ਵਿਸ਼ਵ ਸ਼ਾਂਤੀ ਵੱਲ ਪਹਿਲਾ ਕਦਮ, ਇਜ਼ਰਾਈਲ ਅਤੇ ਲਿਬਨਾਨ (ਹਿਜ਼ਬੁੱਲਾ) ’ਚ ਜੰਗਬੰਦੀ

Thursday, Nov 28, 2024 - 03:04 AM (IST)

ਵਿਸ਼ਵ ਸ਼ਾਂਤੀ ਵੱਲ ਪਹਿਲਾ ਕਦਮ, ਇਜ਼ਰਾਈਲ ਅਤੇ ਲਿਬਨਾਨ (ਹਿਜ਼ਬੁੱਲਾ) ’ਚ ਜੰਗਬੰਦੀ

ਲਿਬਨਾਨ ਦੇ ਹਿਜ਼ਬੁੱਲਾ ਅਤੇ ਇਜ਼ਰਾਈਲ ਦਰਮਿਆਨ ਦੁਸ਼ਮਣੀ ਬਹੁਤ ਪੁਰਾਣੀ ਹੈ। 1982 ’ਚ ਇਜ਼ਰਾਈਲ ਨੇ ਲਿਬਨਾਨ ’ਤੇ ਹਮਲਾ ਕਰ ਕੇ ਬੈਰੂਤ ਸਮੇਤ ਦੱਖਣੀ ਲਿਬਨਾਨ ’ਤੇ ਕਬਜ਼ਾ ਕਰ ਲਿਆ ਸੀ। ਇਸ ’ਚ ਲਗਭਗ 3000 ਫਿਲਸਤੀਨੀ ਸ਼ਰਨਾਰਥੀ ਅਤੇ ਲਿਬਨਾਨੀ ਨਾਗਰਿਕ ਮਾਰੇ ਗਏ ਸਨ। ਇਸ ਘਟਨਾ ਪਿੱਛੋਂ ਈਰਾਨ ਦੀ ਮਦਦ ਨਾਲ ਹਿਜ਼ਬੁੱਲਾ ਦਾ ਉਭਾਰ ਹੋਇਆ ਅਤੇ ਤਦ ਤੋਂ ਹੀ ਇਨ੍ਹਾਂ ਦਰਮਿਆਨ ਦੁਸ਼ਮਣੀ ਚੱਲੀ ਆ ਰਹੀ ਹੈ।
ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਦੇ ਇਜ਼ਰਾਈਲ ’ਤੇ ਹਮਲੇ ਦੇ ਬਾਅਦ ਤੋਂ ਹਿਜ਼ਬੁੱਲਾ ਉੱਤਰੀ ਇਜ਼ਰਾਈਲ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਗਾਜ਼ਾ ਦੇ ਹਮਾਸ ਤੋਂ ਬਾਅਦ ਹਿਜ਼ਬੁੱਲਾ ਨੇ ਇਜ਼ਰਾਈਲ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। ਇਸੇ ਕਾਰਨ ਹਮਾਸ ਤੋਂ ਬਾਅਦ ਇਜ਼ਰਾਈਲ ਹਿਜ਼ਬੁੱਲਾ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦਾ ਹੈ। ਇਸ ਕਾਰਨ ਹੀ ਉੱਤਰੀ ਇਜ਼ਰਾਈਲ ਵਿਚ 60,000 ਲੋਕਾਂ ਨੂੰ ਬੇਘਰ ਹੋਣਾ ਪਿਆ।
ਇਸ ਸਾਲ ਸਤੰਬਰ ਵਿਚ ਇਜ਼ਰਾਈਲ ਉੱਤੇ ਹਿਜ਼ਬੁੱਲਾ ਦੇ ਹਮਲੇ ਦੇ ਜਵਾਬ ਵਿਚ ਇਜ਼ਰਾਈਲ ਨੇ ਪਿਛਲੇ ਦੋ ਮਹੀਨਿਆਂ ਵਿਚ ਹਿਜ਼ਬੁੱਲਾ ਦੇ ਖਿਲਾਫ ਜਵਾਬੀ ਕਾਰਵਾਈ ਕੀਤੀ, ਜਿਸ ਵਿਚ ਇਸ ਦੇ ਚੀਫ਼ ਨਸਰੱਲਾਹ ਸਮੇਤ ਕਈ ਪ੍ਰਮੁੱਖ ਕਮਾਂਡਰ ਨੂੰ ਮਾਰ ਦਿੱਤੇ।
ਲਿਬਨਾਨ ਦਾ ਕਹਿਣਾ ਹੈ ਕਿ ਅਕਤੂਬਰ 2023 ਤੋਂ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਹੋਈ ਲੜਾਈ ਵਿਚ ਘੱਟੋ-ਘੱਟ 3,768 ਲੋਕ ਮਾਰੇ ਗਏ ਅਤੇ 12 ਲੱਖ ਲੋਕ ਬੇਘਰ ਹੋ ਗਏ ਹਨ। ਦੂਜੇ ਪਾਸੇ ਇਜ਼ਰਾਈਲ ਦਾ ਕਹਿਣਾ ਹੈ ਕਿ ਹਿਜ਼ਬੁੱਲਾ ਦੇ ਹਮਲੇ ਵਿਚ ਹੁਣ ਤੱਕ ਉਸ ਦੇ ਘੱਟੋ-ਘੱਟ 82 ਫੌਜੀ ਅਤੇ 47 ਨਾਗਰਿਕ ਮਾਰੇ ਗਏ ਹਨ। ਹਾਲ ਹੀ ’ਚ ਸੰਯੁਕਤ ਰਾਸ਼ਟਰ ਨੇ ਵੀ ਲਿਬਨਾਨ ’ਚ ਵਧਦੀਆਂ ਮੌਤਾਂ ਦੇ ਅੰਕੜਿਆਂ ’ਤੇ ਚਿੰਤਾ ਪ੍ਰਗਟਾਈ ਸੀ।
ਅਜਿਹੇ ਹਾਲਾਤ ’ਚ ਪਿਛਲੇ ਕੁਝ ਸਮੇਂ ਤੋਂ ਲਿਬਨਾਨ ਦੇ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਾਲੇ ਸੁਲਾਹ-ਸਫਾਈ ਦੀਆਂ ਕੋਸ਼ਿਸ਼ਾਂ ਦੀ ਚਰਚਾ ਸੁਣਾਈ ਦੇ ਰਹੀ ਸੀ ਅਤੇ 26 ਨਵੰਬਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਿਜ਼ਬੁੱਲਾ ਨਾਲ ਜੰਗਬੰਦੀ ਦਾ ਐਲਾਨ ਕਰ ਦਿੱਤਾ, ਜੋ 27 ਨਵੰਬਰ ਤੋਂ ਲਾਗੂ ਹੋ ਗਿਆ ।
ਇਸ ਕਾਰਨ ਦੋਵਾਂ ਧਿਰਾਂ ਵਿਚਾਲੇ ਚੱਲ ਰਿਹਾ ਟਕਰਾਅ ਫਿਲਹਾਲ ਰੁਕਣ ਦੀ ਉਮੀਦ ਬੱਝੀ ਹੈ। ਸਮਝੌਤੇ ਮੁਤਾਬਕ ਹਿਜ਼ਬੁੱਲਾ ਨੂੰ ਦੱਖਣੀ ਲਿਬਨਾਨ ਵਿਚ ਹਥਿਆਰ ਸੁੱਟਣੇ ਪੈਣਗੇ ਅਤੇ ਇਜ਼ਰਾਈਲੀ ਫ਼ੌਜਾਂ ਨੂੰ ਸਰਹੱਦ ’ਤੇ ਆਪਣੇ ਇਲਾਕਿਆਂ ਵਿਚ ਵਾਪਸ ਜਾਣਾ ਹੋਵੇਗਾ।
ਇਸ ਫੈਸਲੇ ਨੂੰ ਇਜ਼ਰਾਈਲ ਦੀਆਂ ਰਣਨੀਤਕ ਤਰਜੀਹਾਂ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਤਾਂ ਜੋ ਲੰਬੇ ਸਮੇਂ ਲਈ ਸ਼ਾਂਤੀ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਣ। ਇਸ ਸਮਝੌਤੇ ਦੀ ਵਿਚੋਲਗੀ ਅਮਰੀਕਾ ਅਤੇ ਫਰਾਂਸ ਨੇ ਕੀਤੀ ਸੀ।
ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਸਮਝੌਤੇ ਦੇ ਐਲਾਨ ਤੋਂ ਤੁਰੰਤ ਬਾਅਦ ਇਜ਼ਰਾਈਲ ਅਤੇ ਲਿਬਨਾਨ ਦੇ ਆਗੂਆਂ ਨਾਲ ਗੱਲ ਕਰਦੇ ਹੋਏ ਕਿਹਾ, ‘‘ਜੰਗਬੰਦੀ ਨੂੰ ਸਥਾਈ ਬਣਾਉਣ ਦੀ ਕੋਸ਼ਿਸ਼ ਹੈ।’’ ਆਉਣ ਵਾਲੇ ਦਿਨਾਂ ਵਿਚ ਅਮਰੀਕਾ ਗਾਜ਼ਾ ਵਿਚ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਤੁਰਕੀ, ਮਿਸਰ, ਕਤਰ ਅਤੇ ਇਜ਼ਰਾਈਲ ਆਦਿ ਨਾਲ ਮਿਲ ਕੇ ਕੰਮ ਕਰੇਗਾ।’’
ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਵੱਲੋਂ ਜੰਗਬੰਦੀ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਬੈਂਜਾਮਿਨ ਨੇਤਨਯਾਹੂ ਨੇ ਕਿਹਾ, ‘‘ਜੰਗਬੰਦੀ ਦੀ ਮਿਆਦ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਲਿਬਨਾਨ ਵਿਚ ਕੀ ਹੁੰਦਾ ਹੈ।’’
ਉਨ੍ਹਾਂ ਨੇ ਇਹ ਵੀ ਕਿਹਾ ਕਿ, ‘‘ਅਸੀਂ ਸਮਝੌਤੇ ਨੂੰ ਲਾਗੂ ਕਰਾਂਗੇ ਪਰ ਕਿਸੇ ਵੀ ਉਲੰਘਣਾ ਦਾ ਜ਼ੋਰਦਾਰ ਤਰੀਕੇ ਨਾਲ ਜਵਾਬ ਦੇਵਾਂਗੇ। ਅਸੀਂ ਜਿੱਤ ਪ੍ਰਾਪਤ ਕਰਨ ਤੱਕ ਇਕਜੁੱਟ ਰਹਾਂਗੇ। ਇਜ਼ਰਾਈਲ ਆਪਣੀ ਸੁਰੱਖਿਆ ਲਈ ਕਿਸੇ ਵੀ ਖਤਰੇ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ।’’
ਬੈਂਜਾਮਿਨ ਨੇਤਨਯਾਹੂ ਦਾ ਕਹਿਣਾ ਹੈ, “ਹੁਣ ਹਿਜ਼ਬੁੱਲਾ (ਯੁੱਧ ਤੋਂ) ਬਾਹਰ ਆਉਣ ਪਿੱਛੋਂ ਹਮਾਸ ਆਪਣੇ ਦਮ ’ਤੇ ਹੀ ਰਹਿ ਗਿਆ ਹੈ। ਅਸੀਂ ਹਮਾਸ ’ਤੇ ਆਪਣਾ ਦਬਾਅ ਵਧਾਵਾਂਗੇ ਜਿਸ ਨਾਲ ਸਾਡੇ ਬੰਧਕਾਂ ਨੂੰ ਰਿਹਾਅ ਕਰਵਾਉਣ ਦੇ ਸਾਡੇ ਪਵਿੱਤਰ ਮਿਸ਼ਨ ’ਚ ਮਦਦ ਮਿਲੇਗੀ।''
ਲਿਬਨਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ‘ਨਜੀਬ ਮਿਕਾਤੀ’ ਦੇ ਦਫ਼ਤਰ ਮੁਤਾਬਕ ‘ਨਜੀਬ ਮਿਕਾਤੀ’ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨਾਲ ਗੱਲ ਕੀਤੀ ਸੀ। ‘ਮਿਕਾਤੀ’ ਨੇ ਸਮਝੌਤੇ ਦਾ ਸਵਾਗਤ ਕਰਦੇ ਹੋਏ ਇਸ ਨੂੰ ਲਿਬਨਾਨ ਵਿਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਅਤੇ ਘਰੋਂ ਬੇਘਰ ਹੋਏ ਵਿਅਕਤੀਆਂ ਦੀ ਵਾਪਸੀ ਨੂੰ ਸੰਭਵ ਬਣਾਉਣ ਵੱਲ ਇਕ ਵੱਡਾ ਕਦਮ ਦੱਸਿਆ ਹੈ।
ਇਜ਼ਰਾਈਲ ਅਤੇ ਲਿਬਨਾਨ ਵਿਚਾਲੇ ਇਹ ‘ਸਮਝੌਤਾ’ ਇਜ਼ਰਾਈਲ ਅਤੇ ਹਮਾਸ ਵਿਚਾਲੇ 14 ਮਹੀਨਿਆਂ ਤੋਂ ਚੱਲੀ ਜੰਗ ਨੂੰ ਖਤਮ ਕਰਨ ਦੀ ਦਿਸ਼ਾ ’ਚ ਇਕ ਵੱਡਾ ਕਦਮ ਹੈ। ਰੂਸ ਅਤੇ ਯੂਕ੍ਰੇਨ ਆਦਿ ਵਿਚਾਲੇ ਵੀ ਇਸ ਤਰ੍ਹਾਂ ਦਾ ਸਮਝੌਤਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਬਾਰੂਦ ਦੇ ਢੇਰ ’ਤੇ ਬੈਠੀ ਇਸ ਦੁਨੀਆ ਨੂੰ ਤੀਜੇ ਵਿਸ਼ਵ ਯੁੱਧ ਦੇ ਖ਼ਤਰੇ ਤੋਂ ਮੁਕਤੀ ਮਿਲ ਸਕੇਗੀ।
-ਵਿਜੇ ਕੁਮਾਰ


author

Inder Prajapati

Content Editor

Related News