ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਆਧੁਨਿਕ ਯੁੱਧ
Sunday, Dec 29, 2024 - 04:15 PM (IST)
ਅੱਜ ਦੇ ਯੁੱਧ ਦੇ ਬਦਲਦੇ ਦ੍ਰਿਸ਼ ਵਿਚ, ਰਵਾਇਤੀ ਫੌਜੀ ਰਣਨੀਤੀਆਂ ਅਤੇ ਉੱਨਤ ਤਕਨੀਕ ਦੇ ਦਰਮਿਆਨ ਦੀਆਂ ਰੇਖਾਵਾਂ ਤੇਜ਼ੀ ਨਾਲ ਧੁੰਦਲੀਆਂ ਹੁੰਦੀਆਂ ਜਾ ਰਹੀਆਂ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ/ਨਕਲੀ ਬੁੱਧੀ (ਏ. ਆਈ.) ਅਤੇ ਹੋਰ ਉੱਭਰ ਰਹੀਆਂ ਤਕਨੀਕਾਂ ਦਾ ਉਭਾਰ ਸੰਘਰਸ਼ ਦੇ ਸਾਧਨਾਂ, ਰਣਨੀਤੀਆਂ ਅਤੇ ਨੈਤਿਕ ਵਿਚਾਰਾਂ ਵਿਚ ਕ੍ਰਾਂਤੀ ਲਿਆ ਰਿਹਾ ਹੈ।
ਇਸ ਦੀ ਇਕ ਜ਼ਿਕਰਯੋਗ ਮਿਸਾਲ ਹੈ ਯੂਕ੍ਰੇਨ ਵੱਲੋਂ ਰੂਸੀ ਹਵਾਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਘੱਟ ਕੀਮਤ ਵਾਲੇ ਕਾਰਡ ਬੋਰਡ ਡਰੋਨਾਂ ਦੀ ਤਾਇਨਾਤੀ, ਜੋ ਦਰਸਾਉਂਦੀ ਹੈ ਕਿ ਯੁੱਧ ਦੇ ਮੈਦਾਨ ਨੂੰ ਨਵੀਨਤਾ ਕਿਵੇਂ ਮੁੜ ਪਰਿਭਾਸ਼ਤ ਕਰ ਰਹੀ ਹੈ, ਜਦ ਕਿ ਏ. ਆਈ. ਫੌਜੀ ਸੰਦਰਭਾਂ ਵਿਚ ਨਿਗਰਾਨੀ ਫੈਸਲੇ ਲੈਣ ਅਤੇ ਕਾਰਜਸ਼ੀਲ ਕੁਸ਼ਲਤਾ ਨੂੰ ਵਧਾਉਂਦੀ ਹੈ। ਇਹ ਮਹੱਤਵਪੂਰਨ ਨੈਤਿਕ ਦੁਬਿਧਾਵਾਂ ਅਤੇ ਹੋਂਦ ਸੰਬੰਧੀ ਚਿੰਤਾਵਾਂ ਨੂੰ ਵੀ ਉਭਾਰਦਾ ਹੈ।
ਏ. ਆਈ. ਅਤੇ ਉੱਭਰ ਰਹੀਆਂ ਤਕਨੀਕਾਂ ਦਾ ਉਭਾਰ : ਆਧੁਨਿਕ ਯੁੱਧ ਵਿਚ ਆਟੋਨੋਮਸ ਹਥਿਆਰ ਪ੍ਰਣਾਲੀਆਂ (ਏ. ਡਬਲਿਊ. ਐੱਸ.) ਦਾ ਏਕੀਕਰਨ ਯੁੱਧ ਵਿਚ ਇਕ ਡੂੰਘੀ ਤਬਦੀਲੀ ਨੂੰ ਦਰਸਾਉਂਦਾ ਹੈ। ਇਹ ਪ੍ਰਣਾਲੀਆਂ, ਮਾਨਵ ਰਹਿਤ ਏਰੀਅਲ ਵਾਹਨ (ਯੂ. ਏ. ਵੀ.) ਅਤੇ ਏ. ਆਈ.-ਸੰਚਾਲਿਤ ਜ਼ਮੀਨੀ ਰੋਬੋਟ ਸਮੇਤ, ਮਨੁੱਖੀ ਦਖਲ ਤੋਂ ਬਿਨਾਂ ਟੀਚਿਆਂ ਦੀ ਪਛਾਣ ਕਰ ਸਕਦੀਆਂ ਹਨ ਅਤੇ ਹਮਲਾ ਕਰ ਸਕਦੀਆਂ ਹਨ। ਐਡਵਾਂਸਡ ਸੈਂਸਰਾਂ ਅਤੇ ਏ. ਆਈ. ਐਲਗੋਰਿਦਮ ਨਾਲ ਲੈਸ, ਏ. ਡਬਲਿਊ. ਐੱਸ. ਅਸਲ-ਸਮੇਂ ’ਚ ਫੈਸਲੇ ਲੈਣ ਦੀ ਸਮਰੱਥਾ ਅਤੇ ਨਿਗਰਾਨੀ ਨੂੰ ਵਧਾਉਂਦਾ ਹੈ ਅਤੇ ਨਾਲ ਹੀ ਮਾਨਵ ਕਰਮੀਆਂ ਲਈ ਜੋਖਮ ਨੂੰ ਘੱਟ ਕਰਦਿਆਂ ਸਟੀਕ ਹਮਲੇ ਕਰਦਾ ਹੈ।
ਮਾਰਚ 2020 ਵਿਚ ਲੀਬੀਆ ਵਿਚ ਇਕ ਭਿਆਨਕ ਮਿਸਾਲ ਦੇਖੀ ਗਈ, ਜਿੱਥੇ ਕਾਮੀਕੇਜ਼ ਡਰੋਨ ਨੇ ਟਰੱਕਾਂ ਦੇ ਕਾਫਲੇ ਨੂੰ ਖੁਦਮੁਖਤਿਆਰ ਤੌਰ ’ਤੇ ਨਿਸ਼ਾਨਾ ਬਣਾਇਆ ਅਤੇ ਨਸ਼ਟ ਕਰ ਦਿੱਤਾ। ਇਹ ਡਰੋਨ, ਜੋ ਪ੍ਰਭਾਵ ’ਤੇ ਧਮਾਕਾ ਕਰਨ ਲਈ ਤਿਆਰ ਕੀਤੇ ਗਏ ਹਨ, ਨੇ ਮਨੁੱਖੀ ਹੁਕਮਾਂ ਤੋਂ ਬਿਨਾਂ ਹਮਲਾ ਕੀਤਾ, ਅਜਿਹੀਆਂ ਤਕਨੀਕਾਂ ਦੀਆਂ ਨੈਤਿਕ ਗੁੰਝਲਾਂ ਨੂੰ ਰੇਖਾਂਕਿਤ ਕਰਦਾ ਹੈ। ਡਰੋਨ ਤਕਨੀਕ ਦਾ ਝੁੰਡ ਇਕ ਹੋਰ ਗੇਮ-ਚੇਂਜਰ ਹੈ। ਏ. ਆਈ. ਵਰਤ ਕੇ, ਮਲਟੀਪਲ ਡਰੋਨ ਸੁਰੱਖਿਆ ਨੂੰ ਖਤਮ ਕਰਨ ਜਾਂ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਸਹਿਜੇ ਹੀ ਤਾਲਮੇਲ ਕਰ ਸਕਦੇ ਹਨ।
ਰੂਸੀ ਹਵਾਈ ਖੇਤਰਾਂ ਦਾ ਮਹੱਤਵਪੂਰਨ ਨੁਕਸਾਨ ਕਰਨ ਲਈ ਯੂਕ੍ਰੇਨ ਵੱਲੋਂ ਸਸਤੇ ਗੱਤੇ ਦੇ ਡਰੋਨ ਦੀ ਵਰਤੋਂ ਘੱਟ ਲਾਗਤ ਵਾਲੀ, ਪਹੁੰਚਯੋਗ ਫੌਜੀ ਕਾਢਾਂ ਦੀ ਵਿਨਾਸ਼ਕਾਰੀ ਸ਼ਕਤੀ ਨੂੰ ਉਜਾਗਰ ਕਰਦੀ ਹੈ। ਗਾਜ਼ਾ ਵਿਚ ਅਾਪ੍ਰੇਸ਼ਨ ਦੌਰਾਨ ਇਜ਼ਰਾਈਲ ਵੱਲੋਂ ਤਾਇਨਾਤ ‘ਲੈਵੈਂਡਰ’ ਏ. ਆਈ. ਸਿਸਟਮ ਦੀ ਤਾਇਨਾਤੀ ਨੇ ਵਿਸ਼ਾਲ ਡੇਟਾ ਦਾ ਵਿਸ਼ਲੇਸ਼ਣ ਟੀਚਿਆਂ ਦੀ ਪਛਾਣ ਕਰਨ ਅਤੇ ਤਾਲਮੇਲ ਵਾਲੇ ਹਮਲਿਆਂ ਨੂੰ ਅੰਜਾਮ ਦੇਣ ਦੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ।
ਇਸ ਨੂੰ ਪਹਿਲਾ ‘ਏ. ਆਈ. ਯੁੱਧ’ ਕਿਹਾ ਜਾਂਦਾ ਹੈ, ਇਸ ਨੇ ਸੰਘਰਸ਼ ਵਾਲੇ ਖੇਤਰਾਂ ਵਿਚ ਮਸ਼ੀਨ ਵੱਲੋਂ ਸੰਚਾਲਿਤ ਫੈਸਲੇ ਲੈਣ ਦੇ ਇਕ ਨਵੇਂ ਯੁੱਗ ਦੀ ਨਿਸ਼ਾਨਦੇਹੀ ਕੀਤੀ। ਤਕਨਾਲੋਜੀ ਦਾ ਪ੍ਰਭਾਵ ਸਾਈਬਰ ਯੁੱਧ ਤੱਕ ਵੀ ਫੈਲਿਆ ਹੋਇਆ ਹੈ।
ਅਤਿ-ਆਧੁਨਿਕ ਟੂਲ ਬੇਮਿਸਾਲ ਗਤੀ ਨਾਲ ਖਤਰਿਆਂ ਦਾ ਪਤਾ ਲਗਾਉਂਦੇ ਹਨ ਅਤੇ ਉਨ੍ਹਾਂ ਨੂੰ ਬੇਅਸਰ ਕਰਦੇ ਹਨ ਅਤੇ ਅਹਿਮ ਬੁਨਿਆਦੀ ਢਾਂਚੇ ਦੀ ਰੱਖਿਆ ਕਰਦੇ ਹਨ। ਭਵਿੱਖਬਾਣੀ ਕਰਨ ਵਾਲੇ ਵਿਸ਼ਲੇਸ਼ਣ ਅਤੇ ਮਸ਼ੀਨ ਸਿਖਲਾਈ ਵੀ ਰਸਦ, ਕਮਾਂਡ ਫੈਸਲਿਆਂ ਅਤੇ ਦੁਸ਼ਮਣ ਦੀਆਂ ਰਣਨੀਤੀਆਂ ਦੀ ਉਮੀਦ ਨੂੰ ਮੁੜ ਆਕਾਰ ਦੇ ਰਹੇ ਹਨ।
ਜਿਵੇਂ-ਜਿਵੇਂ ਇਹ ਤਕਨਾਲੋਜੀਆਂ ਵਧੇਰੇ ਪਹੁੰਚਯੋਗ ਬਣ ਰਹੀਆਂ ਹਨ, ਉਹ ਅਸਮਾਨਤਾ ਦੀ ਰੁਕਾਵਟ ਨੂੰ ਘਟਾ ਕੇ, ਛੋਟੇ ਰਾਜਾਂ, ਅਰਧ-ਰਾਜਾਂ ਅਤੇ ਗੈਰ-ਰਾਜੀ ਅਦਾਕਾਰਾਂ ਨੂੰ ਸ਼ਕਤੀ ਪ੍ਰਦਾਨ ਕਰ ਕੇ ਖੇਡ ਦੇ ਮੈਦਾਨ ਨੂੰ ਸਮਤਲ (ਪੱਧਰਾ) ਕਰ ਰਹੀਆਂ ਹਨ, ਜਦ ਕਿ ਸਥਾਪਿਤ ਸ਼ਕਤੀ ਦੇ ਆਦਰਸ਼ਾਂ ਨੂੰ ਚੁਣੌਤੀ ਦੇ ਰਹੀਆਂ ਹਨ। ਦੁਨੀਆ ਦੇ ਕਈ ਦੇਸ਼ ਇਸ ਦੌੜ ’ਚ ਏ. ਆਈ. ਸੰਚਾਲਿਤ ਫੌਜੀ ਪ੍ਰਣਾਲੀਆਂ ਵਿਚ ਭਾਰੀ ਨਿਵੇਸ਼ ਕਰ ਰਹੇ ਹਨ।
ਚੀਨ ਦਾ ਟੀਚਾ 2030 ਤੱਕ ਏ. ਆਈ. ਵਿਕਸਤ ਕਰਨ ਲਈ 150 ਬਿਲੀਅਨ ਡਾਲਰ ਅਲਾਟ ਕਰਨਾ ਹੈ, ਜਦੋਂ ਕਿ ਰੂਸ ਨੇ 2021 ਤੋਂ 2023 ਦਰਮਿਆਨ 181 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਸੰਯੁਕਤ ਰਾਜ ਅਮਰੀਕਾ ਵਿਚ, ਏ. ਆਈ. ਨਾਲ ਸਬੰਧਤ ਸੰਘੀ ਸਮਝੌਤਿਆਂ ਦਾ ਮੁੱਲ ਅਗਸਤ 2022 ਵਿਚ 355 ਮਿਲੀਅਨ ਡਾਲਰ ਤੋਂ ਵਧ ਕੇ ਅਗਸਤ 2023 ਤੱਕ 4.6 ਬਿਲੀਅਨ ਡਾਲਰ ਹੋ ਗਿਆ।
ਯੂਨਾਈਟਿਡ ਕਿੰਗਡਮ ਨੇ ਯੂਕ੍ਰੇਨ ਦੀ ਸਹਾਇਤਾ ਲਈ ਡਰੋਨ ਅਤੇ ਰਾਡਾਰ ਲਈ ਵਾਧੂ 155 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਅਤੇ ਸਾਊਦੀ ਅਰਬ ਨੇ ਏ. ਆਈ. ਲਈ 40 ਬਿਲੀਅਨ ਡਾਲਰ ਦੇ ਿਨਵੇਸ਼ ਦੀ ਯੋਜਨਾ ਦਾ ਉਦਘਾਟਨ ਕੀਤਾ। ਤੁਲਨਾਤਮਕ ਤੌਰ ’ਤੇ ਭਾਰਤ ਫੌਜੀ ਵਰਤੋਂ ਲਈ ਏ. ਆਈ. ਦਾ ਵਿਕਾਸ ਕਰਨ ਲਈ ਸਿਰਫ 50-60 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ।
ਇਸ ਦੇ ਮੁਕਾਬਲੇ ਚੀਨ 30 ਗੁਣਾ ਜ਼ਿਆਦਾ ਖਰਚ ਕਰ ਰਿਹਾ ਹੈ। ਫੌਜੀ ਮਾਮਲਿਆਂ ਵਿਚ ਕ੍ਰਾਂਤੀ ਵਿਚ ਡਰੋਨ ਤਕਨਾਲੋਜੀ ਸਭ ਤੋਂ ਅੱਗੇ ਹੈ। ਪੈਂਟਾਗਨ ਦਾ ਅੰਦਾਜ਼ਾ ਹੈ ਕਿ 2035 ਤੱਕ, ਯੂ. ਐੱਸ. ਹਵਾਈ ਫੌਜ ਦਾ 70 ਫੀਸਦੀ ਹਿੱਸਾ ਰਿਮੋਟ ਸੰਚਾਲਿਤ ਜਹਾਜ਼ਾਂ ਦਾ ਬਣਿਆ ਹੋਵੇਗਾ। ਇਜ਼ਰਾਈਲ ਨੇ ਗਾਜ਼ਾ ਸਮੇਤ ਨਿਗਰਾਨੀ ਅਤੇ ਸਟੀਕ ਹਮਲੇ ਲਈ ਹਥਿਆਰਬੰਦ ਡਰੋਨਾਂ ਦੀ ਵਰਤੋਂ ਕੀਤੀ ਹੈ।
2014 ਤੋਂ ਕੁਝ ਰਵਾਇਤੀ ਹਥਿਆਰਾਂ ’ਤੇ ਸੰਯੁਕਤ ਰਾਸ਼ਟਰ ਸੰਮੇਲਨ ਤਹਿਤ ਚੱਲ ਰਹੀ ਚਰਚਾ ਦੇ ਬਾਵਜੂਦ, ਐੱਲ. ਏ. ਡਬਲਿਊ. ਐੱਸ. ਲਈ ਲਾਜ਼ਮੀ ਨਿਯਮ ਅਜੇ ਵੀ ਅਧੂਰੇ ਹਨ। ਅਮਰੀਕੀ ਰੱਖਿਆ ਵਿਭਾਗ ਆਪਣੇ ਏ. ਆਈ. ਸਿਧਾਂਤਾਂ ’ਚ ਜਵਾਬਦੇਹੀ, ਬਰਾਬਰੀ ਅਤੇ ਭਰੋਸੇਯੋਗਤਾ ’ਤੇ ਜ਼ੋਰ ਦਿੰਦਾ ਹੈ।
ਯੂਰਪੀ ਸੰਘ ਮਨੁੱਖੀ ਨਿਗਰਾਨੀ ਅਤੇ ਨੈਤਿਕ ਸੁਰੱਖਿਆ ਦੀ ਵਕਾਲਤ ਕਰਦਾ ਹੈ, ਜਦੋਂ ਕਿ ਭਾਰਤ ਦਾ ਭਰੋਸੇਮੰਦ ਆਰਟੀਫੀਸ਼ੀਅਲ ਇੰਟੈਲੀਜੈਂਸ (ਈ. ਟੀ. ਏ. ਆਈ.) ਫਰੇਮਵਰਕ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਨੂੰ ਤਰਜੀਹ ਦਿੰਦਾ ਹੈ। ਹਾਲਾਂਕਿ, ਇਕ ਏਕੀਕ੍ਰਿਤ ਅੰਤਰਰਾਸ਼ਟਰੀ ਮਿਆਰ ਦੀ ਘਾਟ ਇਨ੍ਹਾਂ ਤਕਨਾਲੋਜੀਆਂ ਦੀ ਨੈਤਿਕ ਤਾਇਨਾਤੀ ਨੂੰ ਯਕੀਨੀ ਬਣਾਉਣ ਦੇ ਯਤਨਾਂ ਨੂੰ ਗੁੰਝਲਦਾਰ ਬਣਾਉਂਦੀ ਹੈ। ਨੀਤੀ ਤੋਂ ਪਰ੍ਹੇ, ਖੁਦਮੁਖਤਿਆਰੀ ਪ੍ਰਣਾਲੀਆਂ ਦੇ ਅੰਦਰੂਨੀ ਜੋਖਮ ਚਿੰਤਾਜਨਕ ਹਨ।
ਇਸ ਨਵੇਂ ਯੁੱਗ ਨੂੰ ਜ਼ਿੰਮੇਵਾਰੀ ਨਾਲ ਚਲਾਉਣ ਲਈ, ਅੰਤਰਰਾਸ਼ਟਰੀ ਸਹਿਯੋਗ ਬਹੁਤ ਮਹੱਤਵਪੂਰਨ ਹੈ। ਪਾਰਦਰਸ਼ੀ ਨੀਤੀਆਂ, ਲਾਜ਼ਮੀ ਸਮਝੌਤੇ ਅਤੇ ਮਜ਼ਬੂਤ ਨੈਤਿਕ ਢਾਂਚੇ ਇਹ ਯਕੀਨੀ ਬਣਾਉਣ ਵਿਚ ਮਦਦ ਕਰ ਸਕਦੇ ਹਨ ਕਿ ਏ. ਆਈ. ਅਰਾਜਕਤਾ ਲਈ ਇਕ ਉਤਪ੍ਰੇਰਕ ਦੀ ਬਜਾਏ ਇਕ ਸਥਿਰ ਸ਼ਕਤੀ ਵਜੋਂ ਕੰਮ ਕਰੇ।
ਮਨੀਸ਼ ਤਿਵਾੜੀ, (ਵਕੀਲ, ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ)