ਕੈਪਟਨ ਅਮਰਿੰਦਰ 64ਵੇਂ ਨੇਤਾ ਜਿਨ੍ਹਾਂ ਨੇ ਕਾਂਗਰਸ ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਈ

12/26/2021 3:29:43 AM

ਪੰਜਾਬ ’ਚ ਕਾਂਗਰਸ ਛੱਡਣ ਦੇ ਬਾਅਦ ਆਖਿਰਕਾਰ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਪੰਜਾਬ ਲੋਕ ਕਾਂਗਰਸ ਨਾਂ ਤੋਂ ਨਵੀਂ ਪਾਰਟੀ ਦਾ ਗਠਨ ਕੀਤਾ ਹੈ। ਇਹ ਵੀ ਕਿਹਾ ਕਿ ਉਹ ਪੰਜਾਬ ’ਚ ਅਗਲੀ ਚੋਣ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਲੜਨਗੇ।

ਇਸ ਦੇ ਨਾਲ ਇਹ 64ਵੀਂ ਵਾਰ ਹੈ ਜਦ ਕਾਂਗਰਸ ਤੋਂ ਵੱਖ ਹੋ ਕੇ ਕੋਈ ਨਵੀਂ ਪਾਰਟੀ ਖੜ੍ਹੀ ਹੋਈ ਹੈ। 1885 ਤੋਂ ਹੁਣ ਤੱਕ ਕਾਂਗਰਸ ਨੇ 64 ਅਜਿਹੇ ਮੌਕੇ ਦੇਖੇ ਜਦ ਕਾਂਗਰਸ ਛੱਡਣ ਦੇ ਬਾਅਦ ਨੇਤਾਵਾਂ ਨੇ ਆਪਣੀ ਨਵੀਂ ਪਾਰਟੀ ਬਣਾ ਲਈ। 1969 ’ਚ ਤਾਂ ਕਾਂਗਰਸ ਦੇ ਮਹਾਨ ਨੇਤਾਵਾਂ ਨੇ ਇੰਦਰਾ ਗਾਂਧੀ ਨੂੰ ਹੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਿਦੱਤਾ ਸੀ। ਤਦ ਇੰਦਰਾ ਨੇ ਵੱਖ ਕਾਂਗਰਸ ਬਣਾ ਲਈ ਸੀ। ਸੋਨੀਆ ਗਾਂਧੀ ਦੇ ਮੁਖੀ ਰਹਿੰਦੇ ਸਭ ਤੋਂ ਵੱਧ ਫੁੱਟ ਪਈ ਹੈ। 1998 ’ਚ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਕਮਾਨ ਸੰਭਾਲੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕਾਂਗਰਸ ਦੀ ਫੁੱਟ ਨਾਲ 26 ਨਵੀਆਂ ਪਾਰਟੀਆਂ ਬਣ ਚੁੱਕੀਆਂ ਹਨ।

1923 : ਚਿਤਰੰਜਨ ਦਾਸ ਨੇ ਕਾਂਗਰਸ ਛੱਡ ਕੇ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ਸੀ। ਹੋਮ ਲਾਇਬ੍ਰੇਰੀ ਦੀ ਪੁਸਤਕ ‘ਗ੍ਰੇਟ ਮੈਨ ਆਫ ਇੰਡੀਆ’ ’ਚ ਇਸ ਦਾ ਵਰਨਣ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਚਿਤਰੰਜਨ ਦਾਸ ਕਾਊਂਸਿਲ ’ਚ ਸ਼ਾਮਲ ਹੋ ਕੇ ਬ੍ਰਿਟਿਸ਼ ਸਰਕਾਰ ਦੀਆਂ ਨੀਤੀਆਂ ਦਾ ਨਵੇਂ ਤਰ੍ਹਾਂ ਵਿਰੋਧ ਕਰਨਾ ਚਾਹੁੰਦੇ ਸਨ ਪਰ ਕਾਂਗਰਸ ਇਜਲਾਸ ’ਚ ਉਨ੍ਹਾਂ ਦਾ ਇਹ ਮਤਾ ਪਾਸ ਨਹੀਂ ਹੋ ਸਕਿਆ। ਇਸ ਦੇ ਬਾਅਦ ਉਨ੍ਹਾਂ ਨੇ ਸਵਰਾਜ ਪਾਰਟੀ ਬਣਾ ਲਈ। 1924 ’ਚ ਿਦੱਲੀ ’ਚ ਕਾਂਗਰਸ ਦੇ ਇਲਾਵਾ ਇਜਲਾਸ ’ਚ ਉਨ੍ਹਾਂ ਦਾ ਇਹ ਮਤਾ ਪਾਸ ਹੋ ਗਿਆ। 1925 ’ਚ ਸਵਰਾਜ ਪਾਰਟੀ ਦਾ ਕਾਂਗਰਸ ’ਚ ਰਲੇਵਾਂ ਹੋ ਗਿਆ।

1939 : ਮਹਾਤਮਾ ਗਾਂਧੀ ਨਾਲ ਅਣਬਣ ਹੋਣ ’ਤੇ ਸੁਭਾਸ਼ ਚੰਦਰ ਬੋਸ ਅਤੇ ਸ਼ਾਰਦੁਲ ਸਿੰਘ ਨੇ ਆਲ ਇੰੰਡੀਆ ਫਾਰਵਰਡ ਬਕ ਨਾਂ ਨਾਲ ਵੱਖਰੀ ਪਾਰਟੀ ਖੜ੍ਹੀ ਕਰ ਲਈ। ਪੱਛਮੀ ਬੰਗਾਲ ’ਚ ਅਜੇ ਵੀ ਇਹ ਪਾਰਟੀ ਹੋਂਦ ’ਚ ਹੈ। ਹਾਲਾਂਕਿ, ਇਸ ਦਾ ਜਨ ਆਧਾਰ ਕਾਫੀ ਘੱਟ ਹੋ ਚੁੱਕਾ ਹੈ।

ਆਜ਼ਾਦੀ ਦੇ ਬਾਅਦ ਕਾਂਗਰਸ ਛੱਡਣ ਵਾਲੇ ਨੇਤਾਵਾਂ ਨੇ 1951 ’ਚ ਤਿੰਨ ਨਵੀਆਂ ਪਾਰਟੀਆਂ ਖੜ੍ਹੀਆਂ ਕੀਤੀਆਂ। ਇਸ ’ਚ ਜੀਵਟਰਾਮ ਕ੍ਰਿਪਲਾਨੀ ਨੇ ਕਿਸਾਨ ਮਜ਼ਦੂਰ ਪ੍ਰਜਾ ਪਾਰਟੀ, ਤੰਗੁਤੂਰੀ ਪ੍ਰਕਾਸ਼ਮ ਅਤੇ ਐੱਨ. ਜੀ. ਰੰਗਾ ਨੇ ਹੈਦਰਾਬਾਦ ਸਟੇਟ ਪ੍ਰਜਾ ਪਾਰਟੀ ਅਤੇ ਨਰਸਿੰਘ ਭਾਈ ਨੇ ਸੌਰਾਸ਼ਟਰ ਖੇਦੂਤ ਸੰਘ ਨਾਂ ਨਾਲ ਵੱਖ ਸਿਆਸੀ ਪਾਰਟੀ ਬਣਾਈ ਸੀ। ਇਸ ’ਚ ਹੈਦਰਾਬਾਦ ਸਟੇਟ ਪ੍ਰਜਾ ਪਾਰਟੀ ਦਾ ਰਲੇਵਾਂ ਕਿਸਾਨ ਮਜ਼ਦੂਰ ਪਾਰਟੀ ’ਚ ਹੋ ਗਿਆ। ਬਾਅਦ ’ਚ ਕਿਸਾਨ ਮਜ਼ਦੂਰ ਪ੍ਰਜਾ ਪਾਰਟੀ ਦਾ ਰਲੇਵਾਂ ਪ੍ਰਜਾ ਸੋਸ਼ਲਿਸਟ ਪਾਰਟੀ ਤੇ ਸੌਰਾਸ਼ਟਰ ਖੇਦੂਰ ਸੰਘ ਦਾ ਰਲੇਵਾਂ ਸਵਤੰਤਰ ਪਾਰਟੀ ’ਚ ਹੋ ਗਿਆ।

ਕਾਂਗਰਸ ਦੇ ਮਹਾਰਥੀ ਨੇਤਾ ਰਹੇ ਸੀ. ਰਾਜਗੋਪਾਲਚਾਰੀ ਨੇ 1956 ’ਚ ਪਾਰਟੀ ਛੱਡ ਦਿੱਤੀ। ਦੱਸਿਆ ਜਾਂਦਾ ਹੈ ਕਿ ਤਮਿਲਨਾਡੂ ’ਚ ਕਾਂਗਰਸ ਲੀਡਰਸ਼ਿਪ ਨਾਲ ਵਿਵਾਦ ਹੋਣ ਦੇ ਬਾਅਦ ਉਨ੍ਹਾਂ ਨੇ ਵੱਖਰੇ ਹੋਣ ਦਾ ਫੈਸਲਾ ਲਿਆ ਸੀ। ਰਾਜਗੋਪਾਲਚਾਰੀ ਨੇ ਪਾਰਟੀ ਛੱਡਣ ਦੇ ਬਾਅਦ ਇੰਡੀਅਨ ਨੈਸ਼ਨਲ ਡੈਮੋਕ੍ਰੇਟਿਕਸ ਕਾਂਗਰਸ ਪਾਰਟੀ ਦੀ ਸਥਾਪਨਾ ਕੀਤੀ। ਇਹ ਪਾਰਟੀ ਮਦਰਾਸ ਤੱਕ ਹੀ ਸੀਮਤ ਰਹੀ। ਹਾਲਾਂਕਿ ਬਾਅਦ ’ਚ ਰਾਜਗੋਪਾਲਚਾਰੀ ਨੇ ਐੱਨ. ਸੀ. ਰੰਗਾ ਦੇ ਨਾਲ 1959 ’ਚ ਸਵਤੰਤਰ ਪਾਰਟੀ ਦੀ ਸਥਾਪਨਾ ਕਰ ਲਈ ਅਤੇ ਇੰਡੀਅਨ ਨੈਸ਼ਨਲ ਡੈਮੋਕ੍ਰੇਟਿਕਸ ਪਾਰਟੀ ਦਾ ਇਸ ’ਚ ਰਲੇਵਾਂ ਕਰ ਦਿੱਤਾ।

ਸਵਤੰਤਰ ਪਾਰਟੀ ਦਾ ਫੋਕਸ ਬਿਹਾਰ, ਰਾਜਸਥਾਨ, ਗੁਜਰਾਤ, ਓਡਿਸ਼ਾ ਅਤੇ ਮਦਰਾਸ ’ਚ ਵੱਧ ਸੀ। 1974 ’ਚ ਸਵਤੰਤਰ ਪਾਰਟੀ ਦਾ ਰਲੇਵਾਂ ਵੀ ਭਾਰਤੀ ਕ੍ਰਾਂਤੀ ਦਲ ’ਚ ਹੋ ਗਿਆ ਸੀ। ਇਸ ਦੇ ਇਲਾਵਾ 1964 ’ਚ ਕੇ. ਐੱਮ. ਜਾਰਜ ਨੇ ਕੇਰਲ ਕਾਂਗਰਸ ਨਾਂ ਨਾਲ ਨਵੀਂ ਪਾਰਟੀ ਦਾ ਗਠਨ ਕਰ ਦਿੱਤਾ। ਹਾਲਾਂਕਿ ਬਾਅਦ ’ਚ ਇਸ ਪਾਰਟੀ ’ਚੋਂ ਕੱਢੇ ਨੇਤਾਵਾਂ ਨੇ ਆਪਣੀਆਂ 7 ਵੱਖ-ਵੱਖ ਪਾਰਟੀਆਂ ਖੜ੍ਹੀਆਂ ਕਰ ਲਈਆਂ। 1966 ’ਚ ਕਾਂਗਰਸ ਛੱਡਣ ਵਾਲੇ ਹਰੇਕ੍ਰਿਸ਼ਨਾ ਮੇਹਤਾਬ ਨੇ ਉੜੀਸਾ ਜਨ ਕਾਂਗਰਸ ਦੀ ਸਥਾਪਨਾ ਕੀਤੀ। ਬਾਅਦ ’ਚ ਇਸ ਦਾ ਰਲੇਵਾਂ ਜਨਤਾ ਪਾਰਟੀ ’ਚ ਹੋ ਗਿਆ।

ਇਹ ਗੱਲ 12 ਨਵੰਬਰ 1969 ਦੀ ਹੈ। ਉਦੋਂ ਕਾਂਗਰਸ ਦੇ ਮਹਾਰਥੀ ਨੇਤਾਵਾਂ ਨੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹੀ ਪਾਰਟੀ ’ਚੋਂ ਕੱਢ ਦਿੱਤਾ। ਉਨ੍ਹਾਂ ’ਤੇ ਅਨੁਸ਼ਾਸਨ ਭੰਗ ਕਰਨ ਦਾ ਦੋਸ਼ ਲੱਗਾ ਸੀ। ਇਸ ਦੇ ਜਵਾਬ ’ਚ ਇੰਦਰਾ ਗਾਂਧੀ ਨੇ ਨਵੀਂ ਕਾਂਗਰਸ ਖੜ੍ਹੀ ਕਰ ਦਿੱਤੀ। ਇਸ ਨੂੰ ਕਾਂਗਰਸ ਆਰ ਦਾ ਨਾਂ ਦਿੱਤਾ। ਦੱਸਿਆ ਜਾਂਦਾ ਹੈ ਕਿ ਜਿਹੜੇ ਨੇਤਾਵਾਂ ਨੇ ਇੰਦਰਾ ਨੂੰ ਪਾਰਟੀ ’ਚੋਂ ਕੱਢਿਆ ਸੀ ਉਨ੍ਹਾਂ ਨੇ ਹੀ 1966 ’ਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ ਸੀ। ਉਦੋਂ ਇੰਦਰਾ ਗਾਂਧੀ ਕੋਲ ਤਜਰਬਾ ਅਤੇ ਸੰਗਠਨ ਦੀ ਸਮਝ ਘੱਟ ਸੀ। ਹਾਲਾਂਕਿ, ਸਰਕਾਰ ਚਲਾਉਣ ਦੇ ਨਾਲ ਹੀ ਉਹ ਇਕ ਮਜ਼ਬੂਤ ਸਿਆਸਤਦਾਨ ਦੇ ਰੂਪ ’ਚ ਉੱਭਰੀ। 1969 ’ਚ ਉਨ੍ਹਾਂ ਨੇ ਇਕੱਲੇ ਦਮ ’ਤੇ ਚੋਣ ਲੜੀ ਅਤੇ ਮਜ਼ਬੂਤੀ ਨਾਲ ਜਿੱਤ ਹਾਸਲ ਕੀਤੀ।

ਇੰਦਰਾ ਨਾਲ ਵਿਵਾਦ ਦੇ ਕਾਰਨ ਹੀ ਕੇ. ਕਾਮਰਾਜ ਅਤੇ ਮੋਰਾਰਜੀ ਦੇਸਾਈ ਨੇ ਇੰਡੀਅਨ ਨੈਸ਼ਨਲ ਕਾਂਗਰਸ ਆਰਗੇਨਾਈਜ਼ੇਸ਼ਨ ਨਾਲੋਂ ਵੱਖਰੀ ਪਾਰਟੀ ਬਣਾਈ ਸੀ। ਬਾਅਦ ’ਚ ਇਸ ਦਾ ਰਲੇਵਾਂ ਜਨਤਾ ਪਾਰਟੀ ’ਚ ਹੋ ਗਿਆ। 1969 ’ਚ ਹੀ ਬੀਜੂ ਪਟਨਾਇਕ ਨੇ ਓਡਿਸ਼ਾ ’ਚ ਉਤਕਲ ਕਾਂਗਰਸ, ਆਂਧਰਾ ਪ੍ਰਦੇਸ਼ ’ਚ ਮੈਰੀ ਚੇਨਾ ਰੈੱਡੀ ਨੇ ਤੇਲੰਗਾਨਾ ਪ੍ਰਜਾ ਸਮਿਤੀ ਦਾ ਗਠਨ ਕੀਤਾ। ਇਸੇ ਦੌਰਾਨ 1978 ’ਚ ਇੰਦਰਾ ਨੇ ਕਾਂਗਰਸ ਆਰ ਛੱਡ ਕੇ ਇਕ ਨਵੀਂ ਪਾਰਟੀ ਦਾ ਗਠਨ ਕੀਤਾ। ਇਸ ਨੂੰ ਕਾਂਗਰਸ ਆਈ ਨਾਂ ਦਿੱਤਾ। ਇਕ ਸਾਲ ਬਾਅਦ ਭਾਵ 1979 ’ਚ ਡੀ. ਦੇਵਰਾਜ ਅਰਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਅਰਸ ਨਾਂ ਨਾਲ ਪਾਰਟੀ ਦਾ ਗਠਨ ਕੀਤਾ। ਦੇਵਰਾਜ ਦੀ ਪਾਰਟੀ ਹੁਣ ਹੋਂਦ ’ਚ ਨਹੀਂ ਹੈ।

1998 ’ਚ ਮਮਤਾ ਬੈਨਰਜੀ ਨੇ ਕਾਂਗਰਸ ਛੱਡ ਕੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਬਣਾ ਲਈ ਸੀ। ਉਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਹੈ। ਇਸ ਦੇ ਇਕ ਸਾਲ ਬਾਅਦ ਹੀ ਸ਼ਰਦ ਪਵਾਰ, ਪੀ. ਏ. ਸੰਗਮਾ ਅਤੇ ਤਾਰਿਕ ਅਨਵਰ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ ਦਾ ਗਠਨ ਕਰ ਲਿਆ ਸੀ। ਹੁਣ ਇਸ ਨੂੰ ਐੱਨ. ਸੀ. ਪੀ. ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸ਼ਰਦ ਪਵਾਰ ਅਜੇ ਵੀ ਇਸ ਦੇ ਮੁਖੀ ਹਨ। ਆਖਰੀ ਵਾਰ 2016 ’ਚ ਛੱਤੀਸਗੜ੍ਹ ’ਚ ਕਾਂਗਰਸ ਦੇ ਵੱਡੇ ਨੇਤਾ ਅਜੀਤ ਜੋਗੀ ਨੇ ਪਾਰਟੀ ਛੱਡ ਕੇ ਛੱਤੀਸਗੜ੍ਹ ਜਨਤਾ ਕਾਂਗਰਸ ਨਾਂ ਨਾਲ ਨਵਾਂ ਦਲ ਬਣਾ ਲਿਆ।

(ਧੰਨਵਾਦ ਸਹਿਤ ‘ਰਾਸ਼ਟਰੀ ਵਿਸ਼ਵਾਸ’)


Bharat Thapa

Content Editor

Related News