ਬਿਹਾਰ ਚੋਣਾਂ ਭਾਵ ਰਾਸ਼ਟਰੀ ਸਿਆਸੀ ਹਵਾ ਦਾ ਰੁਖ

09/27/2020 3:45:16 AM

ਰਿਤੂਪਰਣ ਦਵੇ

ਭਾਰਤੀ ਸਿਆਸਤ ’ਚ ਲੰਬੇ ਅਰਸੇ ਤੋਂ, ਸਗੋਂ ਕਹੀਏ ਕਿ ਆਜ਼ਾਦੀ ਦੇ ਬਾਅਦ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀ ਦਰਬਾਰ ਦਾ ਰਸਤਾ ਉੱਤਰ ਪ੍ਰਦੇਸ਼ ਤੋਂ ਹੋ ਕੇ ਨਿਕਲਦਾ ਹੈ ਪਰ ਇਹ ਵੀ ਸੱਚ ਹੈ ਕਿ ਭਾਰਤ ਦੀ ਸਿਆਸਤ ਦੀ ਤਾਸੀਰ ਦਾ ਅਸਲ ਥਰਮਾਮੀਟਰ ਬਿਹਾਰ ਹੀ ਹੈ। ਬੇਸ਼ੱਕ ਹੀ ਕੁਝ ਸਾਲ ਪਹਿਲਾਂ ਬਟਵਾਰੇ ਦੇ ਬਾਅਦ ਬਿਹਾਰ ਨਾਲੋਂ ਟੱੁਟ ਕੇ ਝਾਰਖੰਡ ਹੋਂਦ ’ਚ ਆ ਗਿਆ ਹੋਵੇ ਪਰ ਦੇਸ਼ ਦੀ ਸਿਆਸਤ ਦਾ ਰੁਖ ਅਜੇ ਵੀ ਬਿਹਾਰ ਦੇ ਮਿਜਾਜ਼ ਤੋਂ ਪਰਖਿਆ ਜਾਂਦਾ ਹੈ।

ਇਸਦੇ ਪਿੱਛੇ ਕਾਰਨ ਦੱਸਣ ਵਾਲਿਆਂ ਦੇ ਆਪਣੇ-ਆਪਣੇ ਤਰਕ ਹੋ ਸਕਦੇ ਹਨ ਪਰ ਹਕੀਕਤ ਇਹ ਹੈ ਕਿ ਬਿਹਾਰ ਦੀ ਮਿੱਟੀ ਦੀ ਤਾਕਤ ਆਪਣੀ ਮਿਹਨਤ ਦੇ ਦਮ ’ਤੇ ਹੀ ਪੂਰੇ ਦੇਸ਼ ’ਚ ਆਪਣਾ ਪ੍ਰਭਾਵ ਅਤੇ ਅਧਿਕਾਰ ਰੱਖਦੀ ਹੈ, ਜਿਸ ਤੋਂ ਸ਼ਾਇਦ ਹੀ ਕੋਈ ਨਾਂਹ ਕਰ ਸਕੇ। ਬਸ ਇਸ ਲਈ ਭਾਰਤ ਦੀ ਸਿਆਸਤ ’ਚ ਬਿਹਾਰ ਦੇ ਮਹੱਤਵ ਨੂੰ ਕਦੇ ਘੱਟ ਨਹੀਂ ਮਿਥਿਆ ਜਾ ਸਕਦਾ। ਦੇਸ਼ ਹੀ ਨਹੀਂ ਦੁਨੀਆ ’ਚ ਬਿਹਾਰ ਦੀ ਮੌਜੂਦਗੀ ਸਹਿਜਤਾ ਨਾਲ ਦਿਸ ਜਾਂਦੀ ਹੈ। ਇਹ ਬਿਹਾਰੀਆਂ ਦੀ ਲਗਨ, ਕਰਮਸ਼ੀਲਤਾ ਅਤੇ ਮਿਹਨਤ ਹੀ ਹੈ ਜੋ ਉਹ ਦੇਸ਼ ਤਾਂ ਛੱਡੋ , ਦੁਨੀਆ ’ਚ ਕਿਤੇ ਵੀ ਆਪਣੀ ਮਿਹਨਤ ਦੇ ਦਮ ’ਤੇ ਥਾਂ ਬਣਾ ਲੈਂਦੇ ਹਨ।

ਇਸੇ ਕਾਰਨ ਭਾਰਤ ਦੇ ਹਰ ਕੋਨੇ ’ਚ ਬਿਹਾਰ ਦੇ ਨਿਵਾਸੀ ਆਪਣੀ ਇਕ ਵੱਖਰੀ ਪਛਾਣ ਅਤੇ ਮੁਕਾਮ ਬਣਾਈ ਬੈਠੇ ਹਨ। ਘੱਟ ਤੋਂ ਘੱਟ ਉਸਾਰੀ ਦੇ ਖੇਤਰ ’ਚ ਜੋ ਖਾਸ ਦਬਦਬਾ ਬਿਹਾਰ ਦੇ ਰਾਜ ਮਿਸਤਰੀਆਂ ਅਤੇ ਕਾਰੀਗਰਾਂ ਦਾ ਹੈ, ਉਹ ਦੂਸਰਿਆਂ ਨੂੰ ਹਾਸਲ ਨਹੀਂ ਹੈ। ਦੇਸ਼ ਦੀਆਂ ਸਭ ਤੋਂ ਵੱਕਾਰੀ ਸਿਵਲ ਸਰਵਿਸਿਜ਼ ਹੋਣ, ਇੰਜੀਨੀਅਰਿੰਗ, ਮਾਈਨਿੰਗ ਜਾਂ ਕਾਰਪੋਰੇਟ ਖੇਤਰ ਹੋਣ, ਬਿਹਾਰ ਦੀ ਧਾਕ ਦੇਖਦੇ ਹੀ ਬਣਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਭਾਰਤ ਦੇ ਹਰ ਕੋਨੇ ’ਚ ਵੱਡੇ ਤੋਂ ਛੋਟੇ ਪਿੰਡ ਤੱਕ ਬਿਹਾਰ ਦੇ ਲੋਕਾਂ ਦੀ ਮੌਜੂਦਗੀ ਦੇਸ਼ ’ਚ ਸਿਆਸੀ ਸੰਵਾਹਕ ਵੀ ਬਣਦੀ ਹੈ। ਇਹ ਸੱਚ ਹੈ ਕਿ ਬਿਹਾਰੀਆਂ ਦਾ ਭਾਵੇਂ ਉਹ ਜਿਸ ਵੀ ਅਹੁਦੇ ’ਤੇ ਰਹਿਣ, ਆਪਣੀ ਮਿੱਟੀ ਨਾਲ ਲਗਨ ਅਤੇ ਜੁੜਾਅ ਜਿਊਂਦਾ ਰਹਿੰਦਾ ਹੈ ਅਤੇ ਜਿਥੇ ਹਨ, ਉਥੇ ਵੀ ਅਸਰ ਪਾਉਂਦਾ ਹੈ।

ਇਸਦੀ ਉਦਾਹਰਣ ਮੈਂ ਬਚਪਨ ’ਚ ਮੱਧ ਪ੍ਰਦੇਸ਼ ’ਚ ਆਪਣੇ ਨਗਰ ’ਚ ਦੇਖੀ ਹੈ। ਜਿਥੇ ਸਾਊਥ ਈਸਟਰਨ ਕੋਲਫੀਲਡਸ ਦਾ ਧਨਪੁਰੀ ਸਥਿਤ ਕੋਲਾ ਖੇਤਰ ਹੈ ਤਾਂ ਸਿਰਫ ਕੁਝ ਫਰਲਾਂਗ ਦੂਰ ਕਦੇ ਏਸ਼ੀਆ ਦਾ ਸਭ ਤੋਂ ਵੱਡਾ ਅਖਵਾਉਣ ਵਾਲਾ ਅਮਲਾਈ ਦਾ ਕਾਗਜ਼ ਕਾਰਖਾਨਾ। ਅਮਲਾਈ ’ਚ ਤਾਂ ਇਕ ਸਮੇਂ 90 ਫੀਸਦੀ ਤੋਂ ਵੱਧ ਕਾਮੇ ਬਿਹਾਰ ਸੂਬੇ ਦੇ ਰਹੇ ਹਨ ਜੋ ਹਾਲੇ ਵੀ 50 ਫੀਸਦੀ ਤੋਂ ਵੱਧ ਹਨ। ਇਸੇ ਤਰ੍ਹਾਂ ਕੋਲਾਅਾਂਚਲ ਧਨਪੁਰੀ ’ਚ ਵੀ ਪੂਰਵਾਂਚਲ ਦੇ ਲੋਕਾਂ ਦਾ ਕਾਫੀ ਦਬਦਬਾ ਸੀ ਅਤੇ ਹੈ। ਮੈਨੂੰ ਯਾਦ ਹੈ ਕਿ ਅੱਜ ਤੋਂ ਤਿੰਨ-ਚਾਰ ਦਹਾਕੇ ਤੋਂ ਪਹਿਲਾਂ ਚੋਣਾਂ ਦੇ ਸਮੇਂ ਹਰ ਪਾਰਟੀ ਦੇ ਨੇਤਾਵਾਂ ਦਾ ਜਮਾਵੜਾ ਬਜਾਏ ਪੂਰੇ ਚੋਣ ਹਲਕੇ ਦੇ ਇਨ੍ਹਾਂ ਕਾਮਿਆਂ ਦੇ ਕੈਂਪਾਂ ਅਤੇ ਕਾਲੋਨੀਆਂ ’ਚ ਹੁੰਦਾ ਸੀ। ਉਦੋਂ ਨਾ ਤਾਂ ਸੰਚਾਰ ਦੇ ਇੰਨੇ ਤੇਜ਼ ਸਾਧਨ ਸਨ ਅਤੇ ਫੋਨ ਲੱਗਣਾ ਵੀ ਬੜੀ ਦੂਰ ਦੀ ਗੱਲ ਹੁੰਦੀ ਸੀ।

ਉਨ੍ਹੀਂ ਦਿਨੀਂ ਹਰ ਕਿਸੇ ਨੂੰ ਬਸ ਡਾਕੀਏ ਦੀ ਉਡੀਕ ਰਹਿੰਦੀ ਸੀ। ਸਾਰੇ ਇਕ-ਦੂਸਰੇ ਕੋਲੋਂ ਪੁੱਛਦੇ ਸਨ ਕਿ ਦੇਸ਼ ਤੋਂ ਕੋਈ ਚਿੱਠੀ ਆਈ। ਚਿੱਠੀ ਭਾਵ ਉਸ ’ਚ ਸੰਦੇਸ਼ ਹੁੰਦਾ ਸੀ ਕਿ ਹੋਣ ਜਾ ਰਹੀਆਂ ਚੋਣਾਂ ’ਚ ਬਿਹਾਰ ਅਤੇ ਪੂਰਵਾਂਚਲ ਦਾ ਮਿਜਾਜ਼ ਕੀ ਹੈ?

ਬਸ ਸੈਂਕੜੇ ਮੀਲ ਦੂਰ ਮੌਜੂਦ ਇਹ ਤਬਕੇ ਪ੍ਰਵਾਸੀ ਸਿਆਸਤ ਦੀ ਫਿਜ਼ਾ ਬਦਲ ਦਿੰਦੇ ਸਨ ਅਤੇ ਪੂਰੇ ਚੋਣ ਹਲਕੇ ’ਚ ਇ ਨਵਾਂ ਮਾਹੌਲ ਦੇਖਦੇ ਹੀ ਦੇਖਦੇ ਬਣ ਜਾਂਦਾ ਸੀ। ਸਥਾਨਕ ਪੱਧਰ ’ਤੇ ਕੀਤੀ ਗਈ ਸਾਰੀ ਦੀ ਸਾਰੀ ਮਿਹਨਤ ਧਰੀ ਰਹਿ ਜਾਂਦੀ ਸੀ ਅਤੇ ਇਹ ਜਿਥੇ ਵੀ ਰਹਿੰਦੇ, ਹਵਾ ਦਾ ਰੁਖ ਬਦਲ ਦਿੰਦੇ। ਇਸ ਲਈ ਚੋਣਾਂ ਦੌਰਾਨ, ਬਜਾਏ ਚੋਣ ਤਿਆਰੀਆਂ ਦੇ ਹਰ ਕਿਤੇ ਬਸ ਇਹੀ ਚਰਚਾ ਹੁੰਦੀ ਸੀ ਕਿ ਬਿਹਾਰੀਆਂ ਅਤੇ ਗੋਰਖਪੁਰੀਆਂ ਦੇ ਕੈਂਪ ’ਚ ਚਿੱਠੀ ਆਉਣ ਦਿਓ। ਦੇਖਦੇ ਹੀ ਦੇਖਦੇ ਨਵੀਂ ਹਵਾ ਚੱਲ ਪੈਂਦੀ ਜਿਸਦਾ ਅਸਰ ਵੀ ਹੁੰਦਾ।

ਇਨ੍ਹਾਂ ਦੇ ਦਮ ’ਤੇ ਮੈਂ ਦੇਖਿਆ ਕਿ ਵਿੰਧਿਆ ਦੀ ਸਿਆਸਤ ਦੇ ਘਾਗਾਂ ’ਚੋਂ ਇਕ ਮੱਧ ਪ੍ਰਦੇਸ਼ ਦੇ ਦਬੰਗ ਸਮਾਜਵਾਦੀ ਨੇਤਾ ਤੇ ਗੁਜਰਾਤ ਦੇ ਰਾਜਪਾਲ ਰਹੇ ਸਵ. ਕ੍ਰਿਸ਼ਨਪਾਲ ਸਿੰਘ ਕਿਸ ਤਰ੍ਹਾਂ ਬੇਫਿਕਰ ਰਹਿੰਦੇ ਸਨ ਕਿਉਂਕਿ ਮੈਂ ਉਨ੍ਹਾਂ ਦਾ ਕਰੀਬੀ ਸੀ, ਇਸ ਲਈ ਉਨ੍ਹਾਂ ਦੀ ਰਣਨੀਤੀ ਅਤੇ ਸਿਆਸਤ ਨੂੰ ਜਾਣਦਾ, ਸਮਝਦਾ ਸੀ। ਉਂਝ ਤਾਂ ਉਨ੍ਹੀਂ ਦਿਨੀਂ ਉਨ੍ਹਾਂ ਦਾ ਚੋਣ ਹਲਕਾ ਕਾਫੀ ਵਿਸਥਾਰਤ ਸੀ ਪਰ ਜ਼ਿਆਦਾ ਫੋਕਸ ਬਜਾਏ ਸਥਾਨਕ ਪਿੰਡਾਂ ਅਤੇ ਕਸਬਿਆਂ ਦੇ, ਉਹ ਕੋਲਾਆਂਚਲ ਅਤੇ ਕਾਗਜ਼ ਕਾਰਖਾਨੇ ਵਾਲੇ ਇਲਾਕੇ ’ਚ ਹੀ ਕਰਦੇ ਸਨ ਜੋ ਨਤੀਜੇ ਨੂੰ ਇਕ ਤਰਫਾ ਬਦਲਣ ਵਾਲਾ ਹੁੰਦਾ ਸੀ।

ਹੌਲੀ-ਹੌਲੀ ਬਿਹਾਰ ’ਚ ਖੇਤਰੀ ਪਾਰਟੀਆਂ ਦਾ ਗਲਬਾ ਜ਼ਰੂਰ ਵਧਦਾ ਗਿਆ ਅਤੇ ਰਾਸ਼ਟਰੀ ਪੱਧਰ ਦੀਆਂ ਪਾਰਟੀਆਂ ਦੂਸਰੇ ਦਰਜੇ ਦੀਆਂ ਹੁੰਦੀਆਂ ਗਈਆਂ ਪਰ ਦੇਸ਼ ਦੀ ਰਾਜਨੀਤੀ ’ਚ ਭਾਜਪਾ ਜਾਂ ਕਾਂਗਰਸ ਦਾ ਦੂਸਰੀ ਥਾਵਾਂ ’ਤੇ ਫੈਸਲਾ ਵੀ ਇਸੇ ’ਚ ਛੁਪੇ ਸੰਦੇਸ਼ਾਂ ਤੋਂ ਹੁੰਦਾ ਰਿਹਾ।

ਹੁਣ ਸਾਰੇ ਦੇਸ਼ ਦੀਆਂ ਨਜ਼ਰਾਂ ਇਨ੍ਹਾਂ ਬਿਹਾਰ ਚੋਣਾਂ ਦੇ ਐਲਾਨ ਹੁੰਦੇ ਹੀ ਆ ਟਿਕੀਆਂ ਹਨ। ਕੋਈ ਮੰਨੇ ਜਾਂ ਨਾ ਮੰਨੇ ਪਰ ਇਹੀ ਵੱਡਾ ਸੱਚ ਹੈ ਕਿ ਬਿਹਾਰ ਦੀ ਸਿਆਸਤ ਬੇਸ਼ੱਕ ਹੀ ਗਠਜੋੜ ’ਚ ਉਲਝ ਕੇ ਖੇਤਰੀ ਪਾਰਟੀਆਂ ਤਕ ਸੀਮਤ ਦਿਸਦੀ ਹੋਵੇ ਪਰ ਉਸਦਾ ਅਸਰ ਪੂਰੇ ਦੇਸ਼ ’ਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਭਵਿੱਖ ਨੂੰ ਵੱਡਾ ਸੰਕੇਤ ਵੀ ਦੇਣ ਵਾਲਾ ਹੈ। ਉਂਝ ਵੀ ਬਿਹਾਰ ਦੀ ਚੋਣ ਸਿਆਸਤ ’ਚ ਤਬਦੀਲੀ ਦੇ ਸੰਕੇਤਕ ਹੁੰਦੇ ਹਨ। ਇਸ ਵਾਰ ਉਥੇ 2 ਵੱਡੇ ਸਿਆਸਤਦਾਨ ਜਾਂ ਤਾਂ ਪੂਰੀ ਤਰ੍ਹਾਂ ਗਾਇਬ ਹਨ ਜਾਂ ਫਿਰ ਕਮਾਨ ਆਪਣੀਆਂ ਔਲਾਦਾਂ ਨੂੰ ਸੌਂਪ ਚੁੱਕੇ ਹਨ। ਲਾਲੂ ਯਾਦਵ ਜਿਥੇ ਅਦਾਲਤ ਦੇ ਫੈਸਲੇ ਦੇ ਬਾਅਦ ਦ੍ਰਿਸ਼ ਤੋਂ ਦੂਰ ਜੇਲ ’ਚ ਬੈਠੇ ਹਨ ਤੇ ਰਾਮਵਿਲਾਸ ਪਾਸਵਾਨ ਸਿਹਤ ਅਤੇ ਉਮਰ ਦਾ ਹਵਾਲਾ ਦੇ ਕੇ ਬੇਟੇ ’ਤੇ ਨਿਰਭਰ ਹਨ। ਚੋਣ 2 ਪੁਰਾਣੇ ਗਠਜੋੜਾਂ ਵਿਚਾਲੇ ਹੀ ਹੋਵੇਗੀ, ਜਿਸ ’ਚ ਇਕ ਦੇ ਮੁਖੀ ਨਿਤੀਸ਼ ਕੁਮਾਰ ਤੇ ਦੂਸਰੀ ਦੇ ਤੇਜਸਵੀ ਯਾਦਵ ਹੋਣਗੇ। ਹਾਂ ਚਿਰਾਗ ਪਾਸਵਾਨ ਨੂੰ ਲੈ ਕੇ ਉਂਝ ਹੀ ਦੁਚਿੱਤੀ ਹੈ ਜਿਵੇਂ ਕਿ ਉਨ੍ਹਾਂ ਦੇ ਪਿਤਾ ਨਾਲ ਰਹਿੰਦੀ ਸੀ ਕਿਉਂਕਿ ਦੇਸ਼ ਦੀ ਸਿਆਸਤ ’ਚ ਹਵਾ ਦੇ ਰੁਖ ਨੂੰ ਸਮਝਣ ਅਤੇ ਉਸੇ ਅਨੁਸਾਰ ਚੱਲਣ ’ਚ ਰਾਮਵਿਲਾਸ ਪਾਸਵਾਨ ਦਾ ਹੁਣ ਤੱਕ ਕੋਈ ਸਾਨੀ ਵੀ ਨਹੀਂ ਹੈ।

ਉਂਝ ਤਾਂ ਬਿਹਾਰ ’ਚ ਵਿਧਾਨ ਸਭਾ ਦੀਆਂ ਕੁਲ 243 ਸੀਟਾਂ ਹਨ ਜਿਨ੍ਹਾਂ ’ਚੋਂ ਬਹੁਮਤ ਦੇ ਲਈ 122 ਸੀਟਾਂ ਜ਼ਰੂਰੀ ਹਨ। ਅਜੇ ਉਥੇ ਜਨਤਾ ਦਲ (ਯੂਨਾਈਟਿਡ) ਅਤੇ ਭਾਜਪਾ ਦੀ ਸਰਕਾਰ ਹੈ। ਜਦ (ਯੂ) ਨੇਤਾ ਨਿਤੀਸ਼ ਕੁਮਾਰ ਮੁੱਖ ਮੰਤਰੀ ਹਨ ਅਤੇ ਭਾਜਪਾ ਦੇ ਸੁਸ਼ੀਲ ਮੋਦੀ ਉਪ ਮੁੱਖ ਮੰਤਰੀ ਹਨ। ਦਿਲਚਸਪ ਗੱਲ ਇਹ ਹੈ ਕਿ 2015 ’ਚ ਨਿਤੀਸ਼ ਦੀ ਅਗਵਾਈ ’ਚ ਜਦ (ਯੂ) ਨੇ ਲਾਲੂ ਯਾਦਵ ਦੇ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨਾਲ ਚੋਣ ਲੜੀ। ਉਦੋਂ ਜਦ (ਯੂ) ਅਤੇ ਰਾਜਦ, ਕਾਂਗਰਸ ਅਤੇ ਹੋਰਨਾਂ ਪਾਰਟੀਅਾਂ ਦਾ ਇਕ ਮਹਾਗਠਜੋੜ ਬਣਿਆ, ਜਿਸ ’ਚ ਜਦ (ਯੂ) ਨੂੰ 69 ਅਤੇ ਰਾਜਦ ਨੂੰ 73 ਸੀਟਾਂ ਮਿਲੀਆਂ ਸਨ। ਜਦ (ਯੂ) ਅਤੇ ਰਾਜਦ ਨੇ ਰਲ ਕੇ ਸਰਕਾਰ ਬਣਾਈ ਜਿਸ ’ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਬਣੇ ਅਤੇ ਲਾਲੂ ਯਾਦਵ ਦੇ ਪੁੱਤਰ ਉਪ ਮੁੱਖ ਮੰਤਰੀ ਪਰ 2017 ’ਚ ਨਿਤੀਸ਼ ਨੇ ਰਾਜਦ ਨਾਲੋਂ ਗਠਜੋੜ ਤੋੜ ਕੇ ਭਾਜਪਾ ਦੇ ਨਾਲ ਦੁਬਾਰਾ ਸਰਕਾਰ ਬਣਾਈ। ਇਥੇ ਭਾਜਪਾ ਕੋਲ 54 ਵਿਧਾਇਕ ਸਨ। ਕਾਂਗਰਸ ਨੂੰ 23 ਸੀਟਾਂ ਹੀ ਮਿਲੀਆਂ ਜਦਕਿ ਰਾਮਵਿਲਾਸ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ 2 ਸੀਟਾਂ ’ਤੇ ਸਿਮਟ ਗਈ।

ਹੁਣ ਜੀਤਨ ਰਾਮ ਮਾਂਝੀ ਮੁੜ ਤੋਂ ਐੱਨ. ਡੀ. ਏ. ’ਚ ਸ਼ਾਮਲ ਹੋ ਗਏ ਹਨ, ਜਦਕਿ ਇਸ ਤੋਂ ਪਹਿਲਾਂ ਉਹ ਰਾਜਦ ’ਚ ਚਲੇ ਗਏ ਸਨ। ਦਿਲਚਸਪ ਤੱਥ ਇਹ ਹੈ ਕਿ ਇਸ ਲੋਕ ਸਭਾ ਚੋਣ ’ਚ ਕਾਂਗਰਸ ਨੂੰ 1 ਸੀਟ ਮਿਲੀ ਜਦਕਿ ਰਾਜਦ ਦਾ ਖਾਤਾ ਨਹੀਂ ਖੁੱਲ੍ਹਿਆ। ਕਿਉਂਕਿ ਬਿਹਾਰ ’ਚ ਦਲ-ਬਦਲੂ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਹਨ, ਇਸ ਲਈ ਸਥਾਨਕ ਛੋਟੇ-ਮੋਟੇ ਦਲ ਇਧਰ-ਉਧਰ ਹੋ ਸਕਦੇ ਹਨ।

ਹਾਂ ਬਿਹਾਰ ’ਚ ਖਤਮ ਹੋ ਰਹੀ ਮੌਜੂਦਾ ਵਿਧਾਨ ਸਭਾ ਦੀ ਸਭ ਤੋਂ ਵੱਡੀ ਰੌਚਕਤਾ ਅਤੇ ਵਿਸ਼ੇਸ਼ਤਾ ਇਹ ਰਹੇਗੀ ਕਿ ਸਿਵਾਏ 3 ਵਿਧਾਇਕਾਂ ਦੇ ਜੋ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਨਵਾਦੀ) ’ਚੋਂ ਹਨ, ਨੂੰ ਛੱਡ ਕੇ ਇਸ ਵਾਰ ਸਾਰੇ ਦੇ ਸਾਰੇ ਵਿਧਾਇਕ ਸਰਕਾਰ ਚਲਾ ਚੁੱਕੇ ਹਨ ਭਾਵੇਂ ਉਹ ਕਿਸੇ ਵੀ ਪਾਰਟੀ ਤੋਂ ਕਿਉਂ ਨਾ ਰਹੇ ਹੋਣ ਪਰ ਇਸ ਵਾਰ ਬਿਹਾਰ ’ਚ ਊਠ ਕਿਸ ਕਰਵਟ ਬੈਠੇਗਾ, ਇਸ ’ਤੇ ਪੂਰੇ ਦੇਸ਼ ਦੀਆਂ ਫਿਰ ਤੋਂ ਨਜ਼ਰਾਂ ਹਨ ਕਿਉਂਕਿ ਬਿਹਾਰ ’ਚ ਸਥਾਨਕ ਦਲ ਅਤੇ ਗਠਜੋੜ ਦੇ ਬਾਵਜੂਦ ਰਾਸ਼ਟਰੀ ਸਿਆਸਤ ਲਈ ਵੀ ਇਕ ਸੰਦੇਸ਼ ਨਿਕਲਦਾ ਹੈ, ਜਿਸ ਨੂੰ ਆਪਣੀ-ਆਪਣੀ ਤਰ੍ਹਾਂ ਦੇਖਿਆ ਜਾਂਦਾ ਹੈ ਅਤੇ ਇਹੀ ਰਾਸ਼ਟਰੀ ਸਿਆਸਤ ’ਚ ਹਵਾ ਦੇ ਰੁਖ ਦਾ ਵੀ ਅਹਿਸਾਸ ਕਰਵਾਉਂਦਾ ਹੈ। ਫਿਲਹਾਲ ਅਜੇ ਤਾਂ ਚੋਣਾਂ ਦਾ ਆਗਾਜ਼ ਹੈ, ਅੰਜਾਮ ਤੱਕ ਪਹੁੰਚਦੇ-ਪਹੁੰਚਦੇ ਫਿਰ ਕਿੰਨੇ ਰਿਕਾਰਡ ਬਣਨਗੇ, ਇਹੀ ਦੇਖਣਲਾਇਕ ਹੋਵੇਗਾ।


Bharat Thapa

Content Editor

Related News