ਤੇਰੀ ਹੋਂਦ ਨੂੰ ਲੈ ਕੇ ਮਨ ''ਚ...

08/02/2015 6:34:11 PM

ਤੇਰੀ ਹੋਂਦ ਨੂੰ ਲੈ ਕੇ ਮਨ ''ਚ ਸਵਾਲ ਆਉਂਦਾ ਏ,
ਤੇਰੇ ਘਰ ''ਚ ਚੱਲੇ ਬੰਬ ਨਾਲ ਤੇਰੇ ਤੋਂ ਮੰਗਣ ਗਿਆ ਦੁਆ,
ਜਦ ਆਪਣੀ ਜਾਨ ਲੁਟਾਉਂਦਾ ਏ,
ਉਦੋਂ ਤੇਰੀ ਹੋਂਦ ਨੂੰ ਲੈ ਕੇ ਮਨ ''ਚ ਸਵਾਲ ਆਉਂਦਾ ਏ...
ਕਿੰਨੇ ਮਰ ਗਏ ਭੁੱਖੇ ਤੇ ਕਿੰਨੇ ਮਰ ਰਹੇ ਨੇ, ਇਨ੍ਹਾਂ ਨੂੰ ਕੋਈ ਪੁੱਛਦਾ ਨੀ,
ਪਰ ਜਦ ਕੋਈ ਪੱਥਰਾਂ ਨੂੰ ਦੁੱਧ ਚੜ੍ਹਾਉਂਦਾ ਏ,
ਉਦੋਂ ਤੇਰੀ ਹੋਂਦ ਨੂੰ ਲੈ ਕੇ ਮਨ ਚ ਸਵਾਲ ਆਉਂਦਾ ਏ...
ਲੋਕਾਂ ਕੋਲੋਂ ਸੁਣਿਆ ਤੂੰ ਵੱਸਦਾ ਏ ਸਾਰੇ ਪਸ਼ੂ ਪੰਛੀਆਂ ''ਚ,
ਪਰ ਜਦ ਕੋਈ ਤੈਨੂੰ ਖੁਸ਼ ਕਰਨ ਲਈ ਬੱਕਰੇ ਦੀ ਬਲੀ ਚੜ੍ਹਾਉਂਦਾ ਏ,
ਉਦੋਂ ਤੇਰੀ ਹੋਂਦ ਨੂੰ ਲੈ ਕੇ ਮਨ ''ਚ ਸਵਾਲ ਆਉਂਦਾ ਏ...
ਧੀ ਭੈਣ ਸਭ ਦੀ ਸਾਂਝੀ ਤੇਰਾ ਹਰ ਇਕ  ਬੰਦਾ ਇਹ ਹੀ ਪਾਠ ਪੜ੍ਹਾਵੇ,
ਪਰ ਇਕ ਪੰਡ ਹਰੇ ਦੀ ਵਢਾਉਣ ਖਾਤਿਰ ਜਦ ਕੋਈ ਆਬਰੂ ਨੂੰ ਹੱਥ ਪਾਉਂਦਾ ਏ,
ਉਦੋਂ ਤੇਰੀ ਹੋਂਦ ਨੂੰ ਲੈ ਕੇ ਮਨ ''ਚ ਸਵਾਲ ਆਉਂਦਾ ਏ...
ਤੇਰੇ ਬਣਾਏ ਇਨ੍ਹਾਂ ਮਿੱਟੀ ਦੇ ਲੋਕਾਂ ਦਾ ਅੰਨ੍ਹਾ ਗੂੰਗਾ ਤੇ ਬੋਲਾ ਕਾਨੂੰਨ,
ਜਦ ਕਿਸੇ ਬੇਕਸੂਰ ਤੇ ਅੱਤਵਾਦੀ ਦਾ ਠੱਪਾ ਲਾ ਕੇ ਫਾਂਸੀ ਤੇ ਲਟਕਾਉਂਦਾ ਏ,
ਉਦੋਂ ਤੇਰੀ ਹੋਂਦ ਨੂੰ ਲੈ ਕੇ ਮਨ ''ਚ ਸਵਾਲ ਆਉਂਦਾ ਏ..


ਜਗਦੀਪ ਬੀਰੋਕੇ


Related News