50 ਕਰੋੜ ਟੀਕਾਕਰਨ ਦੇਸ਼ ਦੇ ਲਈ ਇਤਿਹਾਸਕ ਪ੍ਰਾਪਤੀ

08/13/2021 10:36:26 AM

ਜਗਤ ਪ੍ਰਕਾਸ਼ ਨੱਢਾ, ਰਾਸ਼ਟਰੀ ਪ੍ਰਧਾਨ, ਭਾਰਤੀ ਜਨਤਾ ਪਾਰਟੀ 
ਨਵੀਂ ਦਿੱਲੀ- 7 ਅਗਸਤ, 2021 ਨੂੰ ਭਾਰਤ ਨੇ ਕੋਰੋਨਾ ਨੂੰ ਹਰਾਉਣ ਦੀ ਦਿਸ਼ਾ ’ਚ ਇਤਿਹਾਸਕ ਪ੍ਰਾਪਤੀ ਹਾਸਲ ਕਰਦੇ ਹੋਏ 50 ਕਰੋੜ ਵੈਕਸੀਨੇਸ਼ਨ ਦਾ ਅੰਕੜਾ ਪਾਰ ਕਰ ਲਿਆ। ਇਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤੇਜ਼ ਰਫ਼ਤਾਰ ਨਾਲ ਚੱਲਣ ਵਾਲਾ ਵੈਕਸੀਨੇਸ਼ਨ ਪ੍ਰੋਗਰਾਮ ਹੈ। ਸਾਰੇ ਅੜਿੱਕਿਆਂ ਦੇ ਬਾਵਜੂਦ ਇਹ ਪ੍ਰਾਪਤੀ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦ੍ਰਿੜ੍ਹ ਸ਼ਕਤੀ, ਕੋਰੋਨਾ ਵਾਰੀਅਰਸ ਦੀ ਲਗਨ ਅਤੇ ਵਿਗਿਆਨੀਆਂ ਅਤੇ ਉੱਦਮੀਆਂ ਦੀ ਦਲੇਰੀ ਦਾ ਸੂਚਕ ਹੈ।

9 ਮਹੀਨਿਆਂ 'ਚ 2 ਮੇਡ ਇਨ ਇੰਡੀਆ ਕੋਵਿਡ ਵੈਕਸੀਨ ਹੋਈਆਂ ਤਿਆਰ
ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਸੀ ਕਿ ਦੇਸ਼ ’ਚ ਸਿਰਫ 9 ਮਹੀਨਿਆਂ ’ਚ ਹੀ ਇਕ ਨਹੀਂ, ਸਗੋਂ ਦੋ-ਦੋ ਮੇਡ ਇਨ ਇੰਡੀਆ ਕੋਵਿਡ ਵੈਕਸੀਨ ਬਣ ਕੇ ਤਿਆਰ ਹੋਈਆਂ ਅਤੇ ਵਿਗਿਆਨਕ ਢੰਗ ਨਾਲ ਇਨ੍ਹਾਂ ਦੀ ਲਾਂਚਿੰਗ ਵੀ ਹੋਈ। ਪੜਾਅਵਾਰ ਢੰਗ ਨਾਲ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ 135 ਕਰੋੜ ਦੇਸ਼ ਵਾਸੀਆਂ ਨੂੰ ਨਾਲ ਲੈ ਕੇ ਕੋਵਿਡ ਦੇ ਵਿਰੁੱਧ ਲੜਾਈ ਲੜੀ ਅਤੇ ਦੁਨੀਆ ਨੂੰ ਇਸ ਚੁਣੌਤੀ ਤੋਂ ਪਾਰ ਪਾਉਣ ਦਾ ਰਾਹ ਦਿਖਾਇਆ, ਉਹ ਆਪਣੇ ਆਪ ’ਚ ਮਿਸਾਲ ਹੈ।

ਦੇਸ਼ ਨੂੰ ਵੈਕਸੀਨੇਸ਼ਨ ’ਚ 10 ਕਰੋੜ ਦਾ ਅੰਕੜਾ ਛੂਹਣ ’ਚ 85 ਦਿਨ ਲੱਗੇ
16 ਜਨਵਰੀ, 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ, ਜੋ ਇੰਨਾ ਸੌਖਾ ਨਹੀਂ ਸੀ। ਦੇਸ਼ ਨੂੰ ਵੈਕਸੀਨੇਸ਼ਨ ’ਚ ਪਹਿਲੇ 10 ਕਰੋੜ ਦਾ ਅੰਕੜਾ ਛੂਹਣ ’ਚ 85 ਦਿਨ ਲੱਗੇ ਸਨ ਪਰ ਇਸ ਦੇ ਬਾਅਦ ਇਸ ’ਚ ਤੇਜ਼ੀ ਆਉਂਦੀ ਗਈ। ਮੋਦੀ ਸਰਕਾਰ ਦੇ ਦਖਲ ਨਾਲ ਲਾਜ਼ਮੀ ਲਾਇਸੰਸਿਗ ਦੀ ਪ੍ਰਕਿਰਿਆ ਸੌਖੀ ਕੀਤੀ ਗਈ ਤਾਂ ਕਿ ਹੋਰ ਵੈਕਸੀਨ ਉਤਪਾਦ ਕੰਪਨੀਆਂ ਵੀ ਇਸ ਨਾਲ ਜੁੜ ਸਕਣ ਅਤੇ ਵੈਕਸੀਨ ਉਤਪਾਦਨ ’ਚ ਤੇਜ਼ੀ ਆ ਸਕੇ। ਕੋਵਿਸ਼ੀਲਡ ਅਤੇ ਕੋਵੈਕਸੀਨ ਦੇ ਨਾਲ-ਨਾਲ ਸਪੂਤਨਿਕ ਦਾ ਵੀ ਦੇਸ਼ ’ਚ ਉਤਪਾਦਨ ਸ਼ੁਰੂ ਹੋਇਆ। ਇਸੇ 7 ਅਗਸਤ ਨੂੰ ਜਾਨਸਨ ਐਂਡ ਜਾਨਸਨ ਦੀ ਕੋਵਿਡ ਵੈਕਸੀਨ ਨੂੰ ਵੀ ਮਨਜ਼ੂਰੀ ਦਿੱਤੀ ਗਈ। ਪ੍ਰਧਾਨ ਮੰਤਰੀ ਮੋਦੀ ਲਗਾਤਾਰ ਪੂਰੇ ਵੈਕਸੀਨੇਸ਼ਨ ਪ੍ਰੋਗਰਾਮ ਦੀ ਮਾਨੀਟਰਿੰਗ ਕਰਦੇ ਰਹੇ।

ਮੋਦੀ ਸਰਕਾਰ 75 ਫੀਸਦੀ ਟੀਕੇ ਖਰੀਦ ਕੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਦੇ ਰਹੀ
ਮੋਦੀ ਸਰਕਾਰ 75 ਫੀਸਦੀ ਟੀਕੇ ਖਰੀਦ ਕੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਦੇ ਰਹੀ ਹੈ। ਇੰਨੀ ਵੱਡੀ ਆਬਾਦੀ ਨੂੰ ਮੁਫ਼ਤ ਵੈਕਸੀਨ ਮੁਹੱਈਆ ਕਰਨੀ ਵੀ ਆਪਣੇ ਆਪ ’ਚ ਇਕ ਰਿਕਾਰਡ ਹੈ। ਇਸ ਸਾਲ ਦੇ ਅਖੀਰ ਤੱਕ ਸਾਡੇ ਕੋਲ ਲਗਭਗ 136 ਕਰੋੜ ਵੈਕਸੀਨ ਡੋਜ਼ ਮੁਹੱਈਆ ਹੋਵੇਗੀ। ਹੋਰ ਵੈਕਸੀਨ ਨੂੰ ਮਾਨਤਾ ਦੇਣ ਦੀ ਪ੍ਰਕਿਰਿਆ ਵੀ ਸਰਲ ਬਣਾਈ ਗਈ ਹੈ। ਕੇਂਦਰੀ ਦਵਾਈ ਮਾਪਦੰਡ ਕੰਟਰੋਲ ਸੰਗਠਨ ਨੇ ਟੀਕਿਆਂ ਦੀ ਫਾਸਟ ਟ੍ਰੈਕ ਮਨਜ਼ੂਰੀ ਲਈ ਕਈ ਕਦਮ ਚੁੱਕੇ ਹਨ। ਕਲੀਨਿਕਲ ਟ੍ਰਾਇਲ ਅਤੇ ਵੈਕਸੀਨ ਦੀ ਅਪਰੂਵਲ ਲਈ ਫਾਸਟ ਟ੍ਰੈਕ ਪ੍ਰਾਸੈਸਿੰਗ ਸਿਸਟਮ ਬਣਾਇਆ ਗਿਆ ਹੈ।

ਕਾਂਗਰਸ ਸ਼ਾਸਿਤ ਸੂਬਿਆਂ ਨੇ ਕੁਝ ਸਮੇਂ ਤੱਕ ਵੈਕਸੀਨ ਲਗਾਉਣ ਤੋਂ ਵੀ ਨਾਂਹ ਕਰ ਦਿੱਤੀ
ਵਿਰੋਧੀ ਧਿਰ ਸ਼ੁਰੂ ਤੋਂ ਭਾਰਤ ਦੇ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ’ਚ ਲੱਗੀ ਹੋਈ ਸੀ। ਨਾਂਹਪੱਖਤਾ ਫੈਲਾਅ ਕੇ ਅਤੇ ਕੂੜ ਪ੍ਰਚਾਰ ਰਾਹੀਂ ਜਨਤਾ ਨੂੰ ਗੁੰਮਰਾਹ ਕਰ ਰਹੀ ਸੀ। ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਤੋਂ ਲੈ ਕੇ ਉਸ ਦੇ ਦੁਆਰਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ ਅਤੇ ਮੰਤਰੀ ਤੱਕ ਵੈਕਸੀਨ ਅਤੇ ਵੈਕਸੀਨੇਸ਼ਨ ’ਤੇ ਜਨਤਾ ਨੂੰ ਗੁੰਮਰਾਹ ਕਰ ਰਹੇ ਸਨ। ਕਦੀ ਵੈਕਸੀਨ ਦੀ ਗੁਣਵੱਤਾ ’ਤੇ ਸਵਾਲ ਉਠਾਇਆ ਗਿਆ ਤੇ ਕਦੀ ਇਸ ਦੇ ਸਾਈਡ ਇਫੈਕਟ ਨੂੰ ਲੈ ਕੇ। ਕਾਂਗਰਸ ਸ਼ਾਸਿਤ ਸੂਬਿਆਂ ਨੇ ਤਾਂ ਕੁਝ ਸਮੇਂ ਤੱਕ ਵੈਕਸੀਨ ਲਗਾਉਣ ਤੋਂ ਵੀ ਨਾਂਹ ਕਰ ਦਿੱਤੀ। ਇਸ ਸਭ ਨਾਲ ਵੈਕਸੀਨ ਦੀ ਰਫਤਾਰ ਤਾਂ ਕੁਝ ਮੱਠੀ ਹੋਈ ਪਰ ਜਨਤਾ ਜਲਦੀ ਹੀ ਕਾਂਗਰਸ ਦੀ ਨਾਂਹਪੱਖੀ ਸਿਆਸਤ ਨੂੰ ਸਮਝ ਗਈ ਅਤੇ ਉਸ ਨੇ ਵੈਕਸੀਨ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦੀ ਪੱਕੀ ਧਾਰ ਲਈ।

ਕਾਂਗਰਸ ਵੈਕਸੀਨ ਦੀ ਕਮੀ ਦਾ ਰੋਣਾ ਰੋਣ ਲੱਗੀ
ਜਦੋਂ ਕਾਂਗਰਸ ਦਾ ਇਹ ਦਾਅ ਨਾ ਚੱਲਿਆ ਤਾਂ ਉਹ ਵੈਕਸੀਨ ਦੀ ਕਮੀ ਦਾ ਰੋਣਾ ਰੋਣ ਲੱਗੀ, ਵੈਕਸੀਨ ਦੀ ਖਰੀਦ ਅਤੇ ਵੰਡ ’ਚ ਸੂਬਿਆਂ ਨੂੰ ਅਧਿਕਾਰ ਦੇਣ ਦੀ ਗੱਲ ਕਰਨੀ ਸ਼ੁਰੂ ਕੀਤੀ। ਜਦੋਂ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਅਧਿਕਾਰ ਦੇ ਦਿੱਤਾ ਤਾਂ ਕਹਿਣ ਲੱਗੇ ਕਿ ਨਹੀ, ਇਹ ਤਾਂ ਕੇਂਦਰ ਨੂੰ ਕਰਨਾ ਚਾਹੀਦਾ ਹੈ। ਕਾਂਗਰਸ ਸ਼ਾਸਿਤ ਸੂਬਿਆਂ ’ਚ ਕਿਸ ਤਰ੍ਹਾਂ ਵੈਕਸੀਨ ਦੀ ਬਰਬਾਦੀ ਕੀਤੀ ਗਈ ਅਤੇ ਵੈਕਸੀਨ ’ਚ ਵੀ ਘਪਲੇ ਕੀਤੇ ਗਏ। ਇਕ ਵਿਰੋਧੀ ਪਾਰਟੀ ਦੇ ਨੇਤਾ ਨੇ ਤਾਂ ਇਸ ਨੂੰ ‘ਭਾਜਪਾ ਦੀ ਵੈਕਸੀਨ’ ਦੱਸ ਦਿੱਤਾ। ਵਿਰੋਧੀ ਧਿਰ ਨੇ ਭਾਰਤ ਦੇ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਪਟੜੀ ਤੋਂ ਉਤਾਰਨ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਯੋਧਿਆਂ ਦਾ ਵਧਾਇਆ ਹੌਂਸਲਾ
ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਯੋਧਿਆਂ ਦੀ ਲਗਾਤਾਰ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਡਾਕਟਰਾਂ, ਨਰਸਾਂ ਅਤੇ ਹੋਰ ਸਾਰੇ ਸਿਹਤ ਕਰਮਚਾਰੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੇ ਰਾਹ ’ਚ ਆਉਣ ਵਾਲੀਆਂ ਰੁਕਾਵਟਾਂ ਨੂੰ ਲਗਾਤਾਰ ਦੂਰ ਕਰਨ ਦੀ ਅਣਥੱਕ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਮਨੁੱਖਤਾ ਦੀ ਜੋ ਸੇਵਾ ਕੀਤੀ ਹੈ, ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ। ਕੋਰੋਨਾ ਤੋਂ ਮੁਕਤ ਹੋਣ ਦੇ ਬਾਅਦ ਜਦੋਂ ਮਰੀਜ਼ਾਂ ਦੇ ਚਿਹਰੇ ’ਤੇ ਮੁਸਕਾਨ ਖਿੜਦੀ ਤਾਂ ਉਨ੍ਹਾਂ ’ਚ ਹੀ ਉਨ੍ਹਾਂ ਨੂੰ ਆਤਮ ਸੰਤੋਸ਼ ਮਿਲਦਾ ਸੀ। ਅਸੀਂ ਸਾਰੇ ਜਾਣਦੇ ਹਾਂ ਕਿ ਪਹਿਲਾਂ ਬੀਮਾਰੀਆਂ ਦਾ ਟੀਕਾ ਭਾਰਤ ’ਚ ਆਉਣ ’ਚ ਕਿੰਨੇ-ਕਿੰਨੇ ਸਾਲ ਲੱਗ ਜਾਂਦੇ ਸਨ। ਕਾਂਗਰਸ ਸਰਕਾਰ ਦੇ ਦੌਰ ’ਚ ਦੇਸ਼ ’ਚ ਜਾਪਾਨੀਜ਼ ਇੰਸੇਫੇਲਾਈਟਿਸ ਵੈਕਸੀਨ ਆਉਣ ’ਚ ਕਈ ਸਾਲ ਲੱਗ ਗਏ ਸਨ। ਇਸੇ ਤਰ੍ਹਾਂ ਪੋਲੀਓ ਅਤੇ ਟੈਟਨਸ ਦੀ ਵੈਕਸੀਨ ਦੁਨੀਆ ’ਚ ਆਉਣ ਤੋਂ ਕਈ ਸਾਲ ਬਾਅਦ ਭਾਰਤ ’ਚ ਆ ਸਕੀ ਸੀ। ਵਿਦੇਸ਼ਾਂ ’ਚ ਵੈਕਸੀਨ ਦਾ ਕੰਮ ਪੂਰਾ ਹੋ ਜਾਂਦਾ ਸੀ ਤਦ ਵੀ ਸਾਡੇ ਦੇਸ਼ ’ਚ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਨਹੀਂ ਹੁੰਦਾ ਸੀ।

ਭਾਰਤ ਨੇ ਸੰਕਟ ਦੇ ਸਮੇਂ ਦੁਨੀਆ ਦੇ ਹੋਰ ਦੇਸ਼ਾਂ ਦੀ ਕੀਤੀ ਮਦਦ
ਇਸ ਵਾਰ ਦੁਨੀਆ ਹੈਰਾਨ ਰਹਿ ਗਈ ਹੈ ਕਿ ਜੋ ਭਾਰਤ ਵੈਕਸੀਨ ਲਈ ਦੁਨੀਆ ਦੇ ਹੋਰਨਾਂ ਦੇਸ਼ਾਂ ’ਤੇ ਨਿਰਭਰ ਰਹਿੰਦਾ ਹੁੰਦਾ ਸੀ, ਉਸ ਨੇ ਕਿਵੇਂ ਨਾ ਸਿਰਫ਼ ਵਿਸ਼ਵ ਪੱਧਰੀ ਵੈਕਸੀਨ ਵਿਕਸਿਤ ਕੀਤੀ, ਸਗੋਂ ਸੰਕਟ ਦੇ ਸਮੇਂ ਦੁਨੀਆ ਦੇ ਹੋਰ ਦੇਸ਼ਾਂ ਦੀ ਮਦਦ ਵੀ ਕੀਤੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਅਸੀਂ ਨਾ ਰੁਕਾਂਗੇ, ਨਾ ਥੱਕਾਂਗੇ ਅਤੇ ਇਸੇ ਜਜ਼ਬੇ ਅਤੇ ਲਗਨ ਨਾਲ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਹੋਰ ਰਫ਼ਤਾਰ ਦੇਵਾਂਗੇ। ਅਸੀਂ ਇਸ ਸਾਲ ਦੇ ਅਖੀਰ ਤੱਕ ਦੇਸ਼ ਦੇ ਹਰੇਕ ਨਾਗਰਿਕ ਨੂੰ ਵੈਕਸੀਨੇਟ ਕਰਨ ਦੇ ਟੀਚੇ ਨੂੰ ਸਾਕਾਰ ਕਰਨ ’ਚ ਜ਼ਰੂਰ ਸਫ਼ਲ ਹੋਵਾਂਗੇ।


DIsha

Content Editor

Related News