ਪੰਜਾਬ ਵਿੱਚ ਨਕਲੀ ਸ਼ਰਾਬ ਦੇ ਮਾਮਲੇ ਕਿਸ ਰੁਝਾਨ ਵੱਲ ਇਸ਼ਾਰਾ ਕਰਦੇ ਹਨ

08/06/2020 7:51:37 AM

ਪੰਜਾਬ ਵਿੱਚ ਕਥਿਤ ਨਕਲੀ ਸ਼ਰਾਬ ਪੀਣ ਨਾਲ ਹੋਈਆਂ ਸੌ ਤੋਂ ਜ਼ਿਆਦਾ ਮੌਤਾਂ ਤੋਂ ਬਾਅਦ ਸੂਬੇ ਵਿੱਚ ਇਸੇ ਬਾਬਤ ਚਰਚਾ ਚੱਲ ਰਹੀ ਹੈ। ਸਿਆਸੀ ਪਾਰਟੀਆਂ ਸਰਗਰਮੀ ਵਿੱਚ ਹਨ ਅਤੇ ਪੁਲਿਸ ਹਰਕਤ ਵਿੱਚ ਹੈ।

ਇਸ ਸਮੁੱਚੀ ਹਰਕਤ ਦਾ ਖ਼ਾਕਾ ਪੰਜਾਬ ਦੇ ਨਕਸ਼ੇ ਉੱਤੇ ਕਿਸੇ ਰੁਝਾਨ ਦੀ ਨਿਸ਼ਾਨਦੇਹੀ ਕਰਦਾ ਹੈ। ਜੇ ਇਸ ਨਕਸ਼ੇ ਵਿੱਚ ਪੀੜਤਾਂ ਦੇ ਘਰਾਂ ਦੀ ਤਫ਼ਸੀਲ ਜੋੜ ਦਿੱਤੀ ਜਾਵੇ ਤਾਂ ਇਹ ਰੁਝਾਨ ਵਧੇਰੇ ਸਾਫ਼ ਵਿਖਾਈ ਦਿੰਦਾ ਹੈ। ਜੇ ਪੁਰਾਣਾ ਤਜਰਬਾ ਜੋੜ ਦਿੱਤਾ ਜਾਵੇ ਤਾਂ ਇਸ ਦੀ ਗਹਿਰਾਈ ਨਾਪਣ ਦਾ ਸਬੱਬ ਬਣ ਜਾਂਦਾ ਹੈ।

ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਸਰਹੱਦੀ ਜ਼ਿਲ੍ਹਿਆਂ ਵਿੱਚ ਮੌਤਾਂ ਹੋਈਆਂ ਹਨ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੰਗ ਤੋਂ ਅਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਲਾਗੇ ਦੇ ਪਿੰਡ ਮੁੱਛਲ ਰਾਹੀਂ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਦਾ ਫ਼ਾਸਲਾ ਤਕਰੀਬਨ ਸੌ ਕਿਲੋਮੀਟਰ ਬਣਦਾ ਹੈ।

ਮੁੱਛਲ ਪਿੰਡ ਵਿੱਚ ਹਾਲਾਤ

ਲੰਘੇ ਵੀਰਵਾਰ ਤੋਂ ਬਾਅਦ ਮੁੱਛਲ ਪਿੰਡ ਵਿੱਚ ਸਿਆਸੀ ਆਗੂਆਂ ਅਤੇ ਪੁਲਿਸ ਦੀ ਹਰਕਤ ਬਹੁਤ ਰਹੀ ਹੈ। ਇਸ ਪਿੰਡ ਵਿੱਚ ਅੱਠ ਮੌਤਾਂ ਹੋਈਆਂ ਹਨ ਅਤੇ ਮੁਲਜ਼ਮ ਵਜੋਂ ਇਸੇ ਪਿੰਡ ਦੀ ਬਲਵਿੰਦਰ ਕੌਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਦੋਂ ਬੀਬੀਸੀ ਪੰਜਾਬੀ ਦੇ ਰਵਿੰਦਰ ਸਿੰਘ ਰੌਬਿਨ ਨੇ ਸ਼ਨੀਵਾਰ ਨੂੰ ਮੁੱਛਲ ਪਿੰਡ ਦਾ ਦੌਰਾ ਕੀਤਾ ਤਾਂ ਬਲਵਿੰਦਰ ਕੌਰ ਦੇ ਘਰ ਦੇ ਬਾਹਰ ਲੋਹੇ ਦੇ ਬਦਾਮੀ ਰੰਗੇ ਦਰਵਾਜ਼ੇ ਨੂੰ ਜਿੰਦਾ ਲੱਗਿਆ ਹੋਇਆ ਸੀ।

ਇਹ ਵੀ ਪੜ੍ਹੋ:

ਬਲਵਿੰਦਰ ਕੌਰ ਦਾ ਪਤੀ ਜਸਵੰਤ ਸਿੰਘ ਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰਿਆ ਗਿਆ ਹੈ। ਇਸ ਜੋੜੇ ਦੀ ਹੋਣੀ ਇੱਕੋ ਘਰ ਨੂੰ ਮੁਲਜ਼ਮ ਅਤੇ ਪੀੜਤ ਦੀ ਸਾਂਝੀ ਰਿਹਾਇਸ਼ ਬਣਾ ਦਿੰਦੀ ਹੈ।

ਇਸੇ ਦਰਵਾਜ਼ੇ ਦੇ ਨਾਲ ਦੂਜੇ ਘਰ ਦਾ ਲੋਹੇ ਦੀ ਬੰਨੀ ਵਾਲਾ ਟੀਨ ਦੀ ਚਾਦਰ ਦਾ ਦਰਵਾਜ਼ਾ ਹੈ। ਦੋਵਾਂ ਦਰਵਾਜ਼ਿਆਂ ਵਿੱਚ ਥਮਲੇ ਦੀ ਵਿੱਥ ਹੈ।

ਇਸ ਘਰ ਵਿੱਚ ਅਫ਼ਸੋਸ ਕਰਨ ਵਾਲਿਆਂ ਲਈ ਦਰੀ ਵਿਛੀ ਹੋਈ ਸੀ ਅਤੇ ਉੱਤੇ ਧੁੱਪ ਤੋਂ ਬਚਣ ਲਈ ਚਾਨਣੀ ਤਾਣੀ ਹੋਈ ਸੀ। ਬਲਵਿੰਦਰ ਕੌਰ ਦੀ ਇਸ ਘਰ ਨਾਲ ਸਾਂਝ, ਸਾਂਝੇ ਥਮਲੇ ਤੋਂ ਜ਼ਿਆਦਾ ਹੈ।

ਗੁਆਂਢੀ ਘਰ ਵਿੱਚ ਬਲਵਿੰਦਰ ਕੌਰ ਦਾ ਸਿਰਨਾਵੀਆ ਬਲਵਿੰਦਰ ਸਿੰਘ ਵੀ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਵਿੱਚ ਸ਼ਾਮਿਲ ਹੈ।

ਬਲਵਿੰਦਰ ਸਿੰਘ ਦਾ ਪੁੱਤਰ ਹਰਜੀਤ ਸਿੰਘ ਇਲਜ਼ਾਮ ਲਗਾਉਂਦਾ ਹੈ ਕਿ ਬਲਵਿੰਦਰ ਕੌਰ ਦਾ ਪਰਿਵਾਰ ਕਈ ਸਾਲਾਂ ਤੋਂ ਸ਼ਰਾਬ ਦਾ ਧੰਦਾ ਕਰਦਾ ਹੈ।

ਪੁਲਿਸ ਦੀ ਮਿਲੀਭੁਗਤ ਦੇ ਇਲਜ਼ਾਮ

ਜੇ ਇਨ੍ਹਾਂ ਘਰਾਂ ਵਿੱਚ ਸ਼ਰਾਬ ਦੀ ਖ਼ਰੀਦੋ-ਫ਼ਰੋਖ਼ਤ ਹੋਈ ਹੈ ਤਾਂ ਮਾਤਮ ਵੀ ਇੱਕ ਘਰ ਤੱਕ ਮਹਿਦੂਦ ਨਹੀਂ ਹੈ। ਆਖ਼ਰ ਇੱਕੋ ਪਿੰਡ ਦੇ ਲੋਕਾਂ ਨੇ ਬਲਵਿੰਦਰ ਸਿੰਘ ਅਤੇ ਜਸਵੰਤ ਸਿੰਘ ਦੇ ਸੀਵੇ ਬਾਲ਼ੇ ਹਨ ਅਤੇ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਜੁੜਨਾ ਹੈ।

ਪਿੰਡ ਦੇ ਸਾਬਕਾ ਸਰਪੰਚ ਸੁਖਰਾਜ ਸਿੰਘ ਇਸ ਸਮੁੱਚੇ ਮਾਮਲੇ ਨੂੰ ਵੱਡੇ ਸੁਆਲ ਨਾਲ ਜੋੜਦੇ ਹੋਏ ਕਹਿੰਦੇ ਹਨ, "ਇਹ ਵੱਡੇ ਬੰਦਿਆਂ ਦਾ ਗਠਜੋੜ ਹੈ, ਉਨ੍ਹਾਂ ਤੱਕ ਪਹੁੰਚਿਆ ਨਹੀਂ ਜਾ ਸਕਦਾ। ਪੁਲਿਸ ਨੂੰ ਸੌ ਫ਼ੀਸਦ ਪਤਾ ਹੈ। ਉਨ੍ਹਾਂ ਨੂੰ ਹਰ ਬੰਦੇ ਅਤੇ ਇਹ ਸਾਰੇ ਮਾਲ ਦੀ ਆਵਾਜਾਈ ਬਾਰੇ ਪਤਾ ਹੈ। ਪੁਲਿਸ ਦੀ ਮਿਲੀ-ਭੁਗਤ ਹੈ।"

ਸੁਖਰਾਜ ਸਿੰਘ ਦੇ ਚਾਚੇ ਦਾ ਪੁੱਤ ਜਸਵਿੰਦਰ ਸਿੰਘ ਵੀ ਇਸ ਤ੍ਰਾਸਦੀ ਵਿੱਚ ਮਰਨ ਵਾਲਿਆਂ ਵਿੱਚ ਸ਼ੁਮਾਰ ਹੈ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਤਾਂ ਨਾਮ ਦੀ ਹੀ ''ਦੇਸੀ ਸ਼ਰਾਬ'' ਹੈ ਪਰ ਦਰਅਸਲ ਇਹ ਸਪਿਰਟ ਮਿਲਾ ਕੇ ਤਿਆਰ ਕੀਤੀ ਗਈ ਹੈ।

ਪੁਲਿਸ ਕਾਰਵਾਈ ਬਾਬਤ ਸੁਖਰਾਜ ਸਿੰਘ ਕਹਿੰਦੇ ਹਨ, "ਇਹ ਵੱਡੀਆਂ ਰਕਮਾਂ ਦਾ ਕਾਰੋਬਾਰ ਹੈ ਅਤੇ ਇਸ ਦੇ ਗਠਜੋੜ ਵਿੱਚ ਸਿਆਸੀ ਬੰਦੇ ਸ਼ਾਮਿਲ ਹਨ। ਇਹ ਕੋਈ ਦਸ-ਦਸ ਜਾਂ ਸੌ-ਸੌ ਰੁਪਈਆ ਥੋੜਾ ਲੈ ਰਹੇ ਹਨ। ਕਰੋੜਾਂ ਰੁਪਈਆ ਦਾ ਕਾਰੋਬਾਰ ਉਨ੍ਹਾਂ ਦੀ ਸ਼ਹਿ ਨਾਲ ਚਲਦਾ ਹੈ।"

ਸੁਖਰਾਜ ਸਿੰਘ ਦੇ ਜ਼ਿਕਰ ਕੀਤੇ ਦਸ-ਦਸ ਰੁਪਈਆ ਦਾ ਜ਼ਿਕਰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੰਗ ਵਿੱਚ ਵੀ ਤੁਰਦਾ ਹੈ ਜਿੱਥੇ ਅੱਠ ਜੀਅ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਹਨ।

ਪਿੰਡ ਵਾਸੀ ਮੇਜਰ ਸਿੰਘ ਕਹਿੰਦੇ ਹਨ, "ਉਹ ਤਾਂ ਦਸ ਰੁਪਈਆਂ ਜਾਂ ਵੀਹ ਰੁਪਈਆਂ ਵਿੱਚ ਸ਼ਰਾਬ ਪਿਲਾ ਦਿੰਦੇ ਹਨ। ਉਹ ਆਏ ਗਾਹਕ ਨੂੰ ਖਾਲੀ ਨਹੀਂ ਜਾਣ ਦਿੰਦੇ।"

ਮੇਜਰ ਸਿੰਘ ਵੇਰਵਾ ਦਿੰਦੇ ਹਨ ਕਿ ਠੇਕੇ ਦੀ ਮਹਿੰਗੀ ਸ਼ਰਾਬ ਤਾਂ ਗ਼ਰੀਬ ਬੰਦੇ ਖ਼ਰੀਦ ਨਹੀਂ ਸਕਦੇ ਜਿਸ ਕਾਰਨ ਉਹ ਦਿਨ ਭਰ ਦੀ ਹੱਡ-ਤੋੜਵੀਂ ਮਿਹਨਤ ਤੋਂ ਬਾਅਦ ਥਕੇਵਾਂ ਉਤਾਰਨ ਲਈ ਸਸਤੀ ਸ਼ਰਾਬ ਪੀਂਦੇ ਹਨ।

ਮੁੱਛਲ ਦੇ ਪੀੜਤ ਪਰਿਵਾਰਾਂ ਨਾਲ ਅਫ਼ਸੋਸ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਸਾਹਮਣੇ ਦਾਅਵਾ ਕੀਤਾ ਹੈ ਕਿ ਗ਼ੈਰ-ਕਾਨੂੰਨੀ ਸ਼ਰਾਬ ਨਾਲ ਸੂਬੇ ਨੂੰ 5600 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ।

https://www.youtube.com/watch?v=vBLBMNlbJ6I

ਇਹ ਰਕਮ ਭਾਵੇਂ ਕਿਸੇ ਅਧਿਐਨ ਦਾ ਨਿਚੋੜ ਨਹੀਂ ਹੈ ਪਰ ਦਸਾਂ-ਵੀਹਾਂ ਦੀਆਂ ਜਰਬਾਂ-ਤਕਸੀਮਾਂ ਮਾਮਲੇ ਨੂੰ ਤਿੰਨ ਜ਼ਿਲ੍ਹਿਆਂ ਤੋਂ ਬਾਹਰ ਕੱਢ ਦਿੰਦੀਆਂ ਹਨ।

ਦਸਾਂ-ਵੀਹਾਂ ਰੁਪਈਆਂ ਦੀ ਦਲੀਲ ਦਾ ਅੰਦਾਜ਼ਾ ਮਰਨ ਵਾਲਿਆਂ ਦੇ ਹਾਲਾਤ ਤੋਂ ਵੀ ਹੁੰਦਾ ਹੈ। ਜ਼ਿਆਦਾਤਰ ਪੀੜਤ ਦਿਹਾੜੀਦਾਰ ਮਜ਼ਦੂਰ ਸਨ ਜਾਂ ਨਿਗੂਣੀ ਕਿਸਾਨੀ ਦੇ ਗਾਵਾਂ-ਮੱਝਾਂ ਪਾਲ਼ ਕੇ ਗੁਜ਼ਾਰਾ ਕਰਨ ਵਾਲੇ ਸਨ।

ਜਾਤੀ ਪੱਖੋਂ ਜ਼ਿਆਦਾਤਰ ਕੰਮੀ ਮੇਲ ਨਾਲ ਤਾਅਲੁੱਕ ਰੱਖਦੇ ਸਨ।

ਹਾਕਮਧਿਰ ਨੇ ਕੀ ਕਿਹਾ?

ਖਡੂਰ ਸਾਹਿਬ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਮੁੱਛਲ ਪਿੰਡ ਦੇ ਦੌਰੇ ਦੌਰਾਨ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਲੋਕ ਆਪਣੇ ਹਿੱਤਾਂ ਲਈ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਹਨ।

ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਫੇਸਬੁੱਕ ਲਾਈਵ ਵਿੱਚ ਸਾਫ਼ ਕੀਤਾ ਕਿ ਇਹ ਕਾਰਾ ਪੁਲਿਸ ਅਤੇ ਮਾਲ ਮਹਿਕਮੇ ਦੀ ''ਅਣਗਹਿਲੀ'' ਕਾਰਨ ਵਾਪਰਿਆ ਹੈ।

ਜਦੋਂ ਪਿੰਡ ਦਾ ਸਾਬਕਾ ਸਰਪੰਚ, ਹਲਕੇ ਦਾ ਸੰਸਦ ਮੈਂਬਰ, ਵਿਰੋਧੀ ਪਾਰਟੀਆਂ ਦੇ ਆਗੂ ਅਤੇ ਮੁੱਖ ਮੰਤਰੀ ਇੱਕੋ ਗੱਲ ਕਹਿੰਦੇ ਹਨ ਤਾਂ ਕੋਈ ਸਰਵਸੰਮਤੀ ਹੁੰਦੀ ਜਾਪਦੀ ਹੈ।

ਮੁੱਛਲ ਪਿੰਡ ਵਿੱਚ ਤਫ਼ਤੀਸ਼ ਕਰਨ ਆਏ ਡੀਐੱਸਪੀ ਮਨਜੀਤ ਸਿੰਘ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਬਤ ਦੱਸ ਕੇ ਕਹਿੰਦੇ ਹਨ ਕਿ ਇਨ੍ਹਾਂ ਮੁਲਜ਼ਮਾਂ ਉੱਤੇ ਪਹਿਲਾਂ ਵੀ ਮਾਮਲੇ ਦਰਜ ਸਨ।

ਸ਼ਾਮ ਨੂੰ ਮੁਅੱਤਲ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਵਿੱਚ ਡੀਐੱਸਪੀ ਮਨਜੀਤ ਸਿੰਘ ਦਾ ਨਾਮ ਵੀ ਦਰਜ ਹੁੰਦਾ ਹੈ।

ਜਸਬੀਰ ਸਿੰਘ ਡਿੰਪਾ
BBC
ਖਡੂਰ ਸਾਹਿਬ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦਾ ਕਹਿਣਾ ਹੈ ਕਿ ਕੁਝ ਲੋਕ ਆਪਣੇ ਹਿੱਤਾਂ ਲਈ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਦੇ ਹਨ।

ਇਸੇ ਤਰ੍ਹਾਂ ਇੱਕ ਸਮਾਜਿਕ-ਸਿਆਸੀ ਕਾਰਕੁੰਨ ਤ੍ਰਿਵੇਣੀ ਚੌਹਾਨ ਬਟਾਲਾ ਵਿੱਚ ਸ਼ੁੱਕਰਵਾਰ ਵਾਲੇ ਦਿਨ ਸਵੇਰੇ ਪੁਲਿਸ, ਸਿਹਤ ਅਤੇ ਮਾਲ ਮਹਿਕਮੇ ਦੇ ਮੁਲਾਜ਼ਮਾਂ ਨਾਲ ਪੀੜਤਾਂ ਦੇ ਘਰਾਂ ਦਾ ਦੌਰਾ ਕਰ ਰਹੀ ਸੀ ਅਤੇ ਪੱਤਰਕਾਰਾਂ ਨੂੰ ਮੌਤਾਂ ਦੇ ''ਕੁਦਰਤੀ'' ਕਾਰਨ ਸਮਝਾ ਰਹੀ ਸੀ।

ਇਹ ਕਾਰਕੁੰਨ ਵੱਖ-ਵੱਖ ਸਮੇਂ ਉੱਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੀ ਰਹੀ ਹੈ। ਬਾਅਦ ਵਿੱਚ ਇਹ ਬੀਬੀ ਮੁਲਜ਼ਮ ਵਜੋਂ ਗ੍ਰਿਫ਼ਤਾਰ ਕੀਤੀ ਜਾਂਦੀ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਉਸ ਨਾਲ ਸਾਂਝ ਤੋਂ ਕਿਨਾਰਾ ਕਰ ਜਾਂਦੀਆਂ ਹਨ।

ਵੀਰਵਾਰ ਨੂੰ ਸ਼ਰਾਬ ਪੀਣ ਤੋਂ ਬਾਅਦ ਜਦੋਂ ਲੋਕਾਂ ਦੀ ਹਾਲਤ ਵਿਗੜੀ ਤਾਂ ਹਸਪਤਾਲ ਅਤੇ ਪੁਲਿਸ ਨੇ ਇਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ।

ਨਤੀਜੇ ਵਜੋਂ ਬਹੁਤ ਸਾਰੇ ਪੀੜਤਾਂ ਦਾ ਪੋਸਟ-ਮਾਰਟਮ ਨਹੀਂ ਹੋ ਸਕਿਆ।

ਬਟਾਲਾ ਦੇ ਤਿਲਕ ਰਾਜ ਦੱਸਦੇ ਹਨ ਕਿ ਉਨ੍ਹਾਂ ਨੇ ਪੰਜਾਹ ਰੁਪਏ ਵਿੱਚ ''ਫਰੂਟੀ'' (ਮੋਮਜਾਮੇ ਦੇ ਲਿਫ਼ਾਫ਼ੇ ਵਿੱਚ ਪਊਆ) ਖ਼ਰੀਦਿਆ ਸੀ ਅਤੇ ਇੱਕ ਪੈੱਗ ਪੀਣ ਤੋਂ ਬਾਅਦ ਅੱਖਾਂ ਵਿੱਚ ਜਲ਼ਣ ਹੋਣ ਲੱਗੀ ਅਤੇ ਕਲੇਜੇ ਵਿੱਚ ਦਰਦ ਹੋਣ ਲੱਗਿਆ। ਉਨ੍ਹਾਂ ਨੇ ਕਿਸੇ ਡਾਕਟਰ ਤੋਂ ਮੁੱਢਲੀ ਸਹਾਇਤਾ ਲਈ ਪਰ ਸਰਕਾਰੀ ਹਸਪਤਾਲ ਨੇ ਉਨ੍ਹਾਂ ਦਾ ਇਲਾਜ ਕਰਨ ਤੋਂ ਨਾਂਹ ਕਰ ਦਿੱਤਾ।

ਜਦੋਂ ਮੌਤਾਂ ਦੀ ਗਿਣਤੀ ਵਧਦੀ ਗਈ ਤਾਂ ਪੁਲਿਸ ਵਾਲਿਆਂ ਨੇ ਆਪ ਲਿਜਾ ਕੇ ਤਿਲਕ ਰਾਜ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ।

ਮੁੱਛਲ ਪਿੰਡ ਦੇ ਰਛਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਚਾਚੇ ਦੇ ਪੁੱਤ ਮੰਗਲ ਸਿੰਘ ਦੀਆਂ ਵੀ ਸ਼ਰਾਬ ਪੀਣ ਨਾਲ ਅੱਖਾਂ ਅੱਗੇ ਹਨ੍ਹੇਰਾ ਆਉਣ ਲੱਗਿਆ ਸੀ ਅਤੇ ਉਹ ਹਸਪਤਾਲ ਜਾਣ ਤੋਂ ਪਹਿਲਾਂ ਦਮ ਤੋੜ ਗਿਆ। ਬਟਾਲਾ ਦੀ ਨਿੰਦਰ ਕੌਰ ਦੇ ਬਾਪ ਦੀ ਵੀ ਇਹੋ ਕਹਾਣੀ ਹੈ।

ਪੁਲਿਸ ਨੇ ਕੀ ਕਾਰਵਾਈ ਕੀਤੀ

ਇਸ ਦੌਰਾਨ ਪੰਜਾਬ ਸਰਕਾਰ ਨੇ ਮਾਲ ਮਹਿਕਮੇ ਦੇ ਸੱਤ ਮੁਲਾਜ਼ਮ ਅਤੇ ਪੁਲਿਸ ਨੇ ਆਪਣੇ ਛੇ ਮੁਲਾਜ਼ਮ ਮੁਅੱਤਲ ਕੀਤੇ ਹਨ। ਮੁਅੱਤਲ ਪੁਲਿਸ ਮੁਲਾਜ਼ਮਾਂ ਵਿੱਚ ਤਿੰਨ ਥਾਣੇਦਾਰ ਅਤੇ ਦੋ ਡੀਐੱਸਪੀ ਸ਼ਾਮਿਲ ਹਨ।

ਜਦੋਂ ਸ਼ੁੱਕਰਵਾਰ ਨੂੰ ਮੌਤਾਂ ਦੀ ਗਿਣਤੀ ਵੱਧ ਗਈ ਅਤੇ ਇਸ ਦਾ ਕੱਦ ਵੱਡੀ ਸੁਰਖ਼ੀ ਜਿੰਨਾ ਹੋ ਗਿਆ ਤਾਂ ਪੁਲਿਸ ਹਰਕਤ ਵਿੱਚ ਆਈ।

ਪੁਲਿਸ ਨੇ ਹੁਣ ਤੱਕ 40 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ 563 ਛਾਪੇ ਮਾਰਨ ਦਾ ਦਾਅਵਾ ਕੀਤਾ ਹੈ।

ਲੋਕ ਸੰਪਰਕ ਮਹਿਕਮੇ ਦੇ ਜਾਰੀ ਕੀਤੇ ਪ੍ਰੈਸ ਨੋਟ ਮੁਤਾਬਕ ਸੂਬੇ ਭਰ ਵਿੱਚ ਮਾਰੇ ਗਏ ਛਾਪਿਆਂ ਵਿੱਚ 5843 ਲੀਟਰ ਨਾਜਾਇਜ਼ ਸ਼ਰਾਬ, 1332 ਲੱਖ ਲੀਟਰ ਸ਼ਰਾਬ ਅਤੇ 32,437 ਕਿਲੋਗ੍ਰਾਮ ਲਾਹਣ ਬਰਾਮਦ'' ਕੀਤਾ ਗਿਆ ਹੈ। ਇੱਕ ਕਾਰੋਬਾਰੀ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਰੰਗ ਵੇਚਣ ਦਾ ਕੰਮ ਕਰਦਾ ਸੀ।

https://www.youtube.com/watch?v=xL3pj0gsJwc

ਪੁਲਿਸ ਦੇ ਛਾਪੇ ਇਸ ਤ੍ਰਾਸਦੀ ਦੀਆਂ ਤੰਦਾਂ ਤਿੰਨ ਸਰਹੱਦੀ ਜ਼ਿਲ੍ਹਿਆਂ ਦੀ ਸੌ ਕਿਲੋਮੀਟਰ ਵਾਲੀ ਪੱਟੀ ਤੋਂ ਬਾਹਰ ਲੈ ਜਾਂਦੇ ਹਨ।

ਕੁਝ ਛਾਪੇ ਪੰਜਾਬ-ਹਰਿਆਣਾ ਦੇ ਬੰਨ੍ਹੇ ਉੱਤੇ ਬਣੇ ਢਾਬਿਆਂ ਉੱਤੇ ਮਾਰੇ ਗਏ ਹਨ ਜਿਸ ਨਾਲ ਮਾਮਲੇ ਦੀ ਨਿਸ਼ਾਨਦੇਹੀ ਵਿੱਚ ਪੰਜ ਹੋਰ ਜ਼ਿਲ੍ਹੇ—ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ—ਆ ਜਾਂਦੇ ਹਨ।

ਇਸ ਨਾਲ ਤ੍ਰਾਸਦੀ ਦੀ ਫੌਰੀ ਮਾਰ ਵਿੱਚ ਆਈ ਸੌ ਕਿਲੋਮੀਟਰ ਦੀ ਪੱਟੀ ਦੇ ਨਾਲ ਬਿਲਕੁਲ ਦੂਜੀ ਦਿਸ਼ਾ ਵਿੱਚ 150 ਕਿਲੋਮੀਟਰ ਦੀ ਨਵੀਂ ਪੱਟੀ ਜੁੜ ਜਾਂਦੀ ਹੈ।

ਗ੍ਰਿਫ਼ਤਾਰੀਆਂ ਅਤੇ ਬਰਾਮਦੀਆਂ ਵਿੱਚ ਪਟਿਆਲਾ ਅਤੇ ਮੋਗਾ ਵਰਗੇ ਸ਼ਹਿਰ ਜੁੜ ਜਾਂਦੇ ਹਨ ਜੋ ਇਨ੍ਹਾਂ ਪੱਟੀਆਂ ਦਾ ਪਨਾਹ ਵਸੀਹ ਕਰ ਦਿੰਦੇ ਹਨ।

ਛਾਪਿਆਂ ਦੌਰਾਨ 238 ਮਾਮਲਿਆਂ ਵਿੱਚ 184 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਨਾਲ ਇਸ ਮਾਮਲੇ ਦਾ ਘੇਰਾ ਆਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਦੇ ਇਲਾਕਿਆਂ ਤੱਕ ਫੈਲ ਗਿਆ ਹੈ।

ਜ਼ਹਿਰੀਲੀ ਸ਼ਰਾਬ ਦਾ ਹਾਲੀਆ ਇਤਿਹਾਸ

ਜਦੋਂ ਇਸ ਤ੍ਰਾਸਦੀ ਦੀ ਖ਼ਬਰ ਫੈਲੀ ਤਾਂ ਬਟਾਲਾ ਸ਼ਹਿਰ ਦੀ ਵੀਨਸ ਮਸੀਹ ਦੀਆਂ ਨਾਖ਼ੁਸ਼ਗਵਾਰ ਯਾਦਾਂ ਤਾਜ਼ੀਆਂ ਹੋ ਗਈਆਂ।

ਪਚਵੰਜਾ ਸਾਲਾ ਵੀਨਸ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਪਈਆਂ ਚਾਰ ਲਾਸ਼ਾਂ—ਪਤੀ, ਪੁੱਤਰ, ਜੇਠ ਅਤੇ ਦਿਉਰ—ਅਤੇ ਛੇ ਅਗਸਤ 2012 ਦਾ ਦਿਨ ਸ਼ਾਇਦ ਕਦੇ ਭੁੱਲਿਆ ਹੀ ਨਹੀਂ ਸੀ। ਬੀਬੀਸੀ ਪੰਜਾਬੀ ਦੇ ਗੁਰਪ੍ਰੀਤ ਸਿੰਘ ਚਾਵਲਾ ਨਾਲ ਗੱਲਬਾਤ ਕਰਦੇ ਹੋਈ ਵੀਨਸ ਜ਼ਹਿਰੀਲੀ ਸ਼ਰਾਬ ਦੀ 2012 ਵਾਲੀ ਤ੍ਰਾਸਦੀ ਦੀ ਹਰ ਤਫ਼ਸੀਲ ਸਾਂਝੀ ਕਰਦੀ ਹੈ ਜਦੋਂ ਬਟਾਲਾ ਵਿੱਚ 17 ਮੌਤਾਂ ਹੋਈਆਂ ਸਨ।

ਵੀਨਸ ਦੇ ਘਰ ਦੀਆਂ ਕੰਧਾਂ ਵਿੱਚ ਲੱਗੀਆਂ ਇੱਟਾਂ ਆਪਣੀ ਕਹਾਣੀ ਦੱਸਦੀਆਂ ਹਨ ਕਿ ਇਹ ਕਿਵੇਂ ਸਾਲਾਂ ਬੱਧੀ ਸੰਘਰਸ਼ ਨਾਲ ਹੌਲੀ-ਹੌਲੀ ਜੁੜੀਆਂ ਹਨ।

ਚਾਰਾ ਕੁਤਰਨ ਵਾਲੀ ਮਸ਼ੀਨ ਦੇ ਲਾਗੇ ਪਈ ਸੱਜਰੇ ਚਾਰੇ ਦੀ ਪੰਡ ਅਤੇ ਡੰਗਰਾਂ ਵਾਲੇ ਕੱਚੇ ਕੋਠੇ ਦੀ ਕੰਧ ਦੀ ਲਿਪਾਈ ਵੀਨਸ ਦੇ ਸਹੁਨਰ ਅਤੇ ਸੰਘਰਸ਼ ਦੀ ਬਾਤ ਪਾਉਂਦੀਆਂ ਹਨ।

ਵੀਨਸ ਮਸੀਹ ਦੱਸਦੀ ਹੈ ਕਿ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸੂਬਾ ਸਰਕਾਰ ਨੇ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਅਤੇ ਹਰ ਘਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜੋ ਹਾਲੇ ਤੱਕ ਵਫ਼ਾ ਨਹੀਂ ਹੋਇਆ।

ਉਹ ਕਹਿੰਦੀ ਹੈ, "ਮੈਂ ਇਕੱਲੀ ਨੇ ਆਪਣੇ ਮੁੰਡੇ ਨੂੰ ਪਾਲ਼ਿਆ ਪਰ ਉਸ ਨੂੰ ਅੱਠਵੀਂ ਜਮਾਤ ਤੋਂ ਅੱਗੇ ਨਹੀਂ ਪੜ੍ਹਾ ਸਕੀ।"

ਉਸ ਵੇਲੇ ਰੋਸ ਮੁਜ਼ਾਹਰਿਆ ਵਿੱਚ ਸ਼ਾਮਿਲ ਰਿਹਾ ਕੁਲਦੀਪ ਮਸੀਹ ਦੱਸਦਾ ਹੈ ਕਿ ਸਰਕਾਰ ਨੇ ਲੋਕਾਂ ਦੇ ਗੁੱਸੇ ਨੂੰ ਠੰਢਾ ਕਰਨ ਲਈ ਐਲਾਨ ਕਰ ਦਿੱਤੇ ਸਨ ਪਰ ਮੁੜ ਕੇ ਕੁਝ ਨਹੀਂ ਹੋਇਆ।

ਮੁੱਛਲ ਦਾ ਸਾਬਕਾ ਸਰਪੰਚ ਸੁਖਰਾਜ ਸਿੰਘ ਸ਼ਾਇਦ ਇਸੇ ਲਈ ਪੁੱਛਦਾ ਹੈ, "ਜੇ ਪੁਲਿਸ ਇਹ ਛੋਟੀਆਂ ਮੱਛੀਆਂ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਤਾਂ ਵੱਡੇ ਮਗਰਮੱਛਾਂ ਨੂੰ ਹੱਥ ਕਿਉਂ ਨਹੀਂ ਪਾ ਸਕਦੀ?"

ਉਹ ਆਪ ਹੀ ਜੁਆਬ ਦਿੰਦਾ ਹੈ, "ਇਹ ਸਭ ਕੁਝ ਤਾਂ ਲੋਕ ਦਿਖਾਵੇ ਅਤੇ ਲੋਕਾਂ ਦੇ ਗੁੱਸੇ ਨੂੰ ਠੰਢਾ ਕਰਨ ਲਈ ਕੀਤਾ ਜਾ ਰਿਹਾ ਹੈ।"

ਇਸ ਦੌਰਾਨ ਸਿਆਸੀ ਪਾਰਟੀਆਂ ਸੂਬਾ ਸਰਕਾਰ ਖ਼ਿਲਾਫ਼ ਮੁਜ਼ਾਹਰੇ ਕਰ ਰਹੀਆਂ ਹਨ ਅਤੇ ਬਿਆਨ ਜਾਰੀ ਕਰ ਰਹੀਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਹੈ, "ਨਕਲੀ ਸ਼ਰਾਬ ਦੇ ਮਾਮਲੇ ਵਿੱਚ ਮਿਲੀ-ਭੁਗਤ ਵਾਲਾ ਕੋਈ ਵੀ ਸਿਆਸਤਦਾਨ ਜਾਂ ਸਰਕਾਰੀ ਕਰਮਚਾਰੀ ਬਖ਼ਸ਼ਿਆ ਨਹੀਂ ਜਾਵੇਗਾ।"

ਇਹ ਵੀ ਪੜ੍ਹੋ:

ਇਨ੍ਹਾਂ ਸਾਰੇ ਦਾਅਵਿਆਂ ਅਤੇ ਵਾਅਦਿਆਂ ਵਿੱਚ ਪੰਜਾਬ ਦਾ ਨਕਸ਼ਾ ਕਈ ਪੱਖਾਂ ਤੋਂ ਉਘੜ ਰਿਹਾ ਹੈ ਪਰ ਮਰਕਜ਼ੀ ਸੁਆਲ ਇਹ ਵੀ ਹੋ ਸਕਦਾ ਹੈ—ਕੀ ਕੋਈ ਸਰਕਾਰ ਜਾਂ ਸਿਆਸੀ ਪਾਰਟੀ ਵੀਨਸ ਮਸੀਹ, ਮੁੱਛਲ ਵਾਲੀ ਵੀਰਪਾਲ ਕੌਰ ਜਾਂ ਸੁਖਰਾਜ ਸਿੰਘ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿਣੀ-ਕਰਨੀ ਦੀ ਇੱਕ ਹੋਣ ਦਾ ਦਾਅਵਾ ਕਰ ਸਕੇਗੀ?

(ਇਸ ਰਿਪੋਰਟ ਦੀ ਪੱਤਰਕਾਰੀ ਵਿੱਚ ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਸਿੰਘ ਚਾਵਲਾ ਅਤੇ ਸਰਬਜੀਤ ਸਿੰਘ ਧਾਲੀਵਾਲ ਨੇ ਹਿੱਸਾ ਪਾਇਆ ਹੈ।)

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=KvTmGSlIkAg

https://www.youtube.com/watch?v=jsEge060rBo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7dd62eaf-0d1f-47da-acf4-b46a9418eb19'',''assetType'': ''STY'',''pageCounter'': ''punjabi.india.story.53666886.page'',''title'': ''ਪੰਜਾਬ ਵਿੱਚ ਨਕਲੀ ਸ਼ਰਾਬ ਦੇ ਮਾਮਲੇ ਕਿਸ ਰੁਝਾਨ ਵੱਲ ਇਸ਼ਾਰਾ ਕਰਦੇ ਹਨ'',''author'': ''ਦਲਜੀਤ ਅਮੀ'',''published'': ''2020-08-06T02:17:59Z'',''updated'': ''2020-08-06T02:17:59Z''});s_bbcws(''track'',''pageView'');

Related News