ਚਿੱਟੇ ਨੇ ਉਜਾੜਿਆ ਇਕ ਹੋਰ ਘਰ, ਨਸ਼ੇ ਵਾਲਾ ਟੀਕਾ ਲਾਉਣ ਕਾਰਨ ਨੌਜਵਾਨ ਦੀ ਮੌਤ

08/14/2022 5:59:06 PM

ਭਾਈਰੂਪਾ(ਸ਼ੇਖਰ): ਅੱਜ ਫੂਲ ਟਾਊਨ ਵਿਖੇ ਚਿੱਟੇ/ਨਸ਼ੇ ਦੀ ਓਵਰਡੋਜ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਥਾਣਾ ਫੂਲ ਵਿਖੇ ਦਰਜ ਕਰਵਾਏ ਬਿਆਨਾਂ ਵਿਚ ਸਰਬਜੀਤ ਕੌਰ ਪੁੱਤਰੀ ਗੁਰਮੇਲ ਸਿੰਘ ਵਾਸੀ ਫੂਲ ਟਾਊਨ ਨੇ ਦੱਸਿਆ ਕਿ ਉਸ ਦਾ ਵਿਆਹ 13-14 ਸਾਲ ਪਹਿਲਾਂ ਲਖਵਿੰਦਰ ਸਿੰਘ ਵਾਸੀ ਮਲੋਟ ਨਾਲ ਹੋਇਆ ਸੀ ਪਰ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੇ ਪੇਕੇ ਪਿੰਡ ਫੂਲ ਵਿਖੇ ਹੀ ਰਹਿ ਰਹੀ ਹੈ। ਉਨ੍ਹਾਂ ਦੇ ਘਰ ਦੇ ਨਾਲ ਹੀ ਉਸ ਦੇ ਚਾਚੇ ਕਿਰਪਾਲ ਸਿੰਘ ਦਾ ਘਰ ਹੈ। 

ਇਹ ਵੀ ਪੜ੍ਹੋ- 15 ਅਗਸਤ ਤੋਂ ਪਹਿਲਾਂ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ, 4 ਅੱਤਵਾਦੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਅੱਜ ਸਵੇਰੇ 8:30 ਵਜੇ ਜਦੋਂ ਉਹ ਆਪਣੇ ਚਾਚੇ ਕਿਰਪਾਲ ਸਿੰਘ ਦੇ ਘਰ ਆਪਣੇ ਚਾਚੇ ਦੇ ਮੁੰਡੇ ਜਸਵੀਰਪਾਲ ਸਿੰਘ ਨੂੰ ਕਿਸੇ ਕੰਮ ਵਾਸਤੇ ਬੁਲਾਉਣ ਲਈ ਗਈ ਤਾਂ ਜਸਪਿਆਰ ਸਿੰਘ ਜੱਸਾ ਵਾਸੀ ਫੂਲ ਜਸਵੀਰਪਾਲ ਸਿੰਘ ਦੀ ਬਾਂਹ ਵਿਚ ਨਸ਼ੇ ਦਾ ਟੀਕਾ ਲਗਾ ਰਿਹਾ ਸੀ। ਜਦੋਂ ਉਸ ਨੇ ਪੁੱਛਿਆ ਕਿ ਜਸਵੀਰ ਹਜੇ ਉੱਠਿਆ ਨਹੀਂ ਤਾਂ ਜਸਪਿਆਰ ਸਿੰਘ ਸਰਿੰਜ ਸਮੇਤ ਆਪਣੀ ਸਕੂਟਰੀ 'ਤੇ ਉਥੋਂ ਭੱਜ ਗਿਆ। ਉਪਰੰਤ ਜਦੋਂ ਜਸਵੀਰਪਾਲ ਸਿੰਘ ਨੂੰ ਹਿਲਾ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਸਰੀਰ ਕੋਈ ਹਰਕਤ ਨਹੀਂ ਕਰ ਰਿਹਾ ਸੀ। ਇਸ ਪਿੱਛੋਂ ਆਂਢ-ਗੁਆਂਢ ਨੂੰ ਸੱਦਿਆ ਗਿਆ ਤਾਂ ਪਤਾ ਲੱਗਿਆ ਕਿ ਜਸਵੀਰਪਾਲ ਦੀ ਮੌਤ ਹੋ ਗਈ ਹੈ। ਸਰਬਜੀਤ ਕੌਰ ਨੇ ਕਿਹਾ ਕਿ ਉਸ ਦੇ ਚਾਚੇ ਦੇ ਮੁੰਡੇ ਦੀ ਮੌਤ ਜਸਪਿਆਰ ਸਿੰਘ ਜੱਸਾ ਵੱਲੋਂ ਚਿੱਟੇ ਦੀ ਓਵਰਡੋਜ ਦੇਣ ਨਾਲ ਹੀ ਹੋਈ ਹੈ। ਇਸ ਸਬੰਧੀ ਥਾਣਾ ਫੂਲ ਵਿਖੇ ਜਸਪਿਆਰ ਸਿੰਘ ਜੱਸਾ ਵਿਰੁੱਧ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
 


Simran Bhutto

Content Editor

Related News