉੱਤਮਤਾ ਹਾਸਲ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਆਤਮਵਿਸ਼ਵਾਸ ਨਾਲ ਭਰੇ ਆਗੂਆਂ, ਨਵੀਨਤਾਕਾਰਾਂ ਅਤੇ ਰਾਸ਼ਟਰ ਨਿਰਮਾਤਾਵਾਂ ਵਜੋਂ ਉੱਭਰਨਾ ਚਾਹੀਦਾ ਹੈ। ਇਹ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਦਿੱਤਾ ਗਿਆ ਪ੍ਰੇਰਣਾਦਾਇਕ ਸੱਦਾ ਹੈ।
-ਸੀ. ਪੀ. ਰਾਧਾਕ੍ਰਿਸ਼ਨਨ
(ਭਾਰਤ ਦੇ ਉਪ-ਰਾਸ਼ਟਰਪਤੀ)
