ਪਿੰਡ ਦਾਨ ਸਿੰਘ ਵਾਲਾ ਦੀ ਘਟਨਾ ਦੀ ਹੋਵੇ ਜੂਡੀਸ਼ੀਅਲ ਜਾਂਚ : ਸਾਬਕਾ ਵਿਧਾਇਕ ਗੁਰਾ ਤੁੰਗਵਾਲੀ
Tuesday, Jan 14, 2025 - 05:08 PM (IST)
ਬਠਿੰਡਾ : ਬੀਤੇ ਦਿਨੀਂ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਵਿਖੇ ਨਸ਼ਾ ਵੇਚਣ ਵਾਲਿਆਂ ਨੇ ਪਿੰਡ 'ਚ ਲੋਕਾਂ ਦੇ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਜਿਸ ਵਿਚੋਂ ਲੋਕਾਂ ਨੇ ਆਪਣੇ ਬਲਦੇ ਘਰਾਂ 'ਚੋਂ ਮਸਾਂ ਭੱਜ ਕੇ ਜਾਨ ਬਚਾਈ। ਇਸ ਵਾਰਦਾਤ ਦੀਆਂ ਤਸਵੀਰਾਂ ਜਦੋਂ ਸਾਹਮਣੇ ਆਈਆਂ ਤਾਂ ਉਨ੍ਹਾਂ ਨੂੰ ਵੇਖ ਕੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਗਏ। ਲੋਕਾਂ ਦੇ ਘਰਾਂ ਦਾ ਸਮਾਨ ਜਿਨ੍ਹਾਂ ਵਿਚ ਘਰਾਂ ਦੀਆਂ ਪੇਟੀਆਂ, ਕੱਪੜੇ ਅਤੇ ਹੋਰ ਸਮਾਨ ਸੀ, ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸੜ ਕੇ ਸਵਾਹ ਹੋ ਗਿਆ।
ਇਸ ਘਟਨਾ ਤੋਂ ਬਾਅਦ ਪਿੰਡ ਦਾਨ ਸਿੰਘ ਵਾਲਾ ਵਿਖੇ ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਘਟਨਾ ਵਾਲੀ ਥਾਂ 'ਤੇ ਪਹੁੰਚੇ। ਜਿੱਥੇ ਉਨ੍ਹਾਂ ਨੇ ਪੀੜਤਾਂ ਦਾ ਹਾਲ ਜਾਣਿਆ। ਇਸ ਦੌਰਾਨ ਉਨ੍ਹਾਂ ਨੇ ਹਮਲੇ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਮਾਮਲੇ ਦੀ ਜੂਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਵਿਚ ਪੈਟਰੋਲ ਬੰਬ ਬਣਾ ਕੇ ਲੋਕਾਂ ਦੇ ਘਰਾਂ 'ਤੇ ਸੁੱਟੇ ਗਏ ਹਨ, ਜੋ ਕਿ ਇਕ ਸਾਜ਼ਿਸ਼ ਦੇ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਤਰ੍ਹਾਂ ਦੀ ਵਾਰਦਾਤ ਕਰਨ ਵਾਲਿਆਂ ਨੂੰ ਜਲਦ ਤੋਂ ਜਲਦ ਫੜਿਆ ਜਾਣਾ ਚਾਹੀਦਾ ਹੈ ਜਦਕਿ ਪੁਲਸ ਨੇ ਮੁੱਖ ਮੁਲਜ਼ਮਾਂ ਨੂੰ ਛੱਡ ਕੇ ਸਿਰਫ 5 ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਪੁਲਸ ਦੀ ਇਸ ਕਾਰਵਾਈ ਨੂੰ ਸਿਰਫ ਖਾਨਾਪੂਰਤੀ ਦੱਸਿਆ ਗਿਆ ਹੈ।