ਹਵਾਈ ਫੌਜ ਨੂੰ ਤਤਕਾਲ ਅਗਲੀ ਕਤਾਰ ਦੇ ਲੜਾਕੂ ਜਹਾਜ਼ਾਂ ਦੀ ਲੋੜ
Wednesday, Jan 15, 2025 - 05:41 PM (IST)
ਨਿਤਿਨ ਪਾਈ
ਭਾਰਤੀ ਹਵਾਈ ਫੌਜ (ਆਈ. ਏ. ਐੱਫ.) ਕੋਲ ਨਾ ਸਿਰਫ਼ ਸਾਡੇ ਆਸਮਾਨ ਦੀ ਰੱਖਿਆ ਲਈ ਲੋੜੀਂਦੀ ਗਿਣਤੀ ਵਿਚ ਜਹਾਜ਼ਾਂ ਦੀ ਘਾਟ ਹੈ, ਸਗੋਂ ਸਮੇਂ ਦੇ ਨਾਲ ਇਸ ਦੀਆਂ ਸਮਰੱਥਾਵਾਂ ਵੀ ਘਟ ਜਾਣਗੀਆਂ ਜੇਕਰ ਤੁਰੰਤ ਸੁਧਾਰਾਤਮਕ ਕਾਰਵਾਈ ਨਹੀਂ ਕੀਤੀ ਜਾਂਦੀ। ਮੇਰੇ ਅੰਦਾਜ਼ੇ ਅਨੁਸਾਰ ਰੂਸੀ ਸਪੇਅਰ ਪਾਰਟਸ ਦੀ ਘਾਟ ਕਾਰਨ ਆਈ. ਏ. ਐੱਫ. ਲੜਾਕੂ ਜਹਾਜ਼ਾਂ ਦੇ ਬੇੜੇ ਦਾ ਇਕ ਮਹੱਤਵਪੂਰਨ ਹਿੱਸਾ ਘਟ ਗਿਆ ਹੈ। ਇਸ ਤਰ੍ਹਾਂ, ਹਵਾਈ ਫੌਜ ਦੀ ਪ੍ਰਭਾਵਸ਼ਾਲੀ ਤਾਕਤ ਜਨਤਕ ਤੌਰ ’ਤੇ ਉਪਲਬਧ ਅੰਕੜਿਆਂ ਨਾਲੋਂ ਬਹੁਤ ਘੱਟ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਨੌਜਵਾਨ ਪਾਇਲਟਾਂ ਨੂੰ ਉਡਾਣ ਦੀ ਸਿਖਲਾਈ ਦੇ ਘੰਟੇ ਘੱਟ ਮਿਲਦੇ ਹਨ। ਇਕ ਅਜਿਹੇ ਯੁੱਗ ਵਿਚ ਜਦੋਂ ਜੰਗਾਂ ਹਵਾ ਅਤੇ ਪੁਲਾੜ ਵਿਚ ਲੜੀਆਂ ਜਾ ਸਕਦੀਆਂ ਹਨ, ਭਾਰਤ ਆਈ. ਏ. ਐੱਫ. ਦੀਆਂ ਸਮੱਸਿਆਵਾਂ ਨੂੰ ਵੱਡੇ ਜੋਖ਼ਮ ’ਤੇ ਨਜ਼ਰਅੰਦਾਜ਼ ਕਰ ਰਿਹਾ ਹੈ।
ਕੁਝ ਦਿਨ ਪਹਿਲਾਂ ਨਵੀਂ ਦਿੱਲੀ ਵਿਚ ਇਕ ਸੈਮੀਨਾਰ ਵਿਚ ਬੋਲਦਿਆਂ, ਏਅਰ ਚੀਫ਼ ਮਾਰਸ਼ਲ ਏ. ਪੀ. ਸਿੰਘ ਨੇ ਕਿਹਾ ਕਿ ਵਿਕਾਸ ਸ਼ੁਰੂ ਹੋਣ ਤੋਂ 40 ਸਾਲ ਬਾਅਦ ਅਤੇ ਪਹਿਲੇ ਜਹਾਜ਼ਾਂ ਨੂੰ ਸ਼ਾਮਲ ਕਰਨ ਤੋਂ ਅੱਠ ਸਾਲ ਬਾਅਦ ਵੀ ਭਾਰਤੀ ਹਵਾਈ ਫੌਜ ਨੂੰ ਅਜੇ ਤੱਕ ਸਾਰੇ 40 ਸਵਦੇਸ਼ੀ ਤੇਜਸ ਲੜਾਕੂ ਜਹਾਜ਼ ਪ੍ਰਾਪਤ ਨਹੀਂ ਹੋਏ ਹਨ। ਭਾਵੇਂ 180 ਹੋਰ ਜਹਾਜ਼ਾਂ ਦਾ ਆਰਡਰ ਦਿੱਤਾ ਜਾ ਚੁੱਕਾ ਹੈ ਪਰ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਦਾ ਟਰੈਕ ਰਿਕਾਰਡ ਅਤੇ ਜੈੱਟ ਇੰਜਣਾਂ ਲਈ ਵਿਦੇਸ਼ੀ ਸਪਲਾਇਰਾਂ ’ਤੇ ਇਸ ਦੀ ਮਹੱਤਵਪੂਰਨ ਨਿਰਭਰਤਾ ਦਾ ਮਤਲਬ ਹੈ ਕਿ ਮੌਜੂਦਾ ਰੁਝਾਨਾਂ ਅਨੁਸਾਰ ਹਵਾਈ ਫੌਜ ਨੂੰ ਆਪਣੇ ਠਿਕਾਣਿਆਂ ’ਤੇ ਇਨ੍ਹਾਂ ਜਹਾਜ਼ਾਂ ਨੂੰ ਦੇਖਣ ਲਈ ਦਹਾਕੇ ਲੱਗ ਜਾਣਗੇ। ਉਸ ਸਮੇਂ ਤੱਕ ਉਹ ਬਹੁਤ ਘੱਟ ਪ੍ਰਭਾਵਸ਼ਾਲੀ ਹੋ ਸਕਦੇ ਹਨ ਕਿਉਂਕਿ ਬਾਕੀ ਦੁਨੀਆ, ਖਾਸ ਕਰਕੇ ਚੀਨ, ਦੋ ਪੀੜ੍ਹੀਆਂ ਅੱਗੇ ਹੋਵੇਗਾ।
ਮੌਜੂਦਾ ਭੂ-ਰਾਜਨੀਤਿਕ ਉਥਲ-ਪੁਥਲ ਦੇ ਵਿਚਕਾਰ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਭਾਰਤ ਨੂੰ ਆਪਣੇ ਰੱਖਿਆ ਖਰਚ ਨੂੰ ਜੀ. ਡੀ. ਪੀ. ਦੇ 4 ਫ਼ੀਸਦੀ ਤੱਕ ਵਧਾਉਣ ਦੀ ਲੋੜ ਹੈ। ਖੋਜ, ਵਿਕਾਸ, ਉਤਪਾਦਨ ਅਤੇ ਖਰੀਦ ਤੋਂ ਲੈ ਕੇ ਸੰਗਠਨ ਅਤੇ ਸਿਖਲਾਈ ਤੱਕ, ਸਪੈਕਟਮ ਵਿਚ ਹੋਰ ਸਰੋਤਾਂ ਦਾ ਨਿਵੇਸ਼ ਕੀਤਾ ਜਾਣਾ ਚਾਹੀਦਾ ਹੈ। ਭਾਰਤ ਇਕ ਸਫਲ ਆਟੋਮੋਬਾਈਲ ਉਦਯੋਗ ਹੋਣ ਦੇ ਬਾਵਜੂਦ ਮੁਕਾਬਲੇ ਦੇ ਲੜਾਕੂ ਜਹਾਜ਼ ਕਿਉਂ ਨਹੀਂ ਬਣਾ ਸਕਿਆ? ਸਭ ਤੋਂ ਪਹਿਲਾ, ਮਾਰੂਤੀ ਨੇ ਉਦਾਰੀਕਰਨ ਤੋਂ ਪਹਿਲਾਂ ਭਾਰਤੀ ਨਿਰਮਾਣ ਵਾਤਾਵਰਣ ਪ੍ਰਣਾਲੀ ਵਿਚ ਤਕਨੀਕੀ ਅਪਗ੍ਰੇਡੇਸ਼ਨ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਟਾਟਾ ਮੋਟਰਜ਼ ਅਤੇ ਮਹਿੰਦਰਾ ਨੇ ਸਫਲਤਾ ਦੇ ਆਪਣੇ-ਆਪਣੇ ਰਸਤੇ ਅਪਣਾਏ।
ਹਰ ਕਿਸੇ ਨੂੰ ਹੁੰਡਈ, ਟੋਇਟਾ, ਨਿਸਾਨ, ਫੋਰਡ ਅਤੇ ਹੋਰ ਵਿਸ਼ਵਵਿਆਪੀ ਖਿਡਾਰੀਆਂ ਨਾਲ ਮੁਕਾਬਲਾ ਕਰਨਾ ਪਿਆ। ਜਵਾਬ ਇੱਥੇ ਹੀ ਛੁਪਿਆ ਹੋਇਆ ਹੈ। ਭਾਰਤ ਨਾ ਸਿਰਫ਼ ਸਵੈ-ਨਿਰਭਰ ਬਣਿਆ, ਸਗੋਂ ਵਧੇਰੇ ਪ੍ਰਤੀਯੋਗੀ ਵੀ ਬਣਿਆ, ਕਿਉਂਕਿ ਘਰੇਲੂ ਨਿਰਮਾਤਾਵਾਂ ਨੂੰ ਮੁਕਾਬਲਾ ਕਰਨ ਲਈ ਮਜਬੂਰ ਹੋਣਾ ਪਿਆ। ਐੱਚ. ਏ. ਐੱਲ. ਅਤੇ ਹੋਰ ਜਨਤਕ ਖੇਤਰ ਦੀਆਂ ਰੱਖਿਆ ਕੰਪਨੀਆਂ ਦੀ ਸਮੱਸਿਆ ਸਰਕਾਰੀ ਮਾਲਕੀ ਦੀ ਨਹੀਂ, ਸਗੋਂ ਮੁਕਾਬਲੇ ਦੀ ਘਾਟ ਦੀ ਹੈ। ਨੌਕਰਸ਼ਾਹੀ ਯੋਜਨਾਕਾਰ ਦੀਆਂ ‘ਕੋਸ਼ਿਸ਼ਾਂ ਦੀ ਦੁਹਰਾਈ ਤੋਂ ਬਚਣ’ ਦੀ ਮਾਨਸਿਕਤਾ ਦੇ ਉਲਟ ਰਹੀ ਹੈ। ਕਲਪਨਾ ਕਰੋ ਕਿ ਤਿੰਨ ਕੰਪਨੀਆਂ ਨੂੰ ਤੇਜਸ ਜਹਾਜ਼ ਬਣਾਉਣ ਲਈ ਲਾਇਸੈਂਸ ਦਿੱਤਾ ਗਿਆ ਸੀ, ਹਰੇਕ ਕੋਲ 20 ਜਹਾਜ਼ਾਂ ਦਾ ਪੱਕਾ ਆਰਡਰ ਸੀ ਪਰ ਬਾਕੀ 120 ਉਸ ਕੰਪਨੀ ਨੂੰ ਜਾ ਰਹੇ ਸਨ, ਜਿਸ ਦੀ ਡਲਿਵਰੀ ਦਰ ਤੇਜ਼ ਸੀ। ਸਾਡੇ ਕੋਲ 3 ਉਤਪਾਦਨ ਲਾਈਨਾਂ ਹਨ, ਜੋ ਮੁਕਾਬਲਾ ਕਰਨਗੀਆਂ। ਇਕ ਜਿੱਤੇਗਾ, ਬਾਕੀਆਂ ਨੂੰ ਕਾਰੋਬਾਰ ਵਿਚ ਬਣੇ ਰਹਿਣ ਲਈ ਨਵੀਨਤਾ ਲਿਆਉਣ ਲਈ ਮਜਬੂਰ ਕੀਤਾ ਜਾਵੇਗਾ। ਸੰਭਾਵਨਾ ਹੈ ਕਿ ਉਹ ਨਵੇਂ ਉਤਪਾਦ ਪੇਸ਼ ਕਰਨਗੇ ਜੋ ਉਦਯੋਗ ਦੀਆਂ ਸਮਰੱਥਾਵਾਂ ਨੂੰ ਅੱਗੇ ਵਧਾਉਣਗੇ।
ਇਹ ਸਾਨੂੰ 2 ਵਿਵਾਦਪੂਰਨ ਸਵਾਲਾਂ ’ਤੇ ਲੈ ਜਾਂਦਾ ਹੈ। ਪਹਿਲਾ, ਕੀ ਸਿਆਸੀ ਤੌਰ ’ਤੇ ਸ਼ਕਤੀਸ਼ਾਲੀ ਘਰੇਲੂ ਸਮੂਹਾਂ ਨੂੰ ਰੱਖਿਆ ਉਦਯੋਗਿਕ ਖੇਤਰ ਵਿਚ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ? ਦੂਜਾ, ਜੇਕਰ ਟੀਚਾ ਰੱਖਿਆ ਖੇਤਰ ਵਿਚ ਸਵਦੇਸ਼ੀ ਸਵੈ-ਨਿਰਭਰਤਾ ਵਧਾਉਣਾ ਹੈ ਤਾਂ ਕੀ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦੇਣੀ ਚਾਹੀਦੀ ਹੈ? ਦੋਵਾਂ ਸਵਾਲਾਂ ਦਾ ਜਵਾਬ ਹਾਂ ਹੈ। ਆਪਣੀਆਂ ਸਭ ਤੋਂ ਵਧੀਆ ਕੋਸ਼ਿਸ਼ਾਂ ਦੇ ਬਾਵਜੂਦ ਐੱਚ. ਏ. ਐੱਲ. ਦੀ ਉਤਪਾਦਨ ਵਧਾਉਣ ਵਿਚ ਅਸਮਰੱਥਾ ਦਰਸਾਉਂਦੀ ਹੈ ਕਿ ਗੁੰਮ ਹੋਏ ਤੱਤ ਉਦਯੋਗਿਕ ਸੰਗਠਨ ਅਤੇ ਪ੍ਰਬੰਧਨ ਹਨ, ਜਿਨ੍ਹਾਂ ਨੂੰ ਸਾਡਾ ਜਨਤਕ ਖੇਤਰ ਆਸਾਨੀ ਨਾਲ ਪ੍ਰਾਪਤ ਨਹੀਂ ਕਰ ਸਕਦਾ (ਅਤੇ ਜਲਦੀ ਹੀ ਗੁਆ ਸਕਦਾ ਹੈ)। ਭਾਰਤ ਦੇ ਵੱਡੇ ਨਿੱਜੀ ਸਮੂਹਾਂ ਵਿਚ ਨਵੀਨਤਾ ਦੀ ਘਾਟ ਹੈ ਪਰ ਉਹ ਪ੍ਰਾਜੈਕਟਾਂ ਨੂੰ ਲਾਗੂ ਕਰਨ ਦੀ ਆਪਣੀ ਯੋਗਤਾ ਨਾਲ ਇਸ ਦੀ ਪੂਰਤੀ ਕਰਦੇ ਹਨ। ਹਾਂ, ਉਹ ਸਿਆਸੀ ਸ਼ਕਤੀ ਇਕੱਠੀ ਕਰਦੇ ਹਨ ਅਤੇ ਸਰਕਾਰੀ ਨੀਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਫਿਰ ਵੀ, ਇਹ ਭਾਰਤ ਦੀਆਂ ਰੱਖਿਆ ਲੋੜਾਂ ਦੇ ਹੱਲ ਦਾ ਹਿੱਸਾ ਹਨ। ਬਸ ਇਹ ਯਕੀਨੀ ਬਣਾਓ ਕਿ ਉਨ੍ਹਾਂ ਨੂੰ ਅਨੁਸ਼ਾਸਿਤ ਰੱਖਣ ਲਈ ਢੁੱਕਵਾਂ ਮੁਕਾਬਲਾ ਹੋਵੇ। ਰੱਖਿਆ ਖੇਤਰ ਵਿਚ 100 ਫ਼ੀਸਦੀ ਐੱਫ. ਡੀ. ਆਈ. ਆਗਿਆ ਦੇਣਾ ਸਵੈ-ਨਿਰਭਰਤਾ ਅਤੇ ਸਵਦੇਸ਼ੀਕਰਨ ਦੇ ਟੀਚੇ ਅਨੁਕੂਲ ਹੈ। ਦਰਅਸਲ, ਵਿਦੇਸ਼ੀ ਉਪਕਰਣ ਖਰੀਦਣ ਵੇਲੇ ਤਕਨਾਲੋਜੀ ਟ੍ਰਾਂਸਫਰ ਅਤੇ ਆਫਸੈੱਟ ਦੀ ਭਾਲ ਕਰਨ ਨਾਲੋਂ ਐੱਫ. ਡੀ. ਆਈ. ਤਕਨਾਲੋਜੀ ਦੀ ਪੌੜੀ ਚੜ੍ਹਨ ਦਾ ਇਕ ਬਿਹਤਰ ਤਰੀਕਾ ਹੈ। ਇਹ ਇਸ ਲਈ ਕਿਉਂਕਿ ਤਕਨਾਲੋਜੀ ਦਾ ਤਬਾਦਲਾ ਮਨੁੱਖੀ ਪ੍ਰਸਾਰ ਰਾਹੀਂ ਹੁੰਦਾ ਹੈ ਨਾ ਕਿ ਬਲੂਪ੍ਰਿੰਟਸ ਰਾਹੀਂ। ਚੀਨ ਨੇ ਵੀ ਇਹੀ ਕੀਤਾ। ਇਸ ਨੇ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਵੱਖ-ਵੱਖ ਉਦਯੋਗਾਂ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕਰ ਕੇ ਉੱਚ ਪੱਧਰੀ ਤਕਨੀਕੀ, ਪ੍ਰਬੰਧਕੀ ਅਤੇ ਪ੍ਰਕਿਰਿਆ ਮੁਹਾਰਤ ਵਿਕਸਤ ਕੀਤੀ।
ਚੀਨੀ ਇੰਜੀਨੀਅਰਾਂ, ਕਾਮਿਆਂ ਅਤੇ ਪ੍ਰਬੰਧਕਾਂ ਨੇ ਉੱਨਤ ਉਦਯੋਗਿਕ ਉਤਪਾਦ ਬਣਾਉਣਾ ਸਿੱਖਿਆ। ਇਸ ਮਨੁੱਖੀ ਪੂੰਜੀ ਨੇ ਚੀਨੀ ਰੱਖਿਆ ਉਦਯੋਗ ਨੂੰ ਪਹਿਲਾਂ ਰੂਸੀ, ਯੂਰਪੀ ਅਤੇ ਅਮਰੀਕੀ ਡਿਜ਼ਾਈਨਾਂ ਦੀ ਨਕਲ ਕਰਨ ਅਤੇ ਫਿਰ ਆਪਣੇ ਖੁਦ ਦੇ ਡਿਜ਼ਾਈਨ ਬਣਾਉਣ ਲਈ ਨਵੀਨਤਾ ਲਿਆਉਣ ਦੇ ਯੋਗ ਬਣਾਇਆ। ਸੁਧਾਰਾਂ ਨਾਲ ਸਾਨੂੰ ਭਵਿੱਖ ਵਿਚ ਸੈਂਕੜੇ ਜਹਾਜ਼ ਮਿਲਣਗੇ। ਜੇਕਰ ਅਸੀਂ ਉਨ੍ਹਾਂ ਨੂੰ ਹੁਣੇ ਚਾਹੁੰਦੇ ਹਾਂ, ਤਾਂ ਵਿਦੇਸ਼ੀ ਨਿਰਮਾਤਾਵਾਂ ਤੋਂ ਉਨ੍ਹਾਂ ਨੂੰ ਖਰੀਦਣ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਇਸ ਦੇ ਆਪਣੇ ਨੀਤੀਗਤ ਅਤੇ ਰਣਨੀਤਕ ਨੁਕਸਾਨ ਪਰ ਘੱਟ ਜਹਾਜ਼ਾਂ ਦੀ ਤੁਲਨਾ ’ਚ ਘੱਟ ਨੁਕਸਾਨ ਵਾਲੇ ਬਹੁਤ ਸਾਰੇ ਜਹਾਜ਼ ਬਿਹਤਰ ਹਨ।