ਅਕਾਲੀ ਦਲ ਦੀ ਰਣਨੀਤੀ ਸਾਫ ਕਰ ਦੇਵੇਗੀ 7 ਮੈਂਬਰੀ ਕਮੇਟੀ ਦੀ ਮੀਟਿੰਗ

Friday, Feb 07, 2025 - 05:39 PM (IST)

ਅਕਾਲੀ ਦਲ ਦੀ ਰਣਨੀਤੀ ਸਾਫ ਕਰ ਦੇਵੇਗੀ 7 ਮੈਂਬਰੀ ਕਮੇਟੀ ਦੀ ਮੀਟਿੰਗ

ਅਕਾਲ ਤਖ਼ਤ ਵੱਲੋਂ ਅਕਾਲੀ ਦਲ ਦੀ ਸ਼ੁਰੂ ਕੀਤੀ ਜਾਣ ਵਾਲੀ ਭਰਤੀ ਦੀ ਨਿਗਰਾਨੀ ਕਰਨ ਲਈ ਦੋ ਮਹੀਨੇ ਪਹਿਲਾਂ ਬਣਾਈ ਗਈ 7 ਮੈਂਬਰੀ ਕਮੇਟੀ ਦੇ ਮੈਂਬਰ ਭਰਤੀ ਪ੍ਰਕਿਰਿਆ ਵਿਚ ਕੋਈ ਹਿੱਸਾ ਨਹੀਂ ਲੈ ਰਹੇ ਜਦਕਿ ਅਕਾਲੀ ਦਲ ਵੱਲੋਂ ਬਾਕਾਇਦਾ ਤੌਰ ’ਤੇ 20 ਜਨਵਰੀ ਤੋਂ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ। 

ਭਾਵੇਂ ਅਕਾਲੀ ਦਲ ਵੱਲੋਂ ਇਨ੍ਹਾਂ 7 ਮੈਂਬਰਾਂ ਵਿਚੋਂ 6 ਨੂੰ ਨਵੀਂ ਭਰਤੀ ਕਰਨ ਲਈ ਵੱਖ-ਵੱਖ ਇਲਾਕਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਇਨ੍ਹਾਂ ਮੈਂਬਰਾਂ ਵਿਚੋਂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੰਤਾ ਸਿੰਘ ਉਮੈਦਪੁਰੀ ਨੇ ਸਿੱਧੇ ਤੌਰ ’ਤੇ ਇਸ ਪ੍ਰਕਿਰਿਆ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਜਦਕਿ ਇਕਬਾਲ ਸਿੰਘ ਝੂੰਦਾ ਅਤੇ ਮਨਪ੍ਰੀਤ ਸਿੰਘ ਇਯਾਲੀ ਨੇ ਭਾਵੇਂ ਸਿੱਧੇ ਤੌਰ ’ਤੇ ਭਰਤੀ ਪ੍ਰਕਿਰਿਆ ਦੀ ਮੁਖਾਲਫਤ ਤਾਂ ਨਹੀਂ ਕੀਤੀ ਪ੍ਰੰਤੂ ਇਹ ਕਹਿ ਕੇ ਰੁਖ ਸਾਫ ਕਰ ਦਿੱਤਾ ਕਿ ਉਹ ਅਕਾਲ ਤਖ਼ਤ ਦੇ ਹੁਕਮ ਦੀ ਪਾਲਣਾ ਕਰਨਗੇ। ਕਿਰਪਾਲ ਸਿੰਘ ਬਡੂੰਗਰ ਵੀ ਇਸ ਪ੍ਰਕਿਰਿਆ ਵਿਚ ਸਰਗਰਮ ਨਹੀਂ ਹੋਏ। 

ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਵੀ ਨਾਸਾਜ਼ ਸੀ। ਜਦ ਕਿ ਛੇਵੀਂ ਮੈਂਬਰ ਬੀਬੀ ਸਤਵੰਤ ਕੌਰ ਨੂੰ ਅਕਾਲੀ ਦਲ ਵੱਲੋਂ ਇਹ ਕਹਿ ਕੇ ਜ਼ਿੰਮੇਵਾਰੀ ਦੇਣ ਤੋਂ ਨਾਂਹ ਕਰ ਦਿੱਤੀ ਗਈ ਸੀ ਕਿ ਉਹ ਐੱਸ. ਜੀ. ਪੀ. ਸੀ. ਦੇ ਮੁਲਾਜ਼ਮ ਹਨ ਅਤੇ ਪਹਿਲਾਂ ਅਕਾਲੀ ਦਲ ਵਿਚ ਸ਼ਾਮਲ ਹੋਣ। ਸੱਤਵੇਂ ਮੈਂਬਰ ਅਤੇ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਪ੍ਰਤੱਖ ਤੌਰ ’ਤੇ ਕੋਈ ਸਰਗਰਮੀ ਨਹੀਂ ਦਿਖਾਈ ਅਤੇ ਬਾਅਦ ਵਿਚ ਅਕਾਲੀ ਦਲ ਨੇ ਉਨ੍ਹਾਂ ਦੀ ਸਹਾਇਤਾ ਲਈ ਵਰਿੰਦਰ ਸਿੰਘ ਬਾਜਵਾ ਦੀ ਜ਼ਿੰਮੇਵਾਰੀ ਲਾ ਦਿੱਤੀ ।

ਅਕਾਲ ਤਖ਼ਤ ਦੇ ਹੁਕਮ ’ਤੇ ਭੰਗ ਕੀਤੀ ਗਈ ਅਕਾਲੀ ਸੁਧਾਰ ਲਹਿਰ ਦੇ ਦੋ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੰਤਾ ਸਿੰਘ ਉਮੈਦਪੁਰੀ ਨੇ ਅਕਾਲੀ ਦਲ ਵੱਲੋਂ 7 ਮੈਂਬਰੀ ਕਮੇਟੀ ਨੂੰ ਅਕਾਲ ਤਖ਼ਤ ਦੇ ਆਦੇਸ਼ ਮੁਤਾਬਿਕ ਪੂਰਨ ਨਿਗਰਾਨੀ ਦੇ ਅਧਿਕਾਰ ਨਾ ਦੇਣ ’ਤੇ ਵਿਰੋਧ ਜਤਾਉਣ ਲਈ ਕਈ ਵਾਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲ ਕੇ ਮੰਗ ਕੀਤੀ ਕਿ ਜਥੇਦਾਰ ਸਾਹਿਬ 7 ਮੈਂਬਰੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਭਰਤੀ ਪ੍ਰਕਿਰਿਆ ਅਕਾਲ ਤਖ਼ਤ ਦੇ ਆਦੇਸ਼ਾਂ ਮੁਤਾਬਿਕ ਕਰਵਾਉਣ ਬਾਰੇ ਕਹਿਣ। ਜਦਕਿ ਅਕਾਲੀ ਦਲ ਬਾਦਲ ਇਹ ਭਰਤੀ ਆਪਣੀ ਮਰਜ਼ੀ ਨਾਲ ਕਰਵਾਉਣਾ ਚਾਹੁੰਦਾ ਸੀ ਅਤੇ ਭਰਤੀ ਕਮੇਟੀ ਵਿਚ ਆਪਣੀ ਬਹੁਗਿਣਤੀ ਰੱਖਣੀ ਚਾਹੁੰਦਾ ਸੀ, ਇਸੇ ਕਾਰਨ ਅਕਾਲੀ ਦਲ ਨੇ ਜਥੇਦਾਰ ਨੂੰ ਇਸ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਵਧਾਉਣ ਲਈ ਵੀ ਲਿਖਿਆ ਸੀ, ਜਿਸ ਨੂੰ ਮੰਨਣ ਤੋਂ ਜਥੇਦਾਰ ਰਘਬੀਰ ਸਿੰਘ ਨੇ ਇਨਕਾਰ ਕਰ ਦਿੱਤਾ ਸੀ। 

ਸੁਧਾਰ ਲਹਿਰ ਦੇ ਆਗੂਆਂ ਵੱਲੋਂ ਜਥੇਦਾਰ ਰਘਬੀਰ ਸਿੰਘ ਨਾਲ ਕੀਤੀਆਂ ਮੁਲਾਕਾਤਾਂ ਅਤੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕਮੇਟੀ ਮੈਂਬਰਾਂ ਦੀ ਗਿਣਤੀ ਵਧਾਉਣ ਦੀ ਇਜਾਜ਼ਤ ਨਾ ਦਿੱਤੇ ਜਾਣ ਦੇ ਮੱਦੇਨਜ਼ਰ 7 ਮੈਂਬਰੀ ਕਮੇਟੀ ਦੇ ਮੁਖੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਰਘਬੀਰ ਸਿੰਘ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ 4 ਫਰਵਰੀ ਨੂੰ ਕਮੇਟੀ ਦੀ ਇਕੱਤਰਤਾ ਕੀਤੀ ।

4 ਫਰਵਰੀ ਨੂੰ ਹੋਈ ਇਸ ਇਕੱਤਰਤਾ ਤੋਂ ਪਹਿਲਾਂ ਅਕਾਲੀ ਦਲ ਅਤੇ ਭੰਗ ਕੀਤੀ ਗਈ ਅਕਾਲੀ ਸੁਧਾਰ ਲਹਿਰ ਦੇ ਆਗੂਆਂ ਵਿਚਕਾਰ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਲਾਗੂ ਕਰਨ ਦੇ ਮਾਮਲੇ ’ਤੇ ਇਕ ਦੂਜੇ ਖਿਲਾਫ ਤਿੱਖੀ ਬਿਆਨਬਾਜ਼ੀ ਚੱਲ ਰਹੀ ਸੀ ਅਤੇ ਦੋਵੇਂ ਧੜੇ ਇਕ ਦੂਜੇ ਨੂੰ ਅਕਾਲ ਤਖ਼ਤ ਦੇ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕਰਨ ਲੱਗੇ ਹੋਏ ਸਨ। ਖਾਸ ਕਰ ਕੇ ਭੰਗ ਕੀਤੀ ਗਈ ਸੁਧਾਰ ਲਹਿਰ ਦੇ ਮੁਖੀ ਗੁਰਪ੍ਰਤਾਪ ਸਿੰਘ ਵਡਾਲਾ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਪ੍ਰਕਿਰਿਆ ’ਤੇ ਤਿੱਖੇ ਸਵਾਲ ਉਠਾ ਰਹੇ ਸਨ। ਇਸ ਕਾਰਨ ਅਕਾਲੀ ਵਰਕਰਾਂ ਅਤੇ ਖਾਸ ਕਰ ਸਿੱਖ ਸੰਗਤ ਨੂੰ ਵੱਡੀ ਸ਼ੰਕਾ ਸੀ ਕਿ ਇਹ ਕਮੇਟੀ ਕਿਸੇ ਫੈਸਲੇ ’ਤੇ ਪੁੱਜੇਗੀ ਜਾ ਨਹੀਂ ।

7 ਮੈਂਬਰੀ ਕਮੇਟੀ ਦੀ ਇਕੱਤਰਤਾ ਕਮੇਟੀ ਮੈਂਬਰ ਕਿਰਪਾਲ ਸਿੰਘ ਬਡੂੰਗਰ ਦੀ ਸਿਹਤ ਦੇ ਮੱਦੇਨਜ਼ਰ ਅੰਮ੍ਰਿਤਸਰ ਦੀ ਜਗ੍ਹਾ ਪੰਥ ਰਤਨ ਗੁਰਚਰਨ ਟੌਹੜਾ ਦੀ ਯਾਦ ਵਿਚ ਪਟਿਆਲਾ ’ਚ ਬਣਾਏ ਗਏ ਇੰਸਟੀਚਿਊਟ ਵਿਖੇ ਪਿਛਲੇ ਮੰਗਲਵਾਰ ਨੂੰ ਹੋਈ। ਜਾਣਕਾਰੀ ਮੁਤਾਬਿਕ ਇਸ ਇਕੱਤਰਤਾ ਦੀ ਸ਼ੁਰੂਆਤ ਦੇ ਸਮੇਂ ਦੋ ਮੈਂਬਰਾਂ ਵੱਲੋਂ ਅਕਾਲੀ ਦਲ ਵੱਲੋਂ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਭਰਤੀ ਪ੍ਰਕਿਰਿਆ ਦੀ ਦੱਬਵੀਂ ਜ਼ੁਬਾਨ ਨਾਲ ਹਮਾਇਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਹ ਸੁਝਾਅ ਦਿੱਤਾ ਕਿ ਪਹਿਲਾਂ ਹੋ ਚੁੱਕੀ ਭਰਤੀ ਦੀ 7 ਮੈਂਬਰੀ ਕਮੇਟੀ ਬਿਨਾਂ ਕ੍ਰਮਵਾਰ ( ਰੇਂਡਮਲੀ) ਤਸਦੀਕ ਕਰ ਕੇ ਪ੍ਰਵਾਨ ਕਰ ਲਵੇ। 

ਇਸ ਤੋਂ ਇਲਾਵਾ ਭਰਤੀ ਪ੍ਰਕਿਰਿਆ ਵਿਚ ਮੈਂਬਰ ਬਣਨ ਲਈ ਆਧਾਰ ਕਾਰਡ ਦੀ ਕਾਪੀ ਜਾਂ ਆਧਾਰ ਕਾਰਡ ਦਾ ਨੰਬਰ ਲਿਖੇ ਜਾਣ ਅਤੇ ਪਹਿਲਾਂ ਹੀ ਹੋ ਚੁੱਕੀ ਭਰਤੀ ਨੂੰ ਰੱਦ ਕਰਨ ’ਤੇ ਵੀ ਕਾਫੀ ਚਰਚਾ ਹੋਣ ਦੀ ਖਬਰ ਹੈ ਪਰ ਢਾਈ ਤਿੰਨ ਘੰਟੇ ਚੱਲੀ ਇਸ ਮੀਟਿੰਗ ਵਿਚ ਹਾਜ਼ਰ ਸੱਤੇ ਮੈਂਬਰ ਇਸ ਗੱਲ ’ਤੇ ਸਹਿਮਤ ਹੋ ਗਏ ਕਿ ਪਹਿਲਾਂ ਅਕਾਲੀ ਦਲ ਤੋਂ ਇਹ ਪਤਾ ਕਰ ਲਿਆ ਜਾਵੇ ਕਿ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦਿੰਦਾ ਹੈ ਕਿ ਨਹੀਂ ਅਤੇ ਭਰਤੀ ਇਸ ਕਮੇਟੀ ਰਾਹੀਂ ਕਰਵਾਉਣ ਲਈ ਸਹਿਮਤ ਹੈ ਜਾਂ ਨਹੀਂ। ਇਸ ਕਾਰਨ ਫੈਸਲਾ ਲਿਆ ਗਿਆ ਕਿ 11 ਫਰਵਰੀ ਨੂੰ ਹੋਣ ਵਾਲੀ ਕਮੇਟੀ ਦੀ ਅਗਲੀ ਇਕੱਤਰਤਾ ਵਿਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੋਂ ਇਸ ਬਾਰੇ ਸਪੱਸ਼ਟ ਕਰਾ ਲਿਆ ਜਾਵੇ।

ਸੱਤ ਮੈਂਬਰੀ ਕਮੇਟੀ ਦੇ ਇਸ ਫੈਸਲੇ ਨਾਲ ਹੁਣ ਅਕਾਲੀ ਦਲ ਨੂੰ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਇੰਨ-ਬਿੰਨ ਮੰਨਣ ਜਾਂ ਨਾ ਮੰਨਣ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨੀ ਪਵੇਗੀ । ਇਸ ਤਰ੍ਹਾਂ ਕਮੇਟੀ ਨੇ ਸਾਰੀ ਗੱਲ ਅਕਾਲੀ ਦਲ ਦੇ ਪਾਲੇ ਵਿਚ ਸੁੱਟ ਦਿੱਤੀ ਹੈ।

ਜੇਕਰ ਅਕਾਲੀ ਦਲ ਭਰਤੀ ਪ੍ਰਕਿਰਿਆ ਅਕਾਲ ਤਖ਼ਤ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸੱਤ ਮੈਂਬਰੀ ਕਮੇਟੀ ਰਾਹੀਂ ਕਰਵਾਉਣ ਤੋਂ ਨਾਂਹ ਕਰਦਾ ਹੈ ਤਾਂ ਸੁਧਾਰ ਲਹਿਰ ਦੇ ਆਗੂ ਇਹ ਕਹਿਣਗੇ ਕਿ ਅਕਾਲੀ ਦਲ ਬਾਦਲ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਚੁਣੌਤੀ ਦੇ ਰਿਹਾ ਹੈ।

ਭਾਵੇਂ ਅੱਜ ਇਹ ਸਤਰਾਂ ਲਿਖਣ ਤੱਕ ਭਰਤੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਕੋਈ ਰਸਮੀ ਜਾਂ ਗੈਰ-ਰਸਮੀ ਸੱਦਾ ਨਹੀਂ ਮਿਲਿਆ ਪਰ ਅਕਾਲੀ ਦਲ, ਭਰਤੀ ਕਮੇਟੀ ਦੀ ਅਗਲੀ ਇਕੱਤਰਤਾ ਸਮੇਂ ਜੋ ਰੁਖ ਅਪਣਾਏਗਾ ਉਸ ਨਾਲ ਅਕਾਲੀ ਦਲ ਦੀ ਰਣਨੀਤੀ ਸਾਫ ਹੋ ਜਾਵੇਗੀ।

ਇਕਬਾਲ ਸਿੰਘ ਚੰਨੀ


author

Rakesh

Content Editor

Related News