ਵਿਰੋਧੀ ਮਹਿਲਾ ਸੰਸਦ ਮੈਂਬਰਾਂ ’ਤੇ ਡੋਨਾਲਡ ਟਰੰਪ ਦੀ ਗਲਤ ਨਸਲੀ ਟਿੱਪਣੀ

07/17/2019 6:49:03 AM

ਤਿੰਨ ਵਿਆਹ ਕਰਵਾਉਣ ਵਾਲੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੋਨਾਲਡ ਟਰੰਪ (ਰੀਪਬਲਿਕਨ) ਦੇ ਪੂਰਵਜ, ਉਨ੍ਹਾਂ ਦੇ ਪਿਤਾ ਵਲੋਂ ਜਰਮਨੀ ਦੇ ਇਕ ਪਿੰਡ ਤੋਂ ਅਤੇ ਮਾਂ ਵਲੋਂ ਸਕਾਟਲੈਂਡ ਨਾਲ ਸਬੰਧ ਰੱਖਦੇ ਸਨ। ਡੋਨਾਲਡ ਟਰੰਪ ਅਹੁਦਾ ਸੰਭਾਲਣ ਦੇ ਸਮੇਂ ਤੋਂ ਹੀ ਆਪਣੀਆਂ ਵਿਵਾਦਗ੍ਰਸਤ ਟਿੱਪਣੀਆਂ ਕਾਰਣ ਚਰਚਾ ’ਚ ਬਣੇ ਰਹੇ ਹਨ। ਨਵੰਬਰ 2015 ’ਚ ਉਨ੍ਹਾਂ ਨੇ ਪੈਰਿਸ ਹਮਲਿਆਂ ਤੋਂ ਬਾਅਦ, ਜਿਨ੍ਹਾਂ ’ਚ 130 ਲੋਕ ਮਾਰੇ ਗਏ ਸਨ, ਮੁਸਲਮਾਨ ਵਿਦੇਸ਼ੀਆਂ ਨੂੰ ਅਮਰੀਕਾ ’ਚ ਦਾਖਲ ਹੋਣ ਤੋਂ ਰੋਕਣ ਲਈ ਇਕ ਮਤਾ ਪੇਸ਼ ਕੀਤਾ ਸੀ। ਟਰੰਪ ਦੇ ਵਿਵਾਦਗ੍ਰਸਤ ਬਿਆਨਾਂ ਅਤੇ ਨਸਲੀ ਟਿੱਪਣੀਆਂ ਦੀ ਇਕ ਲੰਮੀ ਸੂਚੀ ਹੈ। ਅਜੇ ਕੁਝ ਹੀ ਸਮਾਂ ਪਹਿਲਾਂ ਉਨ੍ਹਾਂ ਨੇ ਅਫਰੀਕੀ ਦੇਸ਼ਾਂ ਨੂੰ ‘ਗਟਰ’ ਦੱਸਦਿਆਂ ਕਿਹਾ ਸੀ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਮਰੀਕਾ ਦੀ ਧਰਤੀ ’ਤੇ ਪੈਦਾ ਨਹੀਂ ਹੋਏ ਹਨ, ਇਸ ਲਈ ਉਨ੍ਹਾਂ ਨੂੰ ਕਾਨੂੰਨਨ ਰਾਸ਼ਟਰਪਤੀ ਬਣਨ ਦਾ ਅਧਿਕਾਰ ਹੀ ਨਹੀਂ ਹੈ। ਅਤੇ ਹੁਣ ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਦੀਆਂ ਪ੍ਰਗਤੀਸ਼ੀਲ ਮਹਿਲਾ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਜਿਸ ਦੇਸ਼ ਤੋਂ ਆਈਆਂ ਹਨ, ਉਥੇ ਵਾਪਿਸ ਚਲੀਆਂ ਜਾਣ। ਟਰੰਪ ਨੇ ਕਿਹਾ,‘‘ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ। ਉਹ ਉਥੇ ਜਾ ਕੇ ਸੁਝਾਅ ਦੇਣ।’’

ਟਰੰਪ ਦੇ ਅਨੁਸਾਰ, ‘‘ਇਨ੍ਹਾਂ ਸੰਸਦ ਮੈਂਬਰਾਂ ਦੀ ਖਰਾਬ ਭਾਸ਼ਾ ਅਤੇ ਅਮਰੀਕਾ ਦੇ ਬਾਰੇ ’ਚ ਬੋਲੀਆਂ ਗਈਆਂ ਉਨ੍ਹਾਂ ਦੀਆਂ ਭਿਆਨਕ ਗੱਲਾਂ ਨੂੰ ਬਿਨਾਂ ਚੁਣੌਤੀ ਦਿੱਤਿਆਂ ਐਵੇਂ ਹੀ ਜਾਣ ਨਹੀਂ ਦਿੱਤਾ ਜਾਵੇਗਾ। ਇਹ ਮਹਿਲਾ ਸੰਸਦ ਮੈਂਬਰ ਜਿਨ੍ਹਾਂ ਦੇਸ਼ਾਂ ਨਾਲ ਸਬੰਧ ਰੱਖਦੀਆਂ ਹਨ, ਉਥੋਂ ਦੀਆਂ ਸਰਕਾਰਾਂ ’ਤੇ ਸੰਕਟ ਹੈ ਅਤੇ ਇਹ ਇਥੇ ਅਮਰੀਕੀਆਂ ਨੂੰ ਭੜਕਾਅ ਰਹੀਆਂ ਹਨ।’’ ਉਨ੍ਹਾਂ ਦੇ ਨਿਸ਼ਾਨੇ ’ਤੇ ਨਿਊਯਾਰਕ ਦੀ ਅਲੈਗਜ਼ੈਂਡਰੀਆ ਓਕਾਸੀਓ ਕਾਰਟੇਜ, ਮਿਨੀਸੋਟਾ ਦੀ ਇਲਹਾਨ ਓਮਰ, ਮਿਸ਼ੀਗਨ ਦੀ ਰਾਸ਼ਿਦਾ ਤਲਾਈਬ ਅਤੇ ਮੈਸਾਚੁਸੇਟਸ ਦੀ ਅਯਾਨਾ ਪ੍ਰੇਸਲੀ ਹਨ। ਇਹ ਚਾਰੋਂ ਪਹਿਲੀ ਵਾਰ ਅਮਰੀਕੀ ਸੰਸਦ (ਕਾਂਗਰਸ) ਵਿਚ ਚੁਣੀਆਂ ਗਈਆਂ ਹਨ। ਟਰੰਪ ਦੀ ਇਸ ਟਿੱਪਣੀ ਨੂੰ ਨਸਲੀ ਅਤੇ ਨਫਰਤ ਨਾਲ ਭਰੀ ਕਰਾਰ ਦਿੰਦੇ ਹੋਏ ਪੂਰੀ ਦੁਨੀਆ ’ਚ ਇਸ ਦੀ ਆਲੋਚਨਾ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇ ਦੇ ਬੁਲਾਰੇ ਨੇ ਇਸ ਨੂੰ ਪੂਰੀ ਤਰ੍ਹਾਂ ਨਾ ਮੰਨਣਯੋਗ ਦੱਸਿਆ ਹੈ ਅਤੇ ਕਿਹਾ ਕਿ ਉਂਝ ਵੀ ਅਜਿਹੀ ਟਿੱਪਣੀ ਕਰਨ ਦਾ ਟਰੰਪ ਨੂੰ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਖ਼ੁਦ ਉਨ੍ਹਾਂ ਦੇ ਪੂਰਵਜ ਵੀ ਤਾਂ ਵਿਦੇਸ਼ੀ ਹੀ ਸਨ। ਲਿਹਾਜ਼ਾ ਟਰੰਪ ਦੇ ਆਪਣੇ ਵਿਦੇਸ਼ੀ ਪਿਛੋਕੜ ਨੂੰ ਦੇਖਦੇ ਹੋਏ ਵੀ ਉਕਤ ਟਿੱਪਣੀ ਪੂਰੀ ਤਰ੍ਹਾਂ ਗਲਤ ਅਤੇ ਅਣਚਾਹੀ ਹੈ।

–ਵਿਜੇ ਕੁਮਾਰ
 


Bharat Thapa

Content Editor

Related News