ਨੌਕਰੀ ਦੇ ਮੋਹ ’ਚ ਵਿਦੇਸ਼ ’ਚ ਤਸੀਹੇ ਭੁਗਤਣ ਲਈ ਮਜਬੂਰ ਹੋ ਰਹੇ ਨੌਜਵਾਨ

Saturday, Oct 08, 2022 - 03:40 AM (IST)

ਨੌਕਰੀ ਦੇ ਮੋਹ ’ਚ ਵਿਦੇਸ਼ ’ਚ ਤਸੀਹੇ ਭੁਗਤਣ ਲਈ ਮਜਬੂਰ ਹੋ ਰਹੇ ਨੌਜਵਾਨ

ਹਾਲ ਹੀ ’ਚ ਇਕ ਚੀਨੀ ਗਿਰੋਹ ਤੋਂ ਛੁੱਟ ਕੇ ਤਾਮਿਲਨਾਡੂ ਅਤੇ ਤੇਲੰਗਾਨਾ ਦੇ ਕੁਝ ਨੌਜਵਾਨਾਂ ਦੀ ਘਰ ਵਾਪਸੀ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਨੂੰ ਥਾਈਲੈਂਡ ’ਚ ਨੌਕਰੀ ਦਾ ਲਾਲਚ ਦੇ ਕੇ ਮਿਆਂਮਾਰ ਦੇ ਮਾਇਆਵੱਡੀ ਨਾਂ ਦੀ ਥਾਂ ’ਤੇ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਆਨਲਾਈਨ ਧੋਖਾਦੇਹੀ ਦਾ ਕੰਮ ਕਰਨ ਦੇ ਲਈ ਮਜਬੂਰ ਕੀਤਾ ਗਿਆ। ਭਾਰਤੀ ਵਿਦੇਸ਼ ਮੰਤਰਾਲਾ ਦੇ ਇਕ ਅਧਿਕਾਰੀ ਅਨੁਸਾਰ ਅਜੇ ਵੀ 300 ਤੋਂ 500 ਦਰਮਿਆਨ ਨੌਜਵਾਨ-ਮੁਟਿਆਰਾਂ ਮਿਆਂਮਾਰ ’ਚ ਫਸੇ ਹੋਏ ਹਨ। ਉੱਥੋਂ ਛੁੱਟ ਕੇ ਆਏ ‘ਸਟੀਫਨ’ ਨਾਂ ਦੇ ਇੰਜੀਨੀਅਰਿੰਗ ਗ੍ਰੈਜੂਏਟ ਨੇ ਦੱਸਿਆ ਕਿ ਉਸ ਨੂੰ ਕਿਸ ਤਰ੍ਹਾਂ ਧੋਖਾਦੇਹੀ ਦੇ ਜਾਲ ’ਚ ਫਸਾਇਆ ਗਿਆ।

ਉਸ ਦੇ ਅਨੁਸਾਰ ਦੁਬਈ ’ਚ ਰਹਿਣ ਵਾਲੀ ‘ਡਾਇਨਾ’ ਨਾਂ ਦੀ ਇਕ ਤਮਿਲ ਏਜੰਟ ਨੇ ਉਸ ਨੂੰ ਕਿਹਾ ਸੀ ਕਿ ਉਸ ਨੂੰ ਥਾਈਲੈਂਡ ’ਚ ਗ੍ਰਾਫਿਕ ਡਿਜ਼ਾਈਨਰ ਦੀ ਨੌਕਰੀ ਦਿਵਾਏਗੀ, ਜਿਸ ਦੇ ਬਦਲੇ ’ਚ ‘ਸਟੀਫਨ’ ਨੂੰ ਉਸ ਨੂੰ 2 ਲੱਖ ਰੁਪਏ ਕਮਿਸ਼ਨ ਦੇ ਰੂਪ ’ਚ ਦੇਣੇ ਹੋਣਗੇ। ‘ਸਟੀਫਨ’ ਜੁਲਾਈ ਦੇ ਤੀਜੇ ਹਫਤੇ ਥਾਈਲੈਂਡ ਦੇ ਲਈ 6 ਹੋਰਨਾਂ ਵਿਅਕਤੀਆਂ ਦੇ ਨਾਲ ਰਵਾਨਾ ਹੋਇਆ। ਇਨ੍ਹਾਂ ਨੂੰ ਪਹਿਲਾਂ ਪੱਛਮੀ ਥਾਈਲੈਂਡ ਦੇ ਮਿਆਂਮਾਰ ਦੀ ਸਰਹੱਦ ਦੇ ਨਾਲ ਲੱਗਦੇ ਮਾਏਸੋਤ ਨਾਂ ਦੇ ਸਥਾਨ ’ਤੇ ਲਿਜਾਇਆ ਗਿਆ। ਉੱਥੋਂ ਇਕ ਟਰੱਕ ’ਚ ਬਿਠਾ ਕੇ ਉਨ੍ਹਾਂ ਨੂੰ ਨਦੀ ਕੰਢੇ ਲਿਜਾਇਆ ਗਿਆ ਅਤੇ ਉੱਥੋਂ ਬੇੜੀ ’ਚ ਬਿਠਾ ਕੇ ਅੱਗੇ ਦੀ ਯਾਤਰਾ ਪੂਰੀ ਕਰਵਾਈ।

ਇਸ ਦੌਰਾਨ ਫੌਜੀ ਵਰਦੀ ਪਹਿਨੇ ਹਥਿਆਰਬੰਦ ਲੋਕਾਂ ਨੇ ਪਹਿਲਾਂ ਉਨ੍ਹਾਂ ਦੀਆਂ ਫੋਟੋਆਂ ਖਿੱਚੀਆਂ ਅਤੇ ਉਨ੍ਹਾਂ ਕੋਲੋਂ ਸਾਰੇ ਕਾਗਜ਼ਾਤ ਆਦਿ ਲੈ ਲਏ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਕ ਮੈਦਾਨ ’ਚ ਲਿਜਾਇਆ ਗਿਆ, ਜਿੱਥੇ ਵੱਡੀਆਂ-ਵੱਡੀਆਂ ਇਮਾਰਤਾਂ ਉਸਾਰੀ ਅਧੀਨ ਸਨ। ਇਹੀ ਉਹ ਕੰਪਨੀ ਸੀ ਜਿੱਥੇ ਉਸ ਨੇ ਦੂਜੇ ਲੋਕਾਂ ਦੇ ਨਾਲ 2-3 ਹਫਤੇ ਕੰਮ ਕੀਤਾ। ‘ਸਟੀਫਨ’ ਦੇ ਅਨੁਸਾਰ ਇਸ ਕੰਪਨੀ ’ਚ ਚੀਨ, ਰੂਸ, ਥਾਈਲੈਂਡ, ਪਾਕਿਸਤਾਨ, ਉਜ਼ਬੇਕਿਸਤਾਨ ਆਦਿ ਵੱਖ-ਵੱਖ ਦੇਸ਼ਾਂ ਦੇ ਨੌਜਵਾਨ ਕੰਮ ਕਰ ਰਹੇ ਸਨ ਪਰ 60 ਫੀਸਦੀ ਵਰਕਰ ਅਤੇ ਮੈਨੇਜਰ ਚੀਨੀ ਸਨ।

ਇਨ੍ਹਾਂ ਲੋਕਾਂ ਕੋਲੋਂ ਮੁੱਖ ਤੌਰ ’ਤੇ ਆਨਲਾਈਨ ਆਰਥਿਕ ਧੋਖਾਦੇਹੀ ਦੇ ਕੰਮ ਹੀ ਕਰਾਏ ਜਾਂਦੇ ਸਨ, ਜਿਸ ਦੇ ਲਈ ਉਨ੍ਹਾਂ ਨੂੰ ਇਕ ਦਿਨ ’ਚ ਘੱਟੋ-ਘੱਟ 40 ਵਿਅਕਤੀਆਂ ਦੇ ਨਾਲ ਚੈਟਿੰਗ ਕਰਨੀ ਪੈਂਦੀ ਅਤੇ ਦਿਨ ’ਚ 15-16 ਘੰਟਿਆਂ ਤੱਕ ਕੰਮ ਕਰਨਾ ਪੈਂਦਾ। ਇਸੇ ਨੌਜਵਾਨ ਦਾ ਇਹ ਵੀ ਕਹਿਣਾ ਹੈ ਕਿ ਗਲਤੀ ਹੋ ਜਾਣ ’ਤੇ ਉਨ੍ਹਾਂ ਨੂੰ ਬੜੀਆਂ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਆਪਣੇ ਕੰਮ ’ਚ ਅਸਫਲ ਰਹਿਣ ’ਤੇ ਕਈ ਵਾਰ ਉਨ੍ਹਾਂ ਲੋਕਾਂ ਨੂੰ ਬਿਜਲੀ ਦੇ ਝਟਕੇ ਦਿੱਤੇ ਜਾਂਦੇ। ਇਕ ਵਾਰ ਉਸ ਨੂੰ ਵੀ ਜ਼ਰਾ ਜਿੰਨੀ ਗਲਤੀ ’ਤੇ ਭਾਰੀ ਸਜ਼ਾ ਦਿੱਤੀ ਗਈ ਸੀ। ਇਨ੍ਹਾਂ ਲੋਕਾਂ ’ਤੇ ਜ਼ੁਲਮਾਂ ਦੇ ਲਈ ਜੋ ਤਰੀਕੇ ਅਪਣਾਏ ਗਏ, ਉਨ੍ਹਾਂ ਦੇ ਸੰਬੰਧ ’ਚ ਰਿਹਾਈ ਦੇ ਲਈ ਵੱਡੀ ਰਕਮ ਦੇ ਕੇ ਮਿਆਂਮਾਰ ਦੇ ਮਾਇਆਵੱਡੀ ਤੋਂ ਨਜ਼ਾਮਾਬਾਦ ਪਰਤੇ ਇਕ ਹੋਰ ਆਈ. ਟੀ. ਪ੍ਰੋਫੈਸ਼ਨਲ ਨੇ ਵੀ ਬੜੇ ਡਰਾਉਣੇ  ਖੁਲਾਸੇ ਕੀਤੇ ਹਨ।

ਇਸ ਨੌਜਵਾਨ ਦਾ ਕਹਿਣਾ ਹੈ ਕਿ ‘ਪਾਣੀ ’ਚ ਜੇਲ੍ਹ’ ਨਾਂ ਦੀ ਸਜ਼ਾ ਦੇ ਨਾਂ ਤੋਂ ਹੀ ਉੱਥੇ ਬੰਧਕ ਬਣਾ ਕੇ ਰੱਖੇ ਗਏ ਨੌਜਵਾਨਾਂ ਦੀ ਆਤਮਾ ਕੰਬ ਉੱਠਦੀ ਹੈ। ਹੁਕਮ ਮੰਨਣ ਤੋਂ ਨਾਂਹ ਕਰਨ ਵਾਲਿਆਂ ਦੇ ਦੋਵਾਂ ਹੱਥਾਂ ਨੂੰ ਹੱਥਕੜੀ ’ਚ ਜਕੜ ਕੇ ਮੋਢਿਆਂ ਤੱਕ ਉੱਚੇ ਪਾਣੀ ’ਚ 8 ਤੋਂ 10 ਘੰਟੇ ਤੱਕ ਖੜ੍ਹੇ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਇਹੀ ਨਹੀਂ, ਚੀਨੀ ਆਕਾ ਸਜ਼ਾ ਦੇ ਤੌਰ ’ਤੇ ਕਿਸੇ ਵੀ ਦੋਸ਼ੀ ਦੀਆਂ ਦੋਵਾਂ ਲੱਤਾਂ ਦੇ ਦਰਮਿਆਨ ਗੋਡਿਆਂ ਦੇ ਹੇਠਾਂ ਇਕ ਡਾਂਗ ਆਰ-ਪਾਰ ਕਰ ਕੇ ਉਸ ਨੂੰ ਘੰਟਿਆਂ ਤੱਕ ਪੈਰਾਂ ਭਾਰ ਬੈਠਣ ਲਈ ਕਹਿੰਦੇ ਅਤੇ ਉਨ੍ਹਾਂ ’ਤੇ ਨਜ਼ਰ ਰੱਖਣ ਦੇ ਲਈ ਉਨ੍ਹਾਂ ਦੇ ਆਲੇ-ਦੁਆਲੇ ਖਤਰਨਾਕ ਹਥਿਆਰਾਂ ਨਾਲ ਲੈਸ ਬੰਦੂਕਾਂ ਲਹਿਰਾਉਂਦੇ ਲੋਕ ਘੁੰਮਦੇ ਰਹਿੰਦੇ।

ਬੰਦੂਕ ਦੇ ਜ਼ੋਰ ’ਤੇ ਆਨਲਾਈਨ ਧੋਖਾਦੇਹੀ ਦੇ ਕੰਮ ’ਚ ਸ਼ਾਮਲ ਹੋਣ ਲਈ ਮਜਬੂਰ ਕੀਤੇ ਗਏ ਉਕਤ ਨੌਜਵਾਨ ਦਾ ਕਹਿਣਾ ਹੈ ਕਿ ਅਜੇ ਵੀ ਮਾਇਆਵੱਡੀ ’ਚ ਸੈਂਕੜੇ ਆਈ. ਟੀ. ਪ੍ਰੋਫੈਸ਼ਨਲਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਹੈ ਅਤੇ ਫਿਰੌਤੀ ਦੇ ਲਈ ਰਕਮ ਦੇਣ ਤੋਂ ਨਾਂਹ ਕਰਨ ਵਾਲਿਆਂ ਨੂੰ ਗੰਭੀਰ ਨਤੀਜੇ ਭੁਗਤਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਆਪਣੀ ਇਸ ਤਰਸਯੋਗ ਹਾਲਤ ਦੇ ਬਾਰੇ ’ਚ ਸਭ ਤੋਂ ਪਹਿਲਾਂ ਹੈਦਰਾਬਾਦ ਤੋਂ ਗਏ ਨੌਜਵਾਨਾਂ ਨੇ ਹੀ ਬੈਂਕਾਕ ਸਥਿਤ ਭਾਰਤੀ ਦੂਤਘਰ ਨੂੰ ਅਪੀਲ ਕਰ ਕੇ ਭਾਰਤ ਪਰਤਣ ਲਈ ਉਸ ਤੋਂ ਮਦਦ ਮੰਗੀ ਸੀ, ਜਿਸ ਦੇ ਬਾਅਦ ਥਾਈ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਇਸ ਰੈਕੇਟ ਨੂੰ ਚਲਾਉਣ ਵਾਲੇ ਲੋਕਾਂ ਦੇ ਬਾਰੇ ’ਚ ਜਾਣਕਾਰੀ ਪ੍ਰਾਪਤੀ ਕੀਤੀ ਅਤੇ ਉਨ੍ਹਾਂ ਨੂੰ ਮਾਇਆਵੱਡੀ ’ਚ ਬੰਧਕ ਬਣਾਏ ਹੋਏ ਲੋਕਾਂ, ਨੌਜਵਾਨਾਂ ਬਾਰੇ ਦੱਸਿਆ, ਜਿਨ੍ਹਾਂ ਤੋਂ 5000 ਡਾਲਰ ਤੱਕ ਦੀ ਭਾਰੀ ਰਕਮ ਫਿਰੌਤੀ ਦੇ ਰੂਪ ’ਚ ਮੰਗੀ ਜਾ ਰਹੀ ਹੈ।

ਵਿਦੇਸ਼ ’ਚ ਚੰਗੀ ਨੌਕਰੀ ਦੇ ਮੋਹ ’ਚ ਫਸੇ ਉਕਤ ਨੌਜਵਾਨਾਂ ਦੀ ਦਾਸਤਾਂ ਤੋਂ ਸਪੱਸ਼ਟ ਹੈ ਕਿ ਅਪਰਾਧੀ ਤੱਤ ਭੋਲੇ-ਭਾਲੇ ਲੋਕਾਂ ਨੂੰ ਕਿਸ ਕਦਰ ਆਪਣਾ ਨਿਸ਼ਾਨਾ ਬਣਾ ਕੇ ਮੌਤ ਦੇ ਮੂੰਹ ’ਚ ਧੱਕ ਰਹੇ ਹਨ। ਲਿਹਾਜ਼ਾ ਵਿਦੇਸ਼ ’ਚ ਨੌਕਰੀ ਹਾਸਲ ਕਰਨ ਦੇ ਚਾਹਵਾਨ ਕਿਸੇ ਵੀ ਨੌਜਵਾਨ ਨੂੰ ਆਪਣਾ ਭਵਿੱਖ ਦਾਅ ’ਤੇ ਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪਰਖ ਲੈਣਾ ਚਾਹੀਦਾ ਹੈ ਕਿ ਕਿਤੇ ਉੱਜਵਲ ਭਵਿੱਖ ਦੇ ਨਾਂ ’ਤੇ ਇਹ ਅਪਰਾਧੀ ਤੱਤ ਉਨ੍ਹਾਂ ਦੇ ਭਵਿੱਖ ਨੂੰ ਅੰਧਕਾਰ ’ਚ ਨਾ ਧੱਕ ਦੇਣ।

-ਵਿਜੇ ਕੁਮਾਰ


author

Mukesh

Content Editor

Related News