ਦਿਆਲਪੁਰ ਥਾਣੇ ''ਚੋਂ ਹਥਿਆਰ ਗਾਇਬ ਕਰਨ ਵਾਲਾ ਮੁਨਸ਼ੀ ਹੁਣ ਤੱਕ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ

12/05/2022 4:33:15 PM

ਬਠਿੰਡਾ (ਵਰਮਾ) : ਹੌਲਦਾਰ ਸੰਦੀਪ ਸਿੰਘ ਨੇ ਇਕ ਸਾਲ ਪਹਿਲਾਂ ਥਾਣਾ ਦਿਆਲਪੁਰਾ ਵਿਚ ਮੁਨਸ਼ੀ ਵਜੋਂ ਤਾਇਨਾਤ ਹੁੰਦਿਆਂ ਵੱਖ-ਵੱਖ ਕਿਸਮਾਂ ਦੇ 12 ਹਥਿਆਰ ਇਕ-ਇਕ ਕਰ ਕੇ ਗਾਇਬ ਕੀਤੇ ਸਨ। ਇਸ ਗੱਲ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਕੁਝ ਮਹੀਨੇ ਪਹਿਲਾਂ ਸੀ. ਆਈ. ਏ. ਸਟਾਫ ਵਨ ਦੀ ਟੀਮ ਵੱਲੋਂ ਦੋ ਨਸ਼ਾ ਸਮੱਗਲਰਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਕਤ ਨਸ਼ਾ ਸਮੱਗਲਰਾਂ ਨੇ ਅਸਲਾ ਮੁਨਸ਼ੀ ਸੰਦੀਪ ਤੋਂ ਖਰੀਦਿਆ ਸੀ। ਉਪਰੋਕਤ ਮਾਮਲਿਆਂ ਦੇ ਖ਼ੁਲਾਸੇ ਤੋਂ ਬਾਅਦ ਐੱਸ. ਐੱਸ. ਪੀ. ਜੇ ਏਲਨਚੇਲੀਅਨ ਨੇ ਕੇਸ ਦੀ ਜਾਂਚ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਸੀ, ਜਿਸ ਵਿਚ ਡੀ. ਐੱਸ. ਪੀ. ਆਸ਼ਵੰਤ ਸਿੰਘ ਰਾਮਪੁਰਾ ਫੂਲ ਸ਼ਾਮਲ ਹੋਏ।

ਇਹ ਵੀ ਪੜ੍ਹੋ- ਲੁਧਿਆਣਾ ਤੋਂ ਸੰਗਰੂਰ ਹੈਲੀਕਾਪਟਰ 'ਤੇ ਲਾੜੀ ਵਿਆਹੁਣ ਪਹੁੰਚਿਆ ਲਾੜਾ, ਮਹਿਮਾਨਾਂ ਨੂੰ ਵੰਡੇ ਬੂਟੇ

ਪਿਛਲੇ ਦਿਨੀਂ ਐੱਸ. ਆਈ. ਟੀ. ਨੇ ਆਪਣੀ ਜਾਂਚ ਰਿਪੋਰਟ ਐੱਸ. ਐੱਸ. ਪੀ. ਨੂੰ ਸੌਂਪੀ ਸੀ। ਇਸ ਜਾਂਚ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਮੁਲਜ਼ਮ ਮੁਨਸ਼ੀ ਸੰਦੀਪ ਸਿੰਘ ਨੇ ਦੋ ਵਿਅਕਤੀਆਂ ਵਾਸੀ ਮੋਗਾ ਜ਼ਿਲ੍ਹਾ ਨਿਹਾਲ ਸਿੰਘ ਨਾਲ ਮਿਲ ਕੇ ਥਾਣਾ ਸਦਰ ਦੇ ਗੋਦਾਮ ਵਿੱਚੋਂ 12 ਹਥਿਆਰ ਗਾਇਬ ਕੀਤੇ ਸਨ। ਇਸ ਤੋਂ ਇਲਾਵਾ ਉਸ ਨੇ ਥਾਣਾ ਮੱਲਖਾਨਾ ’ਚ ਰੱਖੀ 7 ਲੱਖ ਰੁਪਏ ਦੀ ਡਰੱਗ ਮਨੀ ਨੂੰ ਖੁਰਦ-ਬੁਰਦ ਕਰ ਦਿੱਤਾ ਸੀ। ਇਸ ਜਾਂਚ ਰਿਪੋਰਟ ਦੇ ਆਧਾਰ ’ਤੇ ਐੱਸ. ਐੱਸ. ਪੀ. ਨੇ ਮੁਲਜ਼ਮ ਮੁਨਸ਼ੀ ਖ਼ਿਲਾਫ਼ ਧਾਰਾ 409 ਤਹਿਤ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਸਨ।  ਇਸ ਮਾਮਲੇ ਵਿਚ ਪੁਲਸ ਨੇ ਮੁਲਜ਼ਮ ਮੁਨਸ਼ੀ ਸੰਦੀਪ ਸਿੰਘ ਖ਼ਿਲਾਫ਼ ਥਾਣਾ ਦਿਆਲਪੁਰਾ ਵਿਚ ਹੀ ਕੇਸ ਦਰਜ ਕੀਤਾ ਸੀ ਪਰ ਇਸ ਮਾਮਲੇ ਵਿਚ ਅਜੇ ਤਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਫਿਲਹਾਲ ਪੁਲਸ ਦੀਆਂ ਟੀਮਾਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ।

ਇਹ ਵੀ ਪੜ੍ਹੋ- ਪਤਨੀ ਤੇ ਸਾਲੇ ਤੋਂ ਦੁਖ਼ੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸੀਆਂ ਕਰਤੂਤਾਂ

ਇਸ ਮਾਮਲੇ ਵਿਚ ਨਵਾਂ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਮੁੱਦਕੀ ਪੁਲਸ ਨੇ ਬੀਤੇ ਦਿਨ ਸਤਨਾਮ ਸਿੰਘ ਅਤੇ ਕੁਲਵਿੰਦਰ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੂੰ ਤਿੰਨ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਪੁਲਸ ਨੂੰ ਦੱਸਿਆ ਕਿ ਥਾਣਾ ਦਿਆਲਪੁਰਾ ਦੇ ਮੁਨਸ਼ੀ ਸੰਦੀਪ ਸਿੰਘ ਨੇ ਉਨ੍ਹਾਂ ਨੂੰ ਤਿੰਨੋਂ ਹਥਿਆਰ 38 ਬੋਰ, 32 ਬੋਰ ਰਿਵਾਲਵਰ ਅਤੇ 315 ਬੋਰ ਵੇਚਣ ਲਈ ਦਿੱਤੇ ਸਨ। ਫਿਲਹਾਲ ਦੋਵੇਂ ਦੋਸ਼ੀ ਮੁੱਦਕੀ ਪੁਲਸ ਦੇ ਰਿਮਾਂਡ ’ਤੇ ਹਨ, ਜਿਸ ਕਾਰਨ ਬਠਿੰਡਾ ਪੁਲਸ ਹੁਣ ਮੁਲਜ਼ਮਾਂ ਦਾ ਰਿਮਾਂਡ ਖ਼ਤਮ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਐੱਸ. ਐੱਸ. ਪੀ. ਜੇ ਏਲਨਚੇਲੀਅਨ ਨੇ ਦੱਸਿਆ ਕਿ ਪੁਲਸ ਦੋਵਾਂ ਮੁਲਜ਼ਮਾਂ ਕੁਲਵਿੰਦਰ ਸਿੰਘ ਅਤੇ ਸਤਨਾਮ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਵੇਗੀ, ਜਿਸ ਤੋਂ ਬਾਅਦ ਪੁਲਸ ਕੋਲ ਵੱਡੇ ਖੁਲਾਸੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਮੁਖ ਮੁਲਜ਼ਮ ਸੰਦੀਪ ਸਿੰਘ ਨੂੰ ਫੜਨ ਲਈ ਲਗਾਤਾਰ ਯਤਨ ਕਰ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News