ਸੁਖਬੀਰ ‘ਘਰ ਵਾਪਸੀ’ ਕਰਾਉਣ ’ਚ ਕਾਮਯਾਬ, ਪਰ ਅਸਲੀ ਪ੍ਰੀਖਿਆ ਵਿਧਾਨ ਸਭਾ ਚੋਣਾਂ
Friday, Nov 13, 2026 - 12:54 PM (IST)
ਪੰਜਾਬ ਦੀ ਅਕਾਲੀ ਸਿਆਸਤ ’ਚ ਪਿਛਲੇ ਸਾਲਾਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਜੇਕਰ ਗੌਰ ਨਾਲ ਦੇਖਿਆ ਜਾਵੇ ਤਾਂ ਇਕ ਗੱਲ ਸਪੱਸ਼ਟ ਨਜ਼ਰ ਆਉਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਿਆਸੀ ਹੋਂਦ ਅਤੇ ਪਾਰਟੀ ਦੀ ਅਗਵਾਈ ਕਾਇਮ ਰੱਖਣ ਲਈ ਇਕ ਲੰਮੀ ਰਣਨੀਤੀ ਉਲੀਕੀ ਹੋਈ ਹੈ। ਸਵਾਲ ਇਹ ਹੈ ਕਿ ਕੀ ਉਹ ਆਪਣੀ ਇਸ ਰਣਨੀਤੀ ਨੂੰ ਲਾਗੂ ਕਰਨ ’ਚ ਕਾਮਯਾਬ ਹੋ ਰਹੇ ਹਨ?
2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਫਿਰ 2024 ਦੀਆਂ ਲੋਕ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀਆਂ ਕਰਾਰੀਆਂ ਹਾਰਾਂ ਨੇ ਪਾਰਟੀ ਦੀ ਸਿਆਸੀ ਸਥਿਤੀ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀ। 2022 ’ਚ ਪਾਰਟੀ ਸਿਰਫ਼ ਤਿੰਨ ਵਿਧਾਨ ਸਭਾ ਸੀਟਾਂ ਜਿੱਤ ਸਕੀ, ਜਦਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਵੀ ਇਸ ਨੂੰ ਕੇਵਲ ਇਕ ਸੀਟ ਮਿਲੀ। ਇਸ ਤੋਂ ਬਾਅਦ ਪਾਰਟੀ ਦੇ ਅੰਦਰ ਸੁਖਬੀਰ ਬਾਦਲ ਦੀ ਅਗਵਾਈ ਵਿਰੁੱਧ ਬਗਾਵਤ ਹੋਈ। ਕਈ ਸੀਨੀਅਰ ਆਗੂਆਂ ਨੇ ਉਨ੍ਹਾਂ ਦੀ ਪ੍ਰਧਾਨਗੀ ’ਤੇ ਸਵਾਲ ਖੜ੍ਹੇ ਕੀਤੇ ਅਤੇ ਵੱਖਰੀਆਂ ਅਕਾਲੀ ਸਿਆਸੀ ਧਿਰਾਂ ਖੜ੍ਹੀਆਂ ਕਰ ਦਿੱਤੀਆਂ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਸਿਆਸੀ ਮਾਹਿਰ ਇਹ ਖਦਸ਼ਾ ਜ਼ਾਹਿਰ ਕਰਨ ਲੱਗੇ ਕਿ ਇਹ ਬਗਾਵਤ ਸੁਖਬੀਰ ਬਾਦਲ ਦੀ ਪ੍ਰਧਾਨਗੀ ਖੋਹ ਲਵੇਗੀ।
ਇਸ ਸੰਕਟ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਬੇਹੱਦ ਅਹਿਮ ਰਹੀ। 30 ਅਗਸਤ, 2024 ਨੂੰ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਅਤੇ 2 ਦਸੰਬਰ, 2024 ਨੂੰ ਪੰਜ ਸਿੰਘ ਸਾਹਿਬਾਨ ਨੇ ਉਨ੍ਹਾਂ ਅਤੇ ਸਬੰਧਤ ਆਗੂਆਂ ਲਈ ਧਾਰਮਿਕ ਤਨਖ਼ਾਹ ਨਿਰਧਾਰਤ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰਨ ਅਤੇ ਪਾਰਟੀ ਦੇ ਪੁਨਰਗਠਨ ਲਈ ਨਿਰਦੇਸ਼ ਦਿੱਤੇ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਮਕਸਦ ਲਈ ਸੱਤ ਮੈਂਬਰੀ ਕਮੇਟੀ ਵੀ ਬਣਾਈ।
10 ਜਨਵਰੀ, 2025 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਆਖ਼ਿਰਕਾਰ ਸੁਖਬੀਰ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ। ਇਸ ਦੇ ਨਾਲ ਹੀ 20 ਜਨਵਰੀ ਤੋਂ 20 ਫਰਵਰੀ ਤੱਕ ਨਵੀਂ ਮੈਂਬਰਸ਼ਿਪ ਮੁਹਿੰਮ ਚਲਾਉਣ ਅਤੇ 1 ਮਾਰਚ ਨੂੰ ਨਵੇਂ ਪ੍ਰਧਾਨ ਦੀ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ ਪਰ ਇਥੇ ਹੀ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ। ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਮੁਕਾਬਲੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਆਪਣੀ 13 ਮੈਂਬਰੀ ਕਮੇਟੀ ਬਣਾ ਦਿੱਤੀ। ਇਸ ਨੂੰ ਲੈ ਕੇ ਬਾਗੀ ਆਗੂਆਂ ਅਤੇ ਪਾਰਟੀ ਲੀਡਰਸ਼ਿਪ ਵਿਚਕਾਰ ਮਤਭੇਦ ਹੋਰ ਡੂੰਘੇ ਹੋ ਗਏ।
ਫਰਵਰੀ, 2025 ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਨੇ ਮੈਂਬਰਸ਼ਿਪ ਪ੍ਰਕਿਰਿਆ ’ਤੇ ਸਵਾਲ ਉਠਾਏ ਅਤੇ ਜਾਅਲੀ ਮੈਂਬਰਸ਼ਿਪ ਦੇ ਦੋਸ਼ ਵੀ ਲਗਾਏ।
7 ਮਾਰਚ, 2025 ਨੂੰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਗਿਆਨੀ ਰਘੁਬੀਰ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਅਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਾਰਜਕਾਰੀ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ। ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਜਾ ਚੁੱਕਾ ਸੀ। ਇਨ੍ਹਾਂ ਫ਼ੈਸਲਿਆਂ ਨੇ ਪੰਥਕ ਹਲਕਿਆਂ ’ਚ ਵੱਡੀ ਚਰਚਾ ਛੇੜ ਦਿੱਤੀ। ਅਕਾਲ ਤਖ਼ਤ ਸਾਹਿਬ ਦੀ ਸੰਸਥਾਗਤ ਮਰਿਆਦਾ, ਜਥੇਦਾਰਾਂ ਦੀ ਨਿਯੁਕਤੀ ਅਤੇ ਸ਼੍ਰੋਮਣੀ ਕਮੇਟੀ ਦੀ ਜਵਾਬਦੇਹੀ ਬਾਰੇ ਵੀ ਸੁਖਬੀਰ ਸਿੰਘ ਬਾਦਲ ’ਤੇ ਸਵਾਲ ਉੱਠੇ। ਇਸ ਤਰ੍ਹਾਂ ਅਕਾਲੀ ਦਲ ਦੀ ਅੰਦਰੂਨੀ ਲੜਾਈ ਹੁਣ ਸਿਰਫ਼ ਪ੍ਰਧਾਨਗੀ ਤੱਕ ਸੀਮਤ ਨਹੀਂ ਰਹੀ ਸੀ, ਸਗੋਂ ਪੰਥਕ ਸੰਸਥਾਵਾਂ ਨਾਲ ਵੀ ਜੁੜ ਗਈ ਸੀ।
ਇਸ ਦੌਰਾਨ ਸੁਖਬੀਰ ਬਾਦਲ ਨੇ ਮੈਂਬਰਸ਼ਿਪ ਮੁਹਿੰਮ ਅਤੇ ਜਥੇਬੰਦਕ ਚੋਣਾਂ ਦੀ ਪ੍ਰਕਿਰਿਆ ਜਾਰੀ ਰੱਖੀ। ਆਖ਼ਿਰਕਾਰ 12 ਅਪ੍ਰੈਲ, 2025 ਨੂੰ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ’ਚ ਹੋਏ ਡੈਲੀਗੇਟ ਇਜਲਾਸ ’ਚ ਲੱਗਭਗ 500 ਚੁਣੇ ਹੋਏ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਮੁੜ ਪਾਰਟੀ ਦਾ ਪ੍ਰਧਾਨ ਚੁਣ ਲਿਆ। ਇਹ ਘਟਨਾ ਉਨ੍ਹਾਂ ਦੇ ਪਾਰਟੀ ਅੰਦਰ ਜਥੇਬੰਦਕ ਪ੍ਰਭਾਵ ਦਾ ਮਹੱਤਵਪੂਰਨ ਸੰਕੇਤ ਸੀ, ਹਾਲਾਂਕਿ ਬਾਗੀ ਆਗੂਆਂ ਨੇ ਇਸ ਚੋਣ ਪ੍ਰਕਿਰਿਆ ’ਤੇ ਵੀ ਸਵਾਲ ਉਠਾਏ ਅਤੇ ਵਿਰੋਧੀ ਅਜੇ ਵੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ’ਤੇ ਅੜੇ ਹੋਏ ਸਨ।
ਅਸੀਂ ਜੂਨ, 2025 ਦੇ ਆਪਣੇ ਇਸ ਕਾਲਮ ’ਚ ਇਹ ਲਿਖਿਆ ਸੀ ਕਿ ਅਕਾਲੀ ਏਕਤਾ ਦੀ ਕੋਸ਼ਿਸ਼ ਸਿਰੇ ਚੜ੍ਹੇ ਨਾ ਚੜ੍ਹੇ ਪਰ ਸੁਖਬੀਰ ਬਾਦਲ ਅਸਤੀਫਾ ਨਹੀਂ ਦੇਣਗੇ ਅਤੇ ਆਪਣਾ ਪਲਾਨ-ਬੀ ਲਾਗੂ ਕਰਨਗੇ। ਇਸ ਪਲਾਨ-ਬੀ ਦਾ ਇਕ ਮਹੱਤਵਪੂਰਨ ਹਿੱਸਾ ਪੁਰਾਣੇ ਆਗੂਆਂ ਦੀ ਘਰ ਵਾਪਸੀ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮੁੜ ਮਜ਼ਬੂਤ ਕਰਨਾ ਹੋਵੇਗਾ।
ਇਸੇ ਮਹੀਨੇ ਸੁਖਬੀਰ ਸਿੰਘ ਬਾਦਲ ਨੇ ਆਗੂਆਂ ਨੂੰ ਆਪਣੇ ਨਾਲ ਜੋੜਨ ਦਾ ਸਿਲਸਿਲਾ ਤੇਜ਼ ਕਰ ਦਿੱਤਾ। 5 ਜੂਨ ਨੂੰ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਜੋ ਭਾਜਪਾ ’ਚ ਸ਼ਾਮਲ ਹੋ ਗਏ ਸਨ, ਮੁੜ ਅਕਾਲੀ ਦਲ ’ਚ ਆ ਗਏ। 9 ਜੂਨ ਨੂੰ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਵੀ ਸੁਖਬੀਰ ਬਾਦਲ ਦੀ ਮੌਜੂਦਗੀ ’ਚ ਅਕਾਲੀ ਦਲ ਦਾ ਪੱਲਾ ਫੜਿਆ ਭਾਵੇਂ ਬਾਅਦ ’ਚ ਛੱਡ ਗਏ। ਇਸ ਤੋਂ ਬਾਅਦ 14 ਜੂਨ ਨੂੰ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਮੁੜ ਪਾਰਟੀ ’ਚ ਸ਼ਾਮਲ ਹੋ ਗਏ। ਇਨ੍ਹਾਂ ਆਗੂਆਂ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ’ਚ ਵੀ ਪਾਰਟੀ ਦੀ ਮੁਹਿੰਮ ’ਚ ਹਿੱਸਾ ਲੈਣ ਦਾ ਐਲਾਨ ਕੀਤਾ। ਇਸ ਤਰ੍ਹਾਂ ਜਾਣੇ-ਪਛਾਣੇ ਅਕਾਲੀ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਮੈਬਂਰਾਂ ਨੂੰ ਨਾਲ ਲੈ ਕੇ ਸੁਖਬੀਰ ਬਾਦਲ ਨੇ ਆਪਣੀ ਰਣਨੀਤਕ ਮੁਹਿੰਮ ਨੂੰ ਨਵਾਂ ਸਿਆਸੀ ਆਧਾਰ ਦਿੱਤਾ।
ਮਾਰਚ, 2026 ਨੂੰ ਐੱਸ. ਜੀ. ਪੀ. ਸੀ. ਮੈਂਬਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਅਪ੍ਰੈਲ 2026 ਨੂੰ ਬਲਜਿੰਦਰ ਸਿੰਘ ਮੱਖਣ ਬਰਾੜ ਅਤੇ ਅਪ੍ਰੈਲ 2026 ’ਚ ਹੀ ਬੀਬੀ ਸਤਵਿੰਦਰ ਕੌਰ ਧਾਲੀਵਾਲ ਨੂੰ ਆਪਣੇ ਅਕਾਲੀ ਦਲ ’ਚ ਸ਼ਾਮਲ ਕਰਨ ’ਚ ਸਫਲ ਰਹੇ।
ਹੁਣ 6 ਨਵੰਬਰ, 2026 ਨੂੰ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਨ੍ਹਾਂ ਦੇ ਪੁੱਤਰ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਬਾਦਲ ਦਲ ’ਚ ਵਾਪਸੀ ਨੇ ਅਕਾਲੀ ਸਿਆਸਤ ’ਚ ਇਕ ਹੋਰ ਨਵੀਂ ਚਰਚਾ ਛੇੜ ਦਿੱਤੀ ਹੈ। ਪ੍ਰੋ. ਚੰਦੂਮਾਜਰਾ ਪਾਰਟੀ ਦੇ ਤਜਰਬੇਕਾਰ ਆਗੂਆਂ ’ਚੋਂ ਹਨ ਅਤੇ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਉਨ੍ਹਾਂ ਦੀ ਵਾਪਸੀ ਦੇ ਨਾਲ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਸਨੌਰ ਵਿਧਾਨ ਸਭਾ ਹਲਕੇ ਦਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ ਹੈ। ਬੀਬੀ ਜਗੀਰ ਕੌਰ ਦੇ ਵੀ ਜਲਦੀ ਹੀ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਣ ਦੇ ਚਰਚੇ ਹਨ ਭਾਵੇਂ ਇਹ ਸਮਝਿਆ ਜਾ ਰਿਹਾ ਹੈ ਕਿ ਉਹ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਗੱਠਜੋੜ ਪੱਕਾ ਹੋਣ ਦੀ ਉਡੀਕ ਕਰ ਰਹੇ ਹਨ। ਹਾਲਾਂਕਿ ਚਰਚਾ ਇਹ ਵੀ ਹੈ ਕਿ ਉਹ ਅੱਜ ਅਕਾਲੀ ਬਾਦਲ ਦਾ ਪੱਲਾ ਫੜ ਸਕਦੇ ਹਨ। ਇਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਪੁਨਰ ਸੁਰਜੀਤ ਦੀ ਹੋਂਦ ਬਣੇ ਰਹਿਣ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਪਰ ਉਨ੍ਹਾਂ ਦੀ ਰਣਨੀਤੀ ਦੀ ਅਸਲ ਪ੍ਰੀਖਿਆ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਹੋਵੇਗੀ। ਉਦੋਂ ਹੀ ਪਤਾ ਲੱਗੇਗਾ ਕਿ ਆਗੂਆਂ ਦੀ ਘਰ ਵਾਪਸੀ ਸਿਰਫ਼ ਸਿਆਸੀ ਚਿਹਰਿਆਂ ਦੀ ਵਾਪਸੀ ਬਣ ਕੇ ਰਹਿ ਗਈ ਹੈ ਜਾਂ ਇਸ ਨਾਲ ਅਕਾਲੀ ਦਲ ਦਾ ਜਨ-ਆਧਾਰ ਵੀ ਮੁੜ ਮਜ਼ਬੂਤ ਹੋਇਆ ਹੈ।
- ਇਕਬਾਲ ਸਿੰਘ ਚੰਨੀ
