ਹਾਲ-ਏ-ਪੰਜਾਬ! ਬਠਿੰਡਾ ਦੇ ਇਸ ਪਿੰਡ ''ਚ ਗੂਗਲ ਮੈਪ ''ਤੇ ਸਰਚ ਕਰਨ ''ਤੇ ਮਿਲ ਜਾਂਦੀ ਹੈ ਚਿੱਟੇ ਦੇ ਵਪਾਰੀ ਦੀ ਲੋਕੇਸ਼ਨ

03/16/2023 1:56:03 PM

ਗੋਨਿਆਣਾ ਮੰਡੀ (ਗੋਰਾ ਲਾਲ) : ਬੇਸ਼ੱਕ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਿਆਂ ’ਤੇ ਮੁਕੰਮਲ ਲਗਾਮ ਲਗਾਉਣ ਦੀ ਗੱਲ ਕਰ ਰਹੀ ਹੈ ਪਰ ਸਰਕਾਰ ਬਣਿਆ ਲਗਭਗ ਇਕ ਸਾਲ ਦੇ ਕਰੀਬ ਹੋ ਚੱਲਿਆ ਹੈ। ਪਿੰਡਾਂ ਵਿਚ ਵਿਕ ਰਿਹਾ ਬੇਲਗਾਮ ਚਿੱਟਾ ਸਰਕਾਰ ਦਾ ਮੂੰਹ ਚਿੜਾ ਰਿਹਾ ਹੈ। ਇੱਥੋਂ ਨੇੜਲੇ ਪਿੰਡ ਗੋਨਿਆਣਾ ਕਲਾਂ ਦੇ ਕਈ ਵਸਨੀਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਪਿੰਡ ਵਿਚ ਚਿੱਟੇ ਨੇ ਇਸ ਕਦਰ ਕੋਹਰਾਮ ਮਚਾਇਆ ਹੋਇਆ ਹੈ ਕਿ ਹਰ ਉਮਰ ਦੇ ਵਿਅਕਤੀ ਇਸ ਭਿਆਨਕ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਪਿੰਡ ਵਿਚ ਅਵਾਰਾਗਰਦੀ ਕਰਦੇ ਨਸ਼ੇੜੀ ਆਮ ਦੇਖੇ ਜਾ ਸਕਦੇ ਹਨ। ਹੋਰ ਤਾਂ ਹੋਰ ਨਸ਼ੇ ਦੇ ਵਪਾਰੀਆਂ ਵੱਲੋਂ ਪਿੰਡ ਵਿਚ ਸਕੀਮਾਂ ਲਾਗੂ ਕੀਤੀਆਂ ਜਾਂਦੀਆਂ ਹਨ ਕਿ 8 ਲੋਕਾਂ ਨੂੰ ਚਿੱਟੇ ਦਾ ਨਸ਼ਾ ਕਰਨ ਲਈ ਲਿਆਓ ਅਤੇ ਆਪਣੇ ਲਈ ਲੋੜੀਂਦਾ ਚਿੱਟਾ ਫਰੀ ਲੈ ਜਾਓ ਚਿੱਟੇ ਦੇ ਵਪਾਰੀਆਂ ਖ਼ਿਲਾਫ਼ ਸ਼ਿਕਾਇਤਕਰਤਾ ਜਾਂ ਜ਼ਬਾਨ ਖੋਲ੍ਹਣ ਵਾਲੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਮ ਮਿਲਦੀਆਂ ਹਨ।

ਇਹ ਵੀ ਪੜ੍ਹੋ- ਕੋਟਕਪੂਰਾ ਗੋਲ਼ੀਕਾਂਡ : ਮੁਸ਼ਕਿਲਾਂ 'ਚ ਘਿਰੇ ਸੁਖਬੀਰ ਬਾਦਲ, ਅਦਾਲਤ ਨੇ ਰੱਦ ਕੀਤੀ ਅਗਾਊਂ ਜ਼ਮਾਨਤ ਅਰਜ਼ੀ

ਪ੍ਰਸ਼ਾਸਨ ਅਤੇ ਸਰਕਾਰ ਇਸ ਕਦਰ ਗੂੜ੍ਹੀ ਨੀਂਦ ਸੁੱਤਾ ਹੋਇਆ ਹੈ ਕਿ ਆਮ ਲੋਕਾਂ ਦਾ ਸੌਣਾ ਮੁਹਾਲ ਹੋ ਚੁੱਕਿਆ ਹੈ। ਪਿੰਡ ਦੇ ਹੀ ਕਈ ਅਗਾਂਹ-ਵਧੂ ਸੋਚ ਰੱਖਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਸਾਡੇ ਵੱਲੋਂ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਦੇ ਨੁਮਾਇੰਦਿਆਂ ਤਕ ਕਾਫ਼ੀ ਵਾਰ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਗਈ ਹੈ ਪਰ ਹੁਣ ਤਕ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ, ਉਨ੍ਹਾਂ ਸਰਕਾਰ ’ਤੇ ਗਿਲਾ ਕਰਦੇ ਹਨ ਕਿ ਹੁਣ ਤਾਂ ਪੰਜਾਬ ਦੀ ਸਰਕਾਰ ਤੋਂ ਨਸ਼ਿਆਂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਆਸ ਮੁੱਕ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਇਸੇ ਪਿੰਡ ਦੇ ਕੁਝ ਨੌਜਵਾਨਾਂ ਵੱਲੋਂ ਬਾਹਰਲੇ ਨਸ਼ੇੜੀਆਂ ਨੂੰ ਪਿੰਡ ’ਚ ਆਉਣ ਤੋਂ ਰੋਕਣ ’ਤੇ ਵੀ ਕਾਫ਼ੀ ਹੰਗਾਮਾ ਹੋਇਆ ਸੀ। ਪੁਲਸ ਪ੍ਰਸ਼ਾਸ਼ਨ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਵਜੋਂ ਇਨ੍ਹਾਂ ਸਮਾਜ ਸੇਵੀ ਨੌਜਵਾਨਾਂ ’ਤੇ ਹੀ ਪਰਚੇ ਦਰਜ ਕਰ ਦਿੱਤੇ ਗਏ ਸਨ। ਇਸ ਡਰੋਂ ਵੀ ਹੁਣ ਕੋਈ ਨਸ਼ੇ ਦੇ ਵਪਾਰੀਆਂ ਦੇ ਖ਼ਿਲਾਫ਼ ਆਵਾਜ਼ ਚੁੱਕਣ ਲਈ ਤਿਆਰ ਨਹੀਂ ਹੋ ਰਿਹਾ, ਕਿਉਂਕਿ ਪਹਿਲਾਂ ਜਿਨ੍ਹਾਂ ਨੌਜਵਾਨਾਂ ’ਤੇ ਪਰਚੇ ਦਰਜ ਹੋਏ ਹਨ, ਉਹ ਕਾਫ਼ੀ ਛੋਟੀ ਉਮਰ ਦੇ ਨੌਜਵਾਨ ਸਨ ਅਤੇ ਜਿਨ੍ਹਾਂ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗ ਚੁੱਕਿਆ ਹੈ।

ਗੂਗਲ ਮੈਪ ’ਤੇ ਮਿਲ ਜਾਂਦੀ ਚਿੱਟੇ ਦੇ ਵਪਾਰੀ ਦੀ ਲੋਕੇਸ਼ਨ

ਇਸੇ ਤਰ੍ਹਾਂ ਹੀ ਜੇਕਰ ਇੱਥੋਂ ਨਜ਼ਦੀਕੀ ਪਿੰਡ ਹਰਰਾਏਪੁਰ ਦੀ ਗੱਲ ਕੀਤੀ ਜਾਵੇ ਤਾਂ ਉਸ ਪਿੰਡ ਵਿਚ ਵੀ ਹਰ ਗਲੀ-ਮੁਹੱਲੇ ਵਿਚ ਹੀ ਚਿੱਟੇ ਦਾ ਵਪਾਰੀ ਮਿਲ ਸਕਦਾ ਹੈ। ਪਿੰਡ ਹਰਰਾਏਪੁਰ ਤੋਂ ਪਿੰਡ ਜੰਡਾਂ ਵਾਲਾ ਨੂੰ ਜਾਣ ਵਾਲੀ ਸੜਕ ਉਪਰ ਤਾਂ ਤੁਸੀਂ ਗੂਗਲ ਮੈਪ ’ਤੇ ਚਿੱਟੇ ਦਾ ਵਪਾਰੀ ਦੀ ਲੋਕੇਸ਼ਨ ਭਰ ਕੇ ਚਿੱਟੇ ਦੇ ਵਪਾਰੀਆਂ ਤਕ ਪਹੁੰਚ ਸਕਦੇ ਹੋਣ ਪਰ ਪੁਲਸ ਹੈ ਜੋ ਕੇ ਹੱਥਾਂ ’ਤੇ ਹੱਥ ਧਰ ਕੇ ਜਾਣਕਾਰੀ ਦੀ ਉਡੀਕ ਕਰ ਰਹੀ ਹੈ, ਜਦੋਂ ਕੇ ਗੂਗਲ ਮੈਪ ਬੋਲ ਬੋਲ ਕੇ ਚਿੱਟੇ ਦੇ ਵਪਾਰੀਆਂ ਦਾ ਅਡਰੈਸ ਦੱਸ ਰਿਹਾ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਗੂਗਲ ਮੈਪ ਵਰਗੀ ਇੰਨੀ ਵੱਡੀ ਟੈਕਨਾਲੌਜੀ ਵਿਚ ਵੀ ਚਿੱਟੇ ਦੇ ਵਪਾਰੀਆਂ ਦਾ ਐਡਰੈੱਸ ਦਰਜ ਹੋਵੇ।

ਜੀਦਾ ਪਿੰਡ ਦਾ 8ਵਾਂ ਨੌਜਵਾਨ ਚਿੱਟੇ ਦੇ ਨਸ਼ੇ ਦਾ ਸ਼ਿਕਾਰ

ਇਸੇ ਤਰ੍ਹਾਂ ਹੀ ਇੱਥੋਂ ਨਜ਼ਦੀਕੀ ਪੈਂਦੇ ਪਿੰਡ ਜੀਦਾ ਦੀ ਗੱਲ ਕਰੀਏ ਤਾਂ ਉਸ ਪਿੰਡ ਵਿਚ ਵੀ ਸੂਤਰਾਂ ਦੀ ਜਾਣਕਾਰੀ ਅਨੁਸਾਰ ਹਰ ਗਲੀ-ਮਹੱਲੇ ਵਿਚ ਚਿੱਟੇ ਦੇ ਕਈ ਕਈ ਵਪਾਰੀ ਬੈਠੇ ਹਨ ਅਤੇ ਹਰ ਛੇਵੇ ਘਰ ਚਿੱਟਾ ਵਿਕ ਰਿਹਾ ਹੈ ਅਤੇ ਪਿੰਡ ਦਾ ਹਰ 8ਵਾਂ ਨੌਜਵਾਨ ਇਸ ਨਸ਼ੇ ਦਾ ਸ਼ਿਕਾਰ ਵੀ ਹੋ ਚੁੱਕਿਆ ਹੈ ਪਿੰਡ ਦੇ ਬੁੱਧੀਜੀਵੀ ਨੌਜਵਾਨਾਂ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਹਰ ਆਉਣ ਜਾਣ ਵਾਲੇ ਅਤੇ ਪਿੰਡ ਦੇ ਬੰਦੇ ਨੂੰ ਪਤਾ ਹੈ ਕਿ ਇਸ ਪਿੰਡ ਵਿਚ ਹੀ ਚਿੱਟੇ ਦੇ ਵਪਾਰੀ ਬਹੁਤ ਹਨ ਅਤੇ ਇਸ ਪਿੰਡ ਦੇ ਨੌਜਵਾਨ ਵੀ ਇਸ ਚਿੱਟੇ ਦੇ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕੇ ਹਨ ਪਰ ਥਾਣਾ ਨੇਹੀਆਂ ਵਾਲਾ ਦੀ ਪੁਲਸ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਇਸ ਨੂੰ ਕੀ ਸਮਝਿਆ ਜਾਵੇ ਜਾਂ ਤਾਂ ਪੁਲਸ ਜਾਣਬੁਝ ਕੇ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀ ਜਾਂ ਪੁਲਸ ਅਫਸਰਾਂ ਨੂੰ ਇਨ੍ਹਾਂ ਚਿੱਟੇ ਦੇ ਵਪਾਰੀਆਂ ਤੋਂ ਮੋਟੀ ਕਮਾਈ ਮਿਲਦੀ ਹੈ। 

ਇਹ ਵੀ ਪੜ੍ਹੋ- ਸੁਨਾਮ 'ਚ ਵਾਪਰਿਆ ਦਰਦਨਾਕ ਹਾਦਸਾ, 2 ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ 4 ਦੀ ਮੌਤ

ਕੀ ਕਹਿੰਦੇ ਹਨ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ

ਇਸ ਸਬੰਧੀ ਗੱਲ ਕਰਦਿਆਂ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਜੇਕਰ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਸਾਨੂੰ ਜ਼ਰੂਰ ਮੁਹੱਈਆ ਕਰਵਾਓ। ਅਸੀਂ ਉਨ੍ਹਾਂ ਨਸ਼ਾ ਸਮੱਗਲਰਾਂ ਖ਼ਿਲਾਫ਼ ਜ਼ਰੂਰ ਕਾਰਵਾਈ ਕਰਾਂਗੇ, ਉਨ੍ਹਾਂ ਪਿੰਡ ਹਰਰਾਏਪੁਰ ਬਾਰੇ ਦੱਸਿਆ ਕਿ ਇਸ ਪਿੰਡ ਵਿਚ ਪੁਲਸ ਵੱਲੋਂ ਵੱਡੀ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

ਪਿੰਡ ਵਾਸੀਆਂ ਵੱਲੋਂ ਭੇਜੀ ਗਈ ਲਿਸਟ ਸਾਨੂੰ ਮਿਲ ਚੁੱਕੀ ਹੈ : ਪੀ. ਏ.

ਜਦੋਂ ਇਸ ਸਬੰਧੀ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਪੀ. ਏ. ਵੱਲੋਂ ਫੋਨ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਭੇਜੀ ਗਈ ਲਿਸਟ ਸਾਨੂੰ ਮਿਲ ਚੁੱਕੀ ਹੈ। ਪ੍ਰਸ਼ਾਸਨ ਨਾਲ ਮਿਲ ਕੇ ਇਸ ਮਾਰੂ ਨਸ਼ੇ ਦੇ ਖਿਲਾਫ਼ ਇਕ ਮੁਹਿੰਮ ਵਿੱਢੀ ਹੋਈ ਹੈ, ਜਿਸ ’ਤੇ ਬਹੁਤ ਜਲਦੀ ਸਖਤ ਕਾਰਵਾਈ ਦੇਖਣ ਨੂੰ ਮਿਲੇਗੀ ਇਸ ਮੁਹਿੰਮ ਤਹਿਤ ਹੀ ਪਿਛਲੇ ਦਿਨੀਂ ਪਿੰਡ ਹਰਰਾਏਪੁਰ ਤੋਂ ਨਸ਼ਾ ਸਮੱਗਲਰ ਕਾਬੂ ਕੀਤੇ ਗਏ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 


Simran Bhutto

Content Editor

Related News