ਮੁਸਲਮਾਨ ਬਜ਼ੁਰਗ ਦੇ ਵਾਇਰਲ ਵੀਡੀਓ ਦੇ ਮਾਮਲੇ ’ਚ ਹੁਣ ਤੱਕ ਕੀ-ਕੀ ਹੋਇਆ, ਇਹ ਹਨ ਅਣਸੁਲਝੇ ਸਵਾਲ-ਗਰਾਊਂਡ ਰਿਪੋਰਟ

06/18/2021 4:21:41 PM

ਪੀੜਤ ਅਬਦੁੱਲ ਸਮਦ ਸੈਫ਼ੀ
BBC

ਦਿੱਲੀ ਦੇ ਨਾਲ ਲਗਦੇ ਗਾਜ਼ੀਆਬਾਦ ਦੇ ਲੋਨੀ ਬਾਰਡਰ ’ਤੇ ਪੰਜ ਜੂਨ ਨੂੰ ਇੱਕ ਮੁਸਲਮਾਨ ਬਜ਼ੁਰਗ ਨਾਲ ਕੁੱਟਮਾਰ ਹੋਈ। ਘਟਨਾ ਦਾ ਐਡਿਟ ਕੀਤਾ ਹੋਇਆ ਵੀਡੀਓ ਸੋਸ਼ਲ ਮੀਡੀਆ ''ਤੇ ਖ਼ੂਬ ਵਾਇਰਲ ਹੋਇਆ।

ਵੀਡੀਓ ਵਿੱਚ ਪੀੜਤ ਅਬਦੁੱਲ ਸੈਫ਼ੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਆਟੋ ਵਿੱਚ ਸਵਾਰ ਕੁਝ ਜਣਿਆਂ ਨੇ ਅਗਵਾ ਕੀਤਾ, ਕੁੱਟਮਾਰ ਕੀਤੀ ਅਤੇ ਦਾੜ੍ਹੀ ਕਤਰ ਦਿੱਤੀ ਅਤੇ ਜੈ ਸ਼੍ਰੀ ਰਾਮ ਦਾ ਨਾਅਰਾ ਲਾਉਣ ਲਈ ਮਜਬੂਰ ਕੀਤਾ।

ਜਦਕਿ ਗਾਜ਼ੀਆਬਾਦ ਪੁਲਿਸ ਦਾ ਦਾਅਵਾ ਹੈ ਕਿ ਘਟਨਾ ਨੂੰ ਜਾਣ-ਬੁੱਝ ਕੇ ਫਿਰਕੂ ਰੰਗਣ ਦਿੱਤੀ ਗਈ ਹੈ।

ਇਸ ਘਟਨਾ ਦੇ ਦੋ ਕਿਨਾਰੇ ਹਨ ਇੱਕ ਗਾਜ਼ੀਆਬਾਦ ਦਾ ਲੋਨੀ ਬਾਰਡਰ ਜਿੱਥੋਂ ਦਾ ਇਹ ਵਾਕਿਆ ਹੈ ਅਤੇ ਦੂਜਾ ਬੁਲੰਦਸ਼ਹਿਰ ਜਿੱਥੇ ਘਟਨਾ ਤੋਂ ਬਾਅਦ ਬਜ਼ੁਰਗ ਰਹਿ ਰਹੇ ਹਨ। ਵੀਡੀਓ ਦੇ ਵਾਇਰਲ ਹੋਣ ਤੋਂ 10 ਦਿਨ ਬਾਅਦ ਬਜ਼ੁਰਗ ਪੁਲਿਸ ਦੇ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ:

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਸ ਘਟਨਾ ਬਾਰੇ ਟਵੀਟ ਕੀਤਾ, ਜਿਸ ਦੇ ਜਵਾਬ ਵਿੱਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸਿੱਧਾ ਉਨ੍ਹਾਂ ''ਤੇ ਹੀ ਮੋੜਵਾਂ ਹਮਾਲ ਕੀਤਾ, ਜਿਸ ਤੋਂ ਬਾਅਦ ਮਾਮਲਾ ਤੇਜ਼ ਹੋ ਗਿਆ।

ਗਾਜ਼ੀਆਬਾਦ ਪੁਲਿਸ ਨੇ ਇਸ ਮਾਮਲੇ ਵਿੱਚ ਸਣੇ ਟਵਿੱਟਰ ਕੁਝ ਜਣਿਆਂ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਹੈ।

ਘਟਨਾ ਦੀ ਗ੍ਰਾਊਂਡ ਰਿਪੋਰਟ ਲਈ ਬੀਬੀਸੀ ਨੇ ਆਪਣੇ ਦੋ ਪੱਤਰਕਾਰਾਂ ਕੀਰਤੀ ਦੂਬੇ ਨੂੰ ਲੋਨੀ ਬਾਰਡਰ ਅਤੇ ਦਿਲਨਵਾਜ਼ ਪਾਸ਼ਾ ਬੁਲੰਦਸ਼ਹਿਰ ਭੇਜਿਆ।

ਤਰੀਕ: 16 ਜੂਨ, ਸਥਾਨ: ਗਾਜ਼ੀਆਬਾਦ ਦਾ ਲੋਨੀ ਬਾਰਡਰ , ਰਿਪੋਰਟਰ-ਕੀਰਤੀ ਦੂਬੇ

ਪਰਵੇਸ਼ ਗੁੱਜਰ ਦਾ ਘਰ ਦਾ ਲੋਨੀ ਦੇ ਬੰਥਾਲੀ ਪਿੰਡ ਵਿੱਚ ਘਰ
BBC
ਪਰਵੇਸ਼ ਗੁੱਜਰ ਦਾ ਘਰ ਦਾ ਲੋਨੀ ਦੇ ਬੰਥਾਲੀ ਪਿੰਡ ਵਿੱਚ ਘਰ

ਘਟਨਾ ਦੇ ਮੁੱਖ ਮੁਲਜ਼ਮ ਪਰਵੇਸ਼ ਗੁੱਜਰ ਦੇ ਘਰ ਦੇ ਬਾਹਰ ਹੁਣ ਜਿੰਦਰਾ ਹੈ। ਪਿੰਡ ਵਾਸੀ ਕਿਸੇ ਵੀ ਬਾਹਰੀ ਵਿਅਕਤੀ ਨੂੰ ਦੇਖ ਕੇ ਘਰਾਂ ਦੇ ਅੰਦਰ ਚਲੇ ਜਾਂਦੇ ਹਨ।

ਕੋਈ ਵੀ ਨਾ ਹੀ ਪਰਵੇਸ਼ ਬਾਰੇ ਅਤੇ ਨਾ ਹੀ ਵੀਡੀਓ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਹੈ। ਲੋਕਾਂ ਵਿੱਚ ਅਜੀਬ ਕਿਸਮ ਦਾ ਭੈਅ ਹੈ ਜੋ ਚੁੱਪੀ ਦੀ ਸ਼ਕਲ ਵਿੱਚ ਨਜ਼ਰ ਆਉਂਦਾ ਹੈ।

ਗੁੱਜਰ ਦਾ ਪਰਿਵਾਰ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ 12 ਜੂਨ ਦਾ ਹੀ ਗਾਇਬ ਹੈ। ਘਰ ਤੋਂ 10 ਪੁਲਾਂਘਾਂ ਦੂਰ ਪਰਵੇਸ਼ ਦੀ ਮਾਸੀ ਫੂਲਵਤੀ ਦਾ ਪਰਿਵਾਰ ਰਹਿੰਦਾ ਹੈ। ਜਦੋਂ ਅਸੀਂ ਉਨ੍ਹਾਂ ਦੇ ਘਰ ਪਹੁੰਚੇ ਤਾਂ ਉਹ ਵਿਹੜੇ ਵਿੱਚ ਮੰਜੇ ''ਤੇ ਬੈਠੇ ਸਨ।

ਮੇਰੇ ਵੱਲੋਂ ਪਛਾਣ ਦੱਸੇ ਜਾਣ ਤੇ ਉਨ੍ਹਾਂ ਨੇ ਕਿਹਾ, "ਧੀਏ ਮੈਂ ਤਾਂ ਦੋ ਦਿਨ ਪਹਿਲਾਂ ਹੀ ਆਈ ਹਾਂ, ਮੈਨੂੰ ਨਹੀਂ ਪਤਾ ਕਿ ਉਸ ਦਿਨ ਕੀ ਹੋਇਆ ਸੀ।"

ਪਰਵੇਸ਼ ਦੀ ਮਾਸੀ ਫੂਲਵਤੀ
BBC
ਪਰਵੇਸ਼ ਦੀ ਮਾਸੀ ਫੂਲਵਤੀ

ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਉਹ ਕੁਝ ਖੁੱਲ੍ਹੇ ਅਤੇ ਕਹਿੰਦੇ, "ਇੱਕ ਮੌਲਾਨਾ ਆਉਂਦਾ ਸੀ ਉਨ੍ਹਾਂ ਦੇ ਘਰ। ਦੋ-ਤਿੰਨ ਮਹੀਨੇ ਪਹਿਲਾਂ ਹੀ ਪਰਵੇਸ਼ ਦੇ ਪਰਿਵਾਰ ਦੇ ਸੰਪਰਕ ਵਿੱਚ ਆਇਆ ਸੀ। ਪੁੜੀਆਂ-ਤਵੀਤ ਦਿੰਦਾ ਹੁੰਦਾ ਸੀ ਪਰ ਪਰਵੇਸ਼ ਦੇ ਪਰਿਵਾਰ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਕੁਝ ਠੀਕ ਨਹੀਂ ਹੋ ਰਿਹਾ ਸੀ।"

"ਮੌਲਾਨਾ ਦੀ ਦਵਾਈ ਪੀਣ ਦੇ 20 ਦਿਨਾਂ ਪਹਿਲਾਂ ਉਸ ਦੀ ਪਤਨੀ ਦਾ ਬੱਚਾ ਖ਼ਰਾਬ ਹੋ ਗਿਆ। ਤਿੰਨ ਜੂਨ ਨੂੰ ਉਸ ਦੇ ਪਿਤਾ ਸੁਰਿੰਦਰ ਦਾ ਐਕਸੀਡੈਂਟ ਹੋ ਗਿਆ। ਕੰਮ ਦਾ ਵੀ ਨੁਕਸਾਨ ਹੋਇਆ। ਉਸ ਦੇ ਕੋਲ ਇੱਕ ਡੀਜੇ ਅਤੇ ਕੈਂਟਰ ਸੀ, ਉਹ ਵੀ ਵਿਕ ਗਏ। ਦੋ ਵਾਰ ਪਰਵੇਸ਼ ਨੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਸਭ ਕੁਝ ਤਵੀਤ ਦੇ ਕਾਰਨ ਹੋਇਆ।"

ਫੂਲਵਤੀ ਮੁਤਾਬਕ ਉਨ੍ਹਾਂ ਨੇ ਕੁੱਟਮਾਰ ਵਾਲਾ ਵੀਡੀਓ ਨਹੀਂ ਦੇਖਿਆ। ਉਨ੍ਹਾਂ ਨੂੰ ਪੁਲਿਸ ਦੇ ਆਉਣ ਮਗਰੋਂ ਇਸ ਬਾਰੇ ਪਤਾ ਚੱਲਿਆ। ਹਾਲਾਂਕਿ ਵੀਡੀਓ ਦੇਖਦਿਆਂ ਹੀ ਉਨ੍ਹਾਂ ਨੇ ਅਬਦੁੱਲ ਸਮਦ ਸੈਫ਼ੀ ਨੂੰ ਪਛਾਣ ਲਿਆ।

ਹਾਲਾਂਕਿ, ਇਸ ਪੂਰੇ ਪਿੰਡ ਵਿੱਚ ਕੋਈ ਵੀ ਇਸ ਘਟਨਾ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਸਾਰੇ ਇੱਕੋ ਜਿਹੀਆਂ ਗੱਲਾਂ ਕਹਿੰਦੇ ਹਨ ਕਿ ਅਸੀਂ ਉਸ ਦਿਨ ਘਰ ਨਹੀਂ ਸੀ। ਵੀਡੀਓ ਦੇਖ ਕੇ ਵੀ ਕੋਈ ਇਹ ਦੱਸਣ ਨੂੰ ਤਿਆਰ ਨਹੀਂ ਹੁੰਦਾ ਕਿ ਉਨ੍ਹਾਂ ਨੇ ਇਸ ਮੁਸਲਮਾਨ ਬਜ਼ੁਰਗ ਨੂੰ ਕਦੇ ਦੇਖਿਆ ਹੈ ਜਾਂ ਨਹੀਂ।

ਵੀਡੀਓ ਕਿੱਥੇ ਬਣਾਇਆ ਗਿਆ ਇਸ ਬਾਰੇ ਵੀ ਕੋਈ ਕੁਝ ਬੋਲਣ ਨੂੰ ਤਿਆਰ ਨਹੀਂ ਹੁੰਦਾ।

ਪਿੰਡ ਵਿੱਚ ਘੁੰਮਦੇ ਹੋਏ ਸਾਡੀ ਨਜ਼ਰ ਇੱਟਾਂ ਦੇ ਬਣੇ ਪਸ਼ੂਆਂ ਦੇ ਵਾੜੇ ''ਤੇ ਪਈ ਜਿੱਥੇ ਦੋ ਗਊਆਂ ਬੱਝੀਆਂ ਹੋਈਆਂ ਸਨ। ਜਦੋਂ ਅਸੀਂ ਉਸ ਦੇ ਅੰਦਰ ਦਾਖ਼ਲ ਹੋਏ ਤਾਂ ਇਹ ਉਹੀ ਥਾਂ ਸੀ ਜਿੱਥੇ ਵੀਡੀਓ ਬਣਾਈ ਗਈ ਸੀ। ਪਰਵੇਸ਼ ਦੀ ਮਾਸੀ ਨੇ ਸਾਨੂੰ ਦੱਸਿਆ ਕਿ ਵਾੜਾ ਪਰਵੇਸ਼ ਦੇ ਪਰਿਵਾਰ ਦਾ ਹੀ ਹੈ।

ਵਾੜੇ ਦੇ ਅੰਦਰ ਵੀਡੀਓ ਵਿੱਚ ਨਜ਼ਰ ਆਉਣ ਵਾਲਾ ਮੰਜਾ, ਨੀਲਾ ਢੋਲ, ਚਿੱਟਾ ਡੱਬਾ ਆਦਿ ਸਾਰਾ ਸਮਾਨ ਪਿਆ ਸੀ।

ਵਾੜੇ ਦੇ ਅੰਦਰ ਵਿਡੀਓ ਵਿੱਚ ਨਜ਼ਰ ਆਉਣ ਵਾਲਾ ਮੰਜਾ, ਨੀਲਾ ਢੋਲ, ਚਿੱਟਾ ਡੱਬਾ ਆਦਿ ਸਾਰਾ ਸਮਾਨ ਪਿਆ ਸੀ।
BBC

ਅਬਦੁੱਲ ਸਮਦ ਸੈਫ਼ੀ ਦੇ ਕਈ ਦਾਅਵੇ ਝੂਠੇ ਨਿਕਲੇ- ਪੁਲਿਸ

ਗ਼ਾਜ਼ੀਆਬਾਦ ਪੁਲਿਸ ਨੇ ਕੁੱਟਮਾਰ ਦੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਪਰਵੇਸ਼ ਗੁੱਜਰ ਨੂੰ ਮੰਨਿਆ ਹੈ। 16 ਜੂਨ ਤੱਕ ਪੁਲਿਸ ਨੇ ਪਰਵੇਸ਼ ਗੁੱਜਰ, ਆਦਿਲ ਖ਼ਾਨ, ਅਭੈ ਉਰਫ਼ ਕੱਲੂ ਗੁੱਜਰ, ਇੰਤੇਜ਼ਾਰ ਅਤੇ ਸਦਾਮ ਨਾਂਅ ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਲੋਨੀ ਬਾਰਡਰ ਜੇ ਐੱਸਪੀ ਇਰਾਜ ਰਾਜਾ ਨੇ ਬੀਬੀਸੀ ਨੂੰ ਦੱਸਿਆ, "ਸਾਡੇ ਕੋਲ 7 ਜੂਨ ਨੂੰ ਐੱਫ਼ਆਈਆਰ ਦਰਜ ਕਰਵਾਈ ਗਈ ਅਤੇ ਇਸ ਵੀ ਐੱਫ਼ਆਈਆਰ ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਸੀ। ਜਦਕਿ ਸੀਸੀਟੀਵੀ ਫੁਟੇਜ ਦੱਸ ਰਹੀ ਹੈ ਕਿ ਖ਼ੁਦ ਇੰਤੇਜ਼ਾਰ ਦੇ ਨਾਲ ਗੱਡੀ ਵਿੱਚ ਬੈਠ ਕੇ ਬਜ਼ੁਰਗ ਹਾਜੀਪੁਰ ਪਿੰਡ ਪਹੁੰਚੇ ਸਨ ਹਾਲੇ ਤੱਕ ਸਾਡੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੈਫ਼ੀ ਨੇ ਬਹੁਤ ਕੁਝ ਝੂਠ ਬੋਲਿਆ ਹੈ।"

ਪੁਲਿਸ ਇਹ ਕਿਸ ਅਧਾਰ ''ਤੇ ਕਹਿ ਰਹੀ ਹੈ ਅਤੇ ਉਸ ਨੂੰ ਹਾਲੇ ਤੱਕ ਅਸਲੀ ਵੀਡੀਓ ਕਿਉਂ ਨਹੀਂ ਮਿਲ ਸਕਿਆ। ਇਸ ਬਾਰੇ ਐੱਸਐੱਚਓ ਕਹਿੰਦੇ ਹਨ, "ਸਾਡੇ ਕੋਲ ਸੈਫ਼ੀ ਦਾ ਕਾਲ ਰਿਕਾਰਡ ਹੈ, ਜੋ ਦੱਸਦਾ ਹੈ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਪਰਵੇਸ਼ ਨਾਲ ਕਈ ਵਾਰ ਫ਼ੋਨ ਰਾਹੀਂ ਸੰਪਰਕ ਕਰ ਚੁੱਕੇ ਸਨ।"

"ਵਾਇਰਲ ਵੀਡੀਓ ਵਿੱਚ ਆਡੀਓ ਨਹੀਂ ਹੈ। ਇਸ ਨੂੰ ਪਹਿਲਾਂ ਐਡਿਟ ਕੀਤਾ ਗਿਆ ਹੈ। ਅਸੀਂ ਤੁਹਾਡੀ ਗੱਲ ਮੰਨ ਰਹੇ ਹਾਂ ਪਰ ਇਹ ਵੀਡੀਓ ਪਰਵੇਸ਼ ਦੇ ਫ਼ੋਨ ਤੋਂ ਬਣਿਆ ਸੀ ਅਤੇ ਅਸੀਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਫ਼ੋਨ ਉਸ ਨੇ ਤੋੜ ਦਿੱਤਾ। ਇਹ ਸਬੂਤ ਨਸ਼ਟ ਕਰਨ ਲਈ ਕੀਤਾ ਗਿਆ ਹੋ ਸਕਦਾ ਹੈ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੂਲ ਵੀਡੀਓ ਮਿਲ ਜਾਵੇ।"

ਪਰਵੇਸ਼ ਗੁੱਜਰ ਦਾ ਘਰ
BBC
ਪਰਵੇਸ਼ ਗੁੱਜਰ ਦਾ ਘਰ

ਪਰਵੇਸ਼ ਗੁੱਜਰ ਦੀ ਗ੍ਰਿਫ਼ਤਾਰੀ ਦੇ ਪਿੱਛੇ ਦੀ ਕਹਾਣੀ

ਪਰਵੇਸ਼ ਗੁੱਜਰ ਵਾਇਰਲ ਵੀਡੀਓ ਮਾਮਲੇ ਵਿੱਚ ਮੁੱਖ ਮੁਲਜ਼ਮ ਹਨ ਪਰ ਉਨ੍ਹਾਂ ਦੀ ਗ੍ਰਿਫ਼ਤਾਰੀ 12 ਜੂਨ ਨੂੰ ਰੰਗਦਾਰੀ ਦੇ ਇੱਕ ਹੋਰ ਮਾਮਲੇ ਵਿੱਚ ਹੋਈ ਹੈ। ਇਸ ਮਾਮਲੇ ਵਿੱਚ ਐੱਫ਼ਆਈਆਰ 10 ਜੂਨ ਨੂੰ ਲੋਕ ਵਿੱਚ ਰਹਿਣ ਵਾਲੇ ਇੰਤੇਜ਼ਾਰ ਨੇ ਕੀਤੀ ਸੀ। ਇਹ ਉਹੀ ਜਣਾ ਹੈ ਜਿਸ ਉੱਪਰ ਸੈਫ਼ੀ ਨੂੰ ਪਰਵੇਸ਼ ਗੁੱਜਰ ਨਾਲ ਮਿਲਾਉਣ ਦਾ ਇਲਜ਼ਾਮ ਹੈ।

ਇਸ ਐੱਫ਼ਆਈਆਰ ਵਿੱਚ ਕਿਹਾ ਗਿਆ ਹੈ, “ਪਰਵੇਸ਼ ਗੁੱਜਰ ਨਾਂਅ ਦਾ ਬੰਦਾ ਮੈਨੂੰ ਦੋ ਲੱਖ ਰੁਪਏ ਦੀ ਰੰਗਦਾਰੀ ਮੰਗ ਰਿਹਾ ਹੈ ਅਤੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰ ਦੇਣ ਦੀ ਧਮਕੀ ਦੇ ਰਿਹਾ ਹੈ। ਮੈਂ ਅਤੇ ਮੇਰਾ ਪਰਿਵਾਰ ਡਰੇ ਹੋਏ ਹਨ ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਵਿਅਕਤੀ ਕਈ ਵਾਰ ਜੇਲ੍ਹ ਤੋਂ ਛੁੱਟਿਆ ਹੈ।”

10 ਜੂਨ ਦੀ ਇਸ ਐੱਫ਼ਆਈਆਰ ਤੋਂ ਬਾਅਦ 12 ਜੂਨ ਨੂੰ ਪਰਵੇਸ਼ ਦੀ ਗ੍ਰਿਫ਼ਤਾਰੀ ਹੋਈ ਜਦਕਿ ਸੈਫ਼ੀ ਨੇ ਆਪਣੇ ਨਾਲ ਮਾਰਕੁੱਟ ਦੀ ਰਿਪੋਰਟ ਸੱਤ ਜੂਨ ਨੂੰ ਲਿਖਵਾਈ ਸੀ।

ਪਰਵੇਸ਼ ਦੀ ਗ੍ਰਿਫ਼ਤਾਰੀ ਬਾਰੇ ਇਸ ਸ਼ਸ਼ੋਪੰਜ ਉੱਪਰ ਐੱਸਪੀ ਇਰਾਜ ਰਾਜਾ ਦੱਸਦੇ ਹਨ, "ਅਬਦੁੱਲ ਸਮਦ ਸੈਫ਼ੀ ਨੇ ਜੋ ਐੱਫ਼ਆਈਆਰ ਦਰਜ ਕਰਵਾਈ ਸੀ, ਉਹ ਅਣਪਛਾਤੇ ਲੋਕਾਂ ਖ਼ਿਲਾਫ਼ ਸੀ, ਜਿਸ ਕਾਰਨ ਗ੍ਰਿਫ਼ਤਾਰੀ ਵਿੱਚ ਦੇਰੀ ਹੋਈ ਹੈ। ਇਹ ਗੱਲ ਸਹੀ ਹੈ ਕਿ ਅਸੀਂ ਪਰਵੇਸ਼ ਨੂੰ ਰੰਗਦਾਰੀ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਸੀ ਪਰ ਹੁਣ ਅਸੀਂ ਉਸ ਦੀ ਪੁਲਿਸ ਰਿਮਾਂਡ ਲੈ ਰਹੇ ਹਾਂ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।"

ਕੱਲੂ ਦੇ ਪਿਤਾ ਗਿਆਨੇਂਦਰ ਗੁੱਜਰ
BBC
ਕੱਲੂ ਦੇ ਪਿਤਾ ਗਿਆਨੇਂਦਰ ਗੁੱਜਰ

ਕੱਲੂ ਗੁੱਜਰ ਅਤੇ ਪਰਵੇਸ਼ ਦੀ ਦੋਸਤੀ

ਇਸ ਤੋਂ ਬਾਅਦ ਅਸੀਂ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਅਭੈ ਉਰਫ਼ ਕੱਲੂ ਦੇ ਘਰੇ ਗਏ। ਇੱਥੇ ਸਾਡੀ ਮੁਲਾਕਾਤ ਕੱਲੂ ਦੇ ਪਿਤਾ ਗਿਆਨੇਂਦਰ ਗੁੱਜਰ ਨਾਲ ਹੋਈ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨੂੰ ਪੂਰੀ ਗੱਲ ਦੱਸੀ ਹੈ ਅਤੇ ਇਹ ਤਵੀਤਾਂ ਬਦਲੇ ਪੈਸੇ ਠੱਗਣ ਦਾ ਮਾਮਲਾ ਹੈ।

ਗਿਆਨੇਂਦਰ ਦਾ ਇਲਜ਼ਾਮ ਹੈ, "ਲੋਨੀ ਦੇ ਹੀ ਰਹਿਣ ਵਾਲੇ ਇੰਤੇਜ਼ਾਰ ਰਾਹੀਂ ਅਬਦੁੱਲ ਸਮਦ ਸੈਫ਼ੀ ਅਤੇ ਪਰਵੇਸ਼ ਦੀ ਮੁਲਾਕਾਤ ਹੋਈ ਸੀ। ਇੰਤੇਜ਼ਾਰ ਅਤੇ ਸੈਫ਼ੀ ਨੇ ਤਵੀਤਾਂ ਦੇ ਨਾਂਅ ''ਤੇ ਪਰਵੇਸ਼ ਤੋਂ ਲੱਖਾਂ ਰੁਪਏ ਠੱਗੇ। ਜਦੋਂ ਪਰਵੇਸ਼ ਨੇ ਪੈਸੇ ਵਾਪਸ ਮੰਗੇ ਤਾਂ ਇੰਤੇਜ਼ਾਰ ਨੇ ਪਰਵੇਸ਼ ਉੱਪਰ ਰੰਗਦਾਰੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ।"

ਗਿਆਨੇਂਦਰ ਨੇ ਕਿਹਾ, "ਮੇਰੇ ਪੁੱਤਰ ਕੱਲੂ ਦੀ ਮੁਲਾਕਾਤ ਪਰਵੇਸ਼ ਨਾਲ ਜਿੰਮ ਵਿੱਚ ਹੋਈ। 5 ਜੂਨ ਨੂੰ ਪਰਵੇਸ਼ ਨੇ ਕੱਲੂ ਨੂੰ ਫ਼ੋਨ ਕਰ ਕੇ ਸੱਦਿਆ। ਮੇਰਾ ਬੱਚਾ ਤਾਂ 19 ਸਾਲ ਦਾ ਹੈ। ਯਾਰੀ-ਦੋਸਤੀ ਵਿੱਚ ਚਲਿਆ ਗਿਆ। ਇਸ ਕੁੱਟਮਾਰ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਉਹ ਫਸ ਗਿਆ ਹੈ।"

ਹਾਲਾਂਕਿ ਪੁਲਿਸ ਨੇ ਬੀਬੀਸੀ ਨੂੰ ਪੈਸੇ ਠੱਗੇ ਜਾਣ ਬਾਰੇ ਕੁਝ ਨਹੀਂ ਦੱਸਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਕੁੱਟਮਾਰ ਤਵੀਤ ਕਾਰਨ ਹੋਈ। ਤਵੀਤ ਲੈਣ ਤੋਂ ਬਾਅਦ ਪਰਵੇਸ਼ ਦੇ ਨਾਲ ਬਹੁਤ ਕੁਝ ਬੁਰਾ ਹੋਇਆ। ਗੁੱਸੇ ਵਿੱਚ ਪਰਵੇਸ਼ ਨੇ ਇਹ ਕਦਮ ਚੁੱਕਿਆ।

ਆਦਿਲ ਖ਼ਾਨ ਘਟਨਾ ਵਾਲ਼ੀ ਥਾਂ ''ਤੇ ਸ਼ਾਮ ਨੂੰ ਪਹੁੰਚਿਆ

ਇਸ ਮਾਮਲੇ ਵਿੱਚ 30 ਸਾਲਾ ਆਦਿਲ ਖ਼ਾਨ ਦੀ ਗ੍ਰਿਫ਼ਤਾਰੀ ਵੀ ਹੋਈ ਸੀ ਜਿਸ ਨੂੰ ਬਾਅਦ ਵਿੱਚ ਜ਼ਮਾਨਤ ਮਿਲ ਗਈ ਅਤੇ ਉਹ ਰਿਹਾਅ ਹੋ ਚੁੱਕੇ ਹਨ। ਆਦਿਲ ਦਾ ਘਰ ਲੋਨੀ ਬਾਰਡਰ ਥਾਣੇ ਦੇ ਸਾਹਮਣੇ ਹੈ।

ਇੱਥੇ ਸਾਡੀ ਮੁਲਾਕਾਤ ਆਦਿਲ ਦੇ ਵੱਡੇ ਭਰਾ ਫ਼ਜ਼ਲ ਖ਼ਾਨ ਨਾਲ ਹੋਈ। ਫ਼ਜ਼ਲ ਖ਼ਾਨ ਨੇ ਦੱਸਿਆ ਕਿ ਆਦਿਲ ਨੂੰ ਆਪਣੇ ਪਰਿਵਾਰ ਦੇ ਨਾਲ ਬਾਹਰ ਭੇਜ ਦਿੱਤਾ ਗਿਆ ਹੈ।

ਕੁਝ ਦੇਰ ਝਿਜਕਣ ਤੋਂ ਬਾਅਦ ਉਨ੍ਹਾਂ ਨੇ ਗੱਲਬਾਤ ਸ਼ੁਰੂ ਕੀਤੀ।

ਫ਼ਜ਼ਲ ਖ਼ਾਨ ਦੇ ਮੁਤਾਬਕ ਆਦਿਲ ਨੂੰ ਕੁੱਟਮਾਰ ਦੀ ਘਟਨਾ ਤੋਂ ਬਾਅਦ ਪੰਜ ਜੂਨ ਦੀ ਸ਼ਾਮ ਨੂੰ ਪਰਵੇਸ਼ ਦਾ ਫ਼ੋਨ ਆਇਆ ਸੀ। ਜਦੋਂ ਆਦਿਲ ਨੂੰ ਪਤਾ ਲੱਗਿਆ ਕਿ ਬਜ਼ੁਰਗ ਦੀ ਦਾੜ੍ਹੀ ਕੱਟੀ ਗਈ ਹੈ ਤਾਂ ਉਹ ਬਹੁਤ ਪਰੇਸ਼ਾਨ ਹੋਇਆ ਅਤੇ ਉਸ ਨੇ ਸੈਫ਼ੀ ਦੀ ਉੱਥੋਂ ਨਿਕਲਣ ਵਿੱਚ ਮਦਦ ਕੀਤੀ।

"ਅਸੀਂ ਮੁਸਲਮ ਸਮਾਜ ਦੇ ਇੱਜ਼ਤਦਾਰ ਲੋਕ ਹਾਂ। ਤੁਸੀਂ ਦੇਖ਼ ਸਕਦੇ ਹੋ ਸਾਡੇ ਦਰਵਾਜ਼ੇ ''ਤੇ ਲੋਕ ਆਉਂਦੇ ਹਨ। ਆਖ਼ਰ ਅਸੀਂ ਦਾੜ੍ਹੀ ਕੱਟਣ ਦੀ ਹਮਾਇਤ ਕਿਵੇਂ ਕਰ ਸਕਦੇ ਹਾਂ? ਆਦਿਲ ਨੂੰ ਇਸ ਲਈ ਜ਼ਮਾਨਤ ਮਿਲੀ ਹੈ ਕਿਉਂਕਿ ਉਹ ਸ਼ਾਮ ਨੂੰ ਮੌਕੇ ''ਤੇ ਪਹੁੰਚਿਆ।"

ਇਸੇ ਦੌਰਾਨ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੇ ਬੁਲੰਦਸ਼ਹਿਰ ਦੇ ਅਨੂਪਸ਼ਹਿਰ ਕਸਬੇ ਵਿੱਚ ਪਹੁੰਚ ਕੇ ਸੈਫ਼ੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਪਰਿਵਾਰ ਇੱਥੇ ਕੁਝ ਦਿਨਾਂ ਤੋਂ ਰਹਿ ਰਿਹਾ ਹੈ।

ਤਰੀਕ: 16 ਜੂਨ, ਸਥਾਨ : ਬੁਲੰਦਸ਼ਹਿਰ ਜ਼ਿਲ੍ਹੇ ਦਾ ਅਨੂਪਸ਼ਹਿਰ ਕਸਬਾ, ਰਿਪੋਰਟਰ: ਦਿਲਨਵਾਜ਼ ਪਾਸ਼ਾ

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਅਨੂਪਸ਼ਹਿਰ ਕਸਬੇ ਦਾ ਇੱਕ ਮੁਹੱਲਾ ਅਚਾਨਕ ਚਰਚਾ ਵਿੱਚ ਆ ਗਿਆ ਹੈ। ਇੱਥੇ ਰਹਿਣ ਵਾਲੇ 71 ਸਾਲਾ ਬਜ਼ੁਰਗ ਅਬਦੁਲ ਸਮਦ ਸੈਫ਼ੀ ਦੇ ਘਰ ਦੇ ਬਾਹਰ ਪੱਤਰਕਾਰਾਂ ''ਤੇ ਸਥਾਨਕ ਲੋਕਾਂ ਦਾ ਇਕੱਠ ਹੈ।

ਕੁੱਟਮਾਰ ਦੀ ਘਟਨਾ ਤੋਂ 10 ਦਿਨਾਂ ਬਾਅਦ ਅਬਦੁਲ ਸਮਦ ਸੈਫ਼ੀ 16 ਜੂਨ ਨੂੰ ਪੱਤਰਕਾਰਾਂ ਦੇ ਮੁੜ ਸਾਹਮਣੇ ਆਏ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://youtu.be/xWw19z7Edrs

ਅਰਬੀ ਸਾਫ਼ਾ ਬੰਨ੍ਹੀ, ਹੱਥ ਵਿੱਚ ਮਾਲ਼ਾ ਫੜੀ ਅਤੇ ਹਰੇ ਰੰਗ ਦੀ ਸੂਫੀ ਅੰਗੂਠੀ ਪਾਈ ਸੈਫ਼ੀ ਜਦੋਂ ਕਮਰੇ ਵਿੱਚ ਆਏ ਤਾਂ ਸਮਾਜਵਾਦੀ ਪਾਰਟੀ ਦੇ ਸਥਾਨਕ ਆਗੂ ਉਮੈਦ ਇਦਰੀਸੀ ਉੱਥੇ ਪਹਿਲਾਂ ਹੀ ਮੌਜੂਦ ਸਨ।

ਉਮੈਦ ਨੇ ਹੀ ਸਭ ਤੋਂ ਪਹਿਲਾਂ ਸੱਤ ਜੂਨ ਨੂੰ ਸੈਫ਼ੀ ਨਾਲ ਫੇਸਬੁੱਕ ਲਾਈਵ ਕੀਤਾ ਸੀ ਅਸੀਂ ਉਨ੍ਹਾਂ ਨਾਲ ਹੋਈ ਕੁੱਟਮਾਰ ਦੇ ਮੁੱਦੇ ਨੂੰ ਚੁੱਕਿਆ ਸੀ।

ਸੈਫ਼ੀ ਨੇ ਬੀਬੀਸੀ ਨੂੰ ਦੱਸਿਆ, "ਚਾਰ ਲੋਕਾਂ ਨੇ ਮੇਰੇ ''ਤੇ ਹਮਲਾ ਕੀਤਾ, ਉਹ ਮੇਰਾ ਮੂੰਹ ਢਕ ਕੇ ਲੈ ਗਏ, ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਜਿੱਥੇ ਗਊ ਬੱਝੀ ਹੋਈ ਸੀ ਉਨ੍ਹਾਂ ਨੇ ਮੈਨੂੰ ਦੋ ਤਿੰਨ ਘੰਟੇ ਫੜ ਕੇ ਰੱਖਿਆ।"

ਜਦੋਂ ਉਨ੍ਹਾਂ ਨੂੰ ਪਰਵੇਸ਼ ਗੁੱਜਰ ਅਤੇ ਇੰਤੇਜ਼ਾਰ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਮੇਰੀ ਪਰਵੇਸ਼ ਗੁੱਜਰ ਨਾਲ ਕਿਸੇ ਤਰ੍ਹਾਂ ਦੀ ਕੋਈ ਪਛਾਣ ਨਹੀਂ ਹੈ। ਮੈਂ ਇੰਤੇਜ਼ਾਰ ਨੂੰ ਜਾਣਦਾ ਹਾਂ। ਉੱਥੇ ਮੇਰੇ ਭਾਣਜੇ ਰਹਿੰਦੇ ਹਨ, ਮੈਂ ਉਨ੍ਹਾਂ ਨੂੰ ਜਾਣਦਾ ਹਾਂ।"

ਅਨੂਪਸ਼ਹਿਰ
BBC
ਅਨੂਪਸ਼ਹਿਰ ਵਿੱਚ ਉਹ ਘਰ ਜਿੱਥੇ ਸੈਫ਼ੀ ਇਸ ਸਮੇਂ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ

ਸੈਫ਼ੀ ਨੇ ਦੱਸਿਆ, "ਮੈਂ ਅੱਲ੍ਹਾ-ਅੱਲ੍ਹਾ ਕਰ ਰਿਹਾ ਸੀ। ਉਹ ਕਹਿਣ ਲੱਗੇ ਅੱਲ੍ਹਾ ਦਾ ਨਾਂਅ ਕਿਉਂ ਲੈ ਰਿਹਾ ਹੈਂ। ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੀ ਜਾਨ ਅੱਲ੍ਹਾ ਦੇ ਹੱਥ ਵਿੱਚ ਹੈ, ਉਹ ਚਾਹੇਗਾ ਤਾਂ ਮੈਨੂੰ ਬਚਾ ਲਵੇਗਾ।"

ਉਨ੍ਹਾਂ ਦੇ ਪੁੱਤਰ ਤੈਯਬ ਸੈਫ਼ੀ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਆਪਣੀ ਸਰਕਾਰ ਤੋਂ ਇਹ ਉਮੀਦ ਹੈ ਕਿ ਸਾਡੇ ਨਾਲ ਇਨਸਾਫ਼ ਹੋਵੇਗਾ। ਯੋਗੀ ਆਦਿਤਿਆਨਾਥ ਸਾਡੇ ਮੁੱਖ ਮੰਤਰੀ ਹਨ, ਸਾਨੂੰ ਪੂਰਾ ਭਰੋਸਾ ਹੈ ਕਿ ਉਹ ਸਾਡੇ ਨਾਲ ਨਿਆਂ ਕਰਨਗੇ ਅਤੇ ਸਾਡੇ ਪਿਤਾ ਨਾਲ ਕੁੱਟਮਾਰ ਕਰਨ ਵਾਲੇ ਸਾਰੇ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।"

ਸੈਫ਼ੀ ਅਤੇ ਉਨ੍ਹਾਂ ਦੇ ਪੁੱਤਰ ਨੇ ਇਹ ਸ਼ਬਦ ਬੀਬੀਸੀ ਨੂੰ 16 ਜੂਨ ਨੂੰ ਕਹੇ।

ਸੈਫ਼ੀ
BBC
ਸੱਤ ਜੂਨ ਦੀ ਸ਼ਿਕਾਇਤ

ਬਦਲਦੇ ਬਿਆਨ

14 ਜੂਨ ਨੂੰ ਸਥਾਨਕ ਪੱਤਰਕਾਰ ਉਸਮਾਨ ਨੇ ਵੀ ਸਮਦ ਸੈਫ਼ੀ ਦਾ ਵੀਡੀਓ ਇੰਟਰਵਿਊ ਕੀਤਾ ਸੀ। ਇਸ ਵੀਡੀਓ ਵਿੱਚ ਸੈਫ਼ੀ ਨੇ ਕਿਹਾ ਸੀ, "ਮੇਰਾ ਨਾਂਅ ਸੂਫ਼ੀ ਅਬਦੁੱਲ ਸਮਦ ਹੈ। ਮੈਂ ਬੇਹਟਾ ਜਾ ਰਿਹਾ ਸੀ। ਗੋਲ ਚੱਕਰ ''ਤੇ ਨਹਿਰ ਦੇ ਕੋਲ ਕੁਝ ਆਟੋ ਵਾਲਿਆਂ ਨੇ ਮੈਨੂੰ ਬਿਠਾ ਲਿਆ। ਬਾਅਦ ਵਿੱਚ ਆਟੋ ਵਿੱਚ ਦੋ ਮੁੰਡੇ ਹੋਰ ਚੜ੍ਹ ਗਏ।”

“ਉਨ੍ਹਾਂ ਨੇ ਮੇਰੀ ਪੁੜਪੁੜੀ ''ਤੇ ਤਮੰਚਾ ਰੱਖ ਦਿੱਤਾ ਅਤੇ ਮੈਨੂੰ ਜੰਗਲ ਵਿੱਚ ਇੱਕ ਮਕਾਨ ਵਿੱਚ ਲੈ ਗਏ। ਮੇਰੇ ਨਾਲ ਬਹੁਤ ਕੁੱਟਮਾਰ ਕੀਤੀ ਗਈ। ਮੈਨੂੰ ਪਾਕਿਸਤਾਨੀ ਅਤੇ ਅੱਤਵਾਦੀ ਕਿਹਾ ਗਿਆ। ਮੈਨੂੰ ਧਮਕਾਇਆ ਗਿਆ ਕਿ ਅਸੀਂ ਹੁਣ ਤੱਕ 19 ਮੁਸਲਮਾਨਾਂ ਨੂੰ ਮਾਰ ਚੁੱਕੇ ਹਾਂ, ਤੈਨੂੰ ਵੀ ਮਾਰ ਦਿਆਂਗੇ। ਮੈਂ ਬਹੁਤ ਚੀਕਦਾ ਰਿਹਾ। ਉਹ ਜੈ ਸ਼੍ਰੀਰਾਮ ਦੇ ਨਾਅਰੇ ਲਾ ਰਹੇ ਸਨ।"

ਅਨੂਪਸ਼ਹਿਰ ਵਿੱਚ ਉਨ੍ਹਾਂ ਦੇ ਘਰ ਦੇ ਆਂਢੀ-ਗੁਆਂਢੀ ਜ਼ਿਆਦਾਤਰ ਆਪਣੀ ਪਛਾਣ ਦੱਸ ਕੇ ਮੀਡੀਆ ਨਾਲ ਗੱਲ ਬਾਤ ਨਹੀਂ ਕਰਨਾ ਚਾਹੁੰਦੇ ਸਨ। ਜਿਨ੍ਹਾਂ ਵੀ ਜਣਿਆਂ ਨਾਲ ਗੱਲਬਾਤ ਹੋਈ ਉਨ੍ਹਾਂ ਦਾ ਕਹਿਣਾ ਸੀ ਕਿ ਸਮਦ ਸੈਫ਼ੀ ਦਾ ਪਰਿਵਾਰ ਲੱਕੜ ਅਤੇ ਲੋਹੇ ਦਾ ਕੰਮ ਕਰਦਾ ਹੈ। ਉਨ੍ਹਾਂ ਦੇ ਪੀਰ ਜਾਂ ਸੂਫ਼ੀ ਹੋਣ ਬਾਰੇ ਕਿਸੇ ਨੇ ਕੁਝ ਨਹੀਂ ਦੱਸਿਆ।

ਇੱਕ ਨੌਜਵਾਨ ਨੇ ਵੀਡੀਓ ਬਾਰੇ ਕਿਹਾ ਕਿ ਉਹ ਦੇਖ ਕੇ "ਮੈਨੂੰ ਬਹੁਤ ਦੁੱਖ ਹੋਇਆ ਅਤੇ ਭਾਰਤ ਵਿੱਚ ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ।"

ਐੱਫ਼ਆਈਆਰ
BBC

ਐੱਫ਼ਆਈਆਰ

ਅਬਦੁੱਲ ਮਸਦ ਸੈਫ਼ੀ ਦਾਅਵਾ ਕਰਦੇ ਹਨ ਕਿ ਸਮਦ ਪਹਿਲਾਂ ਛੇ ਜੂਨ ਨੂੰ ਲੋਨੀ ਥਾਣੇ ਗਏ ਸਨ ਪਰ ਆਪਣਾ ਬਿਆਨ ਲਿਖਵਾਇਆ ਸੀ। ਇਸ ਵਿੱਚ ਉਨ੍ਹਾਂ ਨੇ ਅਣਪਛਾਤੇ ਨੌਜਵਾਨਾਂ ਉੱਪਰ ਕੁੱਟਮਾਰ ਕਰਨ ਅਤੇ ਜੈ ਸ਼੍ਰੀਰਾਮ ਦੇ ਨਾਅਰੇ ਲਾਉਣ ਦੇ ਇਲਜ਼ਾਮ ਲਾਏ ਸਨ।

ਜਦਕਿ ਉਮੈਦ ਕਹਿੰਦੇ ਹਨ ਕਿ ਉਨ੍ਹਾਂ ਨੂੰ ਫ਼ੋਨ ਕਾਲ ਰਾਹੀਂ ਲੋਕਾਂ ਨੇ ਸੈਫ਼ੀ ਨਾਲ ਵਾਪਰੀ ਘਟਨਾ ਬਾਰੇ ਦੱਸਿਆ ਸੀ। ਜਦੋਂ ਉਹ ਸੈਫ਼ੀ ਨੂੰ ਮਿਲਣ ਪਹੁੰਚੇ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਲੋਨੀ ਥਾਣੇ ਗਏ ਸਨ ਜਿੱਥੋਂ ਸਿਪਾਹੀਆਂ ਨੇ ਉਨ੍ਹਾਂ ਨੂੰ ਦੋ ਹਜ਼ਾਰ ਰੁਪਏ ਦੇ ਕੇ ਵਾਪਸ ਭੇਜ ਦਿੱਤਾ।

ਉਨ੍ਹਾਂ ਦੇ ਬਿਆਨ ਉੱਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਪੁਲਿਸ ਨੇ ਰਿਪੋਰਟ ਨਾ ਲਿਖੀ ਤਾਂ ਉਨ੍ਹਾਂ ਨੇ ਆਪਣੇ ਨਾਲ ਫੇਸਬੁੱਕ ਲਾਈਵ ਲੈਕੇ ਆਂਦਾ ਅਤੇ ਉਸ ਤੋਂ ਦੋ ਘੰਟਿਆਂ ਬਾਅਦ ਹੀ ਕੇਸ ਦਰਜ ਹੋ ਗਿਆ।

ਉਮੈਦ ਦਾ ਦਾਅਵਾ ਹੈ ਕਿ ਉਹ ਸਮਦ ਸੈਫ਼ੀ ਜਾਂ ਉਨ੍ਹਾਂ ਦੇ ਪਰਿਵਾਰ ਵਿੱਚੋਂ ਕਿਸੇ ਨੂੰ ਨਹੀਂ ਜਾਣਦੇ ਸਨ। ਇਹੀ ਗੱਲ ਇਰਾਜ ਰਾਜਾ ਕਹਿੰਦੇ ਹਨ, "ਅਜਿਹਾ ਹੋ ਸਕਦਾ ਹੈ ਕਿ ਥਾਣੇ ਵਿੱਚ ਬਿਆਨ ਦੇਣ ਤੋਂ ਪਹਿਲਾਂ ਹੀ ਸੈਫ਼ੀ ਉਮੈਦ ਪਹਿਲਵਾਨ ਦੇ ਸੰਪਰਕ ਵਿੱਚ ਆ ਗਏ ਹੋਣ। ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ ਪੀੜਤ ਅਤੇ ਉਮੈਦ ਪਹਿਲਵਾਨ ਕਦੋਂ ਸੰਪਰਕ ਵਿੱਚ ਆਏ।"

ਗਾਜ਼ੀਆਬਾਦ ਪੁਲਿਸ ਨੇ ਛੇ ਜੂਨ ਨੂੰ ਕੋਈ ਵੀ ਬਿਆਨ ਮਿਲਣ ਤੋਂ ਇਨਕਾਰ ਕੀਤਾ ਹੈ।

ਉਮੈਦ ਇਦਰੀਸੀ
BBC

ਇਰਾਜ ਰਾਜਾ ਕਹਿੰਦੇ ਹਨ, "ਸਾਨੂੰ ਛੇ ਜੂਨ ਨੂੰ ਕੋਈ ਬਿਆਨ ਨਹੀਂ ਮਿਲਿਆ। ਸਾਨੂੰ ਨਹੀਂ ਪਤਾ ਕਿ ਪਰਿਵਾਰ ਇਸ ਤਰ੍ਹਾਂ ਦੇ ਬਿਆਨ ਦੀਆਂ ਗੱਲਾਂ ਕਿਉਂ ਕਰ ਰਿਹਾ ਹੈ। ਪੁਲਿਸ ਨੂੰ ਬਿਆਨ ਸੱਤ ਜੂਨ ਨੂੰ ਮਿਲਿਆ ਸੀ ਅਤੇ ਉਸੇ ਦੇ ਅਧਾਰ ''ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ।"

"ਪੀੜਤ ਬਜ਼ੁਰਗ ਨੇ ਬਿਆਨ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਜੰਗਲ ਲਿਜਾਇਆ ਗਿਆ ਜਦਕਿ ਹਮਲਾ ਪਰਵੇਸ਼ ਦੇ ਘਰ ਵਿੱਚ ਹੋਇਆ ਹੈ ਜਿੱਥੇ ਚਾਰੇ ਪਾਸੇ ਪੱਕੇ ਮਕਾਨ ਹਨ।"

ਪੁਲਿਸ ਮੁਤਾਬਕ ਇੰਤੇਜ਼ਾਰ ਦੇ ਕਹਿਣ ''ਤੇ ਸਦਾਮ ਸੈਫ਼ੀ ਨੂੰ ਲੈ ਕੇ ਪਰਵੇਸ਼ ਗੁੱਜਰ ਦੇ ਘਰ ਪਹੁੰਚਿਆ ਸੀ, ਬਾਅਦ ਵਿੱਚ ਉੱਥੇ ਆਦਿਲ, ਇੰਤੇਜ਼ਾਰ ਅਤੇ ਕੱਲੂ ਗੁੱਜਰ ਵੀ ਪਹੁੰਚ ਗਏ।

ਪੁਲਿਸ ਮੁਤਾਬਕ ਇਹ ਸਾਰੇ ਜਣੇ ਹਮਲੇ ਵਿੱਚ ਸ਼ਾਮਲ ਸਨ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੇ ਮੁਤਾਬਕ ਹਮਲੇ ਵਿੱਚ ਅੱਠ ਜਣੇ ਸ਼ਾਮਲ ਰਹੇ ਹੋਣਗੇ ਅਤੇ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਹ ਵੀ ਜਲਦੀ ਫੜੇ ਜਾਣਗੇ।

ਅਬਦੁਲ ਸਮਦ ਸੈਫ਼ੀ ਨੇ ਜਦਕਿ ਬੀਬੀਸੀ ਨੂੰ ਕਿਹਾ ਕਿ ਹਮਲਾਵਰਾਂ ਵਿੱਚ ਕੋਈ ਵੀ ਮੁਸਲਮਾਨ ਸ਼ਾਮਲ ਨਹੀਂ ਸੀ।

ਲੋਨੀ ਖੇਤਰ ਦੇ ਸਰਕਲ ਅਫ਼ਸਰ ਅਤੁਲ ਸੋਨਕਰ ਕਹਿੰਦੇ ਹਨ, "ਅਣਪਛਾਤੇ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ ਦੀ ਵਜ੍ਹਾ ਨਾਲ ਪੁਲਿਸ ਨੂੰ ਜਾਂਚ ਵਿੱਚ ਵੀ ਮੁਸ਼ਕਲਾਂ ਆਈਆਂ। ਇਹੀ ਕਾਰਨ ਹੈ ਕਿ ਗ੍ਰਿਫ਼ਤਾਰੀਆਂ ਵਿੱਚ ਛੇ ਦਿਨ ਲੱਗ ਗਏ। ਜੇ ਮੁਲਜ਼ਮਾਂ ਦੀ ਪਛਾਣ ਪਹਿਲਾਂ ਹੀ ਉਜਾਗਰ ਕਰ ਦਿੱਤੀ ਜਾਂਦੀ ਤਾਂ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਜਾਂਦਾ।"

ਭਾਜਪਾ ਦਾ ਪੱਖ

ਭਾਜਪਾ ਦੇ ਬੁਲਾਰੇ ਸ਼ਲਭ ਮਣੀ ਤ੍ਰਿਪਾਠੀ ਨੇ ਟਵਿੱਟਰ ਉੱਪਰ ਦੋ ਵੀਡੀਓ ਜਾਰੀ ਕੀਤੇ ਹਨ। ਇੱਕ ਵਿੱਚ ਮੁਲਜ਼ਮ ਪਰਵੇਸ ਬਜ਼ੁਰਗ ਤੋਂ ਪੁੱਛਗਿੱਛ ਕਰ ਰਿਹਾ ਹੈ ਅਤੇ ਸਮਦ ਸੈਫ਼ੀ ਮੰਨ ਰਹੇ ਹਨ ਕਿ ਉਨ੍ਹਾਂ ਨੇ ਇੰਤੇਜ਼ਾਰ ਦੇ ਕਹਿਣ ''ਤੇ ਘਰ ਵਿੱਚ ਤਵੀਤ ਦਿੱਤਾ ਸੀ। ਦੂਜੇ ਵੀਡੀਓ ਵਿੱਚ ਸਮਦ ਸੈਫ਼ੀ ਨੂੰ ਕੁੱਟਣ ਵਾਲੇ ਮੁਲਜ਼ਮ ਸਦਾਮ ਦਾ ਬਿਆਨ ਹੈ।

https://twitter.com/shalabhmani/status/1405367732900487173

ਗਾਜ਼ੀਆਬਾਦ ਪੁਲਿਸ ਦਾ ਕਹਿਣਾ ਹੈ ਕਿ ਇਹ ਵੀਡੀਓ ਉਨ੍ਹਾਂ ਦੀ ਜਾਣਕਾਰੀ ਵਿੱਚ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।

ਅਤੁਲ ਸੋਨਕਰ ਕਹਿੰਦੇ ਹਨ ਕਿ ਇਹ ਵੀਡੀਓ ਬਜ਼ੁਰਗ ਉੱਪਰ ਹਮਲੇ ਦੇ ਦੌਰਾਨ ਰਿਕਾਰਡ ਕੀਤੇ ਗਏ ਵੀਡੀਓ ਦਾ ਹਿੱਸਾ ਹੋ ਸਕਦਾ ਹੈ।

ਵੀਡੀਓ ਵਾਇਰਲ ਕਿਸ ਨੇ ਕੀਤਾ?

ਗਾਜ਼ੀਆਬਾਦ ਪੁਲਿਸ ਮੁਤਾਬਕ ਬਜ਼ੁਰਗ ਉੱਪਰ ਹਮਲੇ ਦਾ ਵੀਡੀਓ ਮੁਲਜ਼ਮ ਪਰਵੇਸ਼ ਗੁੱਜਰ ਦੇ ਫ਼ੋਨ ਤੋਂ ਬਣਾਇਆ ਗਿਆ ਪਰ ਇਸ ਨੂੰ ਸੋਸ਼ਲ ਮੀਡੀਆ ਉੱਪਰ ਸਭ ਤੋਂ ਪਹਿਲਾਂ ਕਿਸ ਨੇ ਪਾਇਆ ਹਾਲੇ ਇਹ ਸਾਫ਼ ਨਹੀਂ ਹੋ ਸਕਿਆ ਹੈ।

ਵੀਡੀਓ ਦਾ ਐਡਿਟ ਕੀਤਾ ਗਿਆ ਹਿੱਸਾ ਪਹਿਲਾਂ ਵਾਇਰਲ ਹੋਇਆ ਜਿਸ ਦੀ ਅਵਾਜ਼ ਹਟਾ ਦਿੱਤੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਵੀਡੀਓ ਸਭ ਤੋਂ ਪਹਿਲਾਂ ਵਾਇਰਲ ਕਰਨ ਵਾਲੇ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਫੜ ਲਿਆ ਜਾਵੇਗਾ।

ਉੱਥੇ ਹੀ ਉਮੈਦ ਇਦਰੀਸੀ ਦਾ ਇਲਜ਼ਾਮ ਹੈ ਕਿ ਇਹ ਵੀਡੀਓ ਸਭ ਤੋਂ ਪਹਿਲਾਂ ਪਰਵੇਸ਼ ਨੇ ਆਪਣੀ ਵਾਲ ''ਤੇ ਪੋਸਟ ਕੀਤਾ ਸੀ।

ਉਨ੍ਹਾਂ ਨੇ ਕਿਹਾ, "ਪਰਵੇਸ਼ ਨੇ ਹਿੰਦੂਆਂ ਵਿੱਚ ਆਪਣੀ ਪੈਂਠ ਬਣਾਉਣ ਲਈ ਇਹ ਵੀਡੀਓ ਬਣਾਇਆ ਅਤੇ ਜਾਰੀ ਕੀਤਾ।"

ਅਜਿਹੇ ਵਿੱਚ ਕਈ ਸਵਾਲ ਅਣਸੁਲਝੇ ਖੜ੍ਹੇ ਹਨ-

  • ਜੇ ਸੈਫ਼ੀ ਹਮਲਾਵਰਾਂ ਨੂੰ ਜਾਣਦੇ ਸਨ ਤਾਂ ਉਨ੍ਹਾਂ ਨੇ ਅਣਜਾਣੇ ਲੋਕਾਂ ਦੀ ਰਿਪਰੋਟ ਕਿਉਂ ਦਰਜ ਕਰਵਾਈ?
  • ਵੀਡੀਓ ਸਭ ਤੋਂ ਪਹਿਲਾਂ ਕਿਸ ਨੇ ਪੋਸਟ ਕੀਤਾ?
  • ਜੇ ਵੀਡੀਓ ਨੂੰ ਮੂਲ ਵੀਡੀਓ ਵਿੱਚੋਂ ਐਡਿਟ ਕਰ ਕੇ ਕੱਢਿਆ ਗਿਆ ਤਾਂ ਕਿਉਂ?
  • ਮੂਲ ਵੀਡੀਓ ਕਿੱਥੇ ਹੈ?
  • ਪੁਲਿਸ ਦਾ ਦਾਅਵਾ ਹੈ ਕਿ ਵੀਡੀਓ ਸਿਰਫ਼ ਪਰਵੇਸ਼ ਦੇ ਫ਼ੋਨ ਵਿੱਚ ਸੀ। ਫਿਰ ਇਹ ਵੀਡੀਓ ਬਾਕੀ ਲੋਕਾਂ ਤੱਕ ਕਿਵੇਂ ਪਹੁੰਚਿਆ?
  • ਵੀਡੀਓ ਦਾ ਦੂਜਾ ਹਿੱਸਾ ਜੋ ਸ਼ੁਲਭ ਮਣੀ ਨੇ ਟਵੀਟ ਕੀਤਾ ਉਹ ਬਾਹਰ ਕਿਵੇਂ ਆਇਆ?

ਇਹ ਵੀ ਪੜ੍ਹੋ:

https://www.youtube.com/watch?v=u3UO1jckuOs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''65e9b51d-0b61-4572-8b8e-001d37057180'',''assetType'': ''STY'',''pageCounter'': ''punjabi.india.story.57523943.page'',''title'': ''ਮੁਸਲਮਾਨ ਬਜ਼ੁਰਗ ਦੇ ਵਾਇਰਲ ਵੀਡੀਓ ਦੇ ਮਾਮਲੇ ’ਚ ਹੁਣ ਤੱਕ ਕੀ-ਕੀ ਹੋਇਆ, ਇਹ ਹਨ ਅਣਸੁਲਝੇ ਸਵਾਲ-ਗਰਾਊਂਡ ਰਿਪੋਰਟ'',''author'': ''ਕੀਰਤੀ ਦੂਬੇ ਅਤੇ ਦਿਲਨਵਾਜ਼ ਪਾਸ਼ਾ'',''published'': ''2021-06-18T10:47:07Z'',''updated'': ''2021-06-18T10:47:07Z''});s_bbcws(''track'',''pageView'');

Related News