‘ਮੁੜ-ਵਸੇਬਾ ਕੇਂਦਰਾਂ, ਅਨਾਥ ਆਸ਼ਰਮਾਂ, ਸਕੂਲਾਂ ਆਦਿ ’ਚ’ ‘ਫੂਡ ਪੁਆਇਜ਼ਨਿੰਗ ਕਾਰਨ ਹੋ ਰਹੀਆਂ ਮੌਤਾਂ’
Saturday, Mar 29, 2025 - 05:57 AM (IST)

‘ਵਿਸ਼ਵ ਸਿਹਤ ਸੰਗਠਨ’ (ਡਬਲਿਊ.ਐੱਚ.ਓ.) ਦੇ ਅਨੁਸਾਰ ਹਰ ਸਾਲ ਵਿਸ਼ਵ ਵਿਚ ਲਗਭਗ 60 ਕਰੋੜ ਲੋਕ ਦੂਸ਼ਿਤ ਜਾਂ ਜ਼ਹਿਰੀਲੇ ਭੋਜਨ (ਫੂਡ ਪੁਆਇਜ਼ਨਿੰਗ) ਕਾਰਨ ਬੀਮਾਰ ਹੁੰਦੇ ਹਨ, ਜਿਨ੍ਹਾਂ ਵਿਚੋਂ ਲਗਭਗ ਸਵਾ 4 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਭਾਰਤ ਵਿਚ ਵੀ ਅਕਸਰ ਫੂਡ ਪੁਆਇਜ਼ਨਿੰਗ ਕਾਰਨ ਲੋਕਾਂ ਦੇ ਬੀਮਾਰ ਹੋਣ ਅਤੇ ਮਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਵਿਚੋਂ ਕੁਝ ਹੇਠਾਂ ਦਰਜ ਹਨ :
* 3 ਜੁਲਾਈ, 2024 ਨੂੰ ‘ਇੰਦੌਰ (ਮੱਧ ਪ੍ਰਦੇਸ਼) ਸਥਿਤ ਅਨਾਥ ਆਸ਼ਰਮ ‘ਯੁੱਗ ਪੁਰਸ਼ ਧਾਮ ਬੌਧਿਕ ਵਿਕਾਸ ਕੇਂਦਰ’ ’ਚ ਫੂਡ ਪੁਆਇਜ਼ਨਿੰਗ ਨਾਲ 5 ਬੱਚਿਆਂ ਦੀ ਮੌਤ ਅਤੇ 38 ਬੱਚੇ ਗੰਭੀਰ ਤੌਰ ’ਤੇ ਬੀਮਾਰ ਹੋ ਗਏ।
* 10 ਅਗਸਤ, 2024 ਨੂੰ ‘ਅਨਾਕਪੱਲੀ’ (ਆਂਧਰਾ ਪ੍ਰਦੇਸ਼) ਦੇ ‘ਕੈਲਾਸ਼ ਪੱਟਨਮ’ ਸਥਿਤ ਇਕ ਅਨਾਥ ਆਸ਼ਰਮ ’ਚ ਪਰੋਸਿਆ ਗਿਆ ਜ਼ਹਿਰੀਲਾ ਭੋਜਨ ਖਾਣ ਨਾਲ 3 ਬੱਚਿਆਂ ਦੀ ਮੌਤ ਅਤੇ 3 ਦਰਜਨ ਤੋਂ ਵੱਧ ਬੱਚੇ ਬੀਮਾਰ ਹੋ ਗਏ।
* 30 ਅਕਤੂਬਰ, 2024 ਨੂੰ ‘ਆਸਿਫਾਬਾਦ’ (ਤੇਲੰਗਾਨਾ) ਦੇ ‘ਵਾਨਕਿਡੀ’ ਸਥਿਤ ਸਰਕਾਰੀ ‘ਆਸ਼ਰਮ ਹਾਈ ਸਕੂਲ’ ’ਚ ਇਕ ਸਮਾਗਮ ’ਚ ਪਰੋਸਿਆ ਭੋਜਨ ਖਾਣ ਨਾਲ 2 ਬੱਚਿਆਂ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ।
* 18 ਮਾਰਚ, 2025 ਨੂੰ ‘ਮਾਲਾਵੱਲੀ’ (ਮੇਘਾਲਿਆ) ਦੇ ਇਕ ਸਕੂਲ ’ਚ ਆਯੋਜਿਤ ਸਮਾਗਮ ’ਚ ਪਰੋਸਿਆ ਗਿਆ ਜ਼ਹਿਰੀਲਾ ਭੋਜਨ ਖਾਣ ਨਾਲ 2 ਬੱਚਿਆਂ ਦੀ ਮੌਤ ਹੋ ਗਈ।
* ਅਤੇ ਹੁਣ 27 ਮਾਰਚ, 2025 ਨੂੰ ਲਖਨਊ ਦੇ ‘ਪਾੜਾ’ ਇਲਾਕੇ ’ਚ ਮਾਨਸਿਕ ਤੌਰ ’ਤੇ ਕਮਜ਼ੋਰ ਬੱਚਿਆਂ ਦੇ ਸਰਕਾਰੀ ਮੁੜ-ਵਸੇਬਾ ਕੇਂਦਰ ’ਚ ਜ਼ਹਿਰੀਲਾ ਭੋਜਨ ਖਾਣ ਨਾਲ 5 ਬੱਚਿਆਂ ਦੀ ਮੌਤ ਅਤੇ 20 ਹੋਰ ਸਖਤ ਬੀਮਾਰ ਹੋ ਗਏ।
ਉਕਤ ਮੁੜ-ਵਸੇਬਾ ਕੇਂਦਰ ’ਚ ਪਹਿਲਾਂ ਫੂਡ ਪੁਆਇਜ਼ਨਿੰਗ ਨਾਲ 2 ਬੱਚਿਆਂ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਅਤੇ ਫਿਰ ਦੱਸਿਆ ਕਿ 4 ਬੱਚਿਆਂ ਦੀ ਮੌਤ ਹੋਈ ਹੈ ਅਤੇ ਹੁਣ ਪੰਜਵੀ ਮੌਤ ਦੀ ਗੱਲ ਵੀ ਸਾਹਮਣੇ ਆ ਗਈ ਹੈ।
ਉਪਰੋਕਤ ਲਗਭਗ ਸਾਰੇ ਮਾਮਿਲਆਂ ’ਚ ਇਨ੍ਹਾਂ ਕੇਂਦਰਾਂ ਦੇ ਸੰਚਾਲਕਾਂ ਦੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਲਈ ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ।
–ਵਿਜੇ ਕੁਮਾਰ