ਦਿੱਲੀ-ਐੱਨ. ਸੀ. ਆਰ. ’ਚ ਪ੍ਰਦੂਸ਼ਣ ਦਾ ਹੱਲ ਕੀ ਹੋਵੇ

Friday, Nov 13, 2026 - 04:05 PM (IST)

ਦਿੱਲੀ-ਐੱਨ. ਸੀ. ਆਰ. ’ਚ ਪ੍ਰਦੂਸ਼ਣ ਦਾ ਹੱਲ ਕੀ ਹੋਵੇ

ਦੀਵਾਲੀ ਦੇ ਅਗਲੇ ਦਿਨ ਦਿੱਲੀ ’ਚ ਏ. ਕਿਊ. ਆਈ. ਬੜੇ ਖ਼ਤਰਨਾਕ ਪੱਧਰ ’ਤੇ ਪਹੁੰਚ ਗਿਆ ਸੀ ਪਰ 11 ਨਵੰਬਰ ਨੂੰ ਦਿੱਲੀ ਦੀ ਔਸਤ ਹਵਾ ਦੀ ਗੁਣਵੱਤਾ ’ਚ ਮਾਮੂਲੀ ਸੁਧਾਰ ਦਿਖਾਈ ਦਿੱਤਾ। ਸਵੇਰੇ 7 ਵਜੇ ਏ. ਕਿਊ. ਆਈ. ਲੱਗਭਗ 299 ’ਤੇ ਪਹੁੰਚਿਆ, ਜੋ ‘ਖ਼ਰਾਬ’ ਸ਼੍ਰੇਣੀ ’ਚ ਆਉਂਦਾ ਹੈ। ਕੁਝ ਦਿਨ ਪਹਿਲਾਂ ਇਹ ਅੰਕੜਾ ‘ਬਹੁਤ ਖ਼ਰਾਬ ਅਤੇ ਗੰਭੀਰ’ ਸ਼੍ਰੇਣੀ ’ਚ ਸੀ। ਤੇਜ਼ ਹਵਾਵਾਂ ਨੇ ਕੁਝ ਪ੍ਰਦੂਸ਼ਕਾਂ ਨੂੰ ਖਿੰਡਾਅ ਦਿੱਤਾ ਪਰ ਇਹ ਰਾਹਤ ਨਾਜ਼ੁਕ ਹੈ। ਚਾਂਦਨੀ ਚੌਕ, ਆਈ. ਆਈ. ਟੀ. ਦਿੱਲੀ, ਡੀ. ਟੀ. ਯੂ., ਨਾਰਥ ਕੈਂਪਸ ਅਤੇ ਛਾਵਲਾ ਵਰਗੇ ਕਈ ਸਟੇਸ਼ਨਾਂ ’ਤੇ ਏ. ਕਿਊ. ਆਈ. ਅਜੇ ਵੀ 370-396 ਦੇ ਆਸ-ਪਾਸ ਹੈ। ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਅਨੁਸਾਰ ਅਗਲੇ ਕੁਝ ਦਿਨ ਵੀ ਸਥਿਤੀ ‘ਬਹੁਤ ਖ਼ਰਾਬ’ ਬਣੀ ਰਹਿਣ ਦੀ ਸੰਭਾਵਨਾ ਹੈ।

8 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਦਿੱਲੀ ਦਾ ਔਸਤ ਏ. ਕਿਊ. ਆਈ. 376 ਦਰਜ ਹੋਇਆ, ਜੋ ਪਿਛਲੇ 5 ਸਾਲਾਂ ’ਚ ਤਿਉਹਾਰ ਵਾਲੇ ਦਿਨ ਦਾ ਸਭ ਤੋਂ ਉੱਚਾ ਅੰਕੜਾ ਸੀ। ਪਟਾਕਿਆਂ ’ਤੇ ਪਾਬੰਦੀ ਦੇ ਬਾਵਜੂਦ ਕਈ ਥਾਵਾਂ ’ਤੇ ਇਨ੍ਹਾਂ ਦੀ ਵਰਤੋਂ ਹੋਈ। ਨਾਲ ਹੀ ਮੌਸਮੀ ਹਾਲਾਤ ਵੀ ਉਲਟ ਰਹੇ। ਗ੍ਰੈਪ ਦਾ ਸਟੇਜ-3, 6 ਨਵੰਬਰ ਨੂੰ ਅਹਿਤਿਆਤੀ ਕਦਮ ਵਜੋਂ ਲਾਗੂ ਕੀਤਾ ਗਿਆ ਸੀ, ਜਦੋਂ ਏ. ਕਿਊ. ਆਈ. 382 ’ਤੇ ਪਹੁੰਚ ਗਿਆ। ਸਟੇਜ-1 (21 ਅਕਤੂਬਰ ਤੋਂ) ਅਤੇ ਸਟੇਜ-2 (2 ਨਵੰਬਰ ਤੋਂ) ਪਹਿਲਾਂ ਤੋਂ ਲਾਗੂ ਸਨ। ਉਸਾਰੀ ਸਰਗਰਮੀਆਂ ’ਤੇ ਸਖ਼ਤੀ, ਪੁਰਾਣੇ ਵਾਹਨਾਂ ’ਤੇ ਪਾਬੰਦੀ, ਸਕੂਲਾਂ ’ਚ ਹਾਈਬ੍ਰਿਡ ਮੋਡ ਅਤੇ ਦਫ਼ਤਰਾਂ ’ਚ ਵਰਕ ਫਰਾਮ ਹੋਮ ਵਰਗੇ ਕਦਮ ਜਾਰੀ ਹਨ। ਪਾਣੀ ਦਾ ਛਿੜਕਾਅ ਕਰਨ ਵਾਲੀਆਂ ਮਸ਼ੀਨਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।

ਹਰਿਆਣਾ ’ਚ ਪਰਾਲੀ ਸਾੜਨ ਦੇ ਮਾਮਲੇ ਲੰਬੇ ਸਮੇਂ ਤੋਂ ਘੱਟ ਰਹੇ ਹਨ। ਇਸ ਸੀਜ਼ਨ ’ਚ ਵੀ ਗਿਣਤੀ ਮੁਕਾਬਲਤਨ ਕਾਬੂ ਹੇਠ ਰਹੀ ਹੈ। ਪੰਜਾਬ ’ਚ ਹਾਲਾਂਕਿ ਪਿਛਲੇ ਸਾਲਾਂ ਦੇ ਮੁਕਾਬਲੇ ਕੁੱਲ ਗਿਣਤੀ ਕਾਫ਼ੀ ਘਟੀ ਹੈ (2020 ਦੇ ਮੁਕਾਬਲੇ 90 ਫੀਸਦੀ ਤੋਂ ਵੱਧ ਕਮੀ) ਪਰ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਕੁਝ ਵੱਧ ਮਾਮਲੇ ਸਾਹਮਣੇ ਆਏ ਹਨ। ਦੀਵਾਲੀ ਵਾਲੀ ਰਾਤ ਪੰਜਾਬ ’ਚ ਸੈਟੇਲਾਈਟ ਰਾਹੀਂ 1000 ਤੋਂ ਵੱਧ ਅੱਗ ਲੱਗਣ ਦੇ ਮਾਮਲੇ ਦਰਜ ਹੋਏ, ਜੋ ਪੂਰੇ ਸੀਜ਼ਨ ਦਾ ਇਕ ਦਿਨ ਦਾ ਸਭ ਤੋਂ ਉੱਚਾ ਅੰਕੜਾ ਸੀ।

ਮਸ਼ੀਨਾਂ ਦੀ ਵੰਡ, ਬਾਇਓਗੈਸ ਪਲਾਂਟ ਅਤੇ ਪਰਾਲੀ ਵੇਚਣ ਦੇ ਬਾਜ਼ਾਰ ਨੇ ਹਰਿਆਣਾ ’ਚ ਮਦਦ ਕੀਤੀ ਹੈ ਪਰ ਪੰਜਾਬ ’ਚ ਸਮੇਂ ਸਿਰ ਖੇਤ ਖ਼ਾਲੀ ਕਰਨ ਦਾ ਦਬਾਅ ਅਜੇ ਵੀ ਬਣਿਆ ਹੋਇਆ ਹੈ। ਨਾਲ ਹੀ, ਦਿੱਲੀ-ਐੱਨ. ਸੀ. ਆਰ. ਦਾ ਸਾਲ ਭਰ ਦਾ ਪ੍ਰਦੂਸ਼ਣ ਮੁੱਖ ਤੌਰ ’ਤੇ ਸਥਾਨਕ ਸਰੋਤਾਂ, ਭਾਵ ਵਾਹਨਾਂ ਦੇ ਧੂੰਏਂ, ਸੜਕ ਤੇ ਉਸਾਰੀ ਦੀ ਧੂੜ ਅਤੇ ਉਦਯੋਗਿਕ ਸਰਗਰਮੀਆਂ ਆਦਿ ਤੋਂ ਆਉਂਦਾ ਹੈ। ਮੌਸਮੀ ਪਰਾਲੀ ਅਤੇ ਦੀਵਾਲੀ ਦੇ ਪਟਾਕੇ ਉਸ ਉੱਤੇ ਵਾਧੂ ਬੋਝ ਪਾਉਂਦੇ ਹਨ।

ਅਜਿਹੇ ’ਚ ਗ੍ਰੈਪ ਦੇ ਵੱਖ-ਵੱਖ ਪੜਾਅ ਲਾਗੂ ਹੋਣ ਦੇ ਬਾਵਜੂਦ ਪ੍ਰਦੂਸ਼ਣ ਦਾ ਪੱਧਰ ਦੀਵਾਲੀ ਦੇ ਆਸ-ਪਾਸ ਚੜ੍ਹਿਆ ਅਤੇ ਹੁਣ ਹਵਾ ਦੇ ਸਹਾਰੇ ਥੋੜ੍ਹਾ ਹੇਠਾਂ ਉਤਰਿਆ। ਪਿਛਲੇ ਸਾਲਾਂ ਦਾ ਤਜਰਬਾ ਇਹੀ ਦੱਸਦਾ ਹੈ ਕਿ ਜਦੋਂ ਏ. ਕਿਊ. ਆਈ. ਪਹਿਲਾਂ ਹੀ ਬਹੁਤ ਖ਼ਰਾਬ ਹੋ ਜਾਂਦਾ ਹੈ, ਉਦੋਂ ਸਖ਼ਤ ਪਾਬੰਦੀਆਂ ਲਾਉਣ ਦਾ ਮਤਲਬ ਹੈ ਕਿ ਪਹਿਲਾਂ ਦੀ ਤਿਆਰੀ ਅਧੂਰੀ ਰਹੀ। ਵਾਹਨਾਂ ਦੀ ਜਾਂਚ ਅਤੇ ਉਸਾਰੀ ’ਤੇ ਪਾਬੰਦੀਆਂ, ਟ੍ਰੈਫਿਕ ਤੇ ਆਰਥਿਕ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ ਪਰ ਇਨ੍ਹਾਂ ਦਾ ਲੰਬੇ ਸਮੇਂ ਦਾ ਅਸਰ ਸੀਮਤ ਰਹਿੰਦਾ ਹੈ।

ਮਾਹਿਰ ਮੰਨਦੇ ਹਨ ਕਿ ਹਰ ਸਾਲ ਇਨ੍ਹਾਂ ਦਿਨਾਂ ’ਚ ਪ੍ਰਦੂਸ਼ਣ ਦੇ ਇਸ ਚੱਕਰ ’ਚੋਂ ਨਿਕਲਣ ਲਈ ਢਾਂਚਾਗਤ ਕਦਮ ਜ਼ਰੂਰੀ ਹਨ। ਜਨਤਕ ਟਰਾਂਸਪੋਰਟ ਅਤੇ ਵਾਹਨ ਤਬਦੀਲੀ—ਮੈਟਰੋ, ਆਰ. ਆਰ. ਟੀ. ਐੱਸ. ਅਤੇ ਇਲੈਕਟ੍ਰਿਕ ਬੱਸਾਂ ਦੀ ਆਵਾਜਾਈ ਤੇ ਆਖ਼ਰੀ ਮੀਲ ਤੱਕ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਕਰਨਾ। ਗੈਰ-ਬੀ. ਐੱਸ.-6 ਵਾਹਨਾਂ ਨੂੰ ਪੜਾਅਵਾਰ ਹਟਾਉਣ ਦੇ ਨਾਲ ਇਲੈਕਟ੍ਰਿਕ ਵਾਹਨਾਂ ਲਈ ਬੁਨਿਆਦੀ ਢਾਂਚਾ ਅਤੇ ਉਤਸ਼ਾਹ ਵਧਾਉਣਾ। ਪਾਰਕਿੰਗ ਨੀਤੀ ਨੂੰ ਪੂਰੇ ਐੱਨ. ਸੀ. ਆਰ. ’ਚ ਇਕਸਾਰ ਅਤੇ ਪ੍ਰਭਾਵਸ਼ਾਲੀ ਬਣਾਉਣਾ। ਧੂੜ ’ਤੇ ਕਾਬੂ ਸਾਲ ਭਰ ਚੱਲੇ—ਉਸਾਰੀ ਵਾਲੀਆਂ ਥਾਵਾਂ ’ਤੇ ਐਂਟੀ-ਸਮੌਗ ਗੰਨ, ਕਵਰਿੰਗ ਅਤੇ ਨਿਯਮਿਤ ਨਿਰੀਖਣ ਲਾਜ਼ਮੀ ਕੀਤੇ ਜਾਣ। ਸੜਕਾਂ ਦੀ ਮਸ਼ੀਨੀ ਸਫ਼ਾਈ ਨੂੰ ਸਿਰਫ਼ ਸਰਦੀਆਂ ਤੱਕ ਸੀਮਤ ਨਾ ਰੱਖ ਕੇ ਪੂਰਾ ਸਾਲ ਚਲਾਇਆ ਜਾਵੇ।

ਪਰਾਲੀ ਦਾ ਆਰਥਿਕ ਹੱਲ ਲੱਭਿਆ ਜਾਵੇ-ਜੇਕਰ ਹਰਿਆਣਾ ’ਚ ਪਰਾਲੀ ਦੇ ਅੰਕੜੇ ਘਟੇ ਹਨ, ਤਾਂ ਇਸ ਮਾਡਲ ਨੂੰ ਪੰਜਾਬ ’ਚ ਹੋਰ ਮਜ਼ਬੂਤ ਕਰਨਾ ਹੋਵੇਗਾ। ਸੁਪਰ ਸੀਡਰ ਵਰਗੀਆਂ ਮਸ਼ੀਨਾਂ ਦੀ ਉਪਲਬਧਤਾ, ਪਰਾਲੀ ਆਧਾਰਿਤ ਉਦਯੋਗਾਂ ਅਤੇ ਬਾਇਓਗੈਸ ਪਲਾਂਟਾਂ ਦਾ ਵਿਸਥਾਰ ਅਤੇ ਕਿਸਾਨਾਂ ਨੂੰ ਸਮੇਂ ਸਿਰ ਬਦਲ ਦੇਣਾ। ਸ਼ਾਮ ਵੇਲੇ ਪਰਾਲੀ ਸਾੜਨ ਦੀ ਨਿਗਰਾਨੀ ਲਈ ਬਿਹਤਰ ਟੈਕਨਾਲੋਜੀ ਅਤੇ ਜ਼ਮੀਨੀ ਪੱਧਰ ’ਤੇ ਕਾਨੂੰਨ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਜੰਗੀ ਪੱਧਰ ’ਤੇ ਵਧਾਉਣਾ ਹੋਵੇਗਾ। ਸਰੋਤ-ਆਧਾਰਿਤ ਪਾਰਦਰਸ਼ੀ ਨਿਗਰਾਨੀ—ਅਸਲ ਸਮੇਂ ’ਚ ਵਾਹਨ, ਧੂੜ, ਉਦਯੋਗ ਅਤੇ ਖੇਤੀ ਰਹਿੰਦ-ਖੂੰਹਦ ਦਾ ਯੋਗਦਾਨ ਖੁੱਲ੍ਹੇ ਡਾਟਾ ਦੇ ਰੂਪ ’ਚ ਉਪਲਬਧ ਹੋਵੇ। ਇਸ ਨਾਲ ਨੀਤੀਗਤ ਤਰਜੀਹਾਂ ਸਪੱਸ਼ਟ ਹੋਣਗੀਆਂ। ਖੇਤਰੀ ਤਾਲਮੇਲ—ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚਾਲੇ ਸਾਂਝੇ ਟੀਚੇ ਅਤੇ ਜਵਾਬਦੇਹੀ ਦੇ ਨਿਯਮ ਬਣਨ। ਸੀ. ਏ. ਕਿਊ. ਐੱਮ. ਦੇ ਹੁਕਮਾਂ ਨੂੰ ਅਸਲ ’ਚ ਲਾਗੂ ਕੀਤਾ ਜਾਵੇ ਅਤੇ ਸੁਤੰਤਰ ਨਿਗਰਾਨੀ ਹੋਵੇ।

ਤਿਉਹਾਰਾਂ ਦੀ ਪਹਿਲਾਂ ਤੋਂ ਯੋਜਨਾ ਬਣੇ-ਪਟਾਕਿਆਂ ਦੇ ਬਦਲਾਂ ਨੂੰ ਉਤਸ਼ਾਹਿਤ ਕੀਤਾ ਜਾਵੇ, ਸਿਹਤ ਸਲਾਹ ਅਤੇ ਸਕੂਲਾਂ-ਹਸਪਤਾਲਾਂ ’ਚ ਤਿਆਰੀ ਕੀਤੀ ਜਾਵੇ। ਦੀਵਾਲੀ ਤੋਂ ਪਹਿਲਾਂ ਹੀ ਸਖ਼ਤੀ ਨਾਲ ਨਿਯਮ ਲਾਗੂ ਕਰਨ ਅਤੇ ਜਾਗਰੂਕਤਾ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਤ੍ਰੇਤਾ ਯੁੱਗ ’ਚ ਜਦੋਂ ਭਗਵਾਨ ਸ਼੍ਰੀ ਰਾਮ ਲੰਕਾ ਜਿੱਤ ਕੇ ਅਯੁੱਧਿਆ ਪਰਤੇ ਸਨ, ਤਾਂ ਪਰਜਾ ਨੇ ਉਨ੍ਹਾਂ ਦਾ ਸਵਾਗਤ ਮਿੱਟੀ ਦੇ ਦੀਵਿਆਂ (ਦੀਪਮਾਲਾ) ਨਾਲ ਕੀਤਾ ਸੀ। ਪੁਰਾਤਨ ਸਮੇਂ ’ਚ ਦੀਵਾਲੀ ਮੁੱਖ ਤੌਰ ’ਤੇ ਦੀਵਿਆਂ, ਸਫ਼ਾਈ, ਪੂਜਾ ਅਤੇ ਮਠਿਆਈਆਂ ਦਾ ਤਿਉਹਾਰ ਸੀ। ਉਂਝ ਵੀ ਆਤਿਸ਼ਬਾਜ਼ੀ ਦਾ ਮੂਲ ਅਰਥ ‘ਅੱਗ ਦੀ ਖੇਡ’ ਹੈ। ਇਹ ਫ਼ਾਰਸੀ ਭਾਸ਼ਾ ਦੇ ਦੋ ਸ਼ਬਦਾਂ ‘ਆਤਸ਼’ (ਅੱਗ) ਅਤੇ ‘ਬਾਜ਼ੀ’ (ਖੇਡ) ਤੋਂ ਮਿਲ ਕੇ ਬਣਿਆ ਹੈ।

ਦਿੱਲੀ-ਐੱਨ. ਸੀ. ਆਰ. ਦੇ ਕਰੋੜਾਂ ਲੋਕ ਹਰ ਸਰਦੀ ਸਿਹਤ ਦੇ ਜੋਖ਼ਮ ’ਚ ਜਿਊਂਦੇ ਹਨ। ਅਜਿਹੇ ’ਚ ਬੱਚੇ, ਬਜ਼ੁਰਗ ਅਤੇ ਸਾਹ ਦੇ ਮਰੀਜ਼ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਹਰਿਆਣਾ ’ਚ ਪਰਾਲੀ ’ਚ ਕਮੀ ਅਤੇ ਹਵਾਵਾਂ ਤੋਂ ਮਿਲੀ ਅਸਥਾਈ ਰਾਹਤ ਹਾਂਪੱਖੀ ਸੰਕੇਤ ਹਨ ਪਰ ਇਹ ਸਥਾਈ ਹੱਲ ਨਹੀਂ ਹਨ। ਗ੍ਰੈਪ ਵਰਗੇ ਐਮਰਜੈਂਸੀ ਕਦਮ ਜ਼ਰੂਰੀ ਹਨ, ਪਰ ਉਹ ਰੋਕਥਾਮ ਦੀ ਥਾਂ ਨਹੀਂ ਲੈ ਸਕਦੇ। ਹੁਣ ਪ੍ਰਤੀਕਿਰਿਆ ਤੋਂ ਅੱਗੇ ਵਧ ਕੇ ਸਾਲ ਭਰ ਦੇ ਪ੍ਰਦੂਸ਼ਣ ਕੰਟਰੋਲ, ਬੁਨਿਆਦੀ ਢਾਂਚੇ ’ਚ ਨਿਵੇਸ਼ ਅਤੇ ਕਿਸਾਨਾਂ ਲਈ ਵਿਵਹਾਰਕ ਬਦਲਾਂ ’ਤੇ ਧਿਆਨ ਦੇਣਾ ਹੋਵੇਗਾ। ਸਿਰਫ਼ ਹੁਕਮ ਜਾਰੀ ਕਰਨ ਨਾਲ ਹਵਾ ਸਾਫ਼ ਨਹੀਂ ਹੁੰਦੀ, ਸਗੋਂ ਲਗਾਤਾਰ ਅਤੇ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਨਾਲ ਹੁੰਦੀ ਹੈ।

-ਰਜਨੀਸ਼ ਕਪੂਰ


author

Shubam Kumar

Content Editor

Related News