‘ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ’ ‘ਹੋਣਗੀਆਂ ਇਸ ਵਾਰ ਭਾਰਤ ’ਚ’
Saturday, Mar 30, 2024 - 03:12 AM (IST)
ਦੇਸ਼ ਇਸ ਸਮੇਂ ਪੂਰੀ ਤਰ੍ਹਾਂ 18ਵੀਂ ਲੋਕ ਸਭਾ ਲਈ ਚੋਣ ਬੁਖਾਰ ਦੀ ਲਪੇਟ ’ਚ ਆਇਆ ਹੋਇਆ ਹੈ, ਜਿਸ ’ਤੇ 1.2 ਲੱਖ ਕਰੋੜ ਰੁਪਏ ਤੋਂ ਵੱਧ ਰਾਸ਼ੀ ਖਰਚ ਹੋਵੇਗੀ, ਜੋ 2019 ਦੀਆਂ ਚੋਣਾਂ ’ਚ ਹੋਏ ਖਰਚ ਤੋਂ ਲਗਭਗ ਦੁੱਗਣੀ ਹੈ।
ਅਜਿਹਾ ਅੰਦਾਜ਼ਾ ‘ਸੈਂਟਰ ਫਾਰ ਮੀਡੀਆ ਸਟੱਡੀਜ਼’ ਦਾ ਹੈ, ਪਰ ਚੋਣਾਂ ’ਤੇ ਇਸ ਤੋਂ ਵੀ ਵੱਧ ਖਰਚ ਨਸ਼ੇ ਦਾ ਦਰਿਆ ਵਹਾਉਣ ਬਹਾਨੇ ਅਤੇ ਵੋਟਰਾਂ ਨੂੰ ਤੋਹਫੇ ਆਦਿ ਦੇਣ ’ਤੇ ਹੋ ਜਾਂਦਾ ਹੈ। ਇਸ ਲਈ ਭਾਰਤ ’ਚ ਹੋਣ ਵਾਲੀਆਂ ਆਮ ਚੋਣਾਂ ਨੂੰ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਕਿਹਾ ਜਾ ਰਿਹਾ ਹੈ। ਇਨ੍ਹਾਂ ਚੋਣਾਂ ’ਚ ਹੋ ਰਹੀਆਂ ਦਿਲਚਸਪੀਆਂ ਹੇਠਾਂ ਦਰਜ ਹਨ :
* ਤਮਿਲਨਾਡੂ ਦੇ ‘ਇਰੋਡ’ ਚੋਣ ਖੇਤਰ ਤੋਂ ਐੱਮ. ਡੀ. ਐੱਮ. ਕੇ. ਦੀ ਟਿਕਟ ਲੈਣ ਦੇ ਚਾਹਵਾਨ ਅਤੇ ਮੌਜੂਦਾ ਸੰਸਦ ਮੈਂਬਰ ਏ. ਗਣੇਸ਼ਮੂਰਤੀ ਨੇ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ 24 ਮਾਰਚ ਨੂੰ ਜ਼ਹਿਰ ਖਾ ਲਈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
* ਛਿੰਦਵਾੜਾ (ਮੱਧ ਪ੍ਰਦੇਸ਼) ਤੋਂ ਭਾਜਪਾ ਉਮੀਦਵਾਰ ਨਕੁਲ ਨਾਥ ਦੀ ਜਾਇਦਾਦ ਤਾਂ 716.93 ਕਰੋੜ ਰੁਪਏ ਹੈ ਪਰ ਉਨ੍ਹਾਂ ਦੇ ਨਾਂ ’ਤੇ ਆਪਣੀ ਕਾਰ ਤੱਕ ਨਹੀਂ ਹੈ। 4.76 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਅਤੇ ਅਸਾਮ ਦੇ ਡਿਬਰੂਗੜ੍ਹ ਤੋਂ ਭਾਜਪਾ ਉਮੀਦਵਾਰ ਸਰਵਾਨੰਦ ਸੋਨੋਵਾਲ ਕੋਲ ਵੀ ਆਪਣੀ ਕਾਰ ਨਹੀਂ ਹੈ। ਨਾਗੌਰ ਤੋਂ ਭਾਜਪਾ ਉਮੀਦਵਾਰ ਜੋਤੀ ਮਿਰਧਾ ਦੀ ਐਲਾਨੀ ਜਾਇਦਾਦ ਤਾਂ 126 ਕਰੋੜ ਹੈ, ਪਰ ਕਾਰ ਉਨ੍ਹਾਂ ਕੋਲ ਵੀ ਨਹੀਂ।
* ਤਮਿਲਨਾਡੂ ਦੀ ਰਾਮਨਾਥਪੁਰਮ ਸੀਟ ਤੋਂ ਭਾਜਪਾ ਗੱਠਜੋੜ ਵੱਲੋਂ ਬਤੌਰ ਆਜ਼ਾਦ ਉਮੀਦਵਾਰ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਓ. ਪੰਨੀਰਸੇਲਵਮ ਦੇ ਮੁਕਾਬਲੇ ’ਚ ਉਨ੍ਹਾਂ ਦੇ ਹੀ ਨਾਂ ਵਾਲੇ 4 ਹੋਰ ਆਜ਼ਾਦ ਉਮੀਦਵਾਰ ਵੀ ਚੋਣ ਲੜ ਰਹੇ ਹਨ। ਇਨ੍ਹਾਂ ਪੰਜਾਂ ਪੰਨੀਰਸੇਲਵਮਾਂ ’ਚੋਂ ਜਨਤਾ ਕਿਸ ਨੂੰ ਚੁਣੇਗੀ ਇਹ ਤਾਂ ਸਮਾਂ ਹੀ ਦੱਸੇਗਾ।
* ਪਰਿਵਾਰ ਨਾਲ ਬਗਾਵਤ ਕਰ ਕੇ ‘ਝਾਰਖੰਡ ਮੁਕਤੀ ਮੋਰਚਾ’ ਦੇ ਸੁਪਰੀਮੋ ਸ਼ਿਬੂ ਸੋਰੇਨ ਦੀ ਵੱਡੀ ਨੂੰਹ ਸੀਤਾ ਸੋਰੇਨ ਭਾਜਪਾ ’ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਆਪਣੇ ਪਤੀ ਦੁਰਗਾ ਸੋਰੇਨ ਦੀ ਮੌਤ ਨੂੰ ਲੈ ਕੇ ਸਵਾਲ ਉਠਾਏ ਹਨ ਅਤੇ ਕਿਹਾ ਹੈ ਕਿ ‘‘ਦੁਰਗਾ ਸੋਰੇਨ ਦੀ ਮੌਤ ਸੁਭਾਵਿਕ ਨਹੀਂ ਸੀ। ਮੈਂ ਇਸ ਦੀ ਜਾਂਚ ਦੀ ਮੰਗ ਹੇਮੰਤ ਸੋਰੇਨ ਦੀ ਸਰਕਾਰ ਕੋਲੋਂ ਕੀਤੀ ਸੀ ਜਿਸ ਨੂੰ ਸਵੀਕਾਰ ਨਹੀਂ ਕੀਤਾ ਗਿਆ।’’
* ਪਟਿਆਲਾ ’ਚ 32 ਸਾਲ ਪਿੱਛੋਂ ਭਾਜਪਾ ਨੇ ਆਪਣਾ ਉਮੀਦਵਾਰ ਉਤਾਰਿਆ ਹੈ। 1992 ’ਚ ਭਾਜਪਾ ਦੇ ਦੀਵਾਨ ਚੰਦ ਸਿੰਗਲਾ 28,877 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ ਸਨ। ਲੁਧਿਆਣਾ ’ਚ ਵੀ 28 ਸਾਲ ਪਿੱਛੋਂ ਭਾਜਪਾ ‘ਕਮਲ’ ਦੇ ਨਿਸ਼ਾਨ ’ਤੇ ਚੋਣ ਲੜ ਰਹੀ ਹੈ। ਇੱਥੇ 1996 ’ਚ ਭਾਜਪਾ ਨੇ ਆਪਣੇ ਨਿਸ਼ਾਨ ’ਤੇ ਚੋਣ ਲੜੀ ਸੀ ਅਤੇ ਤੀਜੇ ਸਥਾਨ ’ਤੇ ਹੀ ਰਹੀ ਸੀ।
* ਪਹਿਲਾਂ ਭਾਜਪਾ ਚਾਹ ’ਤੇ ਚਰਚਾ ਕਰਦੀ ਸੀ ਪਰ ਹੁਣ ਪਹਿਲੀ ਵਾਰ ਮਹਾਰਾਸ਼ਟਰ ’ਚ ਭਾਜਪਾ ਨੇ ਵਿਸ਼ੇਸ਼ ਤੌਰ ’ਤੇ ਨੌਜਵਾਨ ਵੋਟਰਾਂ ਨਾਲ ਚਾਹ ਦੀ ਬਜਾਏ ਕੌਫੀ ’ਤੇ ਚਰਚਾ ਕਰਨ ਅਤੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਲੱਗੇ ਮੱਗਾਂ ’ਚ ਬਗੀਚਿਆਂ ਅਤੇ ਕੈਫੇ ’ਚ ਕੌਫੀ ਪਿਆਉਣ ਦਾ ਫੈਸਲਾ ਕੀਤਾ ਹੈ।
* ਮੁੰਬਈ ’ਚ ਵੱਡੀਆਂ ਰੈਲੀਆਂ ਅਤੇ ਮੀਟਿੰਗਾਂ ਲਈ ਸ਼ਿਵਾਜੀ ਪਾਰਕ ਨੂੰ ਸਭ ਤੋਂ ਸਹੀ ਜਗ੍ਹਾ ਮੰਨਿਆ ਜਾਂਦਾ ਹੈ। ਇਸ ਲਈ ਇਨ੍ਹਾਂ ਚੋਣਾਂ ਦੌਰਾਨ ਵੀ ਰੈਲੀਆਂ ਲਈ ਸ਼ਿਵਾਜੀ ਪਾਰਕ ਬੁੱਕ ਕਰਨ ਲਈ ਵੱਖ-ਵੱਖ ਸਿਆਸੀ ਪਾਰਟੀਆਂ ’ਚ ਅਰਜ਼ੀਆਂ ਦੇਣ ਦੀ ਹੋੜ ਜਿਹੀ ਲੱਗੀ ਹੋਈ ਹੈ।
* ਚੋਣਾਂ ਦੇ ਰੌਲੇ ਦਰਮਿਆਨ ਦਲ ਬਦਲੀ ਦਾ ਵੀ ਜ਼ੋਰ ਹੈ ਪਰ ਦਲ ਬਦਲੂਆਂ ਲਈ ਇਕ ਬੁਰੀ ਖਬਰ ਹੈ । ਇਕ ਰਿਪੋਰਟ ਅਨੁਸਾਰ ਦਲ ਬਦਲੂਆਂ ਦੀ ਜਿੱਤ ਦੀ ਔਸਤ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ ਜੋ 1967 ’ਚ 49 ਫੀਸਦੀ ਦੇ ਮੁਕਾਬਲੇ 2019 ’ਚ ਘਟ ਕੇ 15 ਫੀਸਦੀ ਰਹਿ ਗਈ ਸੀ।
* ਚੋਣਾਂ ’ਚ ਪ੍ਰਚਾਰ ਲਈ ਚਾਰਟਰਡ ਜਹਾਜ਼ਾਂ ਦੀ ਤੁਲਨਾ ’ਚ ਹੈਲੀਕਾਪਟਰਾਂ ਦੀ ਵੱਧ ਮੰਗ ਹੈ ਅਤੇ 2019 ਦੀ ਤੁਲਨਾ ’ਚ ਲਗਭਗ 40 ਫੀਸਦੀ ਵੱਧ ਬੁਕਿੰਗ ਹੋ ਰਹੀ ਹੈ। ਚਾਰਟਰਡ ਜਹਾਜ਼ਾਂ ਦਾ ਕਿਰਾਇਆ 4.5 ਲੱਖ ਰੁਪਏ ਤੋਂ 5.25 ਲੱਖ ਰੁਪਏ ਅਤੇ ਹੈਲੀਕਾਪਟਰ ਲਈ ਘੱਟ ਤੋਂ ਘੱਟ 1.5 ਲੱਖ ਰੁਪਏ ਪ੍ਰਤੀ ਘੰਟਾ ਦੱਸਿਆ ਜਾ ਰਿਹਾ ਹੈ। 2019-20 ਦੇ ਆਡਿਟ ਅਨੁਸਾਰ ਭਾਜਪਾ ਨੇ ਇਨ੍ਹਾਂ ’ਤੇ 250 ਕਰੋੜ ਰੁਪਏ ਤੋਂ ਵੱਧ ਰਕਮ ਖਰਚ ਕੀਤੀ ਸੀ।
* ਪਿਛਲੇ 20 ਸਾਲਾਂ ’ਚ ਸੰਸਦ ’ਚ ਪਹੁੰਚਣ ਵਾਲੇ ਦਾਗੀ ਸੰਸਦ ਮੈਂਬਰਾਂ ਦੀ ਗਿਣਤੀ ’ਚ ਲਗਭਗ 163 ਫੀਸਦੀ ਵਾਧਾ ਹੋਇਆ ਹੈ। 2004 ’ਚ ਅਪਰਾਧਿਕ ਮਾਮਲਿਆਂ ਵਾਲੇ ਜੇਤੂ ਸੰਸਦ ਮੈਂਬਰਾਂ ਦੀ ਗਿਣਤੀ 60 ਸੀ ਜੋ 2019 ’ਚ 158 ਹੋ ਗਈ।
* ਇਨ੍ਹਾਂ ਚੋਣਾਂ ’ਚ ਹਾਲਾਂਕਿ ਚੋਣ ਕਮਿਸ਼ਨ ਨੇ ਇਕ ਉਮੀਦਵਾਰ ਲਈ ਵੱਧ ਤੋਂ ਵੱਧ 95 ਲੱਖ ਰੁਪਏ ਖਰਚ ਦੀ ਹੱਦ ਤੈਅ ਕੀਤੀ ਹੈ ਪਰ ਇਕ ਉਮੀਦਵਾਰ ਦੇ ਚੋਣ ਪ੍ਰਚਾਰ ’ਤੇ ਕੀਤੇ ਜਾਣ ਵਾਲੇ ਖਰਚ ਦਾ ਅੰਦਾਜ਼ਾ ਘੱਟ ਤੋਂ ਘੱਟ ਔਸਤਨ 6 ਕਰੋੜ ਰੁਪਏ ਲਾਇਆ ਗਿਆ ਹੈ ਜਿਸ ’ਚ ਕਾਰ ਭਾੜਾ, ਦਫਤਰ ’ਤੇ ਹੋਣ ਵਾਲਾ ਖਰਚ, ਪਰਚੀ ਵੰਡਣ, ਖੁਆਉਣ-ਪਿਆਉਣ, ਬੂਥ ਪ੍ਰਬੰਧਨ ਆਦਿ ਦੇ ਖਰਚ ਸ਼ਾਮਲ ਹਨ।
ਕੁੱਲ ਮਿਲਾ ਕੇ ਚੋਣਾਂ ’ਚ ਇਸ ਸਮੇਂ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ, ਉਸ ’ਚ ਆਉਣ ਵਾਲੇ ਦਿਨਾਂ ’ਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ।
–ਵਿਜੇ ਕੁਮਾਰ