ਅਕਾਲੀ ਦਲ ਦੀ 100ਵੀਂ ਵਰ੍ਹੇਗੰਢ : ਕੀ ਗਵਾਇਆ ਕੀ ਖੱਟਿਆ

12/24/2020 3:43:23 AM

ਜਸਵੰਤ ਸਿੰਘ ‘ਅਜੀਤ’

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੀ ਸਥਾਪਨਾ 100 ਵਰ੍ਹੇਗੰਢ ਮਨਾਏ ਜਾਣ ਦੇ ਲਗਭਗ ਇਕ ਮਹੀਨੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਮਨਾਏ ਜਾਣ ਦੇ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਦੱਸਿਆ ਗਿਆ ਹੈ ਕਿ ਇਸ ਸਮਾਗਮ ’ਚ ਬਾਦਲ ਅਕਾਲੀ ਦਲ ਦੇ ਮੁਖੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ 100 ਸਾਲਾਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਨਾਲ ਭਰਪੂਰ ਇਤਿਹਾਸ ਦੀ ਚਰਚਾ ਬਹੁਤ ਹੀ ‘ਮਾਣ’ ਨਾਲ ਕੀਤੀ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਅਕਾਲੀ ਹੋਣ ’ਤੇ ‘ਮਾਣ’ ਵੀ ਪ੍ਰਗਟ ਕੀਤਾ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਆਯੋਜਿਤ ਇਸ ਸਮਾਗਮ ਦੇ ਸਬੰਧ ’ਚ ਜਦੋਂ ਕੁਝ ਟਕਸਾਲੀ ਅਕਾਲੀਆਂ ਜਿਨ੍ਹਾਂ ’ਚੋਂ ਕਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਕਿਨਾਰਾ ਕਰ ਚੁੱਕੇ ਹਨ, ਨਾਲ ਗੱਲ ਕੀਤੀ ਗਈ ਤਾਂ ਭਾਵੇਂ ਉਨ੍ਹਾਂ ਨੇ ਆਪਣੀ ਅਲੱਗ-ਅਲੱਗ ਪ੍ਰਤੀਕਿਰਿਆ ਦਿੱਤੀ ਪਰ ਸੁਰ ਸਾਰਿਆਂ ਦਾ ਇਕ ਹੀ ਸੀ। ਉਨ੍ਹਾਂ ਨੇ ਕਿਹਾ ਕਿ ਦਲ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ ਸਮਾਗਮ ਦਾ ਆਯੋਜਨ ਕੀਤਾ ਜਾਵੇ ਤਾਂ ਉਚਿੱਤ ਮੰਨਿਆ ਜਾ ਸਕਦਾ ਹੈ ਪਰ ਇਸ ਮੌਕੇ ’ਤੇ ਆਯੋਜਕਾਂ ਵਲੋਂ ਦਲ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਭਰੇ ਇਤਿਹਾਸ ਦੀ ਚਰਚਾ ਕਰਦੇ ਹੋਏ ਆਪਣੀ ਪਿੱਠ ਥਾਪੜਣ ਦੀ ਥਾਂ ’ਤੇ ਉਹ ਆਪਣੇ ਅੰਦਰ ਝਾਕਦੇ ਅਤੇ ਇਸ ਗੱਲ ਦੀ ਚਰਚਾ ਕਰਦੇ ਕਿ 100 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਿਹੜੇ ਮਕਸਦਾਂ ਨੂੰ ਮੁਖ ਰੱਖ ਕੇ ਕੀਤੀ ਗਈ ਸੀ ਤੇ ਕਿਹੜੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਸਨ, ਜਿਨ੍ਹਾਂ ਦੇ ਕਾਰਨ ਉਸ ਨੇ ਆਪਣੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਬਾਰੇ ਇਤਿਹਾਸ ਦੀ ਸਿਰਜਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਗੱਲ ’ਤੇ ਵੀ ਚਰਚਾ ਹੋਣੀ ਚਾਹੀਦੀ ਸੀ ਕਿ ਉਹ ਅਕਾਲੀ ਦਲ ਦੇ ਉਹ ਕਿਹੜੇ ਨੇਤਾ ਸਨ ਜਿਨ੍ਹਾਂ ’ਤੇ ਭਰੋਸਾ ਕਰ ਕੇ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਸੌਂਪੀ ਅਤੇ ਉਨ੍ਹਾਂ ਨੇ ਧੋਖਾ ਕਰ ਕੇ ਉਸਨੂੰ ਖੁਦ ਨੂੰ ਸਿਆਸਤ ’ਚ ਸਥਾਪਤ ਕਰਨ ਲਈ ਪੌੜੀ ਦੇ ਰੂਪ ’ਚ ਵਰਤ ਕੇ, ਉਸਦੇ ਸੁਨਹਿਰੀ ਇਤਿਹਾਸ ਨੂੰ ਕਲੰਕਿਤ ਕਰ ਦਿੱਤਾ। ਜਿਸਦਾ ਨਤੀਜਾ ਇਹ ਹੋਇਆ ਕਿ ਆਪਣੇ ਆਦਰਸ਼ਾਂ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦੇ ਹੋਏ ਅਰਸ਼ਾਂ ਨੂੰ ਛੂਹ ਲੈਣ ਵਾਲਾ ਅਕਾਲੀ ਦਲ ਫਰਸ਼ ’ਤੇ ਆ ਡਿੱਗਾ।

ੁਉਨ੍ਹਾਂ ਹੀ ਟਕਸਾਲੀ ਅਕਾਲੀਆਂ ਅਨੁਸਾਰ ਜੇਕਰ ਈਮਾਨਦਾਰੀ ਨਾਲ ਇਹ ਚਰਚਾ ਕੀਤੀ ਜਾਵੇ ਤਾਂ ਸ਼ਾਇਦ ਦਲ ਦਾ 100 ਸਾਲਾ ਸਥਾਪਨਾ ਦਿਵਸ ਮਨਾਇਆ ਜਾਣਾ ਸਾਰਥਕ ਹੋ ਜਾਂਦਾ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਸੱਚ ਨੂੰ ਪ੍ਰਵਾਨ ਕੀਤਾ ਜਾਵੇ ਤਾਂ ਉਸ ਸ਼੍ਰੋਮਣੀ ਅਕਾਲੀ ਦਲ ਜਿਸਦੀ ਸਥਾਪਨਾ 100 ਸਾਲ ਪਹਿਲਾਂ ਕੀਤੀ ਗਈ ਉਸਦਾ ‘ਭੋਗ’ ਤਾਂ ਉਸੇ ਦਿਨ ਹੀ ਪੈ ਗਿਆ ਜਦੋਂ ਉਹ ‘ਦੋਫਾੜ’ ਹੋਇਆ ਅਤੇ ਉਸਦੇ ਨਾਲ ‘ਸੰਤ’ ਅਤੇ ‘ਮਾਸਟਰ’ ਜੁੜ ਗਏ ਸਨ। ਉਸਦੇ ਬਾਅਦ ਤਾਂ ਹਰ ਅਕਾਲੀ ਦਲ ਦਾ ਸਥਾਪਨਾ ਦਿਵਸ ਉਹੀ ਹੈ ਜਿਸ ਦਿਨ ਉਸਦੇ ਨਾਲ ਉਸਦੇ ਪ੍ਰਧਾਨ ਦਾ ਨਾਂ ਜੋੜਿਆ ਗਿਆ।

ਬਾਦਲ ਅਕਾਲੀ ਦਲ ’ਚ ਮੰਥਨ : ਮਿਲ ਰਹੇ ਸੰਕੇਤਾਂ ਅਨੁਸਾਰ ਇੰਝ ਜਾਪਦਾ ਹੈ ਕਿ ਕੇਂਦਰੀ ਸਰਕਾਰ ਵਲੋਂ ਕਿਸਾਨ ਅੰਦੋਲਨ ਦੇ ਪ੍ਰਤੀ ਅਪਣਾਈ ਚਲੀ ਆ ਰਹੀ ਨੀਤੀ ਦੇ ਨਤੀਜੇ ਵਜੋਂ ਕਿਸਾਨ ਅੰਦੋਲਨ ਕਮਜ਼ੋਰ ਹੋਣ ਦੀ ਥਾਂ ’ਤੇ ਜਿਸ ਤਰ੍ਹਾਂ ਜ਼ੋਰ ਫੜਦਾ ਜਾ ਰਿਹਾ ਹੈ ਉਸਦੇ ਕਾਰਨ ਪੰਜਾਬ ਭਾਜਪਾ ’ਚ ਨਿਰਾਸ਼ਾ ਦਾ ਵਾਤਾਵਰਣ ਵਧਦਾ ਚਲਿਆ ਜਾ ਿਰਹਾ ਹੈ। ਜਿਸ ਨਾਲ ਪੰਜਾਬ ਭਾਜਪਾ ਦੇ ਮੁਖੀ ਇਹ ਮਹਿਸੂਸ ਕਰਨ ’ਤੇ ਮਜਬੂਰ ਹੋ ਰਹੇ ਹਨ ਿਕ ਸਭ ਕੁਝ ਪਹਿਲਾਂ ਤਕ ਉਹ ਦਾਅਵਾ ਕਰ ਰਹੇ ਸਨ ਕਿ ਆਉਣ ਵਾਲੀਆਂ ਿਵਧਾਨ ਸਭਾ ਚੋਣਾਂ ਦੇ ਬਾਅਦ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ। ਹੁਣ ਜੋ ਹਾਲਾਤ ਬਣਦੇ ਦਿਖਾਈ ਦੇ ਰਹੇ ਹਨ ਉਨ੍ਹਾਂ ਤੋਂ ਜਾਪਦਾ ਹੈ ਕਿ ਸ਼ਾਇਦ ਉਨ੍ਹਾਂ ਚੋਣਾਂ ’ਚ ਭਾਜਪਾ ਦੇ ਲਈ ਆਪਣੀ ਸਾਖ ਤਕ ਬਚਾ ਸਕਣੀ ਵੀ ‘ਟੇਢੀ ਖੀਰ’ ਹੋ ਜਾਵੇਗੀ। ਸ਼ਾਇਦ ਇਹੀ ਕਾਰਨ ਹੈ ਕਿ ਪ੍ਰਦੇਸ਼ ਭਾਜਪਾ ਦੇ ਮੁਖੀ ਇਕ-ਇਕ, ਦੋ-ਦੋ ਕਰ ਕੇ ਭਾਜਪਾ ਨਾਲੋਂ ਨਾਤਾ ਤੋੜਦੇ ਚਲੇ ਜਾ ਰਹੇ ਹਨ।

ਇਸ ਸਥਿਤੀ ਨੂੰ ਦੇਖਦੇ ਹੋਏ ਬਾਦਲ ਅਕਾਲੀ ਦਲ ਦੇ ਮੁਖੀਆਂ ’ਚ ਹੋ ਰਹੀ ਚਰਚਾ ਦੇ ਸਬੰਧ ’ਚ ਮਿਲ ਰਹੇ ਸੰਕੇਤਾਂ ਤੋਂ ਪਤਾ ਲਗਦਾ ਹੈ ਕਿ ਉਹ ਇਸ ਗੱਲ ੋਂ ਮੰਥਨ ਕਰ ਰਹੇ ਹਨ ਕਿ ਕੀ ਉਨ੍ਹਾਂ ਭਾਜਪਾ ਮੁਖੀਆਂ ਨੂੰ ਆਪਣੇ ਧੜੇ ’ਚ ਲਿਆਂਦਾ ਜਾ ਸਕਦਾ ਹੈ ਜੋ ਭਾਜਪਾ ਨਾਲੋਂ ਨਾਤਾ ਤੋੜ ਰਹੇ ਹਨ। ਇਸ ਦਾ ਕਾਰਨ ਅਕਾਲੀ ਮੁਖੀ ਇਹ ਮੰਨਦੇ ਹਨ ਕਿ ਲੰਬੇ ਸਮੇਂ ਤਕ ਚਲੇ ਅਕਾਲੀ-ਭਾਜਪਾ ਗਠਜੋੜ ਦੇ ਕਾਰਨ, ਭਾਜਪਾ ਨਾਲੋਂ ਵੱਖਰੇ ਹੋ ਰਹੇ ਮੁਖੀਆਂ ਦੇ ਦਿਲ ਦੇ ਕਿਸੇ ਕੋਨੇ ’ਚ ਅਕਾਲੀ ਦਲ ਦੇ ਪ੍ਰਤੀ ਝੁਕਾਅ ਹੋ ਸਕਦਾ ਹੈ?

ਕਿਸਾਨ ਸਮੱਸਿਆ ਨੱਕ ਦਾ ਸਵਾਲ? : ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ.ਐੱਸ. ਸੋਢੀ ਦਾ ਮੰਨਣਾ ਹੈ ਕਿ ਕਿਸਾਨ ਸਮੱਸਿਆ ਦਾ ਕਿਸੇ ਸਿਰੇ ਨਾ ਲਗ ਸਕਣ ਦਾ ਮੁੱਖ ਕਾਰਨ ਉਸਦਾ ‘ਨੱਕ ਦਾ ਸਵਾਲ’ ਬਣਦਾ ਜਾ ਿਰਹਾ ਹੈ। ਇਕ ਪਾਸੇ ਸਰਕਾਰ ਹੈ, ਜੋ ਕਥਿਤ ਤੌਰ ’ਤੇ ਕਿਸੇ ‘ਬਾਹਰੀ ਪ੍ਰਭਾਵ’ ’ਚ ‘ਕਿਸਾਨਾਂ ਦੇ ਹਿੱਤ’ ’ਚ ਕਾਨੂੰਨ ਬਣਾ ਚੁੱਕੀ ਹੈ, ਉਸ ਤੋਂ ਪਿਛੇ ਹਟਣਾ ‘ਨੱਕ ਦਾ ਸਵਾਲ’ ਬਣ ਗਿਆ ਹੈ, ਦੂਸਰੇ ਪਾਸੇ ਜਦੋਂ ਸਰਕਾਰ ਦੇ ਸੱਦੇ ’ਤੇ ਕਿਸਾਨਾਂ ਦੇ ਪ੍ਰਤੀਨਿਧੀ ਇਨ੍ਹਾਂ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਉਸ ਨਾਲ ਗੱਲ ਕਰਨ ਦਿੱਲੀ ਆਏ ਤਾਂ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਅਜਿਹਾ ਦੋ ਵਾਰ ਹੋਇਆ। ਸ਼ਾਇਦ ਕਿਸਾਨ ਜਥੇਬੰਦੀਆਂ ਨੇ ਇਸ ਨੂੰ ਆਪਣਾ ਨਿਰਾਦਰ ਮੰਨਿਆ ਅਤੇ ਉਹ ਮੋਰਚਾ ਲਗਾਉਣ ਲਈ ਮਜਬੂਰ ਹੋ ਗਈਆਂ। ਹੁਣ ਜਿਵੇਂ-ਜਿਵੇਂ ਹੱਲ ਦੀ ਗੱਲ ਲਟਕਦੀ ਚੱਲੀ ਆ ਰਹੀ ਹੈ ਉਵੇਂ-ਉਵੇਂ ਦੋਵਾਂ ਦੇ ਲਈ ਇਹ ਮੁੱਦਾ ਚੁਣੌਤੀ ਬਣਦਾ ਚੱਲਿਆ ਜਾ ਰਿਹਾ ਹੈ। ਇਸਦਾ ਨਤੀਜਾ ਕੀ ਹੋਵੇਗਾ? ਕੁਝ ਵੀ ਕਹਿ ਸਕਣਾ ਸੰਭਵ ਨਹੀਂ।

ਢੀਂਡਸਾ ਨੇ ਬਣਾਈ ਕਮੇਟੀ : ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਰਾਸ਼ਟਰੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਹਰਪ੍ਰੀਤ ਸਿੰਘ ਬੰਨੀ (ਬੰਨੀ ਜੌਲੀ) ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਿੰਦਰ ਪਾਲ ’ਤੇ ਆਧਾਰਤ 2 ਮੈਂਬਰੀ ਕਮੇਟੀ ਬਣਾਈ ਹੈ, ਜੋ ਦਿੱਲੀ ਗੁਰਦੁਆਰਾ ਚੋਣ ’ਚ ਇਕ ਪ੍ਰਭਾਵੀ ਗਠਜੋੜ ਬਣਾਉਣ ਦਾ ਯਤਨ ਕਰੇਗੀ। ਦੱਸਿਆ ਜਾਂਦਾ ਹੈ ਕਿ ਇਸ ਕਮੇਟੀ ਵਲੋਂ ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ.ਕੇ ਤੇ ਗੁਰਦੁਆਰਾ ਚੋਣ ਲੜਨ ਦੇ ਲਈ ਮੈਦਾਨ ’ਚ ਉਤਰ ਰਹੀਆਂ ਹੋਰ ਜਥੇਬੰਦੀਆਂ ਨਾਲ ਵੱਖ-ਵੱਖ ਗੱਲ ਕਰ ਕੇ ਬਾਦਲ ਅਕਾਲੀ ਦਲ ਦੇ ਵਿਰੁੱਧ ਪ੍ਰਭਾਵੀ ਗਠਜੋੜ ਬਣ ਜਾਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਏਗੀ।

...ਅਤੇ ਅਖੀਰ ’ਚ : ਆਪਣੇ ਜੀਵਨ ਕਾਲ ਦੌਰਾਨ ਗੁਰੂ ਸਾਹਿਬਾਨ ਜਿਸ ਤਰ੍ਹਾਂ ਵੱਖ-ਵੱਖ ਧਰਮਾਂ ਦੇ ਤਿਉਹਾਰਾਂ ’ਤੇ ਹੋਣ ਵਾਲੇ ਸਮਾਗਮਾਂ ’ਚ ਪਹੰੁਚ ਕੇ ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ, ਕੀ ਅੱਜ ਦੇ ਸਿੱਖ ਉਹੋ ਜਿਹਾ ਨਹੀਂ ਕਰ ਸਕਦੇ? ਅਤੇ ਕੁਝ ਨਹੀਂ ਤਾਂ ਉਹ ਘੱਟ-ਤੋਂ ਘੱਟ ਭਾਈ ਘਨੱਈਆ ਦੇ ਆਦਰਸ਼, ਸੇਵਾ ਨੂੰ ਹੀ ਲੈਣ, ਵੱਖ-ਵੱਖ ਧਰਮਾਂ ਦੇ ਸਮਾਗਮਾਂ ’ਤੇ ਮੈਡੀਕਲ ਸਹਾਇਤਾ ਕੈਂਪ ਲਗਾ , ‘ਸਿੱਖ ਧਰਮ ’ਚ ਮਾਨਵਤਾ ਦੀ ਸੇਵਾ’ ਦੇ ਆਦਰਸ਼ ਦਾ ਸੰਦੇਸ਼ ਉਨ੍ਹਾਂ ਤਕ ਪਹੁੰਚਾ ਹੀ ਸਕਦੇ ਹਨ? ਇਹ ਵੀ ਦੇਖਣ ’ਚ ਆਉਂਦਾ ਹੈ ਕਿ ਸਿੱਖਾਂ ਦੀਆਂ ਕਈ ਧਾਰਮਿਕ ਸੰਸਥਾਵਾਂ ਦੇ ਕੋਲ , ਸ਼ਰਧਾਲੂਆਂ ਵਲੋਂ ਆਟਾ, ਦਾਲਾਂ ਆਦਿ ਦੇ ਰੂਪ ’ਚ ਭੇਟਾ ਦਿੱਤੀ ਜਾਂਦੀ ਰਾਸ਼ਨ ਦੀ ਸਮੱਗਰੀ, ਲੋੜ ਤੋਂ ਕਿਤੇ ਵਧ ਹੈ। ਜੇਕਰ ਇਹ ਸਮੱਗਰੀ ਉਨ੍ਹਾਂ ਗਰੀਬਾਂ ਦੀਆਂ ਝੌਂਪੜੀਆਂ ਤਕ ਪਹੁੰਚਾਈ ਜਾ ਸਕੇ, ਜਿਨ੍ਹਾਂ ਦੇ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਸਕਣਾ ਵੀ ਸੰਭਵ ਨਹੀਂ। ਇਸੇ ਤਰ੍ਹਾਂ ਗੁਰਪੁਰਬਾਂ ਦੇ ਮੌਕੇ ’ਤੇ ਕਈ ਜਥੇਬੰਦੀਆਂ ਵਲੋਂ ਦੀਵਾਨ ਸਥਾਨ ਤੋਂ ਬਾਹਰ ਕੈਂਪ ਲਗਾ ਕੇ ‘ਲੰਗਰ’ ਦੇ ਨਾਂ ’ਤੇ ਅਤੁੱਟ ਖਾਣੇ ਦਾ ਸਾਮਾਨ ਵੰਡਿਆ ਜਾਂਦਾ ਹੈ, ਜਿਸ ’ਚੋਂ ਕਾਫੀ ਸਾਮਾਨ ਪੈਰਾਂ ’ਚ ਡਿੱਗ ਕੇ ਬਰਬਾਦ ਹੁੰਦਾ ਦੇਖਿਆ ਜਾਂਦਾ ਹੈ। ਜੇਕਰ ਇਹ ਸਾਮਾਨ ਲੋੜਵੰਦਾਂ ਤਕ ਪਹੁੰਚਾਇਆ ਜਾ ਸਕੇ ਤਾਂ ਬਿਨਾਂ ਕੁਝ ਕਹੇ ਸਿੱਖ ਧਰਮ ਦਾ ਪ੍ਰਚਾਰ ਹੋ ਸਕਦਾ ਹੈ।


Bharat Thapa

Content Editor

Related News