ਇਕ ਮਹੱਤਵਪੂਰਨ ਸਾਲ ਬੀਤ ਗਿਆ ਅਤੇ ਦੂਜਾ ਆਉਣ ਵਾਲਾ
Thursday, Dec 28, 2023 - 06:35 PM (IST)
ਕੁਝ ਹੀ ਦਿਨਾਂ ’ਚ ਸਾਲ 2023 ਦੇ ਅੰਤ ਦੇ ਨਾਲ, ਉਨ੍ਹਾਂ ਮਹੱਤਵਪੂਰਨ ਘਟਨਾਵਾਂ ’ਤੇ ਨਜ਼ਰ ਮਾਰਨ ਦਾ ਸਮਾਂ ਆ ਗਿਆ ਹੈ, ਜਿਨ੍ਹਾਂ ਨੇ ਦੇਸ਼ ਨੂੰ ਆਕਾਰ ਦਿੱਤਾ ਅਤੇ ਹੁਣ ਦੇਖਣਾ ਇਹ ਹੈ ਕਿ ਸਾਲ 2024 ’ਚ ਅੱਗੇ ਦੀਆਂ ਸੰਭਾਵਨਾਵਾਂ ਕੀ ਹਨ।
ਜੋ ਸਾਲ ਖਤਮ ਹੋਣ ਵਾਲਾ ਹੈ ਉਹ ਸਿਆਸਤ, ਅਰਥਵਿਵਸਥਾ, ਨਿਆਪਾਲਿਕਾ, ਵਿਦੇਸ਼ੀ ਮਾਮਲਿਆਂ ਅਤੇ ਜ਼ਿੰਦਗੀ ਦੇ ਹੋਰ ਪਹਿਲੂਆਂ ਅਤੇ ਰਾਸ਼ਟਰੀ ਮਹੱਤਵ ਨੂੰ ਨਿਸ਼ਾਨਬੱਧ ਕਰਨ ਵਾਲੀਆਂ ਪ੍ਰਮੁੱਖ ਘਟਨਾਵਾਂ ਦੇ ਨਾਲ ਇਕ ਚੁੱਕ-ਥੱਲ ਭਰਿਆ ਅਤੇ ਇਤਿਹਾਸਕ ਸਾਲ ਸਾਬਤ ਹੋਇਆ। ਇਸ ਸਾਲ ਦੇ ਘਟਨਾਕ੍ਰਮਾਂ ਦਾ ਪ੍ਰਭਾਵ ਆਉਣ ਵਾਲੇ ਸਾਲਾਂ ’ਚ ਵੀ ਪੈਂਦਾ ਰਹੇਗਾ।
ਅਗਲੇ ਸਾਲ ਆਮ ਵਰਗਾਂ ਤੋਂ ਇਕ ਸਾਲ ਪਹਿਲਾਂ ਸੂਬਾਈ ਵਿਧਾਨ ਸਭਾਵਾਂ ਦੇ ਇਕ ਤਿਹਾਈ ਚੋਣਾਂ ਦੇ ਨਾਲ, ਇਸ ਸਾਲ ਦੀਆਂ ਚੋਣਾਂ ਨੂੰ ਅਗਲੇ ਸਾਲ ਫਾਈਨਲ ਤੋਂ ਪਹਿਲਾਂ ਸੈਮੀ-ਫਾਈਨਲ ਕਰਾਰ ਦਿੱਤਾ ਗਿਆ ਸੀ। ਕਾਂਗਰਸ ਨੇ ਕਰਨਾਟਕ ਅਤੇ ਹਿਮਾਚਲ ਪ੍ਰਦੇਸ਼ ’ਤੇ ਕਬਜ਼ਾ ਕਰ ਕੇ ਭੜਥੂ ਪਾ ਦਿੱਤਾ ਪਰ ਸਾਲ ਦੇ ਅਖੀਰ ’ਚ ਭਾਰਤੀ ਜਨਤਾ ਪਾਰਟੀ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਤੇ ਕਬਜ਼ਾ ਕਰ ਕੇ ਹਿੰਦੀ ਖੇਤਰ ’ਚ ਆਪਣਾ ਦਬਦਬਾ ਕਾਇਮ ਕਰ ਲਿਆ।
ਤੇਲੰਗਾਨਾ ’ਚ ਕਾਂਗਰਸ ਦੀ ਤਸੱਲੀ ਵਾਲੀ ਜਿੱਤ ਵਿਰੋਧੀ ਧਿਰ ਦੇ ਹੌਸਲੇ ਨੂੰ ਵਧਾਉਣ ਲਈ ਕਾਫੀ ਨਹੀਂ ਸੀ। ਕਾਂਗਰਸ ਲਈ ਇਕੋ ਇਕ ਹਾਂ-ਪੱਖੀ ਪ੍ਰਾਪਤੀ ਇਹ ਸੀ ਕਿ 3 ਸੂਬਿਆਂ ’ਚ ਹਾਰ ਦੇ ਬਾਵਜੂਦ ਉਸ ਦੇ ਉਮੀਦਵਾਰਾਂ ਲਈ ਵੱਡੇ ਪੱਧਰ ’ਤੇ ਵੋਟ ਬਰਕਰਾਰ ਰਹੇ।
ਇਸ ’ਚ ਸ਼ੱਕ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਆਗਾਮੀ ਲੋਕ ਸਭਾ ਚੋਣਾਂ ’ਤੇ ਕੋਈ ਅਸਰ ਪਵੇਗਾ। ਪਿਛਲੇ ਰਿਕਾਰਡ ਨੂੰ ਦੇਖੀਏ ਤਾਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਆਮ ਚੋਣਾਂ ’ਤੇ ਕੋਈ ਅਸਰ ਨਹੀਂ ਪੈਂਦਾ ਹੈ ਪਰ ਸਿਆਸਤ ’ਚ ਜਿਵੇਂ ਕਿ ਉਹ ਕਹਿੰਦੇ ਹਨ ਕਿ ਇਕ ਹਫਤਾ ਵੀ ਬਹੁਤ ਲੰਬਾ ਸਮਾਂ ਹੁੰਦਾ ਹੈ ਅਤੇ ਪਿਛਲੀ ਮਿਸਾਲ ਹਮੇਸ਼ਾ ਇਕ ਅਜੇਤੂ ਸਥਿਤੀ ਨਹੀਂ ਰਹਿ ਸਕਦੀ ਹੈ।
ਹਾਲਾਂਕਿ ‘ਇੰਡੀਆ’ ਗੱਠਜੋੜ ਬਣਾਉਣ ਵਾਲੀਆਂ ਪਾਰਟੀਆਂ ਦੇ ਯਤਨਾਂ ਤੋਂ ਹੁਣ ਤੱਕ ਕੋਈ ਰੋਸ਼ਨ ਸੰਭਾਵਨਾ ਨਹੀਂ ਦਿਸ ਰਹੀ। ਇਹ ਪਾਰਟੀਆਂ ਇਕ ਵਿਵਹਾਰਕ ਬਦਲ ਪ੍ਰਦਾਨ ਕਰਨ ਦੇ ਆਪਣੇ ਨਜ਼ਰੀਏ ’ਚ ਸੁਸਤ ਰਹੀਆਂ ਹਨ ਅਤੇ ਹੁਣ ਤੱਕ ਪ੍ਰਸਿੱਧ ਲੋਕ ਭਾਵਨਾ ਨੂੰ ਫੜਨ ਲਈ ਕੋਈ ਰਫਤਾਰ ਪੈਦਾ ਨਹੀਂ ਕਰ ਸਕੀਆਂ।
ਗੱਠਜੋੜ ਸਹਿਯੋਗੀਆਂ ਵਿਚਾਲੇ ਅੰਤਰਨਿਹਿਤ ਮਤਭੇਦ ਨਿਰਾਸ਼ਾਜਨਕ ਹਨ ਅਤੇ ਪੀ.ਐੱਮ. ਨਰਿੰਦਰ ਮੋਦੀ ਦੀ ਅਗਵਾਈ ’ਚ ਮੌਜੂਦਾ ਸਰਕਾਰ ਨੂੰ ਬਦਲਣ ਲਈ ਸ਼ਾਸਨ ਦਾ ਕੋਈ ਬਦਲਵਾਂ ਢੰਗ ਜਾਂ ਸੰਭਾਵਤ ਆਧਾਰ ਪ੍ਰਦਾਨ ਕਰਨ ’ਚ ਉਨ੍ਹਾਂ ਦੀ ਅਸਫਲਤਾ ਗੱਠਜੋੜ ਦੀ ਭਰੋਸੇਯੋਗਤਾ ’ਚ ਕੋਈ ਵਾਧਾ ਨਹੀਂ ਕਰਦੀ। ਇਹ ਇਕ ਚਮਤਕਾਰ ਹੋਵੇਗਾ ਜੇ ਉਹ ਆਮ ਚੋਣਾਂ ਤੋਂ ਪਹਿਲਾਂ ਅਗਲੇ 4 ਜਾਂ 5 ਮਹੀਨਿਆਂ ’ਚ ਲੋਕਾਂ ਦੀ ਕਲਪਨਾ ’ਤੇ ਕਬਜ਼ਾ ਕਰਨ ਲਈ ਕਿਸੇ ਤਰ੍ਹਾਂ ਦਾ ਜਾਦੂ ਕਰਨ ’ਚ ਸਮਰੱਥ ਹੋਵੇ।
ਸਿਆਸਤ ਦੇ ਇਲਾਵਾ, ਦੇਸ਼ ਨੇ ਮੋਟੇ ਤੌਰ ’ਤੇ ਆਰਥਿਕ ਮੋਰਚੇ ’ਤੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਅਰਥਵਿਵਸਥਾ ਦੀ ਵਿਕਾਸ ਦਰ ਚੰਗੀ ਰਹੀ ਹੈ ਅਤੇ ਬਾਜ਼ਾਰਾਂ ’ਚ ਤੇਜ਼ੀ ਰਹੀ ਹੈ। ਦੂਜੇ ਪਾਸੇ, ਮੁਦਰਾਸਫਿਤੀ ਦੀ ਦਰ ਉੱਚੀ ਬਣੀ ਹੋਈ ਹੈ ਅਤੇ ਅਮਰੀਕੀ ਡਾਲਰ ਦੀ ਤੁਲਨਾ ’ਚ ਰੁਪਇਆ ਲਗਾਤਾਰ ਕਮਜ਼ੋਰ ਬਣਿਆ ਹੋਇਆ ਹੈ। ਬੇਰੋਜ਼ਗਾਰੀ ਦੀ ਦਰ ’ਚ ਵੀ ਕੋਈ ਸੁਧਾਰ ਨਹੀਂ ਦਿਸਿਆ। ਆਉਣ ਵਾਲੇ ਸਾਲ ’ਚ ਪ੍ਰਦਰਸ਼ਨ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਦਿਸ਼ਾ ’ਚ ਸਾਡੀ ਤਰੱਕੀ ਲਈ ਮਹੱਤਵਪੂਰਨ ਹੋਵੇਗਾ।
ਨਿਆਪਾਲਿਕਾ ਨੇ ਧਾਰਾ-370 ਨੂੰ ਰੱਦ ਕਰਨ ਅਤੇ ਸਮਲਿੰਗੀ ਵਿਆਹ ਮੁੱਦੇ ਸਮੇਤ ਕਈ ਇਤਿਹਾਸਕ ਫੈਸਲੇ ਦਿੱਤੇ। ਦੂਜੇ ਪਾਸੇ ਅਦਾਲਤਾਂ ’ਚ ਪੈਂਡਿੰਗ ਮਾਮਲੇ 5 ਕਰੋੜ ਦੇ ਵਿਸ਼ਾਲ ਅੰਕੜੇ ਨੂੰ ਪਾਰ ਕਰਦੇ ਜਾ ਰਹੇ ਹਨ।
ਸੰਸਦ ਅਤੇ ਸੂਬਾ ਵਿਧਾਨ ਸਭਾਵਾਂ ’ਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਨਾਲ ਸਬੰਧਤ ਬਿੱਲ ਇਤਿਹਾਸਕ ਪਾਸ ਹੋਣ ਦਾ ਗਵਾਹ ਬਣਿਆ। ਯਕੀਨੀ ਤੌਰ ’ਤੇ ਸ਼ਰਤ ਇਹ ਹੈ ਕਿ ਇਸ ਦੀਆਂ ਵਿਵਸਥਾਵਾਂ ਨੂੰ ਆਬਾਦੀ ਅਤੇ ਚੁਣੇ ਹੋਏ ਹਲਕਿਆਂ ਦੀ ਹੱਦਬੰਦੀ ਪਿੱਛੋਂ ਹੀ ਲਾਗੂ ਕੀਤਾ ਜਾ ਸਕਦਾ ਹੈ, ਜੋ 2029 ਦੀਆਂ ਚੋਣਾਂ ਤੋਂ ਪਹਿਲਾਂ ਸੰਭਵ ਨਹੀਂ ਹੈ।
ਸੰਸਦ ਨੇ ਲਗਭਗ ਮੁਕੰਮਲ ਵਿਰੋਧੀ ਧਿਰ ਲੋਕ ਸਭਾ ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਸ਼ੱਕੀ ਰਿਕਾਰਡ ਵੀ ਦੇਖਿਆ। ਹਾਲਾਂਕਿ ਵੱਡੀ ਗਿਣਤੀ ’ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦੀਆਂ ਘਟਨਾਵਾਂ ਹੋਈਆਂ ਹਨ ਪਰ ਸੰਸਦ ਹਮਲੇ ’ਤੇ ਗ੍ਰਹਿ ਮੰਤਰੀ ਦੇ ਬਿਆਨ ਦੀ ਮੰਗ ਕਰਨ ਵਾਲੇ ਸੰਸਦ ਮੈਂਬਰਾਂ ਦੀ ਸਮੂਹਿਕ ਮੁਅੱਤਲੀ ਬੇਮਿਸਾਲ ਸੀ।
ਅਜੇ ਖਤਮ ਹੋਣ ਵਾਲੇ ਸਾਲ ’ਚ ਚੰਦਰਯਾਨ-2 ਦਾ ਸਫਲ ਮਿਸ਼ਨ ਵੀ ਦੇਖਿਆ ਗਿਆ ਜੋ ਚੰਦ੍ਰਮਾ ’ਤੇ ਉਤਰਿਆ ਤੇ ਪਰਤਣ ਵਾਲੇ ਮਿਸ਼ਨਾਂ ਦੀ ਸੁਰੱਖਿਅਤ ਲੈਂਡਿੰਗ ਲਈ ਪ੍ਰੀਖਣ ਸਮੇਤ ਹੋਰ ਮਿਸ਼ਨ ਵੀ ਦੇਖੇ ਗਏ।
ਜੀ-20 ਸਿਖਰ ਸੰਮੇਲਨ ਦਾ ਸਫਲ ਆਯੋਜਨ ਇਕ ਹੋਰ ਅਹਿਮ ਮੀਲ ਦਾ ਪੱਥਰ ਸੀ, ਜਿਸ ਨੇ ਦੇਸ਼ ਦੀ ਸ਼ਾਨ ਨੂੰ ਵਧਾਇਆ ਤੇ ਇਸ ਦੇ ਵਿਕਾਸ ਅਤੇ ਤਰੱਕੀ ਨੂੰ ਪ੍ਰਦਰਸ਼ਿਤ ਕੀਤਾ। ਕੁਲ ਮਿਲਾ ਕੇ ਇਹ ਸਾਲ ਕੁਝ ਮਹੱਤਵਪੂਰਨ ਘਟਨਾਵਾਂ ਨਾਲ ਮਿਸ਼ਰਿਤ ਰਿਹਾ ਹੈ, ਜਿਨ੍ਹਾਂ ਦਾ ਅਸਰ ਨਵੇਂ ਸਾਲ ’ਤੇ ਪਵੇਗਾ।
ਜਿੱਥੇ ਆਮ ਚੋਣਾਂ ਦੇ ਨਤੀਜੇ ਆਉਣ ਵਾਲੇ ਸਾਲ ਦਾ ਸਭ ਤੋਂ ਵੱਡਾ ਫੋਕਸ ਹੋਣਗੇ, ਉੱਥੇ ਚੋਣਾਂ ਦੀ ਤਿਆਰੀ ’ਤੇ ਵੀ ਡੂੰਘੀ ਦਿਲਚਸਪੀ ਨਾਲ ਨਜ਼ਰ ਰੱਖੀ ਜਾਵੇਗੀ। ਭਾਜਪਾ ਉਤਸ਼ਾਹਿਤ ਦਿਸ ਰਹੀ ਹੈ ਜਦਕਿ ਵਿਰੋਧੀ ਪਾਰਟੀਆਂ ਦਾ ਅਜੇ ਵੀ ਇਕਜੁੱਟ ਹੋਣਾ ਬਾਕੀ ਹੈ। ਅਯੁੱਧਿਆ ’ਚ ਰਾਮ ਮੰਦਰ ਦਾ ਉਦਘਾਟਨ ਚੋਣਾਂ ਤੋਂ ਪਹਿਲਾਂ ਸਭ ਤੋਂ ਅਹਿਮ ਮੀਲ ਦਾ ਪੱਥਰ ਹੋਵੇਗਾ ਅਤੇ ਭਾਜਪਾ ਦੇ ਨਾਲ-ਨਾਲ ਸੰਘ ਪਰਿਵਾਰ ਵੀ ਇਸ ਮੌਕੇ ਦਾ ਸਰਵਉੱਤਮ ਲਾਭ ਉਠਾਉਣ ’ਚ ਕੋਈ ਕਸਰ ਨਹੀਂ ਛੱਡ ਰਿਹਾ।
ਅਤੇ ਫਿਰ, ਜੇ ਭਾਜਪਾ ਸੱਤਾ ’ਚ ਪਰਤਦੀ ਹੈ ਤਾਂ ਇਕ-ਰਾਸ਼ਟਰ-ਇਕ-ਚੋਣ ਦਾ ਉਸ ਦਾ ਏਜੰਡਾ ਵੀ ਅਸਲੀ ਬਣ ਸਕਦਾ ਹੈ। ਭਵਿੱਖ ’ਚ ਹੋਰ ਕੀ ਹੋਵੇਗਾ, ਇਹ ਤਾਂ ਸਮਾਂ ਹੀ ਦੱਸ ਸਕਦਾ ਹੈ ਪਰ ਚੋਣਾਂ ਦੇ ਨਤੀਜੇ ਇਹ ਤੈਅ ਕਰਨਗੇ ਕਿ ਦੇਸ਼ ਭਵਿੱਖ ’ਚ ਕੀ ਦਿਸ਼ਾ ਲਵੇਗਾ।