ਦਿੱਲੀ ਦੇ ਸੀ. ਐੱਮ. ਚਿਹਰੇ ਨਾਲ ਦੇਸ਼ ’ਚ ਵੀ ਸਮੀਕਰਨ ਸਾਧੇਗੀ ਭਾਜਪਾ

Thursday, Feb 13, 2025 - 06:52 PM (IST)

ਦਿੱਲੀ ਦੇ ਸੀ. ਐੱਮ. ਚਿਹਰੇ ਨਾਲ ਦੇਸ਼ ’ਚ ਵੀ ਸਮੀਕਰਨ ਸਾਧੇਗੀ ਭਾਜਪਾ

ਵੋਟਰਾਂ ਨੇ ਤਾਂ ਪਿਛਲੇ ਹਫਤੇ ਹੀ ਭਾਜਪਾ ਦੇ ਹੱਕ ’ਚ ਫਤਵਾ ਦੇ ਦਿੱਤਾ ਸੀ ਪਰ ਨਵੇਂ ਮੁੱਖ ਮੰਤਰੀ ਲਈ ਦਿੱਲੀ ਨੂੰ ਅਗਲੇ ਹਫਤੇ ਤੱਕ ਉਡੀਕ ਕਰਨੀ ਪੈ ਸਕਦੀ ਹੈ। 8 ਫਰਵਰੀ ਨੂੰ ਆਏ ਚੋਣ ਨਤੀਜਿਆਂ ’ਚ ਭਾਜਪਾ ਨੂੰ 70 ਮੈਂਬਰਾਂ ਵਾਲੀ ਦਿੱਲੀ ਵਿਧਾਨ ਸਭਾ ’ਚ 48 ਸੀਟਾਂ ਦੇ ਨਾਲ ਜ਼ਬਰਦਸਤ ਬਹੁਮਤ ਮਿਲਿਆ ਹੈ। ਫਿਰ ਵੀ ਨਵਾਂ ਮੁੱਖ ਮੰਤਰੀ ਚੁਣਨ ’ਚ ਸਮਾਂ ਲੱਗ ਰਿਹਾ ਹੈ ਤਾਂ ਸਭ ਤੋਂ ਵੱਡਾ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਦੇਸ਼ ਯਾਤਰਾ ’ਤੇ ਹੋਣਾ ਹੈ।

ਚੋਣਾਂ ਤੋਂ ਪਹਿਲਾਂ ਭਾਜਪਾ ਨੇ ਕਿਸੇ ਨੂੰ ‘ਸੀ.ਐੱਮ.’ ਚਿਹਰਾ ਨਹੀਂ ਐਲਾਨਿਆ ਸੀ। ਇਸ ਲਈ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਦੀ ਸੂਚੀ ਲੰਬੀ ਹੈ। ਸਾਰਿਆਂ ਦੇ ਹੱਕ ’ਚ ਆਪਣੇ-ਆਪਣੇ ਤਰਕ ਹਨ ਪਰ ਲਾਟਰੀ ਉਸੇ ਦੀ ਖੁੱਲ੍ਹੇਗੀ, ਜਿਸ ’ਤੇ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ-ਨਾਲ ਰਾਸ਼ਟਰੀ ਸਵੈਮ-ਸੇਵਕ ਸੰਘ ਦੀ ਵੀ ਸਹਿਮਤੀ ਹੋਵੇਗੀ।

ਲਗਭਗ 27 ਸਾਲ ਪਿਛੋਂ ਦਿੱਲੀ ਦੀ ਸੱਤਾ ’ਚ ਪਰਤ ਰਹੀ ਭਾਜਪਾ ਇਸ ਜਿੱਤ ਨਾਲ ਦੇਸ਼ਵਿਆਪੀ ਸੁਨੇਹਾ ਦੇਣਾ ਚਾਹੁੰਦੀ ਹੈ। ਇਸ ਲਈ ਮੁੱਖ ਮੰਤਰੀ ਦੀ ਚੋਣ ਨਾਲ ਵੀ ਭਵਿੱਖ ਦੇ ਚੋਣ ਸਮੀਕਰਨ ਸਾਧਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਕੁਝ ਮਹੀਨਿਆਂ ਲਈ ਦਿੱਲੀ ਦੀ ਮੁੱਖ ਮੰਤਰੀ ਰਹੀ ਆਤਿਸ਼ੀ ਨੂੰ ਅਪਵਾਦ ਮੰਨ ਲਈਏ ਤਾਂ 1998 ਤੋਂ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਜਿੱਤਣ ਵਾਲਾ ਵਿਧਾਇਕ ਹੀ ਮੁੱਖ ਮੰਤਰੀ ਬਣਦਾ ਰਿਹਾ ਹੈ ਪਰ ਪ੍ਰਵੇਸ਼ ਵਰਮਾ ਦੇ ਹੱਕ ’ਚ ਇਸ ਤੋਂ ਇਲਾਵਾ ਵੀ ਕੁਝ ਤਰਕ ਹਨ।

ਦਿੱਲੀ ’ਚ ਭਾਜਪਾ ਦੇ ਮੁੱਖ ਮੰਤਰੀ ਰਹੇ ਸਾਹਿਬ ਸਿੰਘ ਵਰਮਾ ਦੇ ਪੁੱਤਰ ਪ੍ਰਵੇਸ਼ ਲੋਕ ਸਭਾ ਮੈਂਬਰ ਵੀ ਰਹਿ ਚੁੱਕੇ ਹਨ। ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ’ਚ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਇਸੇ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਰੁੱਧ ‘ਟਰੰਪ ਕਾਰਡ’ ਵਾਂਗ ਵਰਤਿਆ ਗਿਆ।

ਜਿਹੜੇ ਕੇਜਰੀਵਾਲ ਦਾ ਕਰਿਸ਼ਮਾ ‘ਆਪ’ ਲਈ ਪੰਜਾਬ ਤੋਂ ਗੁਜਰਾਤ ਅਤੇ ਗੋਆ ਤਕ ਕਾਰਗਰ ਰਿਹਾ, ਉਨ੍ਹਾਂ ਨੂੰ ਉਨ੍ਹਾਂ ਦੀ ਰਵਾਇਤੀ ਦਿੱਲੀ ਵਿਧਾਨ ਸਭਾ ਸੀਟ ਤੋਂ ਹਾਰਨ ’ਚ ਪ੍ਰਵੇਸ਼ ਵਰਮਾ ਕਾਮਯਾਬ ਵੀ ਰਹੇ।

ਭਾਵੇਂ ਪ੍ਰਵੇਸ਼ ਵਰਮਾ ਦੀ ਜਿੱਤ ਦਾ ਜਿੰਨਾ ਫਰਕ ਰਿਹਾ, ਉਸ ਤੋਂ ਵੱਧ ਵੋਟ ਸਾਬਕਾ ਕਾਂਗਰਸੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਬੇਟੇ ਸੰਦੀਪ ਦੀਕਸ਼ਿਤ ਲੈਣ ’ਚ ਸਫਲ ਰਹੇ। ਪ੍ਰਵੇਸ਼ ਦੇ ਹੱਕ ’ਚ ਤਰਕ ਇਹ ਵੀ ਹੈ ਕਿ ਉਹ ਜਾਟ ਭਾਈਚਾਰੇ ਦੇ ਹਨ, ਜੋ ਕਿਸਾਨ ਅੰਦੋਲਨ ਸਮੇਤ ਕੁਝ ਮੁੱਦਿਆਂ ’ਤੇ ਭਾਜਪਾ ਨਾਲ ਨਾਰਾਜ਼ ਮੰਨਿਆ ਜਾ ਰਿਹਾ ਹੈ।

ਪ੍ਰਵੇਸ਼ ਵਰਮਾ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਨਾਲ ਭਾਜਪਾ ਨੂੰ ਹਰਿਆਣਾ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ’ਚ ਵੀ ਚੋਣ ਲਾਭ ਮਿਲ ਸਕਦਾ ਹੈ, ਜਿਥੇ ਜਾਟ ਵੋਟਰ ਚੰਗੀ ਗਿਣਤੀ ’ਚ ਹਨ।

ਚੋਣ ਸਮੀਕਰਨਾਂ ਦੀ ਦ੍ਰਿਸ਼ਟੀ ਨਾਲ ਹੀ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਵੀ ਦਾਅਵੇਦਾਰਾਂ ’ਚ ਹੈ। ਦਿੱਲੀ ’ਚ ਤਾਂ ਸਿੱਖ ਵੋਟਰ ਚੰਗੀ ਗਿਣਤੀ ’ਚ ਹਨ ਹੀ, ਸਿਰਸਾ ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਪੰਜਾਬ ’ਚ ਵੀ ਚੋਣ ਲਾਭ ਉਠਾ ਸਕਦੀ ਹੈ।

ਕਾਂਗਰਸ ਤੋਂ ਆਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਚੋਣਾਂ ’ਚ ਭਾਜਪਾ ਲਈ ਲੋੜੀਂਦੀ ਹਮਾਇਤ ਨਹੀਂ ਲੈ ਸਕੇ। ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਤਕ ਰਵਾਇਤੀ ਸੀਟ ਪਟਿਆਲਾ ਤੋਂ ਹਾਰ ਗਈ। ਇਸ ਲਈ ਕਾਂਗਰਸ ਤੋਂ ਆਏ ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਚੋਣਾਂ ਹਾਰ ਜਾਣ ਦੇ ਬਾਵਜੂਦ ਕੇਂਦਰ ’ਚ ਸੂਬਾ ਮੰਤਰੀ ਅਤੇ ਫਿਰ ਬਾਅਦ ’ਚ ਰਾਜ ਸਭਾ ਸੰਸਦ ਮੈਂਬਰ ਬਣਾਉਣਾ ਪਿਆ।

ਇਸ ਵਾਰ ਦਿੱਲੀ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਤਿੰਨੋਂ ਸਿੱਖ ਉਮੀਦਵਾਰ ਜਿੱਤ ਗਏ। ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਤੋਂ ਜਿੱਤੇ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾ ਕੇ ਭਾਜਪਾ ਪੰਜਾਬ ਸਮੇਤ ਦੇਸ਼ ਭਰ ’ਚ ਸਿੱਖ ਭਾਈਚਾਰੇ ਨੂੰ ਹਾਂਪੱਖੀ ਸੁਨੇਹਾ ਦੇ ਸਕਦੀ ਹੈ। ਫਿਲਹਾਲ ਪੰਜਾਬ ’ਚ ‘ਆਪ’ ਦੀ ਪ੍ਰਚੰਡ ਬਹੁਮਤ ਵਾਲੀ ਸਰਕਾਰ ਹੈ ਅਤੇ ਕਾਂਗਰਸ ਮੁੱਖ ਵਿਰੋਧੀ ਧਿਰ ਪਾਰਟੀ ਹੈ।

117 ਮੈਂਬਰਾਂ ਵਾਲੀ ਪੰਜਾਬ ਵਿਧਾਨ ਸਭਾ ’ਚ ਭਾਜਪਾ ਕੋਲ ਸਿਰਫ 2 ਵਿਧਾਇਕ ਹਨ। ਚੋਣ ਸਮੀਕਰਨ ਦੇ ਲਿਹਾਜ਼ ਨਾਲ ਹੀ ਮਨੋਜ ਤਿਵਾੜੀ ਵੀ ਦੌੜ ’ਚ ਹਨ। ਸੂਬਾਈ ਭਾਜਪਾ ਪ੍ਰਧਾਨ ਵੀ ਰਹਿ ਚੁੱਕੇ ਭੋਜਪੁਰੀ ਕਲਾਕਾਰ ਮਨੋਜ ਤਿਵਾੜੀ ਦਿੱਲੀ ਦੇ ਇਕੋ-ਇਕ ਸੰਸਦ ਮੈਂਬਰ ਰਹੇ ਜਿਨ੍ਹਾਂ ਦੀ ਟਿਕਟ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ’ਚ ਨਹੀਂ ਕੱਟੀ ਗਈ। ਜੇਕਰ ਮਨੋਜ ਤਿਵਾੜੀ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਗਿਆ ਤਾਂ ਉਨ੍ਹਾਂ ਨੂੰ 6 ਮਹੀਨੇ ਦੇ ਅੰਦਰ ਹੀ ਵਿਧਾਨ ਸਭਾ ਚੋਣਾਂ ਲੜਨੀਆਂ ਪੈਣਗੀਆਂ।

ਉਨ੍ਹਾਂ ਦਾ ਨਾਂ ਦਾਅਵੇਦਾਰਾਂ ’ਚ ਇਸ ਲਈ ਸ਼ਾਮਲ ਮੰਨਿਆ ਜਾ ਰਿਹਾ ਹੈ ਕਿ ਦਿੱਲੀ ’ਚ ਪੂਰਵਾਂਚਲੀ ਵੋਟ ਬੈਂਕ ਵੱਡਾ ਹੈ ਅਤੇ ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਚੋਣ ਲਾਭ ਮਿਲ ਸਕਦਾ ਹੈ। ਬਿਹਾਰ ’ਚ ਤਾਂ ਇਸੇ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹਨ।

ਫਿਲਹਾਲ, ਬਿਹਾਰ ਵਿਧਾਨ ਸਭਾ ’ਚ 78 ਸੀਟਾਂ ਦੇ ਨਾਲ ਭਾਜਪਾ ਦੂਜੀ ਵੱਡੀ ਪਾਰਟੀ ਹੈ ਅਤੇ 43 ਸੀਟਾਂ ਵਾਲੇ ਜਨਤਾ ਦਲ ਯੂਨਾਈਟਿਡ ਦੇ ਆਗੂ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਬਣਾਈ ਰੱਖਣ ਨੂੰ ਮਜਬੂਰ ਹੈ। ਭਾਜਪਾ ਬਿਹਾਰ ’ਚ ਆਪਣੇ ਦਮ ’ਤੇ 100 ਸੀਟਾਂ ਦਾ ਅੰਕੜਾ ਪਾਰ ਕਰਨਾ ਚਾਹੁੰਦੀ ਹੈ ਤਾਂਕਿ ਆਪਣਾ ਮੁੱਖ ਮੰਤਰੀ ਬਣਾਉਣ ਦਾ ਜੁਗਾੜ ਲਾ ਸਕੇ।

ਹਾਲਾਂਕਿ ਦੁਸ਼ਯੰਤ ਗੌਤਮ ਕਰੋਲ ਬਾਗ ਤੋਂ ਵਿਧਾਨ ਸਭਾ ਚੋਣ ਹਾਰ ਗਏ ਪਰ ਫਿਰ ਵੀ ਉਹ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਮੰਨੇ ਜਾ ਰਹੇ ਹਨ। ਮੋਦੀ ਅਤੇ ਸ਼ਾਹ ਦੇ ਭਰੋਸੇਯੋਗ ਮੰਨੇ ਜਾਣ ਵਾਲੇ ਦੁਸ਼ਯੰਤ ਗੌਤਮ ਭਾਜਪਾ ਦਾ ਦਲਿਤ ਚਿਹਰਾ ਹਨ। ਇਸ ਲਈ ਉਨ੍ਹਾਂ ਨੂੰ ਇਕ ਵਾਰ ਹਰਿਆਣਾ ਤੋਂ ਰਾਜ ਸਭਾ ਮੈਂਬਰ ਵੀ ਬਣਾਇਆ ਜਾ ਚੁੱਕਾ ਹੈ।

ਇਸ ਤੋਂ ਇਲਾਵਾ ਦਿੱਲੀ ’ਚ ਵਿਰੋਧੀ ਧਿਰ ਆਗੂ ਰਹਿ ਚੁੱਕੇ ਵਿਜੇਂਦਰ ਗੁਪਤਾ, ਸ਼ਾਲੀਮਾਰ ਬਾਗ ਤੋਂ ਵਿਧਾਇਕ ਰੇਖਾ ਗੁਪਤਾ, ਸ਼ਿਖਾ ਰਾਏ, ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਨਾ ਦੇ ਵਿਧਾਇਕ ਬੇਟੇ ਹਰੀਸ਼ ਖੁਰਾਨਾ, ਦਿੱਲੀ ਦੀ ਇਕ ਹੋਰ ਭਾਜਪਾਈ ਮੁੱਖ ਮੰਤਰੀ ਰਹੀ ਸੁਸ਼ਮਾ ਸਵਰਾਜ ਦੀ ਸੰਸਦ ਮੈਂਬਰ ਬੇਟੀ ਬਾਂਸੁਰੀ ਸਵਰਾਜ ਅਤੇ ਸਤੀਸ਼ ਉਪਾਧਿਆਏ ਵੀ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ’ਚ ਸ਼ਾਮਲ ਹਨ।

ਪੰਜਾਬੀ ਅਤੇ ਵੈਸ਼ ਭਾਈਚਾਰਾ ਦਿੱਲੀ ’ਚ ਭਾਜਪਾ ਰਵਾਇਤੀ ਵੋਟ ਬੈਂਕ ਰਿਹਾ ਹੈ। ਉਂਝ ਮਹਾਰਾਸ਼ਟਰ ਨੂੰ ਅਪਵਾਦ ਮੰਨ ਲਈਏ ਤਾਂ ਮੋਦੀ-ਸ਼ਾਹ ਦੀ ਜੋੜੀ ਮੁੱਖ ਮੰਤਰੀ ਦੀ ਚੋਣ ਨਾਲ ਹੈਰਾਨ ਕਰਦੀ ਰਹੀ ਹੈ। ਅਜਿਹੇ ’ਚ ਉਸ ਸਮ੍ਰਿਤੀ ਇਰਾਨੀ ਦਾ ਦਾਅ ਵੀ ਲੱਗ ਸਕਦਾ ਹੈ, ਜਿਨ੍ਹਾਂ ਦਾ ਨਾਂ ਦਿੱਲੀ ’ਚ ਚੋਣ ਪ੍ਰੋਗਰਾਮ ਦੇ ਐਲਾਨ ਤੋਂ ਪਹਿਲਾਂ ਮੁੱਖ ਮੰਤਰੀ ਚਿਹਰੇ ਲਈ ਜ਼ੋਰ-ਸ਼ੋਰ ਨਾਲ ਚੱਲਿਆ ਸੀ। ਇਸ ਵਾਰ ਉਹ ਅਮੇਠੀ ਤੋਂ ਕਾਂਗਰਸ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਤੋਂ ਹਾਰ ਗਈ। ਜੇਕਰ ਭਾਜਪਾ ਸਮ੍ਰਿਤੀ ਇਰਾਨੀ ’ਤੇ ਦਾਅ ਲਗਾ ਕੇ ਔਰਤਾਂ ਨੂੰ ਗੋਲਬੰਦ ਕਰਨਾ ਚਾਹੁੰਦੀ ਹੈ ਤਾਂ ਉਹ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੋਵੇਗੀ।

ਰਾਜ ਕੁਮਾਰ ਸਿੰਘ


author

Rakesh

Content Editor

Related News