ਜੰਮੂ-ਕਸ਼ਮੀਰ ਪੁਲਸ ਦੀਆਂ ਮਹਿਲਾ ਬਟਾਲੀਅਨਾਂ ’ਚ ਸ਼ਾਮਲ ਹੋਣ ਲਈ ਮੁਟਿਆਰਾਂ ਅੱਗੇ ਆਈਆਂ

01/23/2020 1:34:51 AM

ਜੰਮੂ-ਕਸ਼ਮੀਰ ਪੁਲਸ ਵਲੋਂ ਜੰਮੂ ਅਤੇ ਕਸ਼ਮੀਰ ਪ੍ਰਾਂਤ ’ਚ 2 ਮਹਿਲਾ ਬਟਾਲੀਅਨਾਂ ਖੜ੍ਹੀਆਂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧ ’ਚ ਭਰਤੀ ਲਈ ਜ਼ਿਲਾਵਾਰ ਸੂਚੀਆਂ ਤਿਆਰ ਕਰ ਕੇ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ। ਜੰਮੂ-ਕਸ਼ਮੀਰ ਪੁਲਸ ਵਲੋਂ ਕਾਂਸਟੇਬਲ ਰੈਂਕ ਦੇ 1350 ਅਹੁਦਿਆਂ ’ਤੇ ਭਰਤੀ ਲਈ ਮੁਟਿਆਰਾਂ ਦੀਆਂ 21,000 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸੇ ਸਿਲਸਿਲੇ ’ਚ ਪਿਛਲੇ ਦਿਨੀਂ ਡੋਡਾ ਜ਼ਿਲੇ ਤੋਂ ਅਪਲਾਈ ਕਰਨ ਵਾਲੀਆਂ ਮੁਟਿਆਰਾਂ ਨੂੰ ਸਰੀਰਕ ਮਾਪਦੰਡਾਂ ਦੀ ਪ੍ਰੀਖਿਆ ਦੇਣ ਲਈ ਪੁਲਸ ਸਟੇਡੀਅਮ ਜੰਮੂ ਦੇ ਗੁਲਸ਼ਨ ਗਰਾਊਂਡ ’ਚ ਬੁਲਾਇਆ ਗਿਆ, ਜਿਸ ’ਚ ਭਾਰੀ ਠੰਡ ਅਤੇ ਮੀਂਹ ਦੇ ਬਾਵਜੂਦ 600 ਮੁਟਿਆਰਾਂ ਪਹੁੰਚੀਆਂ, ਜਿਨ੍ਹਾਂ ਨੇ ਦੌੜ ਅਤੇ ਹੋਰ ਸਰੀਰਕ ਰਸਮਾਂ ਨੂੰ ਪੂਰਾ ਕੀਤਾ। ਭਰਤੀ ਕੈਂਪ ’ਚ ਮੌਜੂਦ ਔਰਤਾਂ ’ਚੋਂ ਇਕ ਹਿਨਾ ਬਾਨੋ ਅਨੁਸਾਰ, ‘‘ਇਕ ਤਾਂ ਦੇਸ਼ ’ਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਅਤੇ ਦੂਜਾ ਸੂਬੇ ਨੂੰ ਸਾਡੀ ਲੋੜ ਵੀ ਹੈ। ਇਸੇ ਕਾਰਣ ਬਹੁਤ ਸਾਰੀਆਂ ਕੁੜੀਆਂ ਤਾਂ ਬਚਪਨ ਤੋਂ ਹੀ ਪੁਲਸ ਫੋਰਸਾਂ ’ਚ ਭਰਤੀ ਹੋਣ ਦੀ ਇੱਛਾ ਪਾਲ਼ੀ ਬੈਠੀਆਂ ਹਨ ਅਤੇ ਇਨ੍ਹਾਂ ’ਚੋਂ ਕਈ ਤਾਂ ਕਾਫੀ ਪੜ੍ਹੀਆਂ-ਲਿਖੀਆਂ ਵੀ ਹਨ।’’

ਇਕ ਹੋਰ ਮੁਟਿਆਰ ਗੀਤਾ ਰਾਣੀ ਦਾ ਕਹਿਣਾ ਸੀ ਕਿ ਉਹ ਹਮੇਸ਼ਾ ਪੁਲਸ ਫੋਰਸਾਂ ’ਚ ਸ਼ਾਮਲ ਹੋ ਕੇ ਇਹ ਸਿੱਧ ਕਰਨਾ ਚਾਹੁੰਦੀ ਸੀ ਕਿ ਔਰਤਾਂ ਕਿਸੇ ਵੀ ਖੇਤਰ ’ਚ ਕੰਮ ਕਰਨ ਦੇ ਸਮਰੱਥ ਹਨ। ਪੁਲਸ ਦੀ ਮਹਿਲਾ ਬਟਾਲੀਅਨ ’ਚ ਭਰਤੀ ਹੋਣ ਲਈ ਆਈ ਇਕ ਹੋਰ ਮੁਟਿਆਰ ਨੇ ਕਿਹਾ, ‘‘ਖਾਲੀ ਅਾਸਾਮੀਆਂ ਦੀ ਗਿਣਤੀ ਅਤੇ ਨੌਕਰੀ ਦੀਆਂ ਚਾਹਵਾਨ ਔਰਤਾਂ ਦੀ ਗਿਣਤੀ ’ਚ ਬਹੁਤ ਜ਼ਿਆਦਾ ਫਰਕ ਹੈ। ਲਿਹਾਜ਼ਾ ਅਾਸਾਮੀਆਂ ਦੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ ਤਾਂ ਕਿ ਸਾਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦੇ ਵਧੇਰੇ ਮੌਕੇ ਮਿਲ ਸਕਣ।’’ਜੰਮੂ-ਕਸ਼ਮੀਰ ਪੁਲਸ ਦੀਆਂ ਮਹਿਲਾ ਬਟਾਲੀਅਨਾਂ ’ਚ ਭਰਤੀ ਹੋਣ ਵਾਲੀਆਂ ਮੁਟਿਆਰਾਂ ਦੀ ਵੱਡੀ ਗਿਣਤੀ ਉਨ੍ਹਾਂ ’ਚ ਆ ਰਹੀ ਜਾਗ੍ਰਿਤੀ ਦਾ ਸਬੂਤ ਹੈ, ਜੋ ਇਸ ਅਸ਼ਾਂਤ ਖੇਤਰ ’ਚ ਆ ਰਹੀ ਸੁਖਾਵੀਂ ਤਬਦੀਲੀ ਦਾ ਇਕ ਸੰਕੇਤ ਹੈ।

–ਵਿਜੇ ਕੁਮਾਰ\\\


Bharat Thapa

Content Editor

Related News