ਆਗੂਆਂ ਨੂੰ ਡਾ. ਅੰਬੇਡਕਰ ਦਾ ਅਧਿਐਨ ਕਰਨਾ ਚਾਹੀਦੈ

Sunday, Jan 05, 2025 - 02:30 PM (IST)

ਆਗੂਆਂ ਨੂੰ ਡਾ. ਅੰਬੇਡਕਰ ਦਾ ਅਧਿਐਨ ਕਰਨਾ ਚਾਹੀਦੈ

ਅੱਜ ਦੇਸ਼ ਭਰ ’ਚ ਡਾ. ਭੀਮ ਰਾਓ ਅੰਬੇਡਕਰ ਨੂੰ ਲੈ ਕੇ ਹੰਗਾਮੇ ਹੋ ਰਹੇ ਹਨ, ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸੰਸਦ ’ਚ ਘਿਰਾਓ ਕੀਤਾ ਗਿਆ ਹੈ, ਡਾ. ਅੰਬੇਡਕਰ ਸਾਹਿਬ ਨੂੰ ਲੈ ਕੇ ਦੇਸ਼ ਭਰ ’ਚ ਧਰਨੇ, ਰੈਲੀਆਂ, ਜਲੂਸ, ਦੰਗੇ-ਫਸਾਦ ਅਤੇ ਰੋਸ ਮਾਰਚ ਕੱਢੇ ਜਾ ਰਹੇ ਹਨ ਪਰ ਇਹ ਸੱਚ ਹੈ ਕਿ ਅੱਜ ਦੀ ਨੌਜਵਾਨ ਪੜ੍ਹੀ-ਲਿਖੀ ਪੀੜ੍ਹੀ ਸਿਰਫ਼ ਇਹੀ ਯਾਦ ਰੱਖਦੀ ਹੈ ਕਿ ਡਾ. ਅੰਬੇਡਕਰ ਇਕ ਦਲਿਤ ਆਗੂ ਸਨ। ਅੱਜ ਦੀ ਪੀੜ੍ਹੀ ਬਾਪੂ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਜੈ ਪ੍ਰਕਾਸ਼ ਨਾਰਾਇਣ, ਰਾਮ ਮਨੋਹਰ ਲੋਹੀਆ, ਆਚਾਰੀਆ ਕ੍ਰਿਪਲਾਨੀ, ਨੇਤਾ ਜੀ ਸੁਭਾਸ਼ ਚੰਦਰ ਬੋਸ ਬਾਰੇ ਬਹੁਤ ਘੱਟ ਜਾਣਦੀ ਹੈ। ਹਾਂ, ਅੱਜ ਦੀਆਂ ਸਿਆਸੀ ਪਾਰਟੀਆਂ ਵੋਟਾਂ ਦੀ ਰਾਜਨੀਤੀ ਵਿਚ ਡਾਕਟਰ ਅੰਬੇਡਕਰ ਦੇ ਅਕਸ ਨੂੰ ਜ਼ਰੂਰ ਦੇਖ ਰਹੀਆਂ ਹਨ। ਕੁਝ ਦਲਿਤ ਆਗੂ ਬੇਸ਼ੱਕ ਆਪਣੇ ਆਪ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਪੈਰੋਕਾਰ ਕਹਿ ਕੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਕਰ ਰਹੇ ਹਨ, ਪਰ ਮੈਂ ਇਨ੍ਹਾਂ ਦਲਿਤ ਆਗੂਆਂ ਨੂੰ ਡਾ. ਸਾਹਿਬ ਦੇ ਜੀਵਨ ਅਤੇ ਉਸ ਸਮੇਂ ਦੇ ਸਮਾਜਿਕ ਪ੍ਰਬੰਧ ਨੂੰ ਘੋਖਣ ਦੀ ਬੇਨਤੀ ਜ਼ਰੂਰ ਕਰਾਂਗਾ।

ਡਾ. ਭੀਮ ਰਾਓ ਅੰਬੇਡਕਰ ਇਕ ਵਿਅਕਤੀ ਨਹੀਂ, ਇਕ ਵਿਚਾਰ ਸਨ, ਇਕ ਸਵੈ-ਸਿੱਧ ਸੰਸਥਾ ਸਨ। ਉਹ ਭਾਰਤ ਵਿਚ ਇਕ ਨਵੀਂ ਵਿਚਾਰਧਾਰਾ ਦੇ ਪਾਲਣਹਾਰ ਸਨ। ਉਹ ਆਪ ਛੂਤ-ਛਾਤ ਦਾ ਸੰਤਾਪ ਭੋਗ ਚੁੱਕੇ ਸਨ। ਮੈਂ ਅਜੋਕੀ ਪੀੜ੍ਹੀ ਨੂੰ ਦੱਸਣਾ ਚਾਹਾਂਗਾ ਕਿ ਡਾ. ਸਾਹਿਬ ਦੇ ਬਚਪਨ ਸਮੇਂ ਸਿਆਸਤਦਾਨਾਂ ਅਤੇ ਅਨੁਸੂਚਿਤ, ਦਲਿਤ ਅਤੇ ਦੱਬੇ-ਕੁਚਲੇ ਵਰਗ ਦੇ ਲੋਕਾਂ ਦੀਆਂ ਬਸਤੀਆਂ ਵੱਖਰੀਆਂ ਸਨ। ਉਨ੍ਹਾਂ ਦੇ ਖੂਹ ਅਤੇ ਤਲਾਬ ਸਵਰਣ ਜਾਤ ਦੇ ਲੋਕਾਂ ਤੋਂ ਦੂਰ ਅਤੇ ਵੱਖਰੇ ਹੁੰਦੇ ਸਨ। ਉਹ ਸਿਰਫ ‘ਕਾਮੇ’ ਸਨ। ਜੇਕਰ ਕੋਈ ਬੱਚਾ ਦਲਿਤ ਜਾਤੀ ਵਿਚ ਪੈਦਾ ਹੁੰਦਾ ਸੀ, ਤਾਂ ਉਸਦਾ ਨਾਂ ਜ਼ਿਮੀਂਦਾਰ ਕੋਲੋਂ ਪੁੱਛ ਕੇ ਰੱਖਣਾ ਪੈਂਦਾ ਸੀ। ਇਸ ਲਈ ਜ਼ਿਮੀਂਦਾਰਾਂ ਵਲੋਂ ਦਲਿਤ ਬੱਚਿਆਂ ਦੇ ਨਾਂ ‘ਪੇਠਾਰਾਮ’, ‘ਛੱਜੂ ਰਾਮ’, ‘ਦੇਸ਼ੋ’, ‘ਪੁੰਨੂ ਰਾਮ’, ‘ਰਾਮਿਆ ਪਾਸੀ’, ‘ਮਾਰਾ’, ‘ਫਕੀਰਾ’ ਆਦਿ ਰੱਖੇ ਜਾਂਦੇ ਸਨ। ਅਨੁਸੂਚਿਤ ਜਾਤੀ ਦੇ ਸਕੂਲੀ ਬੱਚਿਆਂ ਨੂੰ ਸਵਰਣ ਜਾਤੀ ਦੇ ਬੱਚਿਆਂ ਤੋਂ ਅਲੱਗ ਬਿਠਾਇਆ ਜਾਂਦਾ। ਪਾਠਕ ਦੋਸਤੋ, ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਮਹਾਰਾਸ਼ਟਰ ਵਿਚ 14 ਅਪ੍ਰੈਲ 1891 ਨੂੰ ਅਜਿਹੀ ਹੀ ਇਕ ਅਨੁਸੂਚਿਤ ਜਾਤੀ ‘ਮਹਾਰ’ ਵਿਚ ਹੋਇਆ ਸੀ। ਉਹ ਸਮਾਂ ਭਾਰਤ ਦੀ ਸਮਾਜਿਕ ਪ੍ਰਣਾਲੀ ਵਿਚ ਦਲਿਤਾਂ ਲਈ ਇਕ ਮੁਸ਼ਕਲਾਂ ਭਰਿਆ ਦੌਰ ਸੀ। ਡਾ. ਅੰਬੇਡਕਰ ਦਾ ਬਚਪਨ ਵੀ ਇਸੇ ਤਰ੍ਹਾਂ ਦੀਆਂ ਮੁਸ਼ਕਲਾਂ ਵਿਚ ਬੀਤਿਆ। ਉਨ੍ਹਾਂ ਨੂੰ ਵੀ ਆਪਣੇ ਘਰ ਤੋਂ ਸਕੂਲ ਤੱਕ ਤੱਪੜ ਲੈ ਕੇ ਜਾਣਾ ਪੈਂਦਾ ਸੀ ਅਤੇ ਉੱਚ ਜਾਤੀ ਦੇ ਬੱਚਿਆਂ ਨਾਲ ਬੈਠਣ ਦੀ ਇਜਾਜ਼ਤ ਨਹੀਂ ਸੀ। ਡਾਕਟਰ ਸਾਹਿਬ ਵੀ ਉਦੋਂ ਬੱਚੇ ਸਨ, ਉਨ੍ਹਾਂ ਨੂੰ ਵਿਤਕਰੇ ਅਤੇ ਛੂਤ-ਛਾਤ ਬਾਰੇ ਨਹੀਂ ਪਤਾ ਸੀ।

ਪਰ ਇਸ ਸਮਾਜਿਕ ਵਿਤਕਰੇ ਅਤੇ ਛੂਤ-ਛਾਤ ਦੇ ਡੰਗ ਨੇ ਡਾ. ਸਾਹਿਬ ਦੇ ਕੋਮਲ ਹਿਰਦੇ ’ਤੇ ਡੂੰਘਾ ਪ੍ਰਭਾਵ ਪਾਇਆ। ਬਾਅਦ ਵਿਚ ਇਹ ਸਮਾਜਿਕ ਵਿਤਕਰਾ ਅਤੇ ਛੂਤ-ਛਾਤ ਡਾ. ਭੀਮ ਰਾਓ ਅੰਬੇਡਕਰ ਦੇ ਮਨ ਵਿਚ ਇਕ ਧਮਾਕਾ ਬਣ ਕੇ ਉੱਭਰੀ। ਸਮੂਹ ਸਮਾਜ ਵਿਚ ਫੈਲੇ ਇਸ ਸਮਾਜਿਕ ਵਿਤਕਰੇ ਅਤੇ ਛੂਤ-ਛਾਤ ਦੇ ਜ਼ਹਿਰ ਨੇ ਡਾ. ਅੰਬੇਡਕਰ ਨੂੰ ਡੰਗ ਲਿਆ। ਸੰਨ 1918 ਵਿਚ ਡਾ. ਅੰਬੇਡਕਰ ਨੇ ਅਮਰੀਕਾ ਦੀ ‘ਕੋਲੰਬੀਆ ਯੂਨੀਵਰਸਿਟੀ’ ਤੋਂ ਐੱਮ. ਏ. ’ਇਕਨਾਮਿਕਸ’ ਪਾਸ ਕੀਤੀ। 1916 ਵਿਚ, ਉਨ੍ਹਾਂ ਨੇ ਇਸੇ ਯੂਨੀਵਰਸਿਟੀ ਤੋਂ ‘ਬ੍ਰਿਟਿਸ਼ ਇੰਡੀਆ ਦੇ ਪ੍ਰਾਂਤਾਂ ਵਿਚ ਵਿੱਤੀ ਸਥਿਤੀ ਦਾ ਵਿਸ਼ਲੇਸ਼ਣ’ ਵਿਸ਼ੇ ’ਤੇ ਆਪਣੀ ਪੀ. ਐੱਚ. ਡੀ. ਕੀਤੀ। ਸੰਨ 1922 ਵਿਚ, ਉਨ੍ਹਾਂ ਨੇ ਲੰਡਨ ਯੂਨੀਵਰਸਿਟੀ ਤੋਂ ‘ਰੁਪਏ ਦੀ ਸਮੱਸਿਆ’ ’ਤੇ ਆਪਣੀ ਦੂਜੀ ਪੀ. ਐੱਚ. ਡੀ. ਪੂਰੀ ਕੀਤੀ। ਅੰਗਰੇਜ਼ਾਂ ਦੀਆਂ ਆਰਥਿਕ ਨੀਤੀਆਂ ਨੇ ਭਾਰਤ ਨੂੰ ਆਰਥਿਕ ਸੰਕਟ ਵਿਚ ਪਾ ਦਿੱਤਾ ਸੀ। ਉਸ ਸਮੇਂ ਡਾ. ਸਾਹਿਬ ਨੇ ਭਾਰਤੀ ਸਮਾਜਿਕ ਪ੍ਰਣਾਲੀ ਅਤੇ ਵਿਦੇਸ਼ਾਂ ਦੀ ਸਮਾਜਿਕ ਪ੍ਰਣਾਲੀ ਦਾ ਡੂੰਘਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਭਾਰਤ ਨੂੰ ਛੂਤ-ਛਾਤ ਦੀ ਭੈੜੀ ਪ੍ਰਥਾ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਕਾਰਨ ਇਹੀ ਸੀ ਕਿ ਡਾ. ਸਾਹਿਬ ਖੁਦ ਇਸ ਛੂਤ-ਛਾਤ ਦਾ ਸ਼ਿਕਾਰ ਰਹੇ ਸਨ।

ਉਨ੍ਹਾਂ ਨੇ ਦੁਖੀ ਹਿਰਦੇ ਨਾਲ ਮਹਿਸੂਸ ਕੀਤਾ ਕਿ ਇਹ ਕਿੰਨੀ ਤ੍ਰਾਸਦੀ ਹੈ ਕਿ ਇਨਸਾਨਾਂ ਨੂੰ ਇਨਸਾਨ ਹੀ ਨਾ ਛੂਹਣ। ਊਚ-ਨੀਚ ਦਾ ਇਹ ਭੇਦ ਭਾਰਤ ਨੂੰ ਤਬਾਹ ਕਰ ਦੇਵੇਗਾ। ਡਾ. ਅੰਬੇਡਕਰ ਦਾ ਮਨ ਕਦੇ ਵੀ ਇਸ ਬੇਇਨਸਾਫ਼ੀ ਨੂੰ ਸਵੀਕਾਰ ਨਹੀਂ ਕਰ ਸਕਿਆ। ਉਸ ਸਮੇਂ ਭਾਰਤ ਪੂਰੀ ਤਰ੍ਹਾਂ ਬ੍ਰਿਟਿਸ਼ ਰਾਜ ਪ੍ਰਣਾਲੀ ਨਾਲ ਜੁੜਿਆ ਹੋਇਆ ਸੀ। ਅਜਿਹੇ ਹਾਲਾਤ ਵਿਚ ਡਾ. ਸਾਹਿਬ ਨੇ ‘ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ’ ਵਿਚ ਦਾਖ਼ਲਾ ਲੈ ਲਿਆ ਸੀ ਪਰ ਮਹਾਰਾਜਾ ਗਾਇਕਵਾੜ ਨਾਲ ਇਕਰਾਰਨਾਮੇ ਕਾਰਨ ਉਨ੍ਹਾਂ ਨੂੰ ਪੜ੍ਹਾਈ ਛੱਡਣੀ ਪਈ ਅਤੇ ਬੜੌਦਾ ਰਿਆਸਤ ਵਿਚ ‘ਮਿਲਟਰੀ ਸੈਕਟਰੀ’ ਨਿਯੁਕਤ ਹੋ ਗਏ। ਸੰਨ 1926 ਵਿਚ ਡਾ. ਅੰਬੇਡਕਰ ‘ਹਿਲਟਨ-ਯੰਗ’ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਅਤੇ ‘ਐਕਸਚੇਂਜ ਰੇਟ ਸਿਸਟਮ’ ’ਤੇ ਅਜਿਹੀਆਂ ਦਲੀਲਾਂ ਦਿੱਤੀਆਂ ਜੋ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦੁਹਰਾਈਆਂ ਜਾਣਗੀਆਂ। ਡਾ. ਅੰਬੇਡਕਰ ਮਹਾਤਮਾ ਗਾਂਧੀ ਦੀਆਂ ਨੀਤੀਆਂ ਨਾਲ ਵੀ ਸਹਿਮਤ ਨਹੀਂ ਸਨ। ਡਾ. ਸਾਹਿਬ ਸ਼ਹਿਰੀਕਰਨ ਅਤੇ ‘ਲੋਕਤੰਤਰੀ ਸੰਸਦੀ ਪ੍ਰਣਾਲੀ’ ਨੂੰ ਮਜ਼ਬੂਤ ​​ਕਰਨਾ ਚਾਹੁੰਦੇ ਸਨ। ਉਹ ਜਾਣਦੇ ਸਨ ਕਿ ਲੋਕਤੰਤਰ ਵਿਚ ਮਨੁੱਖ ਆਪਣੀ ਆਜ਼ਾਦੀ ਦਾ ਆਨੰਦ ਮਾਣ ਸਕਦਾ ਹੈ। 1927 ਵਿਚ, ਡਾ. ਸਾਹਿਬ ਨੇ ਇਕ ਪੰਦਰਵਾੜਾ ਅਖਬਾਰ ‘ਬਹਿਸ਼ਕ੍ਰਿਤ ਭਾਰਤ’ ਪ੍ਰਕਾਸ਼ਿਤ ਕੀਤਾ। ‘ਇੰਡੀਪੈਂਡੈਂਟ ਲੇਬਰ ਪਾਰਟੀ’ (ਆਜ਼ਾਦ ਮਜ਼ਦੂਰ ਪਾਰਟੀ) ਦੀ ਸਥਾਪਨਾ ਕੀਤੀ ਜਿਸ ਰਾਹੀਂ ਦਲਿਤ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ। 1937 ਦੀਆਂ ਬੰਬਈ ਚੋਣਾਂ ਵਿਚ ਡਾ. ਸਾਹਿਬ ਦੀ ਪਾਰਟੀ ਨੂੰ 15 ਵਿਚੋਂ 13 ਸੀਟਾਂ ਮਿਲੀਆਂ। ਭਾਵੇਂ ਡਾ. ਸਾਹਿਬ ਗਾਂਧੀ ਦੀ ਦਲਿਤ ਕ੍ਰਾਂਤੀ ਨਾਲ ਸਹਿਮਤ ਨਹੀਂ ਸਨ, ਪਰ ਉਨ੍ਹਾਂ ਨੇ ਆਪਣੀ ਮੌਲਿਕ ਵਿਚਾਰਧਾਰਾ ਨਾਲ ਵੱਡੇ-ਵੱਡੇ ਕਾਂਗਰਸੀ ਆਗੂਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਭਾਵੇਂ ਜਵਾਹਰ ਲਾਲ ਨਹਿਰੂ ਬਾਪੂ ਗਾਂਧੀ ਦੇ ਪਿਆਰੇ ਸਨ, ਫਿਰ ਵੀ ਬਾਪੂ ਗਾਂਧੀ ਡਾ. ਅੰਬੇਡਕਰ ਦੀਆਂ ਆਧੁਨਿਕ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਸਨ ਕਿਉਂਕਿ ਕਿਸੇ ਵੀ ਆਗੂ ਜਾਂ ਚਿੰਤਕ ਕੋਲ ਡਾ. ਅੰਬੇਡਕਰ ਜਿੰਨੀ ਤਿੱਖੀ ਦ੍ਰਿਸ਼ਟੀ ਨਹੀਂ ਸੀ। ਡਾ. ਅੰਬੇਡਕਰ ਦਾ ਭਾਰਤ ਨੂੰ ਦੇਖਣ ਦਾ ਆਪਣਾ ਵਿਲੱਖਣ ਨਜ਼ਰੀਆ ਸੀ।

ਆਜ਼ਾਦੀ ਪ੍ਰਾਪਤੀ ਤੋਂ ਬਾਅਦ 15 ਅਗਸਤ 1947 ਨੂੰ ਡਾ. ਅੰਬੇਡਕਰ ਸਾਹਿਬ ਨੂੰ ਭਾਰਤ ਦਾ ਕਾਨੂੰਨ ਮੰਤਰੀ ਬਣਾਇਆ ਗਿਆ। 21 ਅਗਸਤ 1947 ਨੂੰ ਉਨ੍ਹਾਂ ਨੂੰ ਭਾਰਤ ਦੀ ਸੰਵਿਧਾਨ ਡਰਾਫਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਡਾ. ਸਾਹਿਬ ਦੀ ਪ੍ਰਧਾਨਗੀ ਹੇਠ ਭਾਰਤ ਨੂੰ ਇਕ ਜਮਹੂਰੀ, ਧਰਮਨਿਰਪੱਖ ਅਤੇ ਸਮਾਜਵਾਦੀ ਸੰਵਿਧਾਨ ਮਿਲਿਆ ਜਿਸ ਵਿਚ ਭਾਰਤ ਦੇ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਰਾਖੀ ਕੀਤੀ ਗਈ ਹੈ। ਇਹ ਸੰਵਿਧਾਨ 26 ਜਨਵਰੀ 1950 ਨੂੰ ਭਾਰਤ ਦੇ ਲੋਕਾਂ ਨੂੰ ਸੌਂਪਿਆ ਗਿਆ ਸੀ। 25 ਮਈ 1950 ਨੂੰ ਡਾ. ਸਾਹਿਬ ਨੇ ਦਿੱਲੀ ਵਿਚ ‘ਅੰਬੇਡਕਰ ਭਵਨ’ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਦਾ ਅਹੁਦਾ ਸੰਭਾਲਦੇ ਹੋਏ ਉਨ੍ਹਾਂ ਨੇ ‘ਹਿੰਦੂ ਕੋਡ ਬਿੱਲ’ ਪਾਸ ਕੀਤਾ। ਇਸ ਬਿੱਲ ਦਾ ਮੁੱਖ ਉਦੇਸ਼ ਔਰਤਾਂ ਨੂੰ ਜੱਦੀ ਜਾਇਦਾਦ ਦਾ ਹੱਕਦਾਰ ਬਣਾਉਣਾ ਸੀ। ਇਸ ਬਿੱਲ ਵਿਚ ਤਲਾਕ ਦੀ ਵਿਵਸਥਾ ਕੀਤੀ ਗਈ ਸੀ। 27 ਦਸੰਬਰ 1951 ਨੂੰ ਡਾ. ਸਾਹਿਬ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਪਰ ਬਹੁਤ ਘੱਟ ਸਿਆਸਤਦਾਨਾਂ ਨੂੰ ਉਹ ਮਾਣ ਮਿਲਦਾ ਹੈ ਜੋ ਡਾ. ਸਾਹਿਬ ਨੂੰ ਜੀਵਨ ਵਿਚ ਮਿਲਿਆ ਪਰ ਡਾਕਟਰ ਸਾਹਿਬ ਦੀ ਤਸੱਲੀ ਨਹੀਂ ਹੋਈ। 4 ਅਕਤੂਬਰ 1956 ਨੂੰ ਡਾ. ਸਾਹਿਬ ਨੇ ਬੁੱਧ ਧਰਮ ਅਪਣਾ ਲਿਆ। ਉਨ੍ਹਾਂ ਦਾ ਪੱਕਾ ਵਿਸ਼ਵਾਸ ਸੀ ਕਿ ਦਲਿਤਾਂ ਨੂੰ ਸਰਕਾਰੀ ਜਾਂ ਸਮੂਹਿਕ ਖੇਤੀ ਰਾਹੀਂ ਹੀ ਆਜ਼ਾਦ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਸਾਰਾ ਧਿਆਨ ਦਲਿਤਾਂ ਦੀ ਬਿਹਤਰੀ ’ਤੇ ਰਿਹਾ। ਦਲਿਤਾਂ ਨੂੰ ਰਾਖਵਾਂਕਰਨ ਮਿਲਿਆ, ਇਹ ਡਾ. ਅੰਬੇਡਕਰ ਹੀ ਸਨ, ਜਿਨ੍ਹਾਂ ਦੀ ਬਦੌਲਤ ਦਲਿਤ, ਦੱਬੇ-ਕੁਚਲੇ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਸਮਾਜ ਵਿਚ ਬਰਾਬਰੀ ਦਾ ਹੱਕ ਮਿਲਿਆ। ਉਨ੍ਹਾਂ ਨੂੰ ਪਛਾਣ ਮਿਲੀ। ਬਾਬੂ ਕਾਂਸ਼ੀ ਰਾਮ ਉਨ੍ਹਾਂ ਦੀਆਂ ਨੀਤੀਆਂ ਨੂੰ ਲੈ ਕੇ ਹੀ ਸੱਤਾ ਵਿਚ ਆਏ ਸਨ। ਬਾਬੂ ਕਾਂਸ਼ੀ ਰਾਮ ਨੂੰ ਇਕ ਇਨਕਲਾਬੀ ਦਲਿਤ ਆਗੂ ਕਿਹਾ ਗਿਆ। ਉਸ ਨੇ ‘ਬਹੁਜਨ ਸਮਾਜ ਪਾਰਟੀ’ ਬਣਾਈ ਅਤੇ ਸਿਆਸਤ ’ਚ ‘ਹਲਚਲ’ ਲਿਆਂਦੀ। ਇਸ ਸਮੇਂ ਕੁਮਾਰੀ ਮਾਇਆਵਤੀ ਰਾਜਨੀਤੀ ਵਿਚ ਕਾਂਸ਼ੀ ਰਾਮ ਦੀ ਵਿਰਾਸਤ ਨੂੰ ਅੱਗੇ ਤੋਰ ਰਹੇ ਹਨ। ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦਲਿਤਾਂ ਦੀਆਂ ਵੋਟਾਂ ਹਾਸਲ ਕਰਨ ਲਈ ਨੀਤੀਆਂ ਬਣਾ ਰਹੀਆਂ ਹਨ। ਇਹੀ ਕਾਰਨ ਹੈ ਕਿ ਗ੍ਰਹਿ ਮੰਤਰੀ ਵੱਲੋਂ ਡਾ. ਅੰਬੇਡਕਰ ’ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਹਰ ਥਾਂ ਹੰਗਾਮਾ ਕਰ ਰਹੀਆਂ ਹਨ, ਪਰ ਮੇਰੀ ਬੇਨਤੀ ਹੈ ਕਿ ਅੰਬੇਡਕਰ ਦੇ ਨਾਂ ’ਤੇ ਹੰਗਾਮਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਜਾਣਨਾ ਅਤੇ ਸਮਝਣਾ ਜ਼ਰੂਰੀ ਹੈ।

ਮਾਸਟਰ ਮੋਹਨ ਲਾਲ


author

DIsha

Content Editor

Related News