ਹਮੇਸ਼ਾ ਸੱਚਾਈ ਦੀ ਹੀ ਜਿੱਤ ਹੁੰਦੀ ਹੈ

08/23/2016 6:55:43 PM

ਪਿਆਰੇ ਬੱਚਿਓ ਅੱਜ ਅਸੀਂ ਸੱਚਾਈ ਦੇ ਵਿਸ਼ੇ ''ਤੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ।ਤੁਸੀਂ ਸੋਚਣ ਲੱਗ ਪਏ ਕਿ ਆਖਿਰ ਸੱਚਾਈ ਹੈ ਕੀ ਚੀਜ਼ ਜਾਂ ਸੱਚਾਈ ਕਿਸ ਨੂੰ ਆਖਦੇ ਹਨ? ਬੱਚਿਓ, ਜੋ ਕੁਝ ਸਾਡੇ ਮਨ ''ਚ ਹੈ, ਉਸ ਨੰੂੰ ਬੋਲੀ ਰਾਂਹੀ ਅਤੇ ਜੋ ਕੁਝ ਬੋਲੀ ''ਚ ਹੋਵੇ ਉਸ ਨੂੰ ਕਿਰਿਆ ਰੂਪ ਨਾਲ ਪ੍ਰਗਟ ਕਰਨਾ ਸੱਚ ਅਖਵਾਉਂਦਾ ਹੈ। ਸੱਚ ਬੋਲਣਾ ਇਕ ਚੰਗੀ ਆਦਤ ਹੈ।ਜਿਹੜੇ ਲੋਕ ਸੱਚ ਬੋਲਦੇ ਹਨ, ਸਾਰੇ ਉਨ੍ਹਾਂ ਦਾ ਆਦਰ–ਸਤਿਕਾਰ ਕਰਦੇ ਹਨ। ਉਨ੍ਹਾਂ ਦੇ ਵਚਨਾਂ ''ਤੇ ਵਿਸ਼ਵਾਸ ਹੁੰਦਾ ਹੈ।
ਇਕ ਗੱਲ ਯਾਦ ਰੱਖੋ –ਸੱਚ ਇੱਕ ਹੁੰਦਾ ਹੈ ਅਤੇ ਝੂਠ ਜ਼ਿਆਦਾ ਗਿਣਤੀ ''ਚ ।ਜੇ ਕੋਈ ਸਵਾਲ ਕਰੇ ਚਾਰ ਅਤੇ ਚਾਰ ਸੱਚ, ਉੱਤਰ ਸਭ ਦਾ ਇਕ ਹੀ ਹੋਵੇਗਾ ''ਅੱਠ'' ਪਰ ਝੂਠ ਉੱਤਰ ਪੰਜ, ਛੇ, ਸੱਤ ਕਿੰਨੇ ਹੀ ਹੋਣਗੇ। ਸੱਚ ਬੋਲਣ ਵਾਲੇ ਨੂੰ ਕਿਸੇ ਦਾ ਵੀ ਡਰ ਨਹੀ ਹੁੰਦਾ। ਦੂਜੇ ਪਾਸੇ ਝੂਠ ਬੋਲਣ ਵਾਲੇ ਨੂੰ ਆਪਣਾ ਝੂਠ ਲੁਕਾਉਣ ਲਈ ਬਹੁਤ ਸਾਰੇ ਝੂਠ ਬੋਲਣੇ ਪੈਂਦੇ ਹਨ ਅਤੇ ਉਸ ਨੂੰ ਆਪਣਾ ਝੂਠ ਬੋਲਿਆ ਵੀ ਯਾਦ ਰੱਖਣਾ ਪੈਂਦਾ ਹੈ। ਝੂਠ ਬੋਲਣਾ ਸਭ ਤੋਂ ਵੱਡਾ ਪਾਪ ਹੈ। ਅਜੋਕੇ ਯੁੱਗ ''ਚ ਅਸੀਂ ਇਹ ਸਮਝ ਰਹੇ ਹਾਂ ਕਿ ਝੂਠ ਦੀ ਜਿੱਤ ਹੁੰਦੀ ਹੈ ਅਤੇ ਸੱਚ ਨੂੰ ਕੋਈ ਵੀ ਨਹੀਂ ਪੁੱਛਦਾ ਪਰ ਇਹ ਬਿਲਕੁਲ ਨਿਰ-ਅਧਾਰ ਹੈ। ਝੂਠ ਹਰ ਇਕ ਗੱਲ ''ਚ ਚੱਲਦਾ ਹੈ, ਜਿਵੇਂ ਬਾਪ ਨੂੰ ਬੇਟੇ ''ਤੇ, ਭਰਾ ਨੂੰ ਭੈਣ ''ਤੇ, ਦੁਕਾਨਦਾਰ ਨੂੰ ਗਾਹਕ ''ਤੇ ਅਤੇ ਗੁਰੂ ਆਪਣ ਚੇਲੇ ''ਤੇ ਅਤੇ ਇਸ ਤੋਂ ਵੀ ਅੱਗੇ ਲੋਕ ਪਰਮਾਤਮਾ ''ਤੇ ਵੀ ਆਪਣੇ ਸਵਾਰਥ ਅਨੁਸਾਰ ਹੀ ਵਿਸ਼ਵਾਸ ਕਰਦੇ ਹਨ। ਇਸ ਦੇ ਕਾਰਨ ਝੂਠ ਦਾ ਇਨ੍ਹਾਂ ਜ਼ਿਆਦਾ ਪ੍ਰਚਲਣ ਹੋ ਰਿਹਾ ਹੈ ਕਿ ਕੋਈ ਵੀ ਕਿਸੇ ਦੀ ਗੱਲ ਠੀਕ-ਠੀਕ ਮੰਨਣ ਨੂੰ ਤਿਆਰ ਹੀ ਨਹੀਂ।
ਝੂਠ ਬੋਲਣ ਵਾਲੇ ਨੂੰ ਇਸ ਸੰਸਾਰ ਨਾਲ ਕੋਈ ਪਿਆਰ ਨਹੀ, ਕੋਈ ਮੋਹ ਨਹੀ। ਇਸ ਰਸਤੇ ''ਤੇ ਚੱਲ ਕੇ ਅਸੀਂ ਸਾਰੇ ਹੀ ਦੁਖੀ ਹਾਂ। ਇਸ ਰਾਹ ''ਤੇ ਝੂਠ–ਫਰੇਬ ਕਾਰਨ ਅਸੀਂ ਤਰੱਕੀ ਨਹੀਂ ਕਰ ਸਕਾਂਗੇ। ਇਸ ਲਈ ਅੱਜ ਅਸੀਂ ਪ੍ਰਣ ਕਰੀਏ ਕਿ ਅਸੀਂ ਕਦੇ ਵੀ ਝੂਠ ਨਹੀਂ ਬੋਲਾਂਗੇ। ਹਮੇਸ਼ਾ ਸੱਚ ਦੇ ਰਸਤੇ ਚੱਲਾਂਗੇ।ਪਿਆਰੇ ਬੱਚਿਓ, ਸਕੂਲ ਦੇਰੀ ਨਾਲ ਪਹੁੰਚਣ ''ਤੇ ਕੋਈ ਵੀ ਝੂਠਾ ਬਹਾਨਾ ਬਣਾਉਣ ਦੀ ਬਜਾਏ ਆਪਣੇ ਅਧਿਆਪਕ ਜੀ ਨੂੰ ਆਪਣੀ ਗੱਲ ਨਿਡਰ ਹੋ ਕੇ ਸੱਚ-ਸੱਚ ਦੱਸ ਦੇਣੀ ਚਾਹੀਦੀ ਹੈ। ਬੇਸ਼ੱਕ ਪੜ੍ਹਾਈ ''ਚ ਕਮਜ਼ੋਰ ਹੋਵੇ, ਕਿਸੇ ਪ੍ਰਸ਼ਨ ਦਾ ਉੱਤਰ ਨਾ ਵੀ ਆਉਂਦਾ ਹੋਵੇ ਜਾਂ ਘਰ ਆ ਕੇ ਕਿਸੇ ਕਾਰਨ ਸਕੂਲ ਦਾ ਕੰਮ ਸਮੇਂ ਸਿਰ ਨਹੀਂ ਕੀਤਾ ਤਾਂ ਵੀ ਝੂਠ ਬੋਲਣ ਦੀ ਲੋੜ ਨਹੀਂ ਹੈ। ਸੱਚ ਬੋਲਣ ਦਾ ਅਭਿਆਸ ਆਪਣੇ ਘਰ ਤੋਂ ਹੀ ਕਰੋ। ਸੱਚੇ-ਸੁੱਚੇ ਅਤੇ ਚੰਗੇ ਮਿੱਤਰਾਂ ਨਾਲ ਮਿੱਤਰਤਾ ਕਰਨ ਨਾਲ ਤੁਹਾਡਾ ਭਲਾ ਹੀ ਹੋਵੇਗਾ। ਇਹ ਗੱਲ ਝੂਠਲਾਈ ਨਹੀਂ ਜਾ ਸਕਦੀ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸਾਡਾ ਨੈਤਿਕ ਫਰਜ਼ ਹੈ ਕਿ ਅਸੀਂ ਹਮੇਸ਼ਾ ਸੱਚ ਬੋਲੀਏ। ਹਾਸੇ-ਹਾਸੇ ''ਚ ਵੀ ਝੂਠ ਨਾ ਬੋਲੋ। ਛੋਟੇ ਝੂਠ ਤੋਂ ਹੀ ਵੱਡੇ ਝੂਠ ਦੀ ਬੁਨਿਆਦ ਬਣਦੀ ਹੈ।

ਵਰਿੰਦਰ ਸ਼ਰਮਾ,
ਲੈਕਚਰਾਰ ਅੰਗਰੇਜੀ,
ਮੋਬਾਇਲ ਨੰ.:- 94172-80333


Related News