ਭਾਜਪਾ ਦੇ ਝਟਕਿਆਂ ਤੋਂ ਬਾਅਦ ਕਾਂਗਰਸ ਦਾ ‘ਸਟੈਚੂ ਆਫ ਯੂਨਿਟੀ’

Friday, Oct 24, 2025 - 11:49 AM (IST)

ਭਾਜਪਾ ਦੇ ਝਟਕਿਆਂ ਤੋਂ ਬਾਅਦ ਕਾਂਗਰਸ ਦਾ ‘ਸਟੈਚੂ ਆਫ ਯੂਨਿਟੀ’

–ਡਾ. ਰਚਨਾ ਗੁਪਤਾ

ਭਾਜਪਾ ਰਾਜ ਦੇ ਦੌਰ ’ਚ ਕਈ ਝਟਕੇ ਖਾਣ ਤੋਂ ਬਾਅਦ, ਕਾਂਗਰਸ ਪਾਰਟੀ ਆਪਣੀ ਸਿਆਸੀ ਰਣਨੀਤੀ ਨੂੰ ਪੂਰੀ ਤਰ੍ਹਾਂ ਬਦਲ ਰਹੀ ਹੈ। ਖਾਸ ਕਰ ਉਨ੍ਹਾਂ ਸੂਬਿਆਂ ’ਚ ਜਿੱਥੇ ਪਾਰਟੀ ਦੀਆਂ ਜੜ੍ਹਾਂ ਡੂੰਘੀਆਂ ਰਹੀਆਂ ਹਨ ਅਤੇ ਅੱਜ ਵੀ ਕਾਂਗਰਸ ਦਾ ਉਥੇ ਜਨ-ਆਧਾਰ ਮੌਜੂਦ ਹੈ। ਭਾਵੇਂ ਨਵੀਂ ਪੀੜ੍ਹੀ ਦੇ ਰਾਜਨੇਤਾ ਹੋਣ ਜਾਂ ਫਿਰ ਨਾਰਾਜ਼ ਰਹਿਣ ਵਾਲੇ ਨੇਤਾ ‘ਸਭ ਦਾ ਸਾਥ-ਸਭ ਦਾ ਵਿਕਾਸ’ ਫਾਰਮੂਲੇ ’ਤੇ ਕਾਂਗਰਸ ਵੀ ਅਮਲ ਕਰਦੇ ਹੋਏ ਅਗਲੀਆਂ ਚੋਣਾਂ ਤੱਕ ਆਪਣੇ ਵਰਕਰਾਂ ’ਚ ਹੌਲੀ-ਹੌਲੀ ਜਾਨ ਫੂਕਣ ਲੱਗੀ ਹੈ।

ਉੱਤਰ ਭਾਰਤ ’ਚ ਹਿਮਾਚਲ ਛੋਟਾ-ਜਿਹਾ ਹੀ ਸਹੀ ਪਰ ਕਾਂਗਰਸ ਦੀ ਸੱਤਾ ਵਾਲਾ ਉਹ ਰਾਜ ਹੈ, ਜਿੱਥੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦਾ ਵੀ ਸਬੰਧ ਰਿਹਾ ਹੈ। ਇਸੇ ਰਾਜ ’ਚ ਕਾਂਗਰਸ ਦਾ ਨਵਾਂ ਸੰਗਠਨ ਬਣਨ ਜਾ ਰਿਹਾ ਹੈ, ਜਿਸ ਦੀ ਪ੍ਰਕਿਰਿਆ ਭਾਜਪਾ ਦੇ ਨਵੇਂ ਗਠਿਤ ਸੰਗਠਨ ਦੇ ਤੁਰੰਤ ਬਾਅਦ ਹੋਵੇਗੀ। ਕਾਂਗਰਸ ’ਚ ਭਾਵੇਂ ਥੋੜ੍ਹੀ ਦੇਰ ਹੋਈ ਹੈ ਪਰ ਬਹੁਤ ਜਲਦੀ ਪਾਰਟੀ ਨੂੰ ਪੁਰਾਣੇ ਅਤੇ ਉਪਰੀ ਹਿਮਾਚਲ ਤੋਂ ਨਵਾਂ ਪ੍ਰਦੇਸ਼ ਪ੍ਰਧਾਨ ਮਿਲਣ ਜਾ ਰਿਹਾ ਹੈ।

ਨਵੀਂ ਟੀਮ ਦੇ ਐਲਾਨ ਤੋਂ ਠੀਕ ਪਹਿਲਾਂ ਪਾਰਟੀ ਨੇ ਆਪਣੀ ਰਣਨੀਤੀ ’ਚ ਬਦਲਾਅ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਮੂਰਤੀ ਦੇ ਉਦਘਾਟਨ ਨੂੰ ਪਾਰਟੀ ਏਕਤਾ ਦੇ ਪ੍ਰਤੀਕ ਦੇ ਰੂਪ ’ਚ ਮਨਾਇਆ। ਇਸ ਪ੍ਰੋਗਰਾਮ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ‘ਹਾਲੀ ਲਾਜ’ ਨਾਲ ਜੁੜੀ ਹਰ ਯਾਦ ਅੱਜ ਵੀ ਕਾਂਗਰਸ ਦੀ ਆਤਮਾ ਦਾ ਹਿੱਸਾ ਹੈ। ਪ੍ਰਿਯੰਕਾ ਗਾਂਧੀ ਦਾ ਇਸ ਮੌਕੇ ’ਤੇ ਆਉਣਾ, ਵੀਰਭੱਦਰ ਸਿੰਘ ਦੀ ਸ਼ਲਾਘਾ ਕਰਨਾ ਅਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਸ਼ਲਾਘਾ ਦੇ ਪੁਲ ਬੰਨ੍ਹਣਾ, ਇਨ੍ਹਾਂ ਸਭ ਨੇ ਇਹ ਸਪੱਸ਼ਟ ਸੰਦੇਸ਼ ਦਿੱਤਾ ਕਿ ਕਾਂਗਰਸ ਇਕਜੁੱਟ ਹੈ।

ਉਂਝ ਦੱਸ ਦੇਈਏ ਕਿ ਇਕ ਸਮਾਂ ਸੀ ਜਦੋਂ ਹਿਮਾਚਲ ’ਚ ਵੀਰਭੱਦਰ ਸਿੰਘ ਮੁੱਖ ਮੰਤਰੀ ਰਹਿੰਦੇ ਹੋਏ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਸੰਬੰਧ ਓਨਾ ਗੂੜ੍ਹੇ ਨਹੀਂ ਸਨ। ਇਸ ਦਾ ਕਾਰਨ ਇਹ ਸੀ ਕਿ ਵੀਰਭੱਦਰ ਹਮੇਸ਼ਾ ਆਪਣੇ ਨਿਸ਼ਠਾਵਾਨ ਵਿਧਾਇਕਾਂ ਦੀ ਟੀਮ ਦੇ ਬਲਬੂਤੇ ’ਤੇ ਸੱਤਾ ’ਚ ਬਣੇ ਰਹੇ। ਉਸ ਦੌਰ ’ਚ ਸੋਨੀਆ ਦੀ ਪਸੰਦ ਵਿੱਦਿਆਸਟੋਕਸ ਅਤੇ ਆਨੰਦ ਸ਼ਰਮਾ ਨੂੰ ਵੀਰਭੱਦਰ ਨੇ ਕਦੇ ਵਿਸ਼ੇਸ਼ ਪਹਿਲ ਨਹੀਂ ਦਿੱਤੀ। ਹਾਈਕਮਾਨ ਵਲੋਂ ਨਿਯੁਕਤ ਇੰਚਾਰਜ ਹੋਵੇ ਜਾਂ ਕੋਈ ਪਾਰਟੀ ਪ੍ਰਧਾਨ, ਵੀਰਭੱਦਰ ਸਿੰਘ ਦੇ ਅੱਗੇ ਕਿਸੇ ਦੀ ਵੀ ਨਹੀਂ ਚੱਲਦੀ ਸੀ।

ਪਰ ਹੁਣ ਸਮੇਂ ਦੇ ਨਾਲ ‘ਹਾਲੀ ਲਾਜ’ ਦਾ ਉਹ ਅਸਰ ਨਹੀਂ ਰਿਹਾ ਅਤੇ ਹੁਣ ਤਾਂ ਪਾਰਟੀ ਪ੍ਰਧਾਨ ਪ੍ਰਤਿਭਾ ਸਿੰਘ ਦਾ ਬਦਲਿਆ ਜਾਣਾ ਵੀ ਤੈਅ ਮੰਨਿਆ ਜਾ ਰਿਹਾ ਹੈ ਜੋ ਵੀਰਭੱਦਰ ਸਿੰਘ ਦੀ ਪਤਨੀ ਹੈ। ਅਜਿਹੇ ’ਚ ਉਨ੍ਹਾਂ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੂੰ ਮੰਤਰੀ ਮੰਡਲ ’ਚ ਬਣਾਈ ਰੱਖਣਾ ਹੀ ਪਾਰਟੀ ਆਪਣੀ ਸਿਆਸੀ ਸੰਤੁਲਨ ਦੀ ਦ੍ਰਿਸ਼ਟੀ ਤੋਂ ਢੁੱਕਵਾਂ ਮੰਨ ਰਹੀ ਹੈ। ਹਾਲਾਂਕਿ ਇਸ ਪਰਿਵਾਰ ਨਾਲ ਜੁੜੇ ਜਨ-ਆਧਾਰ ਅਤੇ ਉਪਰੀ ਹਿਮਾਚਲ ਦੇ ਖੇਤਰ, ਜਿਵੇਂ ਸ਼ਿਮਲਾ, ਸੋਲਨ, ਸਿਰਮੌਰ ਆਦਿ ਜ਼ਿਲ੍ਹਿਆਂ ’ਤੇ ਕਾਂਗਰਸ ਆਪਣਾ ਵਿਸ਼ੇਸ਼ ਫੋਕਸ ਬਣਾਈ ਰੱਖਣਾ ਚਾਹੁੰਦੀ ਹੈ। ਸੂਤਰ ਦੱਸਦੇ ਹਨ ਕਿ ਸੰਤੁਲਨ ਬਣਾਈ ਰੱਖਣ ਲਈ ਵੀਰਭੱਦਰ ਖੇਮੇ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਹੈ, ਕਿਉਂਕਿ ਪਾਰਟੀ ਕਿਸੇ ਵੀ ਕੀਮਤ ’ਤੇ ‘ਆਪ੍ਰੇਸ਼ਨ ਲੋਟਸ’ ਵਰਗੀ ਘਟਨਾ ਨੂੰ ਦੁਬਾਰਾ ਵਾਪਰਨ ਨਹੀਂ ਦੇਣਾ ਚਾਹੁੰਦੀ।

ਇਹ ਆਪ੍ਰੇਸ਼ਨ ਅਸਫਲ ਰਿਹਾ ਸੀ ਅਤੇ ਇਸ ਦੇ ਬਾਅਦ ਕਾਂਗਰਸ ਨੇ ਆਪਣੀ ਰਣਨੀਤੀ ’ਚ ਬਦਲਾਅ ਕਰਦੇ ਹੋਏ ਉਹੀ ਵਿਧਾਨ ਸਭਾ ਸੀਟਾਂ ਦੁਬਾਰਾ ਜਿੱਤ ਲਈਆਂ। ਅਜਿਹੇ ’ਚ ਬਾਗੀ ਵਿਧਾਇਕਾਂ ਦਾ ਹਸ਼ਰ ਦੇਖ ਕੇ ਹੁਣ ਨਾਰਾਜ਼ ਕਾਂਗਰਸ ਵਿਧਾਇਕ ਅਤੇ ਮੰਤਰੀ ਸਾਰੇ ਅਲਰਟ ਹੋ ਗਏ ਹਨ। ਵੀਰਭੱਦਰ ਪਰਿਵਾਰ ਨੂੰ ਇਸ ਸਮੇਂ ਮਾਣ-ਸਨਮਾਨ ਦੀ ਬੇਹੱਦ ਲੋੜ ਸੀ, ਜਿਸ ਨੂੰ ਹਾਈਕਮਾਨ ਨੇ ਵੀਰਭੱਦਰ ਸਿੰਘ ਦੀ ਮੂਰਤੀ ਸਥਾਪਿਤ ਕਰ ਕੇ ਇਕ ਤਰ੍ਹਾਂ ਨਾਲ ਪਾਰਟੀ ਦੇ ‘ਸਟੈਚੂ ਆਫ ਯੂਨਿਟੀ’ ਦੇ ਪ੍ਰਤੀਕ ਵਜੋਂ ਪੇਸ਼ ਕਰ ਦਿੱਤਾ।

ਹੁਣ ਗੱਲ ਆਉਂਦੀ ਹੈ ਕਾਰਜਕਾਰਨੀ ਅਤੇ ਸੰਗਠਨ ਦੀ ਨਵੀਂ ਟੀਮ ਦੀ। ਪਾਰਟੀ ਦਾ ਮੰਨਣਾ ਹੈ ਕਿ ‘ਲੋਅਰ’ ਭਾਵ ‘ਨਵਾਂ ਹਿਮਾਚਲ’ ਇਨ੍ਹਾਂ ਜ਼ਿਲ੍ਹਿਆਂ ਦੇ ਨੇਤਾਵਾਂ ਦੀ ਨਿਸ਼ਠਾ ਦੇ ਪੈਮਾਨੇ ’ਤੇ ਪੂਰੀ ਤਰ੍ਹਾਂ ਖਰਾ ਨਹੀਂ ਉਤਰ ਰਿਹਾ ਹੈ। ਹਾਲ ਹੀ ’ਚ ਜੋ ਬਗਾਵਤ ਹੋਈ, ਉਹ ਕਾਂਗੜਾ ਅਤੇ ਹਮੀਰਪੁਰ ਦੇ ਵਿਧਾਇਕਾਂ ਵਲੋਂ ਕੀਤੀ ਗਈ ਸੀ ਪਰ ਉਪਰੀ ਹਿਮਾਚਲ ਤੋਂ ਕਿਸੇ ਵੀ ਨੇਤਾ ਨੇ ਕਾਂਗਰਸ ਅੰਦਰ ਕੋਈ ਉਲਟ ਸਥਿਤੀ ਪੈਦਾ ਨਹੀਂ ਕੀਤੀ। ਉਥੇ ਹੀ, ਪਾਰਟੀ ਪ੍ਰਧਾਨ ਪ੍ਰਤਿਭਾ ਸਿੰਘ ਦੇ ਮੰਡੀ ਜ਼ਿਲ੍ਹੇ ’ਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਸਰਕਾਘਾਟ ਸੀਟ ਨੂੰ ਛੱਡ ਕੇ ਕਾਂਗਰਸ ਕੋਲ ਕੋਈ ਵੀ ਸੀਟ ਨਹੀਂ ਬਚੀ। ਇਸ ਲਈ ਨਵੇਂ ਪ੍ਰਧਾਨ ਦੀ ਚੋਣ ਸ਼ਿਮਲਾ ਸੰਸਦੀ ਖੇਤਰ ਤੋਂ ਕੀਤੇ ਜਾਣ ਦੀ ਸੰਭਾਵਨਾ ਮਜ਼ਬੂਤ ਮੰਨੀ ਜਾ ਰਹੀ ਹੈ।

ਸੰਤੁਲਨ ਅਤੇ ਸੰਗਠਨ ਦੀ ਮਜ਼ਬੂਤੀ ਦੇ ਲਿਹਾਜ਼ ਨਾਲ ਕੁਲਦੀਪ ਰਾਠੌਰ ਅਤੇ ਰੋਹਿਤ ਠਾਕੁਰ ਇਹ ਦੋ ਨਾਂ ਮਜ਼ਬੂਤੀ ਨਾਲ ਉੱਭਰ ਕੇ ਸਾਹਮਣੇ ਆਏ ਹਨ। ਇਤਿਹਾਸ ਦਾ ਮੁਲਾਂਕਣ ਕਰੀਏ ਤਾਂ ਕਾਂਗਰਸ ਨੇ ਸੱਤਾ ਅਤੇ ਸੰਗਠਨ, ਦੋਵਾਂ ’ਚ ਹਿਮਾਚਲ ’ਚ ਹਮੇਸ਼ਾ ਚੈੱਕ ਐਂਡ ਬੈਲੇਂਸ ਬਣਾਈ ਰੱਖਿਆ ਹੈ। ਇਹ ਜ਼ਰੂਰੀ ਨਹੀਂ ਰਿਹਾ ਕਿ ਜੋ ਮੁੱਖ ਮੰਤਰੀ ਹੋਵੇ, ਉਸੇ ਧਿਰ ਤੋਂ ਪਾਰਟੀ ਪ੍ਰਧਾਨ ਵੀ ਹੋਵੇ।

ਇਸ ਵਾਰ ਵੀ ਕਮੋਬੇਸ਼ ਉਹੀ ਸਥਿਤੀ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰੋਹਿਤ ਠਾਕੁਰ ਕੁਝ ਕਾਰਨਾਂ ਨਾਲ ਮੰਤਰੀ ਅਹੁਦਾ ਛੱਡ ਕੇ ਸੰਗਠਨ ਦੀ ਕਮਾਨ ਸੰਭਾਲਣਾ ਚਾਹੁੰਦੇ ਹਨ, ਜਦਕਿ ਕੁਲਦੀਪ ਰਾਠੌਰ ਨੂੰ ਹਾਲੀ ਲਾਜ ਅਤੇ ਆਨੰਦ ਸ਼ਰਮਾ ਦੋਵਾਂ ਖੇਮਿਆਂ ’ਚ ਸੰਤੁਲਿਤ ਨੇਤਾ ਵਜੋਂ ਦੇਖਿਆ ਜਾ ਰਿਹਾ ਹੈ। ਇੱਥੇ ਇਹ ਗੱਲ ਵੀ ਗੌਰ ਕਰਨ ਯੋਗ ਹੈ ਕਿ ਹੁਣ ਕਾਂਗਰਸ ’ਚ ਵੀ ਦਲਿਤਾਂ ਦੀ ਤੁਲਨਾ ’ਚ ਜਨਰਲ ਵਰਗ ਨੂੰ ਆਕਰਸ਼ਿਤ ਕਰਨ ਦਾ ਯਤਨ ਵਧ ਗਿਆ ਹੈ। ਇਸ ਲਈ ਪ੍ਰਦੇਸ਼ ’ਚ ਇਹ ਸੰਭਾਵਨਾ ਲਗਭਗ ਖਤਮ ਮੰਨੀ ਜਾ ਰਹੀ ਹੈ ਕਿ ਪਾਰਟੀ ਪ੍ਰਧਾਨ ਲਾਜ਼ਮੀ ਤੌਰ ’ਤੇ ਦਲਿਤ ਵਰਗ ਤੋਂ ਹੀ ਹੋਵੇ। ਜਿਸ ਤਰ੍ਹਾਂ ਭਾਜਪਾ ’ਚ ਪ੍ਰਦੇਸ਼ ਪਾਰਟੀ ਪ੍ਰਧਾਨ ਵੈਸ਼ ਵਰਗ ਨਾਲ ਸੰਬੰਧ ਰੱਖਦੇ ਹਨ, ਜਦਕਿ ਰਾਸ਼ਟਰੀ ਪ੍ਰਧਾਨ ਬ੍ਰਾਹਮਣ ਹਨ, ਉਸੇ ਤਰ੍ਹਾਂ ਦਾ ਨੀਤੀਗਤ ਬਦਲਾਅ ਹੁਣ ਕਾਂਗਰਸ ’ਚ ਵੀ ਦਿਖਾਈ ਦੇਣ ਲੱਗਾ ਹੈ।


author

rajwinder kaur

Content Editor

Related News