‘ਖ਼ਤਰੇ ਦੀ ਚਿਤਾਵਨੀ ਦੇ ਰਹੀਆਂ’ ਇੱਕਾ-ਦੁੱਕਾ ਰੇਲ ਦੁਰਘਟਨਾਵਾਂ!

Saturday, Nov 14, 2026 - 03:11 AM (IST)

‘ਖ਼ਤਰੇ ਦੀ ਚਿਤਾਵਨੀ ਦੇ ਰਹੀਆਂ’ ਇੱਕਾ-ਦੁੱਕਾ ਰੇਲ ਦੁਰਘਟਨਾਵਾਂ!

ਤੇਜ਼ੀ ਨਾਲ ਆਧੁਨਿਕੀਕਰਨ ਵੱਲ ਵਧ ਰਹੀ ਭਾਰਤੀ ਰੇਲਵੇ ਨੂੰ ਦੇਸ਼ ਦੀ ‘ਜੀਵਨ ਰੇਖਾ’ ਕਿਹਾ ਜਾਂਦਾ ਹੈ। ਭਾਰਤੀ ਰੇਲਾਂ ਰੋਜ਼ਾਨਾ ਕਰੋੜਾਂ ਯਾਤਰੀਆਂ ਅਤੇ ਲੱਖਾਂ ਟਨ ਮਾਲ ਦੀ ਢੋਆ-ਢੁਆਈ ਕਰਦੀਆਂ ਹਨ।

ਇਨ੍ਹਾਂ ਦੇ ਜ਼ਿਆਦਾਤਰ ਬ੍ਰੌਡ-ਗੇਜ ਨੈੱਟਵਰਕ ਦਾ ਸੌ ਫੀਸਦੀ ਬਿਜਲੀਕਰਨ ਕੀਤਾ ਜਾ ਰਿਹਾ ਹੈ ਜਾਂ ਪੂਰਾ ਹੋ ਚੁੱਕਾ ਹੈ। ਸੰਚਾਲਨ ਅਤੇ ਪੂਰੇ ਨੈੱਟਵਰਕ ਦੇ ਬਿਹਤਰ ਪ੍ਰਬੰਧਨ ਲਈ ਇਸ ਨੂੰ 18 ਪ੍ਰਸ਼ਾਸਨਿਕ ਖੇਤਰਾਂ ਅਤੇ 68 ਡਵੀਜ਼ਨਾਂ ’ਚ ਵੰਡਿਆ ਗਿਆ ਹੈ।

ਹਾਲਾਂਕਿ ਭਾਰਤੀ ਰੇਲਵੇ ਨੈੱਟਵਰਕ ’ਚ ਯਾਤਰੀਆਂ ਨੂੰ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਦੁਰਘਟਨਾਵਾਂ ਨੂੰ ਰੋਕਣ ਲਈ ਸਵਦੇਸ਼ੀ ਤੌਰ ’ਤੇ ਵਿਕਸਿਤ ਸਵੈ-ਚਾਲਿਤ ਟ੍ਰੇਨ ਸੁਰੱਖਿਆ ਪ੍ਰਣਾਲੀ ‘ਕਵਚ’ ਲਾਗੂ ਕੀਤੀ ਗਈ ਹੈ, ਪਰ ਫਿਰ ਵੀ ਸਮੇਂ-ਸਮੇਂ ’ਤੇ ਟ੍ਰੇਨਾਂ ਦੇ ਪਟੜੀ ਤੋਂ ਉਤਰਨ, ਅੱਗ ਲੱਗਣ ਅਤੇ ਇੰਜਣਾਂ ’ਚ ਤਕਨੀਕੀ ਖ਼ਰਾਬੀ ਆਦਿ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਦੀਆਂ ਪਿਛਲੇ ਲੱਗਭਗ 6 ਮਹੀਨਿਆਂ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 19 ਮਈ ਨੂੰ ‘ਰਿਸ਼ੀਕੇਸ਼’ (ਉੱਤਰਾਖੰਡ) ਸਟੇਸ਼ਨ ’ਤੇ ਸ਼ੰਟਿੰਗ ਦੌਰਾਨ ‘ਉੱਜਯਿਨੀ ਐਕਸਪ੍ਰੈੱਸ’ ਦੇ 3 ਡੱਬੇ ਪਟੜੀ ਤੋਂ ਉਤਰ ਗਏ ਅਤੇ ਇਕ ਬੋਗੀ ਨੁਕਸਾਨੀ ਗਈ।

* 21 ਜੁਲਾਈ ਨੂੰ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ’ਚ ‘ਸਾਹਿਬਾਬਾਦ-ਆਨੰਦ ਵਿਹਾਰ’ ਰੇਲ ਮਾਰਗ ’ਤੇ ਇਕ ਮਾਲਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਨਾਲ ਦਿੱਲੀ-ਐੱਨ. ਸੀ. ਆਰ. ਰੂਟ ’ਤੇ ਕਈ ਯਾਤਰੀ ਟ੍ਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ।

* 6 ਸਤੰਬਰ ਨੂੰ ‘ਆਰਾ’ (ਬਿਹਾਰ) ਸਟੇਸ਼ਨ ਤੋਂ ਰਵਾਨਾ ਹੋਣ ਤੋਂ ਤੁਰੰਤ ਬਾਅਦ ‘ਸਿੱਕਮ-ਮਹਾਨੰਦਾ ਐਕਸਪ੍ਰੈੱਸ’ ਦੇ 2 ਪਹੀਏ ਪਟੜੀ ਤੋਂ ਉਤਰ ਗਏ। ਸਮੇਂ ਸਿਰ ਟ੍ਰੇਨ ਰੁਕ ਜਾਣ ਨਾਲ ਵੱਡਾ ਹਾਦਸਾ ਟਲ ਗਿਆ ਅਤੇ ਕਿਸੇ ਨੂੰ ਸੱਟ ਨਹੀਂ ਲੱਗੀ।

* 22 ਅਕਤੂਬਰ ਨੂੰ ‘ਮਥੁਰਾ’ ਤੋਂ ‘ਬਰੇਲੀ’ ਜਾ ਰਹੀ ਇਕ ਮਾਲਗੱਡੀ ਦਾ ਇੰਜਣ ਰਾਇਆ ਰੇਲ ਸੈਕਸ਼ਨ ਦਰਮਿਆਨ ਤਕਨੀਕੀ ਖ਼ਰਾਬੀ ਕਾਰਨ ਫੇਲ ਹੋ ਜਾਣ ਨਾਲ ਗੱਡੀ ਰਸਤੇ ਵਿਚ ਹੀ ਖੜ੍ਹੀ ਹੋ ਗਈ। ਇਸ ਨਾਲ ਮੁੱਖ ਟਰੈਕ ਪ੍ਰਭਾਵਿਤ ਹੋਇਆ ਅਤੇ ਕਈ ਯਾਤਰੀ ਟ੍ਰੇਨਾਂ ਨੂੰ ਵਿਚਕਾਰਲੇ ਸਟੇਸ਼ਨਾਂ ’ਤੇ ਰੋਕਣਾ ਪਿਆ।

* 6 ਨਵੰਬਰ ਨੂੰ ‘ਪਟਿਆਲਾ’ (ਪੰਜਾਬ) ਦੇ ਸਰਾਏ ਬੰਜਾਰਾ ਰੇਲਵੇ ਸਟੇਸ਼ਨ ਨੇੜੇ ‘ਕਰਮਭੂਮੀ ਐਕਸਪ੍ਰੈੱਸ’ ਦੇ ਡੱਬਿਆਂ ’ਚ ਅੱਗ ਲੱਗ ਗਈ। ਰੇਲਵੇ ਮੁਲਾਜ਼ਮਾਂ ਦੀ ਕੋਸ਼ਿਸ਼ ਨਾਲ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

* 11 ਨਵੰਬਰ ਨੂੰ ‘ਗੁਹਾਟੀ’ (ਅਸਾਮ) ਨੇੜੇ ਸਵੇਰੇ ਲੱਗਭਗ 6.54 ਵਜੇ ‘ਡਿਗਾਰੂ’ ਰੇਲਵੇ ਸਟੇਸ਼ਨ ’ਤੇ ‘ਕੋਲਕਾਤਾ-ਸੈਰਾਂਗ ਐਕਸਪ੍ਰੈੱਸ’ ਦਾ ਇੰਜਣ ਅਤੇ 5 ਡੱਬੇ ਪਟੜੀ ਤੋਂ ਉਤਰ ਗਏ ਜਿਸ ’ਚ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।

* 11 ਨਵੰਬਰ ਨੂੰ ਹੀ ‘ਕਾਨਪੁਰ’ ਸੈਂਟਰਲ ਸਟੇਸ਼ਨ (ਉੱਤਰ ਪ੍ਰਦੇਸ਼) ਤੋਂ ਸ਼ਾਮ ਲੱਗਭਗ 5.03 ਵਜੇ ਰਵਾਨਾ ਹੋਣ ਤੋਂ ਤੁਰੰਤ ਬਾਅਦ ‘ਗੋਰਖਪੁਰ’ ਜਾ ਰਹੀ ‘ਚੌਰੀਚੌਰਾ ਐਕਸਪ੍ਰੈੱਸ’ ਦੇ 4 ਏਅਰਕੰਡੀਸ਼ਨਡ ਕੋਚ ਪਟੜੀ ਤੋਂ ਉਤਰ ਗਏ ਜਿਨ੍ਹਾਂ ’ਚ ਲੱਗਭਗ 300 ਯਾਤਰੀ ਸਵਾਰ ਸਨ, ਪਰ ਕਿਸੇ ਦੇ ਜ਼ਖਮੀ ਜਾਂ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ।

ਜ਼ਿਕਰਯੋਗ ਹੈ ਕਿ ਯਾਤਰੀ ਗੱਡੀਆਂ ਦੇ ਇੰਜਣਾਂ ਦੀ ਘਾਟ ਕਾਰਨ ਰੇਲਵੇ ਨੂੰ ਯਾਤਰੀ ਟ੍ਰੇਨਾਂ ’ਚ ਘੱਟ ਰਫ਼ਤਾਰ ਵਾਲੇ ਮਾਲਗੱਡੀ ਦੇ ਇੰਜਣ (WAG-9) ਲਗਾਉਣੇ ਪੈ ਰਹੇ ਹਨ। ਇਸ ਨਾਲ ਟ੍ਰੇਨਾਂ 30 ਮਿੰਟ ਤੋਂ ਲੈ ਕੇ 5 ਘੰਟੇ ਤੱਕ ਲੇਟ ਹੋ ਰਹੀਆਂ ਹਨ।

ਕੁਝ ਮਹੀਨੇ ਪਹਿਲਾਂ ‘ਵਾਰਾਣਸੀ-ਰਾਂਚੀ ਵੰਦੇ ਭਾਰਤ ਐਕਸਪ੍ਰੈੱਸ’ ਅਤੇ ‘ਰਾਂਚੀ-ਪਟਨਾ ਵੰਦੇ ਭਾਰਤ ਐਕਸਪ੍ਰੈੱਸ’ ਗੱਡੀਆਂ ’ਚ ਤਕਨੀਕੀ ਖ਼ਰਾਬੀ ਆਉਣ ਕਾਰਨ ਇਨ੍ਹਾਂ ਨੂੰ ਮਾਲਗੱਡੀ ਦੇ ਇੰਜਣ ਨਾਲ ਖਿੱਚ ਕੇ ਮੰਜ਼ਿਲ ਤੱਕ ਪਹੁੰਚਾਇਆ ਗਿਆ ਸੀ ਜਿਸ ਨਾਲ ਯਾਤਰੀ 2.5 ਤੋਂ 5 ਘੰਟੇ ਤੱਕ ਪ੍ਰੇਸ਼ਾਨ ਹੋਏ।

ਜਾਣਕਾਰਾਂ ਅਨੁਸਾਰ ਇੰਜਣਾਂ ’ਚ ਮੁੱਖ ਤੌਰ ’ਤੇ ਬ੍ਰੇਕ ਸਿਸਟਮ, ਹਾਈ/ਲੋਅ ਟੈਂਸ਼ਨ ਕੇਬਲ, ਸਸਪੈਂਸ਼ਨ ਸਪ੍ਰਿੰਗ ਅਤੇ ਰੱਖ-ਰਖਾਅ ’ਚ ਕਮੀ ਕਾਰਨ ਰਸਤੇ ’ਚ ਹੀ ਖ਼ਰਾਬੀ ਆਉਂਦੀ ਹੈ।

ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਭਾਰਤ ’ਚ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਵੱਡਾ ਹਾਦਸਾ ਤਾਂ ਨਹੀਂ ਹੋਇਆ ਹੈ ਪਰ ਉਕਤ ਘਟਨਾਵਾਂ ਚਿਤਾਵਨੀ ਦੇ ਰਹੀਆਂ ਹਨ ਕਿ ਰੇਲਵੇ ਦੀ ਸੰਚਾਲਨ ਪ੍ਰਣਾਲੀ ’ਚ ਢੁੱਕਵਾਂ ਸੁਧਾਰ ਲਿਆਉਣ ਦੀ ਤੁਰੰਤ ਲੋੜ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਸੰਭਾਵੀ ਵੱਡੀ ਦੁਰਘਟਨਾ ਤੋਂ ਬਚਿਆ ਜਾ ਸਕੇ।

-ਵਿਜੇ ਕੁਮਾਰ


author

Sandeep Kumar

Content Editor

Related News