ਟਰੰਪ ਦੇ ਟੈਰਿਫ ਅਤੇ ਜੰਗ ਨੇ ਵੋਟਰਾਂ ਦੇ ਗੁੱਸੇ ਨੂੰ ਕਿਵੇਂ ਭੜਕਾਇਆ

Friday, Nov 13, 2026 - 12:56 PM (IST)

ਟਰੰਪ ਦੇ ਟੈਰਿਫ ਅਤੇ ਜੰਗ ਨੇ ਵੋਟਰਾਂ ਦੇ ਗੁੱਸੇ ਨੂੰ ਕਿਵੇਂ ਭੜਕਾਇਆ

ਮਹਿੰਗਾਈ ਦੇ ਕਹਿਰ ਤੋਂ ਸਾਵਧਾਨ ਰਹੋ। ਸਿਰਫ 2 ਸਾਲਾਂ ’ਚ ਇਸ ਨੇ 2 ਅਮਰੀਕੀ ਰਾਸ਼ਟਰਪਤੀਆਂ ਨੂੰ ਪਸਤ ਕਰ ਦਿੱਤਾ ਹੈ-ਇਕ ਨੂੰ ਚੋਣਾਂ ’ਚ, ਦੂਜੇ ਨੂੰ ਸਿਆਸੀ ਤੌਰ ’ਤੇ ਗੈਰ-ਪ੍ਰਾਸੰਗਿਕ ਬਣਾ ਦਿੱਤਾ। 2024 ’ਚ, 9 ਫੀਸਦੀ ਤੋਂ ਵੱਧ ਮਹਿੰਗਾਈ ਤੋਂ ਬਾਅਦ ਵੋਟਰਾਂ ਨੇ ਜੋਅ ਬਾਈਡੇਨ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਨੂੰ ਨਕਾਰ ਦਿੱਤਾ। ਇਸ ਹਫ਼ਤੇ, ਉਨ੍ਹਾਂ ਨੇ ਡੋਨਾਲਡ ਟਰੰਪ ਨੂੰ ਕਰਾਰੀ ਚੋਣ ਹਾਰ ਦਿੱਤੀ, ਜਿਸ ਨਾਲ ਉਹ ਆਪਣੇ ਕਾਰਜਕਾਲ ਦੇ ਬਾਕੀ 2 ਸਾਲਾਂ ਲਈ ਇਕ ਤਰ੍ਹਾਂ ਨਾਲ ‘ਕਮਜ਼ੋਰ ਰਾਸ਼ਟਰਪਤੀ’ ਬਣ ਗਏ। ਇਸ ਦਾ ਕਾਰਨ ਜੀਵਨ ਨਿਰਬਾਹ ਦੀ ਲਾਗਤ ’ਚ ਤੇਜ਼ ਵਾਧਾ ਸੀ, ਜਿਸ ’ਚ 1 ਸਾਲ ’ਚ ਪੈਟਰੋਲ ਦੀਆਂ ਕੀਮਤਾਂ ’ਚ ਇਕ-ਤਿਹਾਈ ਤੋਂ ਵੱਧ ਹੋਏ ਭਾਰੀ ਵਾਧੇ ਨੇ ਸਥਿਤੀ ਨੂੰ ਹੋਰ ਵਿਗਾੜ ਦਿੱਤਾ।

ਟਰੰਪ ਦੀ ਸਭ ਤੋਂ ਵੱਡੀ ਗ਼ਲਤੀ ਬਾਈਡੇਨ ਦੀ ਹਾਰ ਨੂੰ ਨਿੱਜੀ ਤੌਰ ’ਤੇ ਲੈਣਾ ਸੀ। ਉਨ੍ਹਾਂ ਨੇ ਆਪਣੇ ਪਿਛਲੇ ਰਾਸ਼ਟਰਪਤੀ ਨੂੰ ਵੋਟਰਾਂ ਵੱਲੋਂ ਨਕਾਰੇ ਜਾਣ ਨੂੰ ਆਪਣੇ ਅਤੇ ਆਪਣੀਆਂ ਨੀਤੀਆਂ ਦੇ ਸਮਰਥਨ ਵਜੋਂ ਗ਼ਲਤ ਸਮਝ ਲਿਆ। ਉਨ੍ਹਾਂ ਨੇ ਆਪਣੀ ਜਿੱਤ ਨੂੰ ਇਕ ਖੁੱਲ੍ਹੀ ਛੋਟ ਮੰਨ ਲਿਆ, ਉਨ੍ਹਾਂ ਨੂੰ ਭਰੋਸਾ ਸੀ ਕਿ ਉਹ ਲੱਗਭਗ ਕੁਝ ਵੀ ਕਰ ਸਕਦੇ ਹਨ। ਬਾਅਦ ’ਚ ਪਤਾ ਲੱਗਾ ਕਿ ਉਹ ਵ੍ਹਾਈਟ ਹਾਊਸ ’ਚ ਅਜਿਹੀਆਂ ਨੀਤੀਆਂ ਨਾਲ ਆਏ ਸਨ, ਜੋ ਲੱਗਭਗ ਮਹਿੰਗਾਈ ਨੂੰ ਹੁਲਾਰਾ ਦੇਣ ਲਈ ਹੀ ਬਣਾਈਆਂ ਗਈਆਂ ਸਨ। ਟਰੰਪ ਨੇ ਵਾਰ-ਵਾਰ ਟੈਰਿਫ ਪ੍ਰਤੀ ਆਪਣਾ ਪ੍ਰੇਮ ਪ੍ਰਗਟਾਇਆ, ਇਹ ਵਾਅਦਾ ਕਰਦਿਆਂ ਕਿ ਉਹ ਅਮਰੀਕੀ ਖ਼ੁਸ਼ਹਾਲੀ ਦੇ ਸੁਨਹਿਰੀ ਯੁੱਗ ਦੀ ਸ਼ੁਰੂਆਤ ਕਰਨਗੇ ਪਰ ਬਾਜ਼ਾਰਾਂ ਦਾ ਸੁਨੇਹਾ ਕੁਝ ਹੋਰ ਹੀ ਸੀ-ਟੈਰਿਫ ਨਾਲ ਕੀਮਤਾਂ ਵਧਣਗੀਆਂ। ਉਹ ਸਹੀ ਸਨ। ਟੈਰਿਫ ਨੇ ਦਰਾਮਦ ਨੂੰ ਮਹਿੰਗਾ ਕਰ ਦਿੱਤਾ, ਅਮਰੀਕੀ ਕਾਰੋਬਾਰਾਂ ਲਈ ਲਾਗਤ ਵਧਾ ਦਿੱਤੀ ਅਤੇ ਅਖੀਰ ਇਸ ਦਾ ਜ਼ਿਆਦਾਤਰ ਬੋਝ ਅਮਰੀਕੀ ਖ਼ਪਤਕਾਰਾਂ ’ਤੇ ਪੈ ਗਿਆ।

ਟਰੰਪ ਨੇ ਪਰਵਾਸ ਨੂੰ ਸੀਮਤ ਕਰਨਾ ਆਪਣੇ ਰਾਸ਼ਟਰਪਤੀ ਕਾਰਜਕਾਲ ਦਾ ਮੁੱਖ ਮੁੱਦਾ ਬਣਾ ਲਿਆ। ਘੱਟ ਕਾਮਿਆਂ ਦਾ ਮਤਲਬ ਇਹ ਨਹੀਂ ਸੀ ਕਿ ਅਮਰੀਕੀਆਂ ਲਈ ਵੱਧ ਨੌਕਰੀਆਂ ਹੋਣਗੀਆਂ। ਇਸ ਦੀ ਬਜਾਏ, ਮੁਕਾਬਲਤਨ ਸਸਤੀ ਕਿਰਤ ਦੀ ਘਟਦੀ ਸਪਲਾਈ ਨੇ ਸੇਵਾਵਾਂ ਅਤੇ ਉਤਪਾਦਾਂ ਦੀ ਲਾਗਤ ਵਧਾ ਦਿੱਤੀ। ਅਮਰੀਕੀਆਂ ਨੂੰ ਨੌਕਰੀਆਂ ਦੀ ਵਾਪਸੀ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਕਦੇ ਪੂਰਾ ਨਹੀਂ ਹੋਇਆ।

ਪਰ ਟਰੰਪ ਦੀ ਸਭ ਤੋਂ ਵੱਡੀ ਗ਼ਲਤਫ਼ਹਿਮੀ ਵਿਦੇਸ਼ ਨੀਤੀ ਨੂੰ ਲੈ ਕੇ ਸੀ। ਵੈਨੇਜ਼ੁਏਲਾ ’ਚ ਅਮਰੀਕੀ ਫ਼ੌਜੀ ਸ਼ਕਤੀ ਦਾ ਪ੍ਰਦਰਸ਼ਨ ਦੇਖਣ ਤੋਂ ਬਾਅਦ, ਉਨ੍ਹਾਂ ਨੂੰ ਲੱਗਣ ਲੱਗਾ ਕਿ ਫ਼ੌਜੀ ਕਾਰਵਾਈ ਨਾਲ ਹੋਰ ਥਾਵਾਂ ’ਤੇ ਵੀ ਇਸੇ ਤਰ੍ਹਾਂ ਦੇ ਤੁਰੰਤ ਨਤੀਜੇ ਮਿਲ ਸਕਦੇ ਹਨ। ਈਰਾਨ ਇਕ ਬਿਲਕੁਲ ਵੱਖਰਾ ਮਾਮਲਾ ਸਾਬਤ ਹੋਇਆ। ਜੰਗ ਸ਼ੁਰੂ ਕਰਨਾ ਮੁਕਾਬਲਤਨ ਸੌਖਾ ਹੈ, ਇਸ ਨੂੰ ਖ਼ਤਮ ਕਰਨਾ ਨਹੀਂ। ਇਸ ਲਈ ਦੂਜੀ ਧਿਰ ਦੀ ਸਹਿਮਤੀ ਜ਼ਰੂਰੀ ਹੈ।

ਬਾਜ਼ਾਰਾਂ ਨੇ ਟਰੰਪ ਨੂੰ ਇਕ ਹੋਰ ਚਿਤਾਵਨੀ ਦਿੱਤੀ-ਈਰਾਨ ਨਾਲ ਜੁੜੀ ਜੰਗ ਤੇਲ ਅਤੇ ਗੈਸ ਦੀਆਂ ਕੀਮਤਾਂ ਨੂੰ ਆਸਮਾਨ ਛੂਹਣ ’ਤੇ ਮਜਬੂਰ ਕਰ ਸਕਦੀ ਹੈ। ਉਨ੍ਹਾਂ ਨੂੰ ਟਰੰਪ ਨੇ ਹੰਕਾਰ ਭਰੇ ਰਵੱਈਏ ਨਾਲ ਜਵਾਬ ਦਿੱਤਾ, ਜਿਸ ਨਾਲ ਇਹ ਸੰਕੇਤ ਮਿਲਿਆ ਕਿ ਉਹ ਅਮਰੀਕੀ ਖ਼ਪਤਕਾਰਾਂ ਨੂੰ ਇਸ ਦੀ ਕੀਮਤ ਚੁਕਾਉਣ ਲਈ ਤਿਆਰ ਹਨ। ਅਪ੍ਰੈਲ ਅਤੇ ਮਈ ’ਚ, ਉਨ੍ਹਾਂ ਨੇ ਕਿਹਾ ਸੀ ਕਿ ਈਰਾਨ ’ਤੇ ਅਮਰੀਕੀ ਜੰਗ ਦੇ ਨਤੀਜੇ ਵਜੋਂ ਤੇਲ ਦੀਆਂ ਕੀਮਤਾਂ 200 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ। ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਸਾਬਤ ਹੋਈ। ਟਰੰਪ ਨੇ ਨਾ ਤਾਂ ਕੋਈ ਪਛਤਾਵਾ ਦਿਖਾਇਆ ਅਤੇ ਨਾ ਹੀ ਆਪਣੇ ਰੁਖ਼ ’ਚ ਤਬਦੀਲੀ ਦਾ ਕੋਈ ਸੰਕੇਤ ਦਿੱਤਾ।

ਆਰਥਿਕ ਤੰਗੀ ਅਮਰੀਕੀਆਂ ਦੀ ਤਨਖ਼ਾਹ ’ਚ ਸਾਫ਼ ਦਿਖਾਈ ਦੇ ਰਹੀ ਸੀ। ਔਸਤ ਪ੍ਰਤੀ ਘੰਟਾ ਆਮਦਨ ’ਚ ਨਾਮਾਤਰ ਤੌਰ ’ਤੇ ਲੱਗਭਗ 3 ਫੀਸਦੀ ਦਾ ਵਾਧਾ ਹੋਇਆ, ਜਦੋਂ ਕਿ ਖ਼ਪਤਕਾਰ ਕੀਮਤਾਂ ’ਚ 3.7 ਫੀਸਦੀ ਦਾ ਵਾਧਾ ਹੋਇਆ। ਇਸ ਤਰ੍ਹਾਂ, ਔਸਤ ਅਮਰੀਕੀ ਦੀ ਖ਼ਰੀਦ ਸ਼ਕਤੀ ’ਚ ਲੱਗਭਗ 0.7 ਫੀਸਦੀ ਦੀ ਗਿਰਾਵਟ ਆਈ।

ਕੀ ਟਰੰਪ ਆਪਣਾ ਰੁਖ਼ ਬਦਲਣਗੇ? ਆਸ਼ਾਵਾਦੀ ਉਮੀਦ ਤਾਂ ਇਹੀ ਕਰਦੇ ਹਨ ਪਰ ਮੈਨੂੰ ਅਜਿਹਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਉਹ ਟੈਰਿਫ ਪ੍ਰਤੀ ਆਪਣੇ ਲਗਾਅ ਨੂੰ ਛੱਡ ਦੇਣਗੇ ਜਾਂ ਪਰਵਾਸ ’ਤੇ ਪਾਬੰਦੀ ਲਾਉਣ ਲਈ ਕਾਰਜਕਾਰੀ ਹੁਕਮਾਂ ਦੀ ਵਰਤੋਂ ਕਰਨਾ ਬੰਦ ਕਰ ਦੇਣਗੇ। ਉਹ ਈਰਾਨ ਨਾਲ ਜੰਗ ਖ਼ਤਮ ਕਰਨ ਲਈ ਬੇਤਾਬ ਹਨ ਪਰ ਹੁਣ ਇਹ ਪੂਰੀ ਤਰ੍ਹਾਂ ਉਨ੍ਹਾਂ ਦੇ ਹੱਥ ’ਚ ਨਹੀਂ ਹੈ।

ਹੁਣ ਜਦੋਂ ਪ੍ਰਤੀਨਿਧੀ ਸਭਾ ਅਤੇ ਸੈਨੇਟ ਦੋਵੇਂ ਡੈਮੋਕ੍ਰੇਟ ਦੇ ਕੰਟਰੋਲ ’ਚ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਨੀਤੀਆਂ ਨੂੰ ਪਲਟਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜਿਨ੍ਹਾਂ ਨਾਲ ਅਮਰੀਕੀਆਂ ’ਤੇ ਆਰਥਿਕ ਬੋਝ ਪਿਆ ਹੈ, ਟਰੰਪ ਵੱਲੋਂ ਲਾਏ ਗਏ ਟੈਰਿਫ ਨੂੰ ਰੱਦ ਕਰਨ ਲਈ ਕਾਨੂੰਨ ਬਣਾਉਣਾ ਚਾਹੀਦਾ ਹੈ ਅਤੇ ਵਿਦੇਸ਼ੀ ਕਾਮਿਆਂ ਦੇ ਕਾਨੂੰਨੀ ਪਰਵਾਸ ਅਤੇ ਦਾਖ਼ਲੇ ’ਤੇ ਉਨ੍ਹਾਂ ਦੀਆਂ ਪਾਬੰਦੀਆਂ ਨੂੰ ਚੁਣੌਤੀ ਦੇਣੀ ਚਾਹੀਦੀ ਹੈ। ਸਭ ਤੋਂ ਵਧ ਕੇ, ਉਨ੍ਹਾਂ ਨੂੰ ਈਰਾਨ ਨਾਲ ਜੰਗ ਪ੍ਰਤੀ ਆਪਣਾ ਵਿਰੋਧ ਸਪੱਸ਼ਟ ਅਤੇ ਬਿਨਾਂ ਸ਼ਰਤ ਪ੍ਰਗਟਾਉਣਾ ਚਾਹੀਦਾ ਹੈ। ਜੇਕਰ ਉਹ ਅਗਲੇ 2 ਸਾਲਾਂ ਦੀ ਵਰਤੋਂ ਉਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਕਰਦੇ ਹਨ, ਜਿਨ੍ਹਾਂ ਨੂੰ ਅਮਰੀਕੀ ਵੋਟਰਾਂ ਨੇ ਵੋਟਿੰਗ ਰਾਹੀਂ ਪ੍ਰਗਟਾਇਆ ਹੈ, ਤਾਂ ਉਹ 2028 ’ਚ ਵ੍ਹਾਈਟ ਹਾਊਸ ਲਈ ਆਪਣਾ ਪੱਖ ਰੱਖਣ ’ਚ ਕਿਤੇ ਵੱਧ ਮਜ਼ਬੂਤ ਸਥਿਤੀ ’ਚ ਹੋਣਗੇ।

- ਨੀਰਜ ਕੌਸ਼ਲ

(‘ਬੀ. ਐੱਸ.’ ਤੋਂ ਧੰਨਵਾਦ ਸਹਿਤ)


author

Anmol Tagra

Content Editor

Related News