ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Saturday, Feb 01, 2025 - 05:10 PM (IST)

ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਭਗਤਾ ਭਾਈ (ਪਰਮਜੀਤ ਢਿੱਲੋਂ) : ਕਿਸਾਨ ਮਹਾਪੰਚਾਇਤ ਟੋਹਾਣਾ ਜਾਂਦੇ ਸਮੇਂ ਸੜਕ ਹਾਦਸੇ 'ਚ ਸ਼ਹੀਦ ਹੋਏ ਭਾਕਿਯੂ ਏਕਤਾ ਉਗਰਾਹਾਂ ਦੇ ਉੱਘੇ ਆਗੂ ਬਸੰਤ ਸਿੰਘ ਸਮੇਤ ਸਰਬਜੀਤ ਕੌਰ, ਬਲਵੀਰ ਕੌਰ, ਜਸਵੀਰ ਕੌਰ ਅਤੇ ਕਰਮ ਸਿੰਘ ਪੰਜੇ ਕੋਠਾਗੁਰੂ ਵਾਸੀਆਂ ਦੀ ਯਾਦ ਵਿਚ ਅੱਜ ਦਾਣਾ ਮੰਡੀ ਕੋਠਾਗੁਰੂ ਵਿਖੇ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਸੰਗਰਾਮੀ ਸ਼ਰਧਾਂਜਲੀ ਭੇਂਟ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਸ਼ਹੀਦਾਂ ਦੀ ਯਾਦ ਵਿਚ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰਨ ਮਗਰੋਂ ਆਕਾਸ਼ ਗੁੰਜਾਊ ਨਾਅਰਿਆਂ ਨਾਲ ਉਨ੍ਹਾਂ ਦੀਆਂ ਤਸਵੀਰਾਂ ਉੱਤੇ ਫੁੱਲ ਬਰਸਾਉਣ ਰਾਹੀਂ ਕੀਤੀ ਗਈ। ਇਸ ਮੌਕੇ ਸ਼ਹੀਦਾਂ ਦੀ ਕੁਰਬਾਨੀ ਦੀ ਜੈ ਜੈਕਾਰ ਕਰਦੇ ਅਤੇ ਉਨ੍ਹਾਂ ਦੇ ਅਧੂਰੇ ਕਾਰਜ ਪੂਰੇ ਕਰਨ ਬਾਰੇ ਨਾਅਰੇ ਸਟੇਜ ਤੋਂ ਪੂਰੇ ਪੰਡਾਲ ਵਿਚ ਗੂੰਜਦੇ ਰਹੇ। ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵਿਦਿਆਰਥੀਆਂ ਤੇ ਠੇਕਾ ਕਾਮਿਆਂ ਦੀਆਂ ਕਈ ਜਥੇਬੰਦੀਆਂ ਦੇ ਆਗੂ ਜੱਥੇ ਲੈ ਕੇ ਸ਼ਾਮਲ ਹੋਏ।

ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਵੱਖ ਵੱਖ ਬੁਲਾਰਿਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਬੇਵਕਤ ਸਦੀਵੀ ਵਿਛੋੜੇ ਦਾ ਗਹਿਰਾ ਦੁੱਖ ਸਾਰੇ ਪ੍ਰਵਾਰਾਂ ਅਤੇ ਪਿੰਡ ਵਾਸੀਆਂ ਸਮੇਤ ਜਥੇਬੰਦਕ ਕਾਰਕੁਨਾਂ ਆਗੂਆਂ ਨਾਲ ਸਾਂਝਾ ਕੀਤਾ ਗਿਆ। ਸੜਕ ਹਾਦਸੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਵੱਲੋਂ ਕਿਸਾਨ ਮਾਰੂ ਕੌਮੀ ਖੇਤੀ ਮੰਡੀ ਨੀਤੀ ਚੌਖਟਾ ਮੜ੍ਹਨ ਦਾ ਐਲਾਨ ਕਰਕੇ ਮੁਲਕ ਪੱਧਰੇ ਸੰਘਰਸ਼ ਲਈ ਗਹਿਰੀ ਧੁੰਦ ਵਿਚ ਕਿਸਾਨਾਂ ਨੂੰ ਮਜਬੂਰ ਕੀਤਾ ਗਿਆ। ਉਨ੍ਹਾਂ ਵੱਖ ਵੱਖ ਸ਼ਬਦਾਂ ਰਾਹੀਂ ਐਲਾਨ ਕੀਤੇ ਕਿ ਦੇਸ਼ ਦੇ ਸਾਰੇ ਕਿਰਤੀ ਵਰਗਾਂ ਉੱਤੇ ਨਿੱਜੀਕਰਨ ਸੰਸਾਰੀਕਰਨ ਵਪਾਰੀਕਰਨ ਦੀਆਂ ਸਾਮਰਾਜ ਪੱਖੀ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਜਾਨਹੂਲਵੇਂ ਜਨਤਕ ਸੰਘਰਸ਼ਾਂ ਨੂੰ ਹੋਰ ਵਿਸ਼ਾਲ ਅਤੇ ਤੇਜ਼ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

ਆਪਣੇ ਸੰਬੋਧਨ ਦੌਰਾਨ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਸ਼ਹੀਦਾਂ ਦੇ ਪ੍ਰਵਾਰਾਂ ਤੇ ਪਿੰਡ ਵਾਸੀਆਂ ਨਾਲ ਗਹਿਰਾ ਦੁੱਖ ਸਾਂਝਾ ਕਰਦਿਆਂ ਐਲਾਨ ਕੀਤਾ ਕਿ ਸ਼ਹੀਦਾਂ ਦੇ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਲਈ ਕੋਈ ਕਸਰ ਨਹੀਂ ਰਹਿਣ ਦੇਣਗੇ। ਉਨ੍ਹਾਂ ਐਲਾਨ ਕੀਤਾ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ 13 ਫਰਵਰੀ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਊਂਦ ਵਿਖੇ ਜ਼ਮੀਨੀ ਸੰਗਰਾਮ ਕਾਨਫਰੰਸ ਕੀਤੀ ਜਾਵੇਗੀ। ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਖੇਤੀ ਮੰਡੀਕਰਨ ਨੀਤੀ ਚੌਖਟੇ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ 8,9 ਫਰਵਰੀ ਨੂੰ ਦੇਸ਼ ਭਰ ਵਿਚ ਸੰਸਦ ਮੈਂਬਰਾਂ ਨੂੰ ਵੱਡੇ ਜਨਤਕ ਵਫਦਾਂ ਰਾਹੀਂ ਮੰਗ ਪੱਤਰ ਸੌਂਪਣ ਦੇ ਪ੍ਰੋਗਰਾਮ ਵੀ ਤਾਣ ਲਾ ਕੇ ਨੇਪਰੇ ਚਾੜ੍ਹਿਆ ਜਾਵੇਗਾ। ਜਸਪਾਲ ਸਿੰਘ ਕੋਠਾਗੁਰੂ ਬਲਾਕ ਪ੍ਰਧਾਨ ਬੀ ਕੇ ਯੂ ਉਗਰਾਹਾਂ ਵੱਲੋਂ ਸਮਾਗਮ ਵਿਚ ਸ਼ਾਮਲ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਹੋਰ ਬੁਲਾਰਿਆਂ ਵਿਚ ਹਰਿੰਦਰ ਕੌਰ ਬਿੰਦੂ ਤੇ ਸ਼ਿੰਗਾਰਾ ਸਿੰਘ ਮਾਨ ਬੀ ਕੇ ਯੂ ਉਗਰਾਹਾਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਗੁਰਦੀਪ ਸਿੰਘ ਰਾਮਪੁਰਾ ਬੀ ਕੇ ਯੂ ਡਕੌਂਦਾ (ਧਨੇਰ),ਬਲਕਰਨ ਸਿੰਘ ਬਰਾੜ ,ਕੁੱਲ ਹਿੰਦ ਕਿਸਾਨ ਸਭਾ, ਕਮਲਜੀਤ ਸਿੰਘ ਬੀ ਕੇ ਯੂ ਉਗਰਾਹਾਂ ਹਰਿਆਣਾ, ਜਗਮੇਲ ਸਿੰਘ ਲੋਕ ਮੋਰਚਾ ਪੰਜਾਬ, ਅਮੋਲਕ ਸਿੰਘ ਪਲਸ ਮੰਚ,ਜੋਰਾ ਸਿੰਘ ਨਸਰਾਲੀ ਪੰਜਾਬ ਖੇਤ ਮਜ਼ਦੂਰ ਯੂਨੀਅਨ, ਬਿੱਕਰ ਸਿੰਘ ਪੂਹਲਾ ਪੀ ਐਸ ਯੂ ਸ਼ਹੀਦ ਰੰਧਾਵਾ,ਪ੍ਰਸ਼ੋਤਮ ਸਿੰਘ ਮਹਿਰਾਜ ਬੀ ਕੇ ਯੂ ਕ੍ਰਾਂਤੀਕਾਰੀ ਸ਼ਾਮਲ ਸਨ। 


author

Gurminder Singh

Content Editor

Related News