ਅਮਰੀਕੀ ਰਾਸ਼ਟਰਪਤੀ ਚੋਣਾਂ ’ਚ ‘‘ਭਾਰਤ’’

09/04/2020 3:47:57 AM

ਬਲਬੀਰ ਪੁੰਜ

ਅਮਰੀਕੀ ਰਾਸ਼ਟਰਪਤੀ ਦੀ ਚੋਣ ਲਗਭਗ ਦੋ ਮਹੀਨੇ ਦੂਰ ਹੈ। 3 ਨਵੰਬਰ ਨੂੰ ਵੋਟਾਂ ਪੈਣ ਦੇ ਨਾਲ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ 5 ਜਨਵਰੀ 2020 ਤੱਕ ਨਤੀਜੇ ਐਲਾਨਣ ਦੀ ਸੰਭਾਵਨਾ ਹੈ। ਮੇਰੇ 50 ਸਾਲ ਦੇ ਸਿਆਸੀ ਜੀਵਨ ’ਚ ਅਮਰੀਕਾ ਦੀ ਇਹ ਚੋਣ ਅਜਿਹੀ ਪਹਿਲੀ ਚੋਣ ਹੈ, ਜਿਸ ’ਚ ਭਾਰਤ ਪ੍ਰਮੁੱਖ ਤੌਰ ’ਤੇ ਕੇਂਦਰਬਿੰਦੂ ’ਚ ਹੈ। ਉਥੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦੀ ਗਿਣਤੀ 40 ਲੱਖ ਤੋਂ ਵੱਧ ਹੈ, ਜਿਨ੍ਹਾਂ ’ਚੋਂ 44 ਫੀਸਦੀ ਭਾਵ ਲਗਭਗ 18 ਲੱਖ ਲੋਕ ਵੋਟ ਦੇਣ ਦਾ ਅਧਿਕਾਰ ਰੱਖਦੇ ਹਨ।

ਅਮਰੀਕਾ ’ਚ ‘ਭਾਰਤੀਅਾਂ’ ਨੂੰ ਭਰਮਾਉਣ ਦੀ ਹੋੜ ਸਿਖਰ ’ਤੇ ਹੈ। ਜਿਥੇ ਇਕ ਪਾਸੇ ਡੈਮੋਕ੍ਰੇਟਿਕ ਪਾਰਟੀ ਨੇ ਆਪਣੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਜੋਸੇਫ (ਜੋਅ) ਬਾਈਡੇਨ ਦੀ ਰਨਿੰਗ ਮੇਟ ਦੇ ਰੂਪ ’ਚ ਕਮਲਾ ਹੈਰਿਸ ਨੂੰ ਚੁਣਦੇ ਹੋਏ ਭਾਰਤ ਨਾਲ ਮਜ਼ਬੂਤ ਸੰਬੰਧ ਸਮੇਤ ਅਮਰੀਕੀ ਭਾਰਤੀਅਾਂ ਦੀ ਭਲਾਈ ਲਈ ਵੱਖਰੀ ਨੀਤੀ ਬਣਾਉਣ ’ਤੇ ਜ਼ੋਰ ਦਿੱਤਾ ਹੈ, ਉਥੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਮਲਾ ਨਾਲੋਂ ਵੀ ਜ਼ਿਆਦਾ ਭਾਰਤੀ ਸਮਰਥਨ ਹੋਣ ਦਾ ਦਾਅਵਾ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਸਾਬਕਾ ਰਾਜਦੂਤ ਨਿੱਕੀ ਹੇਲੀ ਨੂੰ ਆਪਣਾ ਸਟਾਰ ਪ੍ਰਚਾਰਕ ਵੀ ਬਣਾ ਦਿੱਤਾ ਹੈ। ਸਪੱਸ਼ਟ ਹੈ ਕਿ ‘ਭਾਰਤ’ ਦੇ ਪ੍ਰਤੀ ਅਮਰੀਕੀ ਸਿਆਸੀ ਗਲਿਆਰਿਅਾਂ ਦੇ ਝੁਕਾਅ ਦਾ ਕਾਰਨ ਪਿਛਲੇ 6 ਸਾਲਾਂ ’ਚ ਭਾਰਤੀ ਲੀਡਰਸ਼ਿਪ ਦੀਅਾਂ ਨੀਤੀਅਾਂ ਰਹੀਅਾਂ ਹਨ, ਜਿਨ੍ਹਾਂ ਨੇ ਉਸ ਦੇ ਕੌਮਾਂਤਰੀ ਅਕਸ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਅਤੇ ਜੰਗੀ, ਆਰਥਿਕ ਤੇ ਅਧਿਆਤਮਿਕ ਤੌਰ ’ਤੇ ਵਿਸ਼ਵ ਪੱਧਰੀ ਸ਼ਕਤੀ ਬਣਨ ਦਾ ਰਾਹ ਪੱਧਰਾ ਕੀਤਾ ਹੈ।

ਹੁਣ ਨਿੱਕੀ ਅਤੇ ਕਮਲਾ ’ਚੋਂ ਕਿਹੜਾ ਵੱਧ ‘ਭਾਰਤੀ’ ਹੈ?– ਇਸ ਦੀ ਚਰਚਾ ਅਮਰੀਕੀ ਭਾਰਤੀ ਖੁੱਲ੍ਹ ਕੇ ਕਰ ਰਹੇ ਹਨ। 20 ਜਨਵਰੀ 1972 ਨੂੰ ਸਾਊਥ ਕੈਰੋਲੀਨਾ ’ਚ ਜਨਮੀ ਨਿੱਕੀ ਹੇਲੀ ਦਾ ਮੂਲ ਨਾਂ ਨਮਰਤਾ ਰੰਧਾਵਾ ਹੈ। ਉਨ੍ਹਾਂ ਦੇ ਪਿਤਾ ਅਜੀਤ ਸਿੰਘ ਰੰਧਾਵਾ ਅਤੇ ਮਾਤਾ ਰਾਜ ਕੌਰ ਰੰਧਾਵਾ ਪੰਜਾਬ ਦੇ ਅੰਮ੍ਰਿਤਸਰ ਤੋਂ ਇਥੇ ਆਏ ਸਨ। 1996 ’ਚ ਉਨ੍ਹਾਂ ਨੇ ਮਾਈਕਲ ਹੇਲੀ ਨਾਲ ਵਿਆਹ ਕਰਵਾਇਆ, ਜੋ ਆਰਮੀ ਨੈਸ਼ਨਲ ਗਾਰਡ ’ਚ ਕੈਪਟਨ ਹਨ। ਸਿਆਸਤ ’ਚ 2004 ’ਚ ਰਸਮੀ ਤੌਰ ’ਤੇ ਦਾਖਲੇ ਦੇ ਬਾਅਦ ਉਹ ਗਵਰਨਰ ਅਹੁਦੇ ਤੱਕ ਪਹੁੰਚੀ ਅਤੇ 2016 ’ਚ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ’ਚ ਅਮਰੀਕੀ ਰਾਜਦੂਤ ਬਣਾਇਆ ਪਰ 2 ਸਾਲ ਉਪਰੰਤ ਟਰੰਪ ਨਾਲ ਕੁਝ ਮਤਭੇਦਾਂ ਦੇ ਕਾਰਨ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਇਧਰ ਕਮਲਾ ਹੈਰਿਸ ਦੀਆਂ ਭਾਰਤੀ ਜੜ੍ਹਾਂ ਉਨ੍ਹਾਂ ਦੇ ਨਾਨਕਿਅਾਂ ਤੋਂ ਮਿਲਦੀਅਾਂ ਹਨ। ਉਨ੍ਹਾਂ ਦੇ ਨਾਨਾ ਪੀ. ਵੀ. ਗੋਪਾਲਨ ਚੇਨਈ ਦੇ ਬ੍ਰਾਹਮਣ ਪਰਿਵਾਰ ’ਚੋਂ ਸਨ। ਗੋਪਾਲਨ ਦੀ ਵੱਡੀ ਧੀ ਸ਼ਿਆਮਲਾ ਨੇ 1958 ’ਚ ਅੱਗੇ ਦੀ ਪੜ੍ਹਾਈ ਲਈ ਅਮਰੀਕਾ ਦਾ ਰੁਖ ਕੀਤਾ, ਜਿਥੇ ਉਨ੍ਹਾਂ ਨੇ ਆਪਣੇ ਕਾਲਜ ਜਮਾਤੀ ਅਤੇ ਅਫਰੀਕੀ ਈਸਾਈ ਡੋਨਾਲਡ ਹੈਰਿਸ ਨਾਲ ਵਿਆਹ ਕਰ ਲਿਆ। ਇਸ ਛੋਟੀ ਉਮਰ ’ਚ ਹੋਏ ਵਿਆਹ ਤੋਂ ਉਨ੍ਹਾਂ ਦੇ ਘਰ 20 ਅਕਤੂਬਰ 1964 ਨੂੰ ਕਮਲਾ ਤੇ ਇਸ ਦੇ 3 ਸਾਲ ਬਾਅਦ ਮਾਇਆ ਦਾ ਜਨਮ ਹੋਇਆ। ਅੱਜ ਕਮਲਾ ਚੋਣ ਪ੍ਰਚਾਰ ’ਚ ਬੇਸ਼ੱਕ ਹੀ ਖੁਦ ਨੂੰ ਭਾਰਤੀ ਕਦਰਾਂ-ਕੀਮਤਾਂ ਅਤੇ ਪ੍ਰੰਪਰਾਵਾਂ ਨਾਲ ਜੋੜਨ ਲਈ ਦੱਖਣੀ ਭਾਰਤੀ ਖਾਣੇ ‘ਇਡਲੀ’, ਭਾਰਤੀ ਭ੍ਰਮਣ, ਗਾਂਧੀ ਜੀ ਦੇ ਵਿਚਾਰਾਂ ਅਤੇ ਅਾਪਣੀ ਮਾਂ ਤੋਂ ਮਿਲੇ ਸੰਸਕਾਰਾਂ ਦੀ ਗੱਲ ਕਰ ਰਹੀ ਹੈ ਪਰ ਉਨ੍ਹਾਂ ਨੇ ਹਮੇਸ਼ਾ ਹੀ ਆਪਣੀ ਅਮਰੀਕੀ-ਅਫਰੀਕੀ ਪਛਾਣ ਨੂੰ ਪ੍ਰਮੁੱਖਤਾ ਦਿੱਤੀ ਹੈ। ਅਮਰੀਕੀ ਮਰਦਮਸ਼ੁਮਾਰੀ ’ਚ ਕਮਲਾ ਵਲੋਂ ਆਪਣੀ ਪਛਾਣ ‘ਅਫਰੀਕੀ-ਅਮਰੀਕੀ’ ਦੇ ਰੂਪ ’ਚ ਦਰਜ ਕਰਵਾਉਣਾ-ਇਸ ਦਾ ਪ੍ਰਤੱਖ ਸਬੂਤ ਹੈ। ਸਪੱਸ਼ਟ ਹੈ ਕਿ ਉਪ-ਰਾਸ਼ਟਰਪਤੀ ਦੀ ਦੌੜ ’ਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੀ ਮਾਂ ਕੋਲੋਂ ਵਿਰਾਸਤ ’ਚ ਮਿਲੀ ਭਾਰਤੀ ਪਛਾਣ ਪ੍ਰਤੀ ਸੀਮਤ ਸੀ।

ਟਰੰਪ ਪ੍ਰਸ਼ਾਸਨ ਦੀ ਤੁਲਨਾ ਬਾਈਡੇਨ-ਹੈਰਿਸ ਧੜੇ ਦੇ ਕਸ਼ਮੀਰ, ਨਾਗਰਿਕ ਸੋਧ ਕਾਨੂੰਨ ਅਤੇ ਐੱਨ. ਆਰ. ਸੀ. ਵਰਗੇ ਅੰਦਰੂਨੀ ਮਾਮਲਿਅਾਂ ’ਤੇ ਭਾਰਤੀ ਹਿੱਤਾਂ ਦੇ ਉਲਟ ਵਿਚਾਰ ਰਹੇ ਹਨ। ਇਸੇ ਕਾਰਨ ਭਾਰਤ ’ਚ ਰਹਿਣ ਵਾਲਿਅਾਂ ਦਾ ਇਕ ਸਮੂਹ (ਜੇਹਾਦੀ ਸਮੇਤ) ਜੋ ਖੁਦ ਨੂੰ ਖੱਬੇ-ਉਦਾਰਵਾਦੀ ਕਹਿਣਾ ਵੱਧ ਪਸੰਦ ਕਰਦਾ ਹੈ, ਉਹ ਨਾ ਸਿਰਫ ਆਉਣ ਵਾਲੀ ਚੋਣ ’ਚ ਟਰੰਪ ਦੀ ਪ੍ਰਚੰਡ ਹਾਰ ਦੀ ਕਾਮਨਾ ਕਰ ਰਿਹਾ ਹੈ, ਨਾਲ ਹੀ ਬਾਈਡੇਨ-ਹੈਰਿਸ ਨੂੰ ਬੇਨਤੀ ਕਰ ਰਿਹਾ ਹੈ ਕਿ ਉਹ ਸੱਤਾ ’ਚ ਆਉਂਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਸਖਤ ਪਾਬੰਦੀ ਲਾ ਦੇਣ।

ਹੁਣ ਭਾਰਤੀ ਸਮਾਜ ਦੀ ਇਸ ਜਮਾਤ ਦੀ ਅਜਿਹੀ ਮਨੋਦਸ਼ਾ ਕਿਉਂ ਹੈ-ਇਸ ਦਾ ਜਵਾਬ ਲੱਭਣਾ ਔਖਾ ਨਹੀਂ ਹੈ। ਹਾਲ ਹੀ ’ਚ ਕਾਂਗਰਸ ਵਾਲੇ ਯੂ. ਪੀ. ਏ. ਕਾਲ ’ਚ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਤੇ ਭਾਰਤੀ ਵਿਦੇਸ਼ ਸਕੱਤਰ ਵਰਗੇ ਮਹੱਤਵਪੂਰਨ ਅਹੁਦਿਅਾਂ ’ਤੇ ਰਹੇ ਸ਼ਿਵ ਸ਼ੰਕਰ ਮੈਨਨ ਨੇ ਅਮਰੀਕੀ ਰਸਾਲੇ (ਫਾਰੇਨ ਅਫੇਅਰਜ਼) ਲਈ ‘ਲੀਗ ਆਫ ਨੈਸ਼ਨਲਿਸਟ’ ਨਾਂ ਦਾ ਲੇਖ ਲਿਖਿਆ। ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਦੇ ਰੂਪ ’ਚ ਮੈਨਨ ਦਾ ਵਿਚਾਰ ਭਾਰਤ ਦੀ ਹੁਣ ਤੱਕ ਰਹੀ ਵਿਦੇਸ਼ ਨੀਤੀ ਦਾ ਵਰਣਨ ਕਰਨ ਲਈ ਢੁੱਕਵਾਂ ਹੈ। ਉਹ ਉਸ ਲੇਖ ’ਚ ਇਕ ਥਾਂ ’ਤੇ ਲਿਖਦੇ ਹਨ, ‘‘ਮੋਦੀ ਦੀ ਗਵਾਹੀ ’ਚ, ਭਾਰਤ ਨੇ ਪ੍ਰਵਾਸੀਅਾਂ ਨੂੰ ਨਾਗਰਿਕਤਾ ਦੇਣ ਦੇ ਰਾਹ ’ਚੋਂ ਮੁਸਲਮਾਨਾਂ ਨੂੰ ਬਾਹਰ ਅਤੇ ਮੁਸਲਿਮ ਬਹੁਗਿਣਤੀ ਜੰਮੂ-ਕਸ਼ਮੀਰ ’ਚ ਖੁਦਮੁਖਤਿਆਰੀ ਨੂੰ ਸੀਮਤ ਕਰ ਦਿੱਤਾ ਹੈ। ਮਨੁੱਖੀ ਅਧਿਕਾਰ ਅਤੇ ਲੋਕਤੰਤਰ ’ਚ ਘੱਟ ਦਿਲਚਸਪੀ ਰੱਖਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਦੀ ਸਰਕਾਰ ਨੂੰ ਆਪਣੇ ਵਿਵਾਦਿਤ ਘਰੇਲੂ ਏਜੰਡੇ ਲਾਗੂ ਕਰਨ ਦਾ ਮੁਫਤ ਪਾਸ ਦੇ ਦਿੱਤਾ ਹੈ।’’

ਕੀ ਇਹ ਸੱਚ ਨਹੀਂ ਕਿ ਰਾਮ ਮੰਦਿਰ ਸਮੇਤ ਧਾਰਾ-370 ਅਤੇ 35-ਏ ਦੇ ਖਾਤਮੇ, ਨਾਗਰਿਕਤਾ ਕਾਨੂੰਨ ’ਚ ਸੋਧ ਸੱਤਾਧਾਰੀ ਭਾਜਪਾ ਦੇ ਐਲਾਨ ਪੱਤਰ ਦਾ ਹਿੱਸਾ ਹੈ ਅਤੇ ਇਸ ’ਚ ਕੀਤੇ ਵਾਅਦਿਅਾਂ ਨੂੰ ਪੂਰਾ ਕਰਨ ਲਈ ਦੇਸ਼ ਦੀ ਜਨਤਾ ਨੇ ਭਾਰੀ ਬਹੁਮਤ ਦੇ ਕੇ ਨਰਿੰਦਰ ਮੋਦੀ ਦੇ ਨਾਂ ’ਤੇ ਭਾਜਪਾ ਵਾਲੇ ਰਾਸ਼ਟਰੀ ਜਨਤੰਤਰਿਕ ਗਠਜੋੜ ’ਤੇ ਭਰੋਸਾ ਪ੍ਰਗਟਾਇਆ ਹੈ। ਸ਼ਿਵ ਸ਼ੰਕਰ ਮੈਨਨ ਵਰਗੇ ਵਿਚਾਰਕ ਸ਼ਾਇਦ ਇਹ ਮੰਨਦੇ ਹਨ ਕਿ ਭਾਰਤ ਸਰਕਾਰ ਦੀਅਾਂ ਨੀਤੀਅਾਂ ਲੋਕ ਫਤਵੇ ਦੇ ਆਧਾਰ ’ਤੇ ਤੈਅ ਨਾ ਹੋ ਕੇ ਅਮਰੀਕੀ ਰਾਸ਼ਟਰਪਤੀ ਵਲੋਂ ਨਿਰਦੇਸ਼ਿਤ ਹੁੰਦੀਅਾਂ ਹਨ। ਮੈਨਨ ਦੀ ਟਰੰਪ ਨਾਲ ਉਨ੍ਹਾਂ ਦੀ ਨਾਰਾਜ਼ਗੀ ਦਾ ਕਾਰਨ ਇਹੀ ਹੈ ਕਿ ਉਨ੍ਹਾਂ ਨੇ ਬਤੌਰ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਸਹੀ ਰਸਤੇ’ ਉੱਤੇ ਲਿਆਉਣ ਦਾ ਯਤਨ ਕਿਉਂ ਨਹੀਂ ਕੀਤਾ।

ਬਿਨਾਂ ਸ਼ੱਕ, ਅਮਰੀਕਾ ਵਿਸ਼ਵ ਦੀ ਸਭ ਤੋਂ ਵੱਡੀ ਆਰਥਿਕ ਅਤੇ ਜੰਗੀ ਮਹਾਸ਼ਕਤੀ ਹੈ, ਤਾਂ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਅਤੇ ਤੇਜ਼ੀ ਨਾਲ ਉੱਭਰਦੀ ਅਰਥਵਿਵਸਥਾ ਹੈ। ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਨਾਲ ਭਾਰਤ-ਅਮਰੀਕਾ ਦੇ ਸੰਬੰਧ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗੂੜ੍ਹੇ ਹੋਏ ਹਨ। ਦੋਵਾਂ ਦੇਸ਼ਾਂ ਦੇ ਦਰਮਿਆਨ ਰੱਖਿਆ-ਖੁਫੀਆ ਸਹਿਯੋਗ (ਸਮੁੰਦਰੀ ਸੁਰੱਖਿਆ ਸਮੇਤ) ਨਵੀਂ ਉੱਚਾਈ ’ਤੇ ਹਨ। ਅਮਰੀਕਾ ਨੇ ਭਾਰਤ ਨੂੰ ਆਪਣਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣਾਇਆ ਹੈ। ਚੀਨ ਦੀਅਾਂ ਸਾਮਰਾਜਵਾਦੀ ਨੀਤੀਅਾਂ ਦਾ ਮੁਕਾਬਲਾ ਕਰਨ ਲਈ ਭਾਰਤ, ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਇਕੱਠੇ ਆਏ ਹਨ।

ਇਸ ਚਾਰਭੁਜਾ ਵਾਲੇ ਗਠਜੋੜ ਦੀ ਮੂਲ ਧਾਰਨਾ ’ਚ ਅਫਰੀਕਾ ਦੇ ਪੂਰਬੀ ਤੱਟ ਤੋਂ ਲੈ ਕੇ ਅਮਰੀਕੀ ਪੱਛਮੀ ਤੱਟ ਤੱਕ ਫੈਲੇ ਸਮੁੰਦਰੀ ਇਲਾਕੇ ਜਿਸ ਨੂੰ ਹੁਣ ‘ਇੰਡੋ-ਪੈਸੀਫਿਕ’ ਨਾਂ ਦਿੱਤਾ ਗਿਆ ਹੈ, ਉਸ ’ਚ ਬਹੁਪੱਖੀ ਵਪਾਰ ਦੀ ਆਜ਼ਾਦੀ ਨੂੰ ਯਕੀਨੀ ਬਣਾਉਣਾ ਹੈ। ਇਨ੍ਹਾਂ ਸਾਰਿਅਾਂ ਤੋਂ, ਖਾਸ ਕਰ ਕੇ ਭਾਰਤ ਦੇ ਵਧਦੇ ਵਿਸ਼ਵ ਪੱਧਰੀ ਕੱਦ ਤੋਂ ਬੌਖਲਾਇਆ ਚੀਨ, ਭਾਰਤ ’ਚ ਆਪਣੇ ਸਮਾਨ ਵਿਚਾਰਕ ਸਹਿਯੋਗੀਅਾਂ ਵਾਂਗ ਅਮਰੀਕਾ ’ਚ ਟਰੰਪ ਦੀ ਹਾਰ ਅਤੇ ‘ਉਦਾਰਵਾਦੀ-ਸਮਾਜਵਾਦੀ’ ਬਾਈਡੇਨ-ਹੈਰਿਸ ਦੀ ਜਿੱਤ ਚਾਹੁੰਦਾ ਹੈ।

ਸੱਚ ਤਾਂ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤ ਦਾ ਅਮਰੀਕਾ ਨਾਲ ਗੂੜ੍ਹਾ ਸੰਬੰਧ-ਖਰੇ ਭਾਰਤੀ ਹਿੱਤਾਂ ਅਤੇ ਪ੍ਰਭੂਸੱਤਾ ਨੂੰ ਸੁਰੱਖਿਅਤ ਕਰਨ ’ਤੇ ਅਾਧਾਰਿਤ ਹੈ। ਕੀ ਇਹ ਸੱਚ ਨਹੀਂ ਕਿ ਵਿਸ਼ਵ ਦੇ ਇਸ ਭੂਖੰਡ ’ਤੇ ਪਾਕਿਸਤਾਨ ਅਤੇ ਚੀਨ ਵਰਗੇ ਦੁਸ਼ਮਣ ਰਾਸ਼ਟਰ ਭਾਰਤ ਦੀ ਪ੍ਰਭੂਸੱਤਾ, ਸੁਰੱਖਿਆ ਅਤੇ ਆਤਮ-ਸਨਮਾਨ ਨੂੰ ਦਹਾਕਿਆਂ ਤੋਂ ਚੁਣੌਤੀ ਦੇ ਰਹੇ ਹਨ? ਅੱਜ ਸਿਰਫ ਭਾਰਤ ਹੀ ਨਹੀਂ, ਟਰੰਪ ਦੀ ਅਗਵਾਈ ’ਚ ਅਮਰੀਕਾ ਨਾਲ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਰ ਬੋਲਸਨਾਰੋ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ, ਸਾਊਦੀ ਅਰਬ ਦੇ ਮੁਹੰਮਦ ਬਿਨ ਸਲਮਾਨ ਜਾਂ ਫਿਰ ਸੰਯੁਕਤ ਅਰਬ ਅਮੀਰਾਤ ਦੇ ਸ਼ੇਖ ਮੁਹੰਮਦ ਬਿਨ ਜਾਇਦ ਦੀ ਨੇੜਤਾ ਵੀ ਇਸੇ ਦੇ ਆਧਾਰ ’ਤੇ ਕੇਂਦਰਿਤ ਹੈ। ਇਹ ਸਾਰੇ ਦੇਸ਼ ਆਪਣੇ-ਆਪਣੇ ਰਾਸ਼ਟਰਹਿੱਤਾਂ ਦੀ ਸੁਰੱਖਿਆ ਲਈ ਅਮਰੀਕਾ ਦੇ ਸਹਿਯੋਗੀ ਬਣੇ ਹੋਏ ਹਨ।

ਕੀ ਅਮਰੀਕਾ ਭਰੋਸੇ ਦੇ ਲਾਇਕ ਹੈ? ਇਸ ਸਵਾਲ ਦਾ ਜਵਾਬ ਮੈਂ ਆਪਣੇ ਪਿਛਲੇ ਕਾਲਮ-‘ਕੀ ਭਾਰਤ-ਚੀਨ ਦੇ ਦਰਮਿਆਨ ਹੁਣ ਜੰਗ ਹੋਵੇਗੀ?’ ’ਚ ਪਹਿਲਾਂ ਹੀ ਦੇ ਚੁੱਕਾ ਹਾਂ। ਟਰੰਪ ਦੇ ਸ਼ਾਸਨ ’ਚ ਅਮਰੀਕਾ ਨੇ ਸੁਰੱਖਿਆਵਾਦ ਦੇ ਨਾਂ ‘ਅਮਰੀਕਾ ਪਹਿਲਾਂ’ ਨੂੰ ਹੁੰਗਾਰਾ ਦਿੱਤਾ ਹੈ, ਜਿਸ ਨਾਲ ਵਿਸ਼ਵੀਕਰਨ ਅਤੇ ਮੁਕਤ ਵਪਾਰ ਨੂੰ ਚੁਣੌਤੀ ਮਿਲੀ ਹੈ। ਇਸ ਪਿਛੋਕੜ ’ਚ ਆਉਣ ਵਾਲੀ ਅਮਰੀਕੀ ਚੋਣ ਕਿਸ ਵੱਲ ਕਰਵਟ ਲਵੇਗੀ–ਇਸ ਦਾ ਜਵਾਬ ਭਵਿੱਖ ਦੇ ਗਰਭ ’ਚ ਲੁਕਿਆ ਹੈ।


Bharat Thapa

Content Editor

Related News