‘ਆਜ਼ਾਦੀ ਦੇ 73 ਸਾਲ ਬਾਅਦ ਵੀ’ ‘ਭਾਰਤ ’ਚ ਜਾਦੂ-ਟੂਣਾ, ਸੈਕਸ ਸ਼ੋਸ਼ਣ ਅਤੇ ਠੱਗੀ-ਠੋਰੀ’

03/05/2021 2:57:11 AM

ਜਾਦੂ-ਟੂਣਾ ਭਾਰਤੀ ਸਮਾਜ ਲਈ ਇਕ ਅਸਾਧ ਰੋਗ ਬਣ ਗਿਆ ਹੈ। ਸਮੇਂ-ਸਮੇਂ ’ਤੇ ਅਜਿਹੇ ਢੌਂਗੀ ਬਾਬਿਆਂ ਦੇ ਚੱਕਰ ’ਚ ਪਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਅਤੇ ਬੀਮਾਰੀ ਆਦਿ ਦੂਰ ਕਰਨ ਦੇ ਬਹਾਨੇ ਉਨ੍ਹਾਂ ’ਤੇ ਅੱਤਿਆਚਾਰਾਂ ਨਾਲ ਮੌਤ, ਠੱਗੀ-ਠੋਰੀ, ਔਰਤਾਂ ਦੇ ਸੈਕਸ ਸ਼ੋਸ਼ਣ ਆਦਿ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਜਿਸ ਨਾਲ ਸਪੱਸ਼ਟ ਹੈ ਕਿ ਆਜ਼ਾਦੀ ਦੇ 73 ਸਾਲ ਬਾਅਦ ਵੀ ਲੋਕ ਇਨ੍ਹਾਂ ਦੇ ਮੋਹਜਾਲ ’ਚੋਂ ਨਿਕਲ ਨਹੀਂ ਸਨ।

ਆਮ ਲੋਕਾਂ ਦੇ ਨਾਲ-ਨਾਲ ਵੱਡੇ-ਵੱਡੇ ਸਿਆਸਤਦਾਨ ਤੱਕ ਇਨ੍ਹਾਂ ਦੇ ਜਾਲ ’ਚ ਫਸੇ ਹੋਏ ਹਨ। ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਤਾਂ ਆਪਣੀ ਮਨੋਕਾਮਨਾ ਸਿੱਧੀ ਦੇ ਨਾਂ ’ਤੇ ਫਰਸ਼ ’ਤੇ ਨਿਰਵਸਤਰ ਸੌਣ ਤੋਂ ਇਲਾਵਾ ਕਿਸੇ ਧਰਮ ਸਥਾਨ ’ਤੇ ਜਾ ਕੇ ਗਧੇ ਦੀ ਬਲੀ ਵੀ ਦੇ ਚੁੱਕੇ ਹਨ।

ਹਾਲਾਂਕਿ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਅਸੀਂ ਇਸ ਸਾਲ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਕਰ ਰਹੇ ਹਾਂ ਜੋ ਇਹ ਦੱਸਣ ਦੇ ਲਈ ਕਾਫੀ ਹਨ ਕਿ ਅੰਧਵਿਸ਼ਵਾਸਾਂ ’ਚ ਪੈ ਕੇ ਲੋਕ ਕਿਸ ਤਰ੍ਹਾਂ ਧੋਖੇ ਦਾ ਸ਼ਿਕਾਰ ਹੋ ਰਹੇ ਹਨ :-

* 6 ਜਨਵਰੀ ਨੂੰ ਇੰਦੌਰ ’ਚ ਇਕ ਢੋਂਗੀ ਬਾਬੇ ਤੋਂ ਆਪਣੇ ਪਤੀ ਦੇ ਲਕਵੇ ਦਾ ਇਲਾਜ ਕਰਵਾ ਰਹੀ ਔਰਤ ਨੂੰ ਕੋਲਡਡ੍ਰਿੰਕ ’ਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੇ ਔਰਤ ਨਾਲ ਜਬਰ-ਜ਼ਨਾਹ ਕਰ ਦਿੱਤਾ। ਬਾਅਦ ’ਚ ਵੀ ਢੌਂਗੀ ਬਾਬੇ ਨੇ ਔਰਤ ਦੇ ਪਤੀ ਨੂੰ ਹੋਰ ਜ਼ਿਆਦਾ ਬੀਮਾਰ ਕਰ ਦੇਣ ਅਤੇ ਉਸ ਦੇ ਬੱਚਿਆਂ ਦੀ ਬਲੀ ਚੜ੍ਹਾਉਣ ਦੀ ਧਮਕੀ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਜਾਰੀ ਰੱਖਿਆ ਤਾਂ ਤੰਗ ਆ ਕੇ ਔਰਤ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।

* 14 ਜਨਵਰੀ ਨੂੰ ਜਾਲੌਰ ਦੇ ਰਹਿਣ ਵਾਲੇ ਇਕ ਢੌਂਗੀ ਬਾਬਾ ਨੂੰ ਰਾਜਸਥਾਨ ਦੀ ਪੁਲਸ ਨੇ ਬੇਂਗਲੁਰੂ ਤੋਂ ਫੜਿਆ। ਆਪਣੀ ਝਾੜ–ਫੂਕ ਦੀ ਸ਼ਕਤੀ ਨਾਲ ਇਕ ਔਰਤ ਦੀਆਂ ਸਾਰੀਆਂ ਸਮੱਸਿਆਵਾਂ ਸੁਲਝਾਉਣ ਦਾ ਝਾਂਸਾ ਦੇ ਕੇ ਅਤੇ ਨਸ਼ੀਲਾ ਪਦਾਰਥ ਪਿਆ ਕੇ ਬੇਹੋਸ਼ ਕਰਨ ਤੋਂ ਬਾਅਦ ਉਹ ਉਸ ਨੂੰ ਬੇਂਗਲੁਰੂ ਲੈ ਗਿਆ ਅਤੇ 10 ਦਿਨਾਂ ਤੱਕ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ।

* 6 ਫਰਵਰੀ ਨੂੰ ਯਮੁਨਾਨਗਰ ’ਚ ਪ੍ਰਤਾਪ ਨਗਰ ਖੇਤਰ ਦੀ ਇਕ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਇਕ ਢੌਂਗੀ ਬਾਬੇ ਵੱਲੋਂ ਇਲਾਜ ਦੇ ਨਾਂ ’ਤੇ ਉਸ ਨਾਲ ਛੇੜ-ਛਾੜ ਕਰਨ ਅਤੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।

* 13 ਫਰਵਰੀ ਨੂੰ ਗੁਜਰਾਤ ’ਚ ਸੂਰਤ ਦੇ ‘ਰਾਂਦੇਰ’ ਪਿੰਡ ’ਚ ਇਕ 21 ਸਾਲਾ ਮੁਟਿਆਰ ਦੇ ਪਿਤਾ ਨੂੰ ਤੰਤਰ ਸ਼ਕਤੀ ਦੇ ਬਲ ’ਤੇ ਮਾਰਨ ਦੀ ਧਮਕੀ ਦੇ ਕੇ ਮੁਟਿਆਰ ਨਾਲ ਕਈ ਵਾਰ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ‘ਵਿਪਿਨ ਸੋਂਦਰਵਾ’ ਨਾਂ ਦੇ ਇਕ ਢੌਂਗੀ ਨੂੰ ਗ੍ਰਿਫਤਾਰ ਕੀਤਾ ਗਿਆ।

* 19 ਫਰਵਰੀ ਨੂੰ ਗਾਜ਼ੀਆਬਾਦ ’ਚ ਮੁਰਾਦਨਗਰ ਥਾਣਾ ਖੇਤਰ ’ਚ ਜਲਾਲਪੁਰ ਪਿੰਡ ’ਚ ਆਸ ਮੁਹੰਮਦ ਨਾਂ ਦੇ ਢੌਂਗੀ ਬਾਬੇ ਵੱਲੋਂ ਇਕ ਔਰਤ ਨੂੰ ਪ੍ਰੇਤ ਆਤਮਾਵਾਂ ਦੇ ਸਾਏ ਦਾ ਡਰ ਦਿਖਾ ਕੇ ਇਸ ਨਾਲ ਜਬਰ-ਜ਼ਨਾਹ ਅਤੇ ਛੇੜਛਾੜ ਕਰਨ ’ਤੇ ਔਰਤ ਦੇ ਪਤੀ ਸਲਮਾਨ ਨੇ ਉਸ ਨੂੰ ਤਲਵਾਰ ਨਾਲ ਵੱਢ ਦਿੱਤਾ।

* 23 ਫਰਵਰੀ ਨੂੰ ਉੱਤਰ ਪ੍ਰਦੇਸ਼ ’ਚ ਅਮਰੋਹਾ ਜ਼ਿਲੇ ਦੇ ‘ਸੈਦਨਗਲੀ’ ਇਲਾਕੇ ਦੇ ਲੱਠਮਾਰ ਇਲਾਕੇ ’ਚ ਇਕ ਬਜ਼ੁਰਗ ਤਾਂਤਰਿਕ ਨੇ ਇਕ ਨਾਬਾਲਗ ਬੱਚੀ ਨੂੰ ਮਿੱਟੀ ਪੁੱਟਣ ਦੇ ਬਹਾਨੇ ਜੰਗਲ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।

* 28 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ‘ਕਹਮਾਰਾ’ ਪਿੰਡ ’ਚ ਸ਼ਾਰਦਾ ਦੇਵੀ ਨਾਂ ਦੀ 33 ਸਾਲਾ ਇਕ ਬੇਔਲਾਦ ਔਰਤ ਦਾ ਇਲਾਜ ਕਰਨ ਦੇ ਬਹਾਨੇ ਦੁਰਵੇਸ਼ ਨਾਂ ਦੇ ਇਕ ਢੌਂਗੀ ਤਾਂਤਰਿਕ ਨੇ ਔਰਤ ਦੇ ਪਰਿਵਾਰ ਦੀ ਸ਼ਹਿ ’ਤੇ ਉਸ ’ਤੇ ਇੰਨਾ ਤਸ਼ੱਦਦ ਕੀਤਾ ਕਿ ਉਸ ਦੀ ਮੌਤ ਹੋ ਗਈ।

ਦੁਰਵੇਸ਼ ਨੇ ਸ਼ਾਰਦਾ ਦੇਵੀ ’ਤੇ ਭੂਤ-ਪ੍ਰੇਤ ਦਾ ਸਾਇਆ ਦੱਸਿਆ ਅਤੇ ਕਿਹਾ ਕਿ ਇਹ ਭੂਤ-ਪ੍ਰੇਤ ਉਸ ਦੀ ਕੁੱਟਮਾਰ ਕਰਨ ਨਾਲ ਹੀ ਨਿਕਲੇਗਾ। ਇਸ ਦੇ ਅਨੁਸਾਰ ਦੁਰਵੇਸ਼ ਨੇ ਪਹਿਲਾਂ ਤਾਂ ਔਰਤ ਦੇ ਮੂੰਹ ’ਚ ਕੱਪੜਾ ਤੁੰਨ ਕੇ ਉਸ ਦੇ ਨਾਜ਼ੁਕ ਅੰਗਾਂ ਸਮੇਤ ਸਰੀਰ ਦੇ ਇਕ ਦਰਜਨ ਤੋਂ ਵੱਧ ਸਥਾਨਾਂ ਨੂੰ ਗਰਮ ਚਿਮਟੇ ਨਾਲ ਦਾਗਿਆ ਅਤੇ ਫਿਰ ਡਾਂਗ ਨਾਲ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ।

ਇਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਈ ਅਤੇ ਹਸਪਤਾਲ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁੱਛਗਿੱਛ ਦੌਰਾਨ ਦੁਰਵੇਸ਼ ਨੇ ਕਿਹਾ, ‘‘ਜਿੰਨ ਨੇ ਮੈਨੂੰ ਜੋ ਕਿਹਾ, ਮੈਂ ਕੀਤਾ।’’

* 28 ਫਰਵਰੀ ਨੂੰ ਉੱਤਰ ਪ੍ਰਦੇਸ਼ ’ਚ ਏਟਾ ਦੇ ਅਲੀਗੰਜ ’ਚ ਆਪਣੀ ਡੇਢ ਸਾਲਾ ਬੱਚੀ ਦਾ ਤਾਂਤਰਿਕ ਦੇ ਕੋਲ ਇਲਾਜ ਕਰਵਾਉਣ ਗਈ ਔਰਤ ਦੇ ਪਤੀ ਨੂੰ ਪ੍ਰਸ਼ਾਦ ਲਿਆਉਣ ਦੇ ਲਈ ਭੇਜ ਕੇ ਢੌਂਗੀ ਤਾਂਤਰਿਕ ਬਾਬੇ ਨੇ ਔਰਤ ਨਾਲ ਗੰਦੀ ਹਰਕਤ ਕਰ ਦਿੱਤੀ।

* 1 ਮਾਰਚ ਨੂੰ ਉੱਤਰ ਪ੍ਰਦੇਸ਼ ’ਚ ਓਰੈਯਾ ਦੇ ਨੇੜੇ ਕੁਦਰਕੋਟ ਚੌਕੀ ਖੇਤਰ ਨਿਵਾਸੀ ਵੱਲੋਂ ਜੋਤੀ ਜਲਾਉਣ ਦੇ ਪ੍ਰੋਗਰਾਮ ਦੇ ਸਿਲਸਿਲੇ ’ਚ ਘਰ ’ਚ ਪੂਜਾ ਕਰਨ ਲਈ ਸੱਦੇ ਗਏ ਤਾਂਤਰਿਕ ਪਰਿਵਾਰਕ ਮੈਂਬਰਾਂ ਦੇ ਸੋਨੇ ਦੇ ਗਹਿਣੇ ਚੁਰਾ ਕੇ ਭੱਜ ਗਏ।

* 1 ਮਾਰਚ ਨੂੰ ਹੀ ਪੁਲਸ ਨੇ ਲੋਕਾਂ ਦੇ ਏ. ਟੀ. ਐੱਮ. ਆਦਿ ਦਾ ਵੇਰਵਾ ਹਾਸਲ ਕਰ ਕੇ ਉਨ੍ਹਾਂ ਦੇ ਖਾਤਿਆਂ ’ਚੋਂ ਰਕਮ ਕਢਵਾਉਣ ਵਾਲੇ ਰਾਜਸਥਾਨ ਦੇ ਇੰਸਟਾਗ੍ਰਾਮ ਤਾਂਤਰਿਕ ਗਿਰੋਹ ਅਤੇ ਆਨਲਾਈਨ ਨੌਕਰੀ ਦਿਵਾਉਣ ਵਾਲੇ ਗਿਰੋਹ ਦੇ ਇਕ-ਇਕ ਮੈਂਬਰ ਨੂੰ ਗ੍ਰਿਫਤਾਰ ਕੀਤਾ।

* 1 ਮਾਰਚ ਵਾਲੇ ਦਿਨ ਹੀ ਨਾਗਪੁਰ ’ਚ ਅਧਿਕਾਰੀਆਂ ਨੇ ਇਕ ਨਾਬਾਲਗ ਨੂੰ ਨਿਰਵਸਤਰ ਹੋ ਕੇ ਤੰਤਰ ਸਾਧਨਾ ਨਾਲ ਨੋਟਾਂ ਦੀ ਬਾਰਿਸ਼ ਕਰਵਾਉਣ ਦਾ ਝਾਂਸਾ ਦੇ ਕੇ ਠੱਗਣ ਦੀ ਕੋਸ਼ਿਸ਼ ਕਰਨ ਵਾਲੇ ਇਕ ਕਥਿਤ ਢੌਂਗੀ ਬਾਬੇ ਅਤੇ ਉਸ ਦੇ 5 ਸਾਥੀਆਂ ਨੂੰ ਗ੍ਰਿਫਤਾਰ ਕੀਤਾ।

* 3 ਮਾਰਚ ਨੂੰ ਰਾਜਸਥਾਨ ਦੇ ਪਾਲੀ ਜ਼ਿਲ੍ਹੇ ’ਚ ਸੋਜਤ ਇਲਾਕੇ ’ਚ ਇਕ ਕਥਿਤ ਮੌਲਵੀ ਅਤੇ ਤਾਂਤਰਿਕ ਰੋਸ਼ਨ ਬਾਬਾ ਨੂੰ ਘਰ ’ਚ 10 ਸਾਲਾ ਬੇਟੇ ਦੇ ਨਾਲ ਇਕੱਲੀ ਰਹਿਣ ਵਾਲੀ ਔਰਤ ਨੂੰ ਜਾਦੂ-ਟੂਣੇ ਅਤੇ ਭੂਤ-ਪ੍ਰੇਤ ਦਾ ਭੈਅ ਦਿਖਾ ਕੇ ਆਪਣੇ ਕਥਿਤ ਚੇਲੇ ਦੇ ਨਾਲ ਮਿਲ ਕੇ ਕਈ ਵਾਰ ਗੈਂਗਰੇਪ ਕਰਨ ਅਤੇ 30 ਲੱਖ ਰੁਪਏ ਹੜੱਪ ਲੈਣ ਦੀ ਸ਼ਿਕਾਇਤ ਮਿਲਣ ’ਤੇ ਪੁਲਸ ਨੇ ਗ੍ਰਿਫਤਾਰ ਕੀਤਾ।

ਇਹ ਤਾਂ ਇਸੇ ਸਾਲ ਦੀਆਂ ਕੁਝ ਉਦਾਹਰਣਾਂ ਹਨ ਜਦਕਿ ਇਸ ਤੋਂ ਪਹਿਲਾਂ ਹੁਣ ਤੱਕ ਢੌਂਗੀ ਬਾਬੇ ਕੀ ਕੁਝ ਕਰਦੇ ਰਹੇ ਹੋਣਗੇ ਇਸ ਦਾ ਅੰਦਾਜ਼ਾ ਪਾਠਕ ਖੁਦ ਹੀ ਲਗਾ ਸਕਦੇ ਹਨ।

ਸਮੱਸਿਆਵਾਂ ਤੋਂ ਮੁਕਤੀ ਦਿਵਾਉਣ ਦੇ ਨਾਂ ’ਤੇ ਨਾ ਸਿਰਫ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਸਗੋਂ ਔਰਤਾਂ ’ਤੇ ਅੱਤਿਆਚਾਰ, ਜਬਰ-ਜ਼ਨਾਹ ਅਤੇ ਨਰਬਲੀ ਤੱਕ ਦਿੱਤੀ ਜਾ ਰਹੀ ਹੈ।

ਹਾਲਾਂਕਿ ਜਾਦੂ-ਟੂਣੇ ਨੂੰ ਅਪਰਾਧ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ ਪਰ ਸਿਵਾਏ ਮਹਾਰਾਸ਼ਟਰ ਅਤੇ ਕਰਨਾਟਕ ਦੇ ਕਿਤੇ ਵੀ ਜਾਦੂ-ਟੂਣੇ ਅਤੇ ਠੱਗੀ-ਠੋਰੀ ਦੇ ਵਿਰੁੱਧ ਕਾਨੂੰਨ ਹੋਣ ਦੇ ਕਾਰਨ ਇਹ ਸਿਲਸਿਲਾ ਦੇਸ਼ ’ਚ ਜਾਰੀ ਹੈ।

ਇਸ ਲਈ ਦੂਜੇ ਸੂਬਿਆਂ ’ਚ ਅਤੇ ਕੇਂਦਰ ਸਰਕਾਰ ਵੱਲੋਂ ਵੀ ਇਸ ਬਾਰੇ ਸਖਤ ਸਜ਼ਾ ਦੀਆਂ ਵਿਵਸਥਾਵਾਂ ਵਾਲਾ ਕਾਨੂੰਨ ਬਣਾ ਕੇ ਉਸ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਇਸ ਭੈੜੇ ਚੱਕਰ ਨੂੰ ਰੋਕਣ ਲਈ ਲੋਕਾਂ ’ਚ ਜਾਗਰੂਕਤਾ ਵਧਾਉਣੀ ਵੀ ਜ਼ਰੂਰੀ ਹੈ।

-ਵਿਜੇ ਕੁਮਾਰ      


Bharat Thapa

Content Editor

Related News