ਭਾਜਪਾ ’ਚ ਫੇਰਬਦਲ ਦਾ ਦੌਰ ਸ਼ੁਰੂ, ਸਭ ਦੀਆਂ ਨਜ਼ਰਾਂ ਹੁਣ ਕਾਂਗਰਸ ’ਤੇ

02/05/2020 1:49:34 AM

ਡਾ. ਰਾਜੀਵ ਪਥਰੀਆ 

ਬੀਤੇ ਕੁਝ ਦਿਨਾਂ ਵਿਚ ਭਾਜਪਾ ’ਚ ਰਾਸ਼ਟਰ ਪੱਧਰ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਤਕ ਵੱਡੇ ਬਦਲਾਅ ਹੋਏ ਹਨ। ਹਿਮਾਚਲ ਤੋਂ ਸਿਆਸੀ ਸ਼ੁਰੂਆਤ ਕਰਨ ਵਾਲੇ ਜਗਤ ਪ੍ਰਕਾਸ਼ ਨੱਢਾ ਹੁਣ ਦੇਸ਼ ਦੇ ਸਭ ਤੋਂ ਵੱਡੇ ਅਤੇ ਕੇਂਦਰ ਵਿਚ ਸੱਤਾਧਾਰੀ ਦਲ ਭਾਜਪਾ ਦੇ ਪ੍ਰਧਾਨ ਬਣੇ ਹਨ, ਜਦਕਿ ਉਸ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਹਿਮਾਚਲ ਭਾਜਪਾ ਨੂੰ ਡਾ. ਰਾਜੀਵ ਬਿੰਦਲ ਦੇ ਰੂਪ ਵਿਚ ਨਵੀਂ ਲੀਡਰਸ਼ਿਪ ਪ੍ਰਦਾਨ ਕੀਤੀ ਹੈ। ਸੰਗਠਨ ਦੇ ਕੁਸ਼ਲ ਸ਼ਿਲਪੀ ਡਾ. ਬਿੰਦਲ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਸਪੀਕਰ ਦਾ ਅਹੁਦਾ ਛੱਡ ਕੇ ਪਾਰਟੀ ਦੇ ਅੰਦਰ ਪਿਛਲੇ ਕੁਝ ਸਮੇਂ ਤੋਂ ਪਣਪੇ ਰੋਗਾਂ ਨੂੰ ਦੂਰ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਡਾ. ਬਿੰਦਲ ਦੇ ਲੰਮੇ ਸਿਆਸੀ ਅਤੇ ਜਥੇਬੰਦਕ ਤਜਰਬੇ ਦਾ ਲਾਭ ਭਵਿੱਖ ਵਿਚ ਭਾਜਪਾ ਨੂੰ ਮਿਲੇਗਾ। ਉਨ੍ਹਾਂ ਨੇ ਪ੍ਰਧਾਨਗੀ ਅਹੁਦਾ ਹਾਸਿਲ ਕਰਦੇ ਹੀ ਗਣੇਸ਼ ਪਰਿਕਰਮਾ ਵਾਲੇ ਨੇਤਾਵਾਂ ਅਤੇ ਵਰਕਰਾਂ ਨੂੰ ਪਾਰਟੀ ਵਿਚ ਸਰਗਰਮ ਭੂਮਿਕਾ ਤੋਂ ਦੂਰ ਰੱਖਣ ਦੇ ਸੰਕੇਤ ਦਿੱਤੇ ਹਨ। ਉਥੇ ਹੀ ਉਨ੍ਹਾਂ ਨੇ ਪ੍ਰਦੇਸ਼ ਵਿਚ ਆਪਣੇ ਪਹਿਲੇ ਦੌਰੇ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ, ਸ਼ਾਂਤਾ ਕੁਮਾਰ ਅਤੇ ਸਾਬਕਾ ਭਾਜਪਾ ਪ੍ਰਧਾਨ ਸੱਤਪਾਲ ਸਿੰਘ ਸੱਤੀ ਨਾਲ ਮੁਲਾਕਾਤ ਕਰ ਕੇ ਹਿਮਾਚਲ ਭਾਜਪਾ ਨੂੰ ਨਵੇਂ ਕਲੇਵਰ ਵਿਚ ਲਿਆਉਣ ਲਈ ਸਭ ਦੇ ਵਿਚਾਰਾਂ ਨੂੰ ਜਾਣਨ ਦੀ ਕੋਸ਼ਿਸ਼ ਵੀ ਕੀਤੀ ਹੈ। ਉਨ੍ਹਾਂ ਦਾ ਪਹਿਲਾ ਮਕਸਦ ਭਾਜਪਾ ਦੀ ਉੱਚ ਲੀਡਰਸ਼ਿਪ ਵਿਚ ਹੁਣ ਤਕ ਚੱਲਦੀ ਆ ਰਹੀ ਧੜੇਬੰਦੀ ਨੂੰ ਦੂਰ ਕਰਨਾ ਹੈ ਕਿਉਂਕਿ ਇਹੀ ਵੱਡਾ ਕਾਰਣ ਹੈ, ਜਿਸ ਕਾਰਣ ਭਾਜਪਾ ਆਪਣੀ ਸਰਕਾਰ ਰਿਪੀਟ ਕਰਨ ਤੋਂ ਖੁੰਝਦੀ ਰਹੀ ਹੈ।

ਡਾ. ਬਿੰਦਲ ਦੀ ਤੇਜ਼-ਤਰਾਰੀ ਤੋਂ ਜਾਣੂ ਕਾਂਗਰਸੀ ਚਿੰਤਤ

ਭਾਵੇਂ ਸਵੈਮ ਸੇਵਕ ਸੰਘ ਦੀ ਜ਼ਿੰਮੇਵਾਰੀ ਰਹੀ ਹੋਵੇ ਜਾਂ ਫਿਰ ਸਰਕਾਰ ਅਤੇ ਸੰਗਠਨ ਵਿਚ, ਡਾ. ਰਾਜੀਵ ਬਿੰਦਲ ਤੇਜ਼-ਤਰਾਰ ਰਾਜਨੇਤਾ ਦੇ ਰੂਪ ਵਿਚ ਪ੍ਰਦੇਸ਼ ਵਿਚ ਆਪਣੀ ਪਛਾਣ ਸਥਾਪਿਤ ਕਰ ਚੁੱਕੇ ਹਨ। ਦੂਜੇ ਪਾਸੇ ਕਾਂਗਰਸ ਪਾਰਟੀ ਦੀ ਉੱਚ ਲੀਡਰਸ਼ਿਪ ਵੀ ਹੁਣ ਹਿਮਾਚਲ ਭਾਜਪਾ ਦੇ ਅੰਦਰ ਹੋਏ ਇਸ ਬਦਲਾਅ ਨੂੰ ਲੈ ਕੇ ਆਪਣੀ ਅਗਲੀ ਰਣਨੀਤੀ ਤਿਆਰ ਕਰਨ ਵਿਚ ਜੁਟ ਗਈ ਹੈ ਕਿਉਂਕਿ ਹਿਮਾਚਲ ਭਾਜਪਾ ਦੀ ਕਮਾਨ ਡਾ. ਬਿੰਦਲ ਦੇ ਹੱਥਾਂ ਵਿਚ ਆ ਜਾਣ ਤੋਂ ਬਾਅਦ ਉਨ੍ਹਾਂ ’ਤੇ ਜੈਰਾਮ ਠਾਕੁਰ ਦੀ ਅਗਵਾਈ ਵਾਲੀ ਸਰਕਾਰ ਨੂੰ ਰਿਪੀਟ ਕਰਵਾਉਣ ਦਾ ਜ਼ਿੰਮਾ ਵੀ ਆ ਗਿਆ ਹੈ। ਉਥੇ ਹੀ ਸ਼ਾਇਦ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਵੀ ਆਪਣੇ ਸੂਬੇ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਤ ਨੂੰ ਦੁਹਰਾਉਣ ਦੇ ਮਕਸਦ ਨਾਲ ਹੀ ਆਪਣਾ ਦਾਅ ਡਾ. ਰਾਜੀਵ ਬਿੰਦਲ ’ਤੇ ਖੇਡਿਆ ਹੈ। ਇਹੀ ਕਾਰਣ ਹੈ ਕਿ ਹੁਣ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੇ ਮੱਥੇ ’ਤੇ ਵੀ ਚਿੰਤਾ ਦੀਆਂ ਲਕੀਰਾਂ ਸਾਫ ਤੌਰ ’ਤੇ ਦਿਸਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਭਵਿੱਖ ਵਿਚ ਕਾਂਗਰਸ ਹਾਈਕਮਾਨ ਵੀ ਸੰਗਠਨ ਵਿਚ ਜ਼ਰੂਰੀ ਬਦਲਾਅ ਕਰਨ ਬਾਰੇ ਸੋਚ ਸਕਦੀ ਹੈ। ਇਕ ਸਾਲ ਪਹਿਲਾਂ ਹੀ ਕੁਲਦੀਪ ਸਿੰਘ ਰਾਠੌਰ ਨੂੰ ਕਾਂਗਰਸ ਹਾਈਕਮਾਨ ਨੇ ਹਿਮਾਚਲ ਕਾਂਗਰਸ ਦੇ ਪ੍ਰਧਾਨਗੀ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਹੈ ਪਰ ਪਾਰਟੀ ਦੇ ਅੰਦਰ ਕੁਝ ਸੀਨੀਅਰ ਨੇਤਾ ਪਹਿਲਾਂ ਤੋਂ ਹੀ ਉਨ੍ਹਾਂ ਨੂੂੰ ਹਟਾ ਕੇ ਖ਼ੁਦ ਪ੍ਰਧਾਨ ਬਣਨ ਦੀਆਂ ਕੋਸ਼ਿਸ਼ਾਂ ਕਰਦੇ ਆ ਰਹੇ ਹਨ ਪਰ ਹੁਣ ਭਾਜਪਾ ’ਚ ਕੇਂਦਰ ਵਿਚ ਜੇ. ਪੀ. ਨੱਢਾ ਅਤੇ ਸੂਬੇ ਵਿਚ ਡਾ. ਰਾਜੀਵ ਬਿੰਦਲ ਦੀ ਜੁਗਲਬੰਦੀ ਨਾਲ ਸੂਬਾਈ ਕਾਂਗਰਸ ਦੀ ਉੱਚ ਲੀਡਰਸ਼ਿਪ ਵੀ ਡਾ. ਬਿੰਦਲ ਦੀ ਟੱਕਰ ਦੇ ਕਿਸੇ ਸੀਨੀਅਰ ਨੇਤਾ ਨੂੰ ਪ੍ਰਧਾਨਗੀ ਅਹੁਦੇ ਦੀ ਕੁਰਸੀ ’ਤੇ ਦੇਖਣਾ ਚਾਹੁੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਦਿੱਲੀ ਚੋਣਾਂ ਤੋਂ ਬਾਅਦ ਜਿਥੇ ਡਾ. ਬਿੰਦਲ ਭਾਜਪਾ ਵਰਕਿੰਗ ਕਮੇਟੀ ਦਾ ਗਠਨ ਕਰਨਗੇ, ਉਥੇ ਹੀ ਸੂਬਾਈ ਮੰਤਰੀ ਮੰਡਲ ਵਿਚ ਵੀ ਫੇਰਬਦਲ ਹੋਵੇਗਾ। ਭਾਜਪਾ ਦੇ ਇਨ੍ਹਾਂ ਅੰਦਰੂਨੀ ਬਦਲਾਵਾਂ ਤੋਂ ਬਾਅਦ ਕਾਂਗਰਸ ਪਾਰਟੀ ਦੀ ਉੱਚ ਲੀਡਰਸ਼ਿਪ ਵੀ ਦਿੱਲੀ ਦਾ ਰੁਖ਼ ਕਰ ਕੇ ਨਵੇਂ ਬਦਲਾਵਾਂ ਦੀ ਮੰਗ ਹਾਈਕਮਾਨ ਸਾਹਮਣੇ ਰੱਖੇਗੀ।

ਹੇਠਲੇ ਹਿਮਾਚਲ ਵੱਲ ਕਦੋਂ ਰੁਖ਼ ਕਰਨਗੇ ਮੁੱਖ ਮੰਤਰੀ

ਹਿਮਾਚਲ ਦੀ ਰਾਜਨੀਤੀ ਲੰਮੇ ਸਮੇਂ ਤੋਂ ਲੋਅਰ ਅਤੇ ਅੱਪਰ ਹਿਮਾਚਲ ਵਿਚਾਲੇ ਝੂਲਦੀ ਰਹੀ ਹੈ। ਹਿਮਾਚਲ ਵਿਚ ਕਿਸੇ ਵੀ ਦਲ ਦੀ ਸਰਕਾਰ ਉਦੋਂ ਬਣੀ ਹੈ, ਜਦੋਂ ਹੇਠਲੇ ਹਿਮਾਚਲ ਦੇ ਜ਼ਿਲਿਆਂ, ਖਾਸ ਕਰਕੇ ਕਾਂਗੜਾ ਦਾ ਸਾਥ ਉਸ ਦਲ ਨੂੰ ਮਿਲਿਆ ਹੈ। ਇਹੀ ਕਾਰਣ ਹੈ ਕਿ ਸਰਦੀਆਂ ਦੇ ਮੌਸਮ ਵਿਚ ਸਾਰੇ ਮੁੱਖ ਮੰਤਰੀ ਸਰਦ ਰੁੱਤ ਪ੍ਰਵਾਸ ਉੱਤੇ ਹੇਠਲੇ ਹਿਮਾਚਲ ਦਾ ਰੁਖ਼ ਕਰਦੇ ਹਨ। ਕਾਂਗਰਸ ਦੇ ਪ੍ਰਮੁੱਖ ਨੇਤਾ ਵੀਰਭੱਦਰ ਸਿੰਘ ਨੇ ਬਤੌਰ ਮੁੱਖ ਮੰਤਰੀ ਧਰਮਸ਼ਾਲਾ ਵਿਚ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਕਰਵਾਉਣ ਦੀ ਸ਼ੁਰੂਆਤ ਕਰ ਕੇ ਬਕਾਇਦਾ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਉਸ ਨੂੰ ਸਰਦ ਰੁੱਤ ਰਾਜਧਾਨੀ ਦਾ ਦਰਜਾ ਵੀ ਦਿੱਤਾ। ਉਥੇ ਹੀ ਭਾਜਪਾ ਦੀ ਸਰਕਾਰ ਵਿਚ ਮੁੱਖ ਮੰਤਰੀ ਰਹੇ ਪ੍ਰੋ. ਪ੍ਰੇਮ ਕੁਮਾਰ ਧੂਮਲ ਨੇ ਵੀ ਇਸ ਰਵਾਇਤ ਨੂੰ ਵਧਾਇਆ ਅਤੇ ਧਰਮਸ਼ਾਲਾ ਵਿਚ ਮੰਤਰੀ ਮੰਡਲ ਦੇ ਮੈਂਬਰਾਂ ਦੇ ਬੈਠਣ ਲਈ ਭਵਨ ਦਾ ਨਿਰਮਾਣ ਵੀ ਕਰਵਾਇਆ। ਹੁਣ ਤਕ ਸਰਦੀਆਂ ਦੇ ਮੌਸਮ ਵਿਚ ਇਸ ਭਵਨ ਵਿਚ ਮੁੱਖ ਮੰਤਰੀ ਸਮੇਤ ਕਈ ਮੰਤਰੀ ਬੈਠ ਕੇ ਹੇਠਲੇ ਹਿਮਾਚਲ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਆਏ ਹਨ।

ਉਥੇ ਹੀ ਸਰਦ ਰੁੱਤ ਪ੍ਰਵਾਸ ਦੇ ਦੌਰਾਨ ਵੀਰਭੱਦਰ ਸਿੰਘ ਅਤੇ ਪ੍ਰੋ. ਪ੍ਰੇਮ ਕੁਮਾਰ ਧੂਮਲ ਹੇਠਲੇ ਹਿਮਾਚਲ ਦੇ ਕਾਂਗੜਾ, ਚੰਬਾ, ਊਨਾ ਅਤੇ ਹਮੀਰਪੁਰ ਦੇ ਲਗਾਤਾਰ ਦੌਰੇ ਵੀ ਕਰਦੇ ਆਏ ਹਨ ਪਰ ਭਾਜਪਾ ਦੀ ਮੌਜੂਦਾ ਸਰਕਾਰ ਅਜੇ ਤਕ ਇਸ ਸਰਦ ਰੁੱਤ ਪ੍ਰਵਾਸ ਤੋਂ ਦੂਰੀ ਬਣਾ ਕੇ ਹੀ ਚੱਲ ਰਹੀ ਹੈ। ਧਰਮਸ਼ਾਲਾ ਸਥਿਤ ਭਵਨ ਵਿਚ ਸ਼ਾਇਦ ਹੀ 2 ਸਾਲਾਂ ਵਿਚ ਕਿਸੇ ਮੰਤਰੀ ਨੇ ਬੈਠ ਕੇ ਜਨਤਾ ਦੀਆਂ ਸਮੱਸਿਆਵਾਂ ਨੂੰ ਸੁਣਿਆ ਹੋਵੇ। ਮੁੱਖ ਮੰਤਰੀ ਜੈਰਾਮ ਠਾਕੁਰ ਹੁਣ ਤਕ ਸਰਦ ਰੁੱਤ ਪ੍ਰਵਾਸ ਦੀ ਸ਼ੁਰੂਆਤ ਨਹੀਂ ਕਰ ਸਕੇ ਹਨ, ਹਾਲਾਂਕਿ ਇਸ ’ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਲੋਅਰ ਅਤੇ ਅੱਪਰ ਹਿਮਾਚਲ ਦੀ ਰਾਜਨੀਤੀ ਨਾਲ ਪ੍ਰਦੇਸ਼ ਨੂੰ ਵੰਡਣਾ ਨਹੀਂ ਚਾਹੰਦੇ ਹਨ ਪਰ ਉਹ ਪੂਰੀ ਤਰ੍ਹਾਂ ਨਾਲ ਸਰਦ ਰੁੱਤ ਪ੍ਰਵਾਸ ਤੋਂ ਇਨਕਾਰ ਵੀ ਨਹੀਂ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਦੀਆਂ ਚੋਣਾਂ ਦੇ ਪ੍ਰਚਾਰ ਦੇ ਰੁਝੇਵੇਂ ਖਤਮ ਹੁੰਦੇ ਹੀ ਉਹ ਸਰਦ ਰੁੱਤ ਪ੍ਰਵਾਸ ’ਤੇ ਆ ਜਾਣਗੇ। ਪਿਛਲੇ ਸਾਲ ਵੀ ਮੁੱਖ ਮੰਤਰੀ ਸਰਦ ਰੁੱਤ ਪ੍ਰਵਾਸ ’ਤੇ ਹੇਠਲੇ ਹਿਮਾਚਲ ਵਿਚ ਨਹੀਂ ਗਏ ਸਨ। ਇਸ ਵਾਰ ਵੀ ਸਰਦੀਆਂ ਹੁਣ ਖਤਮ ਹੋਣ ਵੱਲ ਵਧ ਰਹੀਆਂ ਹਨ ਪਰ ਮੁੱਖ ਮੰਤਰੀ ਜੈਰਾਮ ਠਾਕੁਰ ਅਜੇ ਤਕ ਸਰਦ ਰੁੱਤ ਰਾਜਧਾਨੀ ਧਰਮਸ਼ਾਲਾ ਵਿਚ ਆਪਣਾ ਦਰਬਾਰ ਨਹੀਂ ਲਾ ਸਕੇ ਹਨ। ਦੱਸਿਆ ਜਾਂਦਾ ਹੈ ਕਿ 2 ਸਾਲਾਂ ਵਿਚ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਸਰਦ ਰੁੱਤ ਪ੍ਰਵਾਸ ਤੋਂ ਦੂਰੀ ਨਾਲ ਹੇਠਲੇ ਹਿਮਾਚਲ ਦੇ ਕੁਝ ਭਾਜਪਾ ਨੇਤਾ ਵੀ ਖ਼ਫਾ ਹਨ, ਜਦਕਿ ਹੇਠਲੇ ਹਿਮਾਚਲ ਦੇ ਕਾਂਗਰਸੀ ਨੇਤਾ ਵੀ ਇਸ ਮੁੱਦੇ ’ਤੇ ਆਉਣ ਵਾਲੇ ਸਮੇਂ ਵਿਚ ਭਾਜਪਾ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾ ਰਹੇ ਹਨ।

pathriarajeev@gmail.com


Bharat Thapa

Content Editor

Related News